Breaking News
Home / ਅੰਤਰ ਰਾਸ਼ਟਰੀ / ਜਰਮਨੀ ਸਮੇਤ ਹੋਰਨਾਂ ਮੁਲਕਾਂ ‘ਚ ਰਹਿ ਰਹੇ ਸਿੱਖਾਂ ਦੀ ਵਿਦੇਸ਼ ਮੰਤਰਾਲਾ ਬਣਾ ਰਿਹਾ ਹੈ ਸੂਚੀ

ਜਰਮਨੀ ਸਮੇਤ ਹੋਰਨਾਂ ਮੁਲਕਾਂ ‘ਚ ਰਹਿ ਰਹੇ ਸਿੱਖਾਂ ਦੀ ਵਿਦੇਸ਼ ਮੰਤਰਾਲਾ ਬਣਾ ਰਿਹਾ ਹੈ ਸੂਚੀ

ਨਵੀਂ ਦਿੱਲੀ, 26 ਅਕਤੂਬਰ -ਜਰਮਨੀ ‘ਚ ਭਾਰਤੀ ਕੌਂਸਲ ਵਲੋਂ ਉੱਥੇ ਰਹਿੰਦੇ ਸਿੱਖਾਂ ਦੇ ਉੱਚ ਤਰਜੀਹ ‘ਤੇ ਅੰਕੜੇ ਇਕੱਠੇ ਕਰਨ ਦਾ ਮਾਮਲਾ ਉਸ ਵੇਲੇ ਸੋਸ਼ਲ ਮੀਡੀਆ ‘ਤੇ ਭਖ ਗਿਆ ਜਦੋਂ ਕੁਝ ਸਰਗਰਮ ਕਾਰਕੁਨਾਂ ਵਲੋਂ ਇਕ ਧਰਮ ਵਿਸ਼ੇਸ਼ ਨੂੰ ਆਧਾਰ ਬਣਾ ਕੇ ਚਲਾਈ ਇਸ ਕਵਾਇਦ ਦੀ ਨੁਕਤਾਚੀਨੀ ਕੀਤੀ ਗਈ। ਸਿੱਖ ਭਾਈਚਾਰੇ ‘ਚ ਉਸ ਦੇ ਖ਼ਦਸ਼ੇ ਨੂੰ ਉਨ੍ਹਾਂ ਖ਼ਿਲਾਫ਼ ਬਣਾਈ ਕਾਲੀ ਸੂਚੀ ਨਾਲ ਜੋੜ ਕੇ ਵੀ ਵੇਖਿਆ ਜਾ ਰਿਹਾ ਹੈ ਹਾਲਾਂਕਿ ਸਰਕਾਰ ਦਾ ਕਹਿਣਾ ਹੈ ਕਿ ਇਹ ਕਵਾਇਦ ਸਿਰਫ਼ ਜਰਮਨੀ ‘ਚ ਨਹੀਂ ਸਗੋਂ ਵਿਸ਼ਵ ਭਰ ‘ਚ ਚਲਾਈ ਜਾ ਰਹੀ ਹੈ। ਸਾਰੇ ਭਾਰਤੀ ਦੂਤਘਰਾਂ ਅਤੇ ਕੌਂਸਲਾਂ ਨੂੰ ਉਨ੍ਹਾਂ ਦੇ ਇਲਾਕਿਆਂ ਦੇ ਸਿੱਖਾਂ ਦੀ ਸੂਚੀ ਬਣਾਉਣ ਨੂੰ ਕਿਹਾ ਹੈ।

ਉਨ੍ਹਾਂ ਦੇਸ਼ਾਂ ‘ਚ ਵਿਸ਼ੇਸ਼ ਤੌਰ ‘ਤੇ ਜਿੱਥੇ ਸਿੱਖਾਂ ਦੀ ਗਿਣਤੀ ਜ਼ਿਆਦਾ ਹੈ। ਵਿਦੇਸ਼ ਮੰਤਰਾਲੇ ਮੁਤਾਬਿਕ ਇਸ ਸੂਚੀ ਦਾ ਮਕਸਦ ਲੋੜ ਪੈਣ ‘ਤੇ ਉਨ੍ਹਾਂ ਦੀ ਮਦਦ ਕਰਨਾ ਹੈ। ਕੌਂਸਲ ਵਲੋਂ ਭੇਜੀ ਈ-ਮੇਲ ‘ਚ ਕਿਹਾ ਗਿਆ ਕਿ ਮੰਤਰਾਲਾ ਜਰਮਨੀ ‘ਚ ਰਹਿ ਰਹੇ ਸਿੱਖ ਭਾਈਚਾਰੇ ਦੇ ਅੰਕੜੇ ਇਕੱਠੇ ਕਰ ਰਿਹਾ ਹੈ। ਕੌਂਸਲ ਨੇ ਸਬੰਧਿਤ ਸੰਸਥਾ ਨੂੰ ਉਨ੍ਹਾਂ ਦੇ ਇਲਾਕੇ ‘ਚ ਰਹਿ ਰਹੇ ਸਿੱਖਾਂ ਦੇ ਨਾਂਅ ਅਤੇ ਪਤੇ ਦੀ ਸੂਚੀ ਬਣਾਉਣ ਨੂੰ ਕਿਹਾ ਜੋ ਕਿ ਅੱਗੇ ਮੰਤਰਾਲੇ ਨੂੰ ਭੇਜੀ ਜਾ ਸਕੇ।


19 ਅਕਤੂਬਰ ਨੂੰ ਈ-ਮੇਲ ‘ਚ ਇਸ ਸੂਚੀ ਨੂੰ ਉੱਚ ਤਰਜੀਹ ‘ਤੇ ਰੱਖਦਿਆਂ ਇਸ ਦਾ ਜਵਾਬ ਦੇਣ ਨੂੰ ਕਿਹਾ ਗਿਆ। ਸੋਸ਼ਲ ਮੀਡੀਆ ‘ਤੇ ਇਹ ਮਾਮਲਾ ਉਸ ਸਮੇਂ ਸੁਰਖੀਆਂ ‘ਚ ਆਇਆ ਜਦੋਂ ਯੂਰਪ ‘ਚ ਰਹਿਣ ਵਾਲੀ, ਪੇਸ਼ੇ ਤੋਂ ਵਕੀਲ ਅਤੇ ਸਮਾਜਿਕ ਕਾਰਕੁਨ ਡਾ: ਰਿਤੁਮਬਰਾ ਮਾਨਵੀ ਨੇ ਇਸ ਈ-ਮੇਲ ‘ਤੇ ਸਵਾਲ ਉਠਾਏ ਜਿਸ ਈ-ਮੇਲ ਦੇ ਪੁਸ਼ਟ ਹੋਣ ਬਾਰੇ ਹੈਮਬਰਗ ਦੇ ਕੌਂਸਲ ਜਨਰਲ ਮਦਨ ਲਾਲ ਰੋਜ਼ਰ ਨੇ ਵੀ ਤਸਦੀਕ ਕੀਤੀ। ਰਿਤੁਮਬਰਾ ਨੇ ਲੜੀਵਾਰ ਟਵੀਟਾਂ ਰਾਹੀਂ ਬਿਨਾਂ ਸਬੰਧਿਤ ਲੋਕਾਂ ਦੀ ਇਜਾਜ਼ਤ ਦੇ, ਉਨ੍ਹਾਂ ਨਾਲ ਸਬੰਧਿਤ ਅੰਕੜੇ ਇਕੱਠੇ ਕਰਨ ਬਾਰੇ ਸਵਾਲ ਉਠਾਏ।


ਉਸ ਨੇ ਇਹ ਵੀ ਪੁੱਛਿਆ ਕਿ ਇਨ੍ਹਾਂ ਅੰਕੜਿਆਂ ਦੀ ਵਰਤੋਂ ਕਿਸ ਕੰਮ ਲਈ ਕੀਤੀ ਜਾਵੇਗੀ ਅਤੇ ਅਜਿਹੇ ਅੰਕੜਿਆਂ ਦੀ ਸੁਰੱਖਿਆ ਸਬੰਧੀ ਕਿਹੜੇ ਨੇਮ ਅਪਣਾਏ ਜਾ ਰਹੇ ਹਨ? ਉਨ੍ਹਾਂ ਨੇ ਨਾਗਰਿਕਤਾ ਦੀ ਨਿੱਜਤਾ ਦੇ ਅਧਿਕਾਰ ਨੂੰ ਸੰਵਿਧਾਨਕ ਅਧਿਕਾਰ ਕਰਾਰ ਦਿੰਦਿਆਂ 2017 ‘ਚ ਸੁਪਰੀਮ ਕੋਰਟ ਵਲੋਂ ਦਿੱਤੇ ਫ਼ੈਸਲੇ ਦਾ ਵੀ ਹਵਾਲਾ ਦਿੱਤਾ। ਆਪਣੇ ਟਵੀਟਾਂ ‘ਚ ਡਾਟਾ ਲੀਕ ਜਿਹੇ ਸੰਵੇਦਨਸ਼ੀਲ ਮੁੱਦੇ ਨੂੰ ਉਠਾਉਂਦਿਆਂ ਉਨ੍ਹਾਂ ਇਹ ਵੀ ਕਿਹਾ ਕਿ ਯੂਰਪ ‘ਚ ਤਕਰੀਬਨ ਇਕ ਦਹਾਕੇ ਤੋਂ ਰਹਿਣ ਕਾਰਨ ਉਹ ਇਸ ਤੱਥ ਤੋਂ ਵੀ ਚੰਗੀ ਤਰ੍ਹਾਂ ਵਾਕਫ਼ ਹੈ ਕਿ ਬਿਨਾਂ ਇਜਾਜ਼ਤ ‘ਤੇ ਅਜਿਹੇ ਡਾਟਾ ਇਕੱਠਾ ਕਰਨਾ ਜੀ.ਡੀ.ਪੀ.ਆਰ. ਦੀ ਉਲੰਘਣਾ ਹੈ। ਵੀਟਾਂ ‘ਤੇ ਪ੍ਰਤੀਕਰਮ ਕਰਦਿਆਂ ਇਕ ਯੂਜ਼ਰ ਨੇ ਕੁਝ ਮੀਡੀਆ ਅਤੇ ਪੱਤਰਕਾਰਾਂ ਨੂੰ ਟੈਗ ਕਰਦਿਆਂ ਇਸ ਮਾਮਲੇ ਦੀ ਘੋਖ ਕਰਨ ਦੀ ਵੀ ਅਪੀਲ ਕੀਤੀ।


ਇੱਥੇ ਜ਼ਿਕਰਯੋਗ ਹੈ ਕਿ ਸਿੱਖ ਭਾਈਚਾਰੇ ‘ਚ ਇਸ ਸੂਚੀ ਨੂੰ ਸਿੱਖਾਂ ਦੀ ਬਣਾਈ ਕਾਲੀ ਸੂਚੀ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਿਰਫ਼ ਹਮਬਰਗ ‘ਚ ਭਾਰਤੀ ਕੌਂਸਲ ਵਲੋਂ ਹੀ ਨਹੀਂ ਸਗੋਂ ਵਿਸ਼ਵ ਭਰ ਦੇ ਦੂਤਘਰਾਂ ਅਤੇ ਕੌਂਸਲਾਂ ਵਲੋਂ ਇਹ ਕਵਾਇਦ ਕੀਤੀ ਜਾ ਰਹੀ ਹੈ।

Check Also

ਕੈਨੇਡਾ ਇੰਮੀਗ੍ਰੇਸ਼ਨ ਵਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੱਡਾ ਐਲਾਨ

ਐਡਮਿੰਟਨ, 13 ਫਰਵਰੀ (ਦਰਸ਼ਨ ਸਿੰਘ ਜਟਾਣਾ)-ਕੈਨੇਡਾ ਇੰਮੀਗ੍ਰੇਸ਼ਨ ਵਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੱਡਾ ਐਲਾਨ ਕੀਤਾ ਗਿਆ …

%d bloggers like this: