Breaking News
Home / ਸਾਹਿਤ / ਪੰਜਾਬ ਦੇ ਫਰਜ਼ੀ ਕਾਮਰੇਡਾਂ ਲਈ ਸੁਨਿਹਰੀ ਮੌਕਾ

ਪੰਜਾਬ ਦੇ ਫਰਜ਼ੀ ਕਾਮਰੇਡਾਂ ਲਈ ਸੁਨਿਹਰੀ ਮੌਕਾ

ਪਿਛਲੇ ਕੁਝ ਸਾਲਾਂ ਤੋਂ ਪੰਜਾਬ ਦੇ ਫ਼ਰਜ਼ੀ ਕਾਮਰੇਡ ਸਿੱਖਾਂ ਤੇ ਦਲਿਤਾਂ ਵਿਚ ਪਾੜ ਪਾਉਣ ਤੇ ਵਧਾਉਣ ਲਈ ਕਾਫੀ ਯਤਨ ਕਰ ਰਹੇ ਨੇ। ਇਨ੍ਹਾਂ ਨੇ ਇੱਕ ਵੀ ਅਜਿਹਾ ਮੌਕਾ ਹੱਥੋਂ ਨਹੀਂ ਜਾਣ ਦਿੱਤਾ ਜਦੋਂ ਕਿਸੇ ਗੱਲ ਜਾਂ ਇੱਕੱਲੀ-ਇਕਹਿਰੀ ਘ ਟ ਨਾ ਨੂੰ ਵਧ ਚੜਾ ਕੇ ਜਾਂ ਕੋਰਾ ਝੂਠ ਬੋਲ ਕੇ ਜਾਂ ਫਿਰ ਫਰਜ਼ੀ ਬਿਰਤਾਂਤ ਘੜ ਕੇ ਸਿੱਖਾਂ ਤੇ ਦਲਿਤਾਂ ਵਿਚਾਲੇ ਜ਼ ਹਿ ਰ ਨਾ ਘੋਲੀ ਹੋਵੇ।

ਸਭ ਤੋਂ ਤਾਜ਼ਾ ਤੇ ਪ੍ਰਮੁੱਖ ਉਦਾਹਰਣ ਭਾਈ ਨਿਰਮਲ ਸਿੰਘ ਖਾਲਸਾ ਦੇ ਸਸਕਾਰ ਵੇਲੇ ਕਰੋਨਾ ਦੀ ਦਹਿਸ਼ਤ ਕਰਕੇ ਕੁਝ ਲੋਕਾਂ ਦੇ ਮੂਰਖਾਨਾ ਵਿਰੋਧ ਨੂੰ ਜਾਤੀ ਨਾਲ ਜੋੜਨ ਦਾ ਕੋਰਾ ਝੂਠ ਫੈਲਾਉਣਾ ਸੀ। ਢੀਠਤਾਈ ਇੰਨੀ ਕਿ ਅਗਲੇ ਕੁਝ ਹੀ ਦਿਨਾਂ ‘ਚ ਇਹ ਚੰਗੀ ਤਰਾਂ ਸਿੱਧ ਹੋਣ ਦੇ ਬਾਵਜੂਦ ਕਿ ਉਨ੍ਹਾਂ ਦਾ ਕੋਰਾ ਝੂਠ ਨੰਗਾ ਹੋ ਚੁੱਕਾ ਸੀ, ਇਨ੍ਹਾਂ ਯੋਧਿਆਂ ਨੇ ਆਪਣੀਆਂ ਝੂਠੀਆਂ ਪੋਸਟਾਂ ਹਟਾਈਆਂ ਨਹੀਂ। ਕਿਸੇ ਇਕ-ਅੱਧ ਨੇ ਤਾਂ ਕੋਈ ਕਵਿਤਾ ਜਿਹੀ ਵੀ ਲਿਖ ਮਾਰੀ ਸੀ। ਆਖਰ ਝੂਠ ਕਵਿਤਾ ‘ਚ ਜ਼ਿਆਦਾ ਖੂਬਸਰਤ ਤੇ ਵਿਸ਼ਵਾਸ਼-ਯੋਗ ਲਗਦਾ ਹੈ।

ਪੰਜਾਬ ਦੇ 12,000 ਤੋਂ ਉੱਪਰ ਪਿੰਡਾਂ ਵਿਚੋਂ ਕੋਈ ਦਰਜਨ-ਡੇਢ ਕੁ ਦਰਜਨ ਪਿੰਡਾਂ ਵਿਚੋਂ ਝੋਨੇ ਦੀ ਲੁਆਈ ਦੇ ਮਾਮਲੇ ਵਿਚ ਹੋਏ ਮੰਦਭਾਗੇ ਐਲਾਨਾਂ ਨੂੰ, ਜਿਸਦਾ ਕਿ ਸੁਭਾਅ ਮੂਲ ਤੌਰ ‘ਤੇ ਕਿਸਾਨ ਦੇ ਮਜ਼ਦੂਰ ਦਰਮਿਆਨ ਆਰਥਿਕ ਸੌਦੇਬਾਜ਼ੀ ਸੀ ਤੇ ਵੱਧ-ਵੱਧ ਇਸਨੂੰ “ਜਮਾਤੀ” ਸੌਦੇਬਾਜ਼ੀ ਕਿਹਾ ਜਾ ਸਕਦਾ ਸੀ, ਜਿਨ੍ਹਾਂ ਦੀ ਜੱਟਾਂ ਸਮੇਤ ਸਿੱਖਾਂ/ ਸਿੱਖ ਸੰਸਥਾਵਾਂ ਨੇ ਭਰਵੀਂ ਨਿੰਦਾ ਵੀ ਕੀਤੀ, ਨੂੰ ਵੀ ਇਵੇਂ ਪੇਸ਼ ਕੀਤਾ ਗਿਆ ਜਿਵੇਂ ਸਾਰੀ ਪੰਜਾਬ ਦੇ ਪਿੰਡ ਵਿਚ ਜੱਟ-ਸਿੱਖਾਂ ਤੇ ਦਲਿਤਾਂ ਦਰਮਿਆਨ ਬਹੁਤ ਵੱਡਾ ਜਾਤੀ-ਜਮਾਤੀ ਯੁੱਧ ਸ਼ੁਰੂ ਹੋ ਗਿਆ ਹੋਵੇ।

ਹਾਲਾਂਕਿ ਮੁੱਖ ਖੱਬੀਆਂ ਪਾਰਟੀਆਂ ਨੇ ਇਸ ਮੁੱਦੇ ਤੇ ਠੀਕ-ਠਾਕ ਜਿਹਾ ਸਟੈਂਡ ਲਿਆ ਸੀ ਪਰ ਫੇਸਬੁੱਕੀ ਕਾਮਰੇਡੀ ਪ੍ਰਚਾਰ ਤੇ ਜ਼ਮੀਨ ਸਚਾਈ ਵਿਚ ਉਨਾਂ ਹੀ ਫਰਕ ਸੀ ਜਿੰਨਾ ਕੁ ਭਾਰਤੀ ਰਾਸ਼ਟਰਵਾਦੀ ਚੈਨਲਾਂ ਤੇ ਜ਼ਮੀਨੀ ਹਕੀਕਤ ਵਿਚਾਲੇ ਹੁੰਦਾ ਹੈ।

ਵੈਸੇ ਰਾਸ਼ਟਰਵਾਦੀ ਚੈਨਲਾਂ ਤੇ ਪੰਜਾਬੀ ਦੇ ਫਰਜ਼ੀ/ਫੇਸਬੁੱਕੀ ਕਾਮਰੇਡਾਂ ਦੇ ਏਜੰਡੇ ਵਿਚਲੇ ਉਨਾਂ ਕੁ ਹੀ ਫਰਕ ਹੈ ਜਿੰਨਾ ਕੁ “ਰਿਪਬਲਿਕ’ ਚੈਨਲ ਦੇ ਅਰਨਾਬ ਗੋਸੁਆਮੀ ਤੇ ‘ਆਜ ਤੱਕ’ ਦੀ ਅੰਜਨਾ ਓਮ ਕਸ਼ਯਪ ਵਿਚਾਲੇ ਹੈ। ਏਜੰਡਾਂ ਉਨ੍ਹਾਂ ਦਾ ਵੀ ਘੱਟ ਗਿਣਤੀਆਂ ਖਿਲਾਫ ਜ਼ਹਿਰ ਉਗਲਣ ਦਾ ਹੈ ਤੇ ਏਜੰਡਾ ਪੰਜਾਬ ਦੇ ਇਨ੍ਹਾਂ “ਸਾਥੀਆਂ” ਦਾ ਵੀ ਇਹੋ ਹੈ – ਪੰਜਾਬ ‘ਚ ਸਿੱਖਾਂ ਖਿਲਾਫ ਪ੍ਰਚਾਰ ਕਰਨਾ ਹੀ ਇਨ੍ਹਾਂ ਦੀ ਸਭ ਤੋਂ ਵੱਡੀ ਧਰਮ ਨਿਰਪੱਖਤਾ ਦੀ ਨਿਸ਼ਾਨੀ ਹੈ।

ਹੁਣ ਜਦ ਕਿ ਖੇਤੀ ਨਾਲ ਸੰਬੰਧਤ ਬਿੱਲ ਪਾਸ ਹੋਣ ਤੋਂ ਬਾਅਦ ਪੰਜਾਬ ਦਾ ਕਿਸਾਨ/ਜੱਟ-ਸਿੱਖ ਸੜਕਾਂ ‘ਤੇ ਹੈ ਤੇ ਜ਼ਾਹਰਾ ਤੌਰ ‘ਤੇ ਬੁਹਤੇ ਪੱਗਾਂ ਵਾਲੇ ਹੀ ਹਨ, ਬਹੁਤ ਸਾਰੇ ਗਾਤਰੇ ਕਿਰਪਾਨਾਂ ਵਾਲੇ ਵੀ ਹਨ, ਤਾਂ ਫਰਜ਼ੀ ਕਾਮਰੇਡ ਵੀਰਾਂ ਲਈ ਇਹ ਸੁਨਹਿਰੀ ਮੌਕਾ ਹੈ, ਉਹ ਦਲਿਤਾ ਵੀਰਾਂ ਨੂੰ ਸਮਝਾਉਣ ਕਿ ਹੁਣ ਵੇਲਾ ਜੱਟਾਂ /ਕਿਸਾਨਾਂ ਤੇ ਸਿਧੇ ਤੌਰ ‘ਤੇ ਸਿੱਖਾਂ ਨਾਲ ਆਪਣੀਆਂ ਰੜਕਾਂ ਕੱਢਣ ਦਾ ਹੈ।

ਆਓ ਫੇਸਬੁੱਕੀ ਕਾਮਰੇਡ ਵੀਰੋ ਜੇ ਇਹੋ ਜਿਹਾ ਸੁਨਿਹਰੀ ਮੌਕਾ ਫੇਰ ਨਹੀਂ ਆਉਣਾ ਸਿੱਖ ਕਿਸਾਨਾਂ ਨਾਲ ਆਪਣੀ ਰੜਕ ਕੱਢਣ ਦਾ, ਨਾਲ਼ੇ ਹੁਣ ਮੋਦੀ ਦੀ ਤਕੜੀ ਸਰਕਾਰ ਦਾ ਰਾਜ ਹੈ ਤੇ ਉਹ ਇਨ੍ਹਾਂ ਦੇ ਡੰਡਾ ਵੀ ਚੰਗੀ ਤਰ੍ਹਾਂ ਫੇਰ ਸਕਦੀ ਹੈ। ਸੋਚੋ ਤੁਹਾਨੂੰ ਕਿੰਨਾ ਸਕੂਨ ਮਿਲੇਗਾ ਜੇ ਮੋਦੀ ਦੀ ਸਰਕਾਰ ਫੌਜ ਵਗੈਰਾ ਹੱਥੋਂ ਸਿੱਖ-ਕਿਸਾਨਾਂ ਦੇ ਚੰਗਾ ਛਿੱਤਰ ਫੇਰੇ, ਗੋਲੀ ਵੀ ਚੱਲੇ ਤਾਂ ਤੁਸੀਂ ਕਹਿ ਹੀ ਸਕਦੇ ਹੋ ਕੇ ਇਹ ਖੁਦ ਹੀ ਜ਼ਿੱਮੇਵਾਰ ਨੇ।

ਪਹਿਲਾਂ ਵੀ ਘੱਟ ਗਿਣਤੀਆਂ ਦੇ ਹੱਕ ‘ਚ ਨਾਅਰਾ ਬਗੈਰ ਸਿੱਖਾਂ ਦੇ ਸਾਰਿਆਂ ਲਈ ਮਾਰਦੇ ਹੋ ਤੇ ਪੰਜਾਬ ਤੋਂ ਬਾਹਰ ਮੁਸਲਮਾਨਾਂ ਜਾਂ ਹੋਰਾਂ ਲਈ ਤਾਂ ਤੁਸੀ ਆਵਾਜ਼ ਚੁੱਕਦੇ ਹੀ ਰਹਿਣਾ ਹੈ। ਇਵੇਂ ਹੈ ਤੁਹਾਡੇ ਜਗਜੀਤ ਅਨੰਦ ਵਰਗੇ ਪੁਰਖੇ ਕਰਦੇ ਰਹੇ ਨੇ ਤੇ ਇਹੋ ਕੁਝ ਤੁਸੀਂ ਕਰਦੇ ਹੋ।

ਉਦੋਂ ਵੀ ਪੰਜਾਬ ‘ਚ ਫਿਰਕਾਪ੍ਰਸਤੀ ਦੀਆਂ ਜੜਾਂ ਲਾਉਣ ਵਾਲਾ ਅਖਬਾਰ, ਸਾਰੇ ਹਿੰਦੂਤਵੀ, ਆਨੰਦ ਵਰਗੇ ਕਾਮਰੇਡ ਤੇ ਦਿੱਲੀ ਦੀ ਸਰਕਾਰ ਇੱਕਠੇ ਸਨ, ਹੁਣ ਵੀ ਕੁਝ ਹਿੰਦੂਤਵੀ ਤੱਤਾਂ ਨੇ ਤਾਂ ਪਹਿਲਾਂ ਹੀ ਇਨਾਂ ਖੇਤੀ ਬਿੱਲਾਂ ਦੇ ਮਾਮਲੇ ਤੇ ਸਿੱਖਾਂ ਖਿਲਾਫ ਜ਼ਹਿਰ ਉਗਲਣੀ ਸ਼ੁਰੂ ਕਰ ਦਿਤੀ ਹੈ, ਸਿਰਫ ਤੁਹਾਡੇ ਵਾਲਾ ਪਾਸਾ ਹਾਲੇ ਸ਼ੁਰੂ ਨਹੀਂ ਹੋਇਆ।

ਲਓ “ਅਨੰਦ” ਦਾ ਨਾਂ ਤੇ ਜਾ ਚੜੋ ਹਿੰਦੂਤਵੀਆਂ ਦੀ ਸਟੇਜ ‘ਤੇ। ਨਾਲੇ ਜਲੰਧਰ ਦਾ ਸਿੱਖਾਂ ਖਿਲਾਫ ਹਮੇਸ਼ਾਂ ਜ਼ਹਿਰ ਉਗਲਣ ਵਾਲਾ ਪੁਰਾਣਾ ਅਖਬਾਰ ਤੁਹਾਡੇ ਲੇਖ ਵਗੈਰਾ ਛਾਪ ਦਏਗਾ। ਤਾਂ ਕੀ ਹੋਇਆ ਜੇ ਪੰਜਾਬ ਦੇ ਸਿਆਣੇ ਤੇ ਸੁਹਿਰਦ ਹਿੰਦੂ ਇਸ ਅਖਬਾਰ ਨੂੰ ਵੀ ਚੰਗਾ ਨਹੀਂ ਸਮਝਦੇ ਤੇ ਇਸ ਨੂੰ ਪੰਜਾਬ ਦੀ ਤ੍ਰਾਸਦੀ ਲਈ ਜ਼ਿਮੇਵਾਰ ਸਮਝਦੇ ਨੇ, ਤੁਸੀਂ ਤਾਂ “ਅਨੰਦ” ਹਾਸਲ ਕਰੋ।

ਘੱਟਗਿਣਤੀਆਂ ਤੇ ਦਲਿਤਾਂ ਨੂੰ ਇਕੱਠੇ ਹੋਣ ਲਈ ਅਪੀਲਾਂ ਕਰਨ ਲਈ ਹੋਰ ਮੁਲਕ ਬਥੇਰਾ ਪਿਆ ਹੈ। ਪੰਜਾਬ ‘ਚ ਸਿੱਖਾਂ ਤੇ ਦਲਿਤਾਂ ਨੂੰ ਪਾੜ ਕੇ ਸਿੱਖਾਂ ਦੇ ਛਿੱਤਰ ਫੇਰਨ ‘ਚ ਆਪਣਾ ਯੋਗਦਾਨ ਪਾਓ। ਤੁਸੀ ਪਹਿਲਾਂ ਹੀ ਬਾਕੀ ਸਾਰੇ ਮੁਲਕ ਲਈ ਇਹ ਹੋਕਾ ਦਿੰਦੇ ਹੋ, ਮੁਲਕ ਦੇ ਕਿਸੇ ਵੀ ਹਿੱਸੇ ‘ਚ ਘੱਟ ਗਿਣਤੀਆਂ ਤੇ ਹੁੰਦੇ ਜ਼ੁਲਮ ਖਿਲਾਫ ਬੋਲਣਾ ਪਰ ਸਿੱਖਾਂ/ਪੰਜਾਬ ਦੇ ਮਾਮਲੇ ਚ ਮੂੰਹ ‘ਚ ਘੁੰਗਣੀਆਂ ਪਾ ਲੈਣੀਆਂ। ਮਜ਼ਾਲ ਹੈ ਇਨ੍ਹਾਂ ਫਰਜ਼ੀ ਕਾਮਰੇਡਾਂ ਦੀ ਤਾਜ਼ੇ UAPA ਦੇ ਮਾਮਲਿਆਂ ‘ਚ ਜ਼ੁਬਾਨ ਖੁੱਲੀ ਹੋਵੇ।

ਨਾਲੇ ਬਸਪਾ ਨੂੰ ਵੀ ਕੋਈ ਸਲਾਹ ਦਿਓ। ਉਸਦਾ ਪ੍ਰਧਾਨ ਸ੍ਰ. ਜਸਬੀਰ ਸਿੰਘ ਗੜ੍ਹੀ ਤੇ ਹੋਰ ਪਾਰਟੀ ਲੀਡਰ ਸਿੱਖਾਂ ਲਈ ਤੇ ਕਿਸਾਨਾਂ ਦੇ ਹੱਕ ‘ਚ ਲਗਾਤਾਰ ਸਟੈਂਡ ਲੈ ਰਹੇ ਨੇ। ਗੜ੍ਹੀ ਤਾਂ UAPA ਦੀ ਸਿੱਖ ਨੌਜਵਾਨਾਂ ਖਿਲਾਫ ਵਰਤੋਂ ਵਿਰੁੱਧ ਉਦੋਂ ਵੀ ਖੁੱਲ ਕੇ ਬੋਲਿਆ ਤੇ ਲਗਾਤਾਰ ਸਟੈਂਡ ਲਿਆ, ਜਦੋਂ ਤੁਸੀਂ ਪੰਜਾਬ ਤੋਂ ਬਾਹਰ UAPA ਦੀ ਦੁਰਵਰਤੋਂ ਖਿਲਾਫ ਤਾਂ ਬੋਲ ਰਹੇ ਸੀ ਪਰ ਪੰਜਾਬ ਬਾਰੇ ਚੁੱਪ ਸੀ।

ਵੈਸੇ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਬਸਪਾ ਹੁਣ ਵੀ ਕਿਸਾਨਾਂ ਲਈ ਖੁੱਲ ਕੇ ਬੋਲ ਰਹੀ ਹੈ। ਉਨ੍ਹਾਂ ਨੂੰ ਦੱਸੋ ਕਿ ਦਲਿਤਾਂ ਦੇ ਹਿੱਤਾਂ ਦਾ ਦਾਅਵਾ ਕਰਨ ਲਈ ਇਹ ਜ਼ਰੂਰੀ ਹੈ ਕਿ ਸਿੱਖ ਕਿਸਾਨਾਂ ਦੇ ਉਲਟ ਸਟੈਂਡ ਲਿਆ ਜਾਵੇ, ਕੁਝ ਤਾਂ ਤੁਹਾਡੇ ਕੋਲੋਂ ਸਿੱਖ ਲੈਣ।

ਉਨ੍ਹਾਂ ਨੂੰ ਦੱਸੋ ਕਿ ਦਲਿਤਾਂ ਦੀ ਭਲਾਈ ਸਿੱਖਾਂ ਦੇ ਵਿਰੋਧ ‘ਚ ਹੀ ਹੈ, ਨਾਲ ਰਲਣ ‘ਚ ਨਹੀਂ। ਸਾਰੇ ਕਿਸਾਨ ਸਿੱਖ ਨਹੀਂ ਹਨ ਪਰ ਬਹੁਤ ਵੱਡੀ ਗਿਣਤੀ ਕਿਸਾਨ ਜੱਟ-ਸਿੱਖ ਜ਼ਰੂਰ ਹਨ, ਇਸ ਲਈ ਇਨ੍ਹਾਂ ਦਾ ਬੇੜਾ ਗਰਕ ਕਰਨ ‘ਚ ਹਿੱਸਾ ਪਾਉਣਾ ਇਨਕਲਾਬੀ ਫਰਜ਼ ਹੋ ਸਕਦਾ ਹੈ।

ਵੈਸੇ ਵੀ ਇਨ੍ਹਾਂ ਦਾ ਵੱਡਾ ਦੋਸ਼ ਇਹ ਵੀ ਹੈ ਕਿ ਇਹ ਗੁਰਦੁਆਰਿਆਂ / ਲੰਗਰਾਂ ਲਈ ਕਣਕ ਅਤੇ ਹੋਰ ਰਸਦ ਦਿੰਦੇ ਨੇ | ਇਸਤੋਂ ਮਾੜੀ ਗੱਲ ਕੀ ਹੋ ਸਕਦੀ ਹੈ ? ਜੇ ਕਿਸੇ ਨੂੰ ਸ਼ੱਕ ਹੋਵੇ ਤਾਂ ਇਸ ਸਦੀ ਦੇ ਮਹਾਨ ਕਾਮਰੇਡ ਕਵੀ ਨੂੰ ਪੁੱਛ ਸਕਦਾ ਹੈ ਜੋ ਲੰਗਰ ਨੂੰ ਹਮੇਸ਼ਾਂ ਮਲਕ ਭਾਗੋ ਦਾ ਹੀ ਦੱਸਦਾ ਹੈ।

ਸਿੱਖਾਂ ਅਤੇ ਜੱਟ ਸਿੱਖਾਂ ਵਿਚੋਂ ਬਥੇਰੇ ਜਾਤੀਵਾਦ ਖਿਲਾਫ ਬੋਲਦੇ ਤੇ ਲਿਖਦੇ ਨੇ ਤੇ ਸਪਸ਼ਟ ਸਟੈਂਡ ਵੀ ਲੈਂਦੇ ਨੇ ਪਰ ਸਾਰਿਆਂ ਨੂੰ ਪਤਾ ਹੈ ਕਿ ਆਖਰੀ ਸੱਚ ਫੇਸਬੁੱਕੀ ਕਾਮਰੇਡਾਂ ਕੋਲ ਹੀ ਹੈ।

1980ਵਿਆਂ ਤੇ 90ਵਿਆਂ ‘ਚ ਇਨ੍ਹਾਂ ਦੇ ਵਡੇਰੇ ਪੰਜਾਬ ‘ਚ ਹਿੰਦੂਤਵੀ ਹਕੂਮਤ, ਜਿਸਦਾ ਚਿਹਰਾ ਉਦੋਂ ਕਾਂਗਰਸ ਦਾ ਸੀ ਤੇ ਨਾਅਰਾ ਰਾਸ਼ਟਰਵਾਦ ਦਾ ਸੀ, ਦੇ ਹੱਥਠੋਕੇ ਬਣੇ ਰਹੇ ਤੇ ਹੁਣ ਤੁਸੀਂ ਵੀ ਸਿੱਖਾਂ ਤੇ ਦਲਿਤਾਂ ‘ਚ ਪਾੜ ਪਾਕੇ ਉਹੋ ਜਿਹਾ ਰੋਲ ਨਿਭਾਓ, ਰਾਸ਼ਟਰੀ ਹਿੱਤਾਂ ਲਈ ਤੇ ਹਿੰਦੂਤਵੀ ਹਕੂਮਤ ਦੀ ਖੁਸ਼ੀ ਹਾਸਲ ਕਰੋ।

(ਆਹ ਫੋਟੋ ਵਿੱਚ ਦਿਸ ਰਿਹਾ ਕਿਸਾਨ ਅਮ੍ਰਿਤਧਾਰੀ ਹੈ, ਨੀਲੀ ਪੱਗ ਬੱਧੀ ਹੈ ਤੇ ਗੱਲ ‘ਚ ਪਰਨਾ ਵੀ ਉਸੇ ਰੰਗ ਦਾ ਹੀ ਹੈ, ਜਿਸਤੋਂ ਫੇਸਬੁੱਕੀ ਕਾਮਰੇਡਾਂ ਨੂੰ ਨਫਰਤ ਹੈ। ਨਾਲ ਬੈਠੇ ਵੀ ਸਾਬਤੀਆਂ ਸਬੂਤੀਆਂ ਦਾੜੀਆਂ ਵਾਲ਼ੇ ਹਨ, ਕਾਫੀ ਸੰਭਾਵਨਾ ਹੈ ਕਿ ਇਹ ਜਾਂ ਇਨ੍ਹਾਂ ਦੇ ਪਰਿਵਾਰ ਲੰਗਰ ਲਈ ਰਸਦ ਵੀ ਪਾਉਂਦੇ ਹੋਣ )

Check Also

ਵੀਡਿਓ ਦੇਖ ਕੇ ਜਾਣੋ: ਕਿਹੋ ਜਿਹਾ ਸੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ

ਅੰਗਰੇਜ਼ਾਂ ਨੇ ਮਹਾਰਾਜੇ ਦਾ ਕੇਵਲ ਰਾਜ ਨੀ ਖੋਹਿਆ, ਬਲਕਿ ਉਸਦੇ ਪਰਿਵਾਰ ਨੂੰ ਵੀ ਦਰ-ਦਰ ਠੋਕਰਾਂ …

%d bloggers like this: