Breaking News
Home / ਪੰਥਕ ਖਬਰਾਂ / ਜੈਕਾਰਿਆਂ ਦੀ ਗੂੰਜ ‘ਚ ਖੁੱਲ੍ਹੇ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ

ਜੈਕਾਰਿਆਂ ਦੀ ਗੂੰਜ ‘ਚ ਖੁੱਲ੍ਹੇ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ

ਹਿਮਾਲਿਆ ਦੀਆਂ ਸੱਤ ਖ਼ੂਬਸੂਰਤ ਵਾਦੀਆਂ ‘ਚ ਸੁਸ਼ੋਭਿਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤਪ ਅਸਥਾਨ ਨਾਲ ਸਬੰਧਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਕਿਵਾੜ ਅੱਜ ਗੁਰ-ਮਰਿਆਦਾ ਅਨੁਸਾਰ ਪਹਿਲੀ ਅਰਦਾਸ ਉਪਰੰਤ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਖੋਲ੍ਹ ਦਿੱਤੇ ਗਏ ਹਨ | ਇਸ ਦੌਰਾਨ ਕੋਵਿਡ-19 ਕਾਰਨ ਸਰਕਾਰ ਵਲੋਂ ਤੈਅ ਨਿਯਮਾਂ ਅਨੁਸਾਰ ਪਹਿਲੇ ਦਿਨ 127 ਸ਼ਰਧਾਲੂਆਂ ਨੇ ਸ਼ਰਧਾ ਭਾਵਨਾ ਅਤੇ ਸਤਿਕਾਰ ਸਹਿਤ ਮੱਥਾ ਟੇਕਿਆ ਅਤੇ ਸਰੋਵਰ ‘ਚ ਇਸ਼ਨਾਨ ਕੀਤਾ |

ਇਸ ਤੋਂ ਪਹਿਲਾਂ ਸਵੇਰੇ 9 ਵਜੇ ਮਰਿਆਦਾ ਮੁਤਾਬਿਕ ਸੁਖਆਸਣ ਹਾਲ ‘ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ | ਗੁਰਦੁਆਰਾ ਸਾਹਿਬ ਦੀ ਪਰਿਕਰਮਾ ਉਪਰੰਤ ਸ਼ਬਦ ਗਾਇਨ ਅਤੇ ‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’ ਦੇ ਜੈਕਾਰਿਆਂ ਦੀ ਗੂੰਜ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਮੁੱਖ ਦਰਬਾਰ ਹਾਲ ਵਿਖੇ ਸੁਸ਼ੋਭਿਤ ਸੁੰਦਰ ਪਾਲਕੀ ਸਾਹਿਬ ‘ਚ ਕੀਤਾ | ਠੀਕ 12.30 ਵਜੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੀ ਸਮਾਪਤੀ ਤੋਂ ਬਾਅਦ ਸਾਲ 2020 ਦੀ ਯਾਤਰਾ ਲਈ ਪਹਿਲੀ ਅਰਦਾਸ ਮੁੱਖ ਗ੍ਰੰਥੀ ਭਾਈ ਮਿਲਾਪ ਸਿੰਘ ਨੇ ਕੀਤੀ ਅਤੇ ਹੁਕਮਨਾਮਾ ਲਿਆ | ਇਸ ਮੌਕੇ ਹਜ਼ੂਰੀ ਰਾਗੀ ਸ੍ਰੀ ਹੇਮਕੁੰਟ ਸਾਹਿਬ ਭਾਈ ਇਕਬਾਲ ਸਿੰਘ, ਭਾਈ ਸੰਦੀਪ ਸਿੰਘ ਅਤੇ ਭਾਈ ਮਨਜੀਤ ਸਿੰਘ ਪੂੰਨੇ ਵਾਲੇ ਦੇ ਜਥੇ ਨੇ ਇਲਾਹੀ ਬਾਣੀ ਦੇ ਰਸਭਿੰਨੇ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ | ਇਸ ਦੌਰਾਨ 418 ਇੰਜੀਨੀਅਰ ਕੋਰ ਦੇ ਮੇਜਰ ਰਵਿੰਦਰ ਸਿੰਘ ਪੁੰਡੀਰ ਅਤੇ ਮੁਨੀਸ਼ ਕਪਿਲ ਨੂੰ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਵਲੋਂ ਗ੍ਰੰਥੀ ਭਾਈ ਮਿਲਾਪ ਸਿੰਘ ਅਤੇ ਮੀਤ ਗ੍ਰੰਥੀ ਭਾਈ ਕੁਲਵੰਤ ਸਿੰਘ ਨੇ ਸ਼ਾਲ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ |

ਭਾਵੇਂ ਕਿ ਕੋਵਿਡ-19 ਕਰਕੇ ਇਸ ਵਾਰ ਸੰਗਤ ਸੀਮਤ ਸੀ ਪਰ ਗੁਰਦੁਆਰਾ ਸਾਹਿਬ ਦੇ ਕਿਵਾੜ ਖੁੱਲ੍ਹਣ ਦੌਰਾਨ ਸੰਗਤ ਵਲੋਂ ਲਗਾਏ ਗਏ ‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’ ਦੇ ਜੈਕਾਰਿਆਂ ਅਤੇ ਨਰਸਿੰਙੇ ਦੀਆਂ ਮਨਮੋਹਕ ਧੁੰਨਾ ਨੇ ਹਿਮਾਲਿਆ ਦੀਆਂ ਗਗਨਚੁੰਬੀ ਪਹਾੜੀਆਂ ‘ਚ ਅਲੌਕਿਕ ਦਿ੍ਸ਼ ਸਿਰਜ ਦਿੱਤਾ ਅਤੇ ਮਾਹੌਲ ਖ਼ਾਲਸਾਈ ਰੰਗ ‘ਚ ਰੰਗਿਆ ਗਿਆ | ਸੰਗਤ ਵਲੋਂ ਗੁਰਦੁਆਰਾ ਸਾਹਿਬ ‘ਚ ਖੂਬਸੂਰਤ ਮਹਿਕਦੇ ਫੁੱਲਾਂ ਦੀ ਸਜਾਵਟ ਕੀਤੀ ਗਈ | ਇਸ ਸਬੰਧੀ ਗੋਬਿੰਦਘਾਟ ਦੇ ਮੈਨੇਜਰ ਸੇਵਾ ਸਿੰਘ ਨੇ ਦੱਸਿਆ ਕਿ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਕਰਨ ਆਈ ਸੰਗਤ ਦੇ ਠਹਿਰਨ, ਲੰਗਰ ਤੇ ਸਿਹਤ ਸੇਵਾਵਾਂ ਦਾ ਪ੍ਰਬੰਧ ਪੜਾਅ ਦਰ ਪੜਾਅ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਵਲੋਂ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵਲੋਂ ਯਾਤਰਾ ਲਈ ਸਹਿਯੋਗ ਕੀਤਾ ਜਾ ਰਿਹਾ ਹੈ ਅਤੇ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਅਤੇ ਐਸ. ਟੀ. ਆਰ. ਐਫ. ਵਲੋਂ ਗੋਬਿੰਦਘਾਟ, ਭੂੰਡਾਰ ਅਤੇ ਗੋਬਿੰਦਧਾਮ ਵਿਖੇ ਸੁਰੱਖਿਆ ਕਰਮਚਾਰੀ ਤੈਨਾਤ ਕੀਤੇ ਗਏ ਹਨ |

Check Also

ਕਰਤਾਰਪੁਰ ਸਾਹਿਬ ਦੇ ਪ੍ਰਬੰਧ ਗੈਰ ਸਿੱਖ ਹੱਥਾਂ ਚ ਦੇਣ ਬਾਰੇ ਪ੍ਰਚਾਰ ਭਾਰਤੀ ਸਾਜਿਸ਼

ਕਰਤਾਰਪੁਰ ਸਾਹਿਬ ਦੇ ਪ੍ਰਬੰਧ ਗੈਰ ਸਿੱਖ ਹੱਥਾਂ ਚ ਦੇਣ ਬਾਰੇ ਪ੍ਰਚਾਰ ਭਾਰਤੀ ਸਾਜਿਸ਼, ਪਾਕਿ ਗੁਰਦੁਆਰਾ …

%d bloggers like this: