ਕੋਰੋਨਾ ਵਾਇਰਸ ਨਾਲ ਅਮਰੀਕਾ ‘ਚ ਮਿ੍ਤਕਾਂ ਤੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ | ਅੱਜ ਮੌਤਾਂ ਦੀ ਗਿਣਤੀ 21,474 ਹੋ ਗਈ ਹੈ ਤੇ ਮਰੀਜ਼ਾਂ ਦੀ ਗਿਣਤੀ 5 ਲੱਖ 34 ਹਜ਼ਾਰ 4 ਸੌ ਹੋ ਗਈ | ਅੱਜ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਦੇ 50 ਸੂਬਿਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਵਿਚ ਕੋਰੋਨਾ ਵਾਇਰਸ ਨਾਲ ਵੱਡੀ ਤਬਾਹੀ ਹੋ ਸਕਦੀ ਹੈ, ਜਿਸ ਲਈ ਸਾਨੂੰ ਤਿਆਰ ਰਹਿਣਾ ਹੋਵੇਗਾ | ਟਰੰਪ ਨੇ ਕਿਹਾ ਕਿ ਫੈਡਰਲ ਸਰਕਾਰ ਸੂਬਿਆਂ ਦੀ ਹਰ ਸੰਭਵ ਸਹਾਇਤਾ ਕਰ ਰਹੀ ਹੈ ਤੇ ਕਰਦੀ ਰਹੇਗੀ ਪਰ ਇਸ ਬਿਮਾਰੀ ਤੋਂ ਬਚਣ ਲਈ ਸਾਨੂੰ ਸਮਾਜਿਕ ਦੂਰੀ ਤੇ ਘਰਾਂ ਵਿਚ ਰਹਿਣਾ ਪਵੇਗਾ | ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੇ ਪ੍ਰਬੰਧਕ ਪੀਟ ਗੈਨੌਰ ਨੇ ਲੀ ਕੇ ਡੇਪਾਲੋ ਨੂੰ ਰਾਜ ਦਾ ਸੰਘੀ ਤਾਲਮੇਲ ਅਧਿਕਾਰੀ ਨਿਯੁਕਤ ਕੀਤਾ ਹੈ |
ਪੁਲਿਸ ਅਧਿਕਾਰੀ ਵੀ ਲਪੇਟ ‘ਚ
ਪੱਛਮੀ ਮਿਸ਼ੀਗਨ ਦੇ 6000 ਦੀ ਆਬਾਦੀ ਵਾਲੇ ਮਨੀਸਟੀ ਕਸਬੇ ‘ਚ 6 ਪੁਲਿਸ ਅਧਿਕਾਰੀ ਵੀ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਗਏ ਹਨ | 3 ਪੁਲਿਸ ਅਧਿਕਾਰੀਆਂ ਦਾ ਟੈਸਟ ਪਾਜ਼ੀਟਿਵ ਆਇਆ ਹੈ ਜਦ ਕਿ 3 ਹੋਰ ਸ਼ੱਕੀ ਅਧਿਕਾਰੀਆਂ ਨੂੰ ਇਕਾਂਤਵਾਸ ‘ਚ ਭੇਜ ਦਿੱਤਾ ਹੈ | ਕਸਬੇ ਵਿਚ ਇਕੱਲਾ ਕਾਰਜਕਾਰੀ ਪੁਲਿਸ ਮੁਖੀ ਟਿਮੋਥੀ ਕੋਜ਼ਲ ਹੀ ਰਹਿ ਗਿਆ ਹੈ, ਜਿਸ ਨੇ ਦੱਸਿਆ ਕਿ ਉਹ ਹਰ ਸੰਭਵ ਤਰੀਕੇ ਨਾਲ ਲੋਕਾਂ ਦੀ ਮਦਦ ਕਰ ਰਿਹਾ ਹੈ | ਉਸ ਨੇ ਕਿਹਾ ਕਿ ਸ਼ਹਿਰਾਂ ਵਾਂਗ ਦਿਹਾਤੀ ਖੇਤਰਾਂ ਵਿਚ ਪੁਲਿਸ ਨੂੰ ਆਪਣੀ ਹਿਫ਼ਾਜਤ ਲਈ ਮਾਸਕ ਤੇ ਹੋਰ ਸਾਮਾਨ ਨਹੀਂ ਮਿਲ ਰਿਹਾ |
ਕੈਦੀਆਂ ਨੂੰ ਰਿਹਾਅ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ
ਈਲੋਏ ਐਰੀਜ਼ੋਨਾ ਵਿਚ ਦੋ ਬੰਦੀ ਕੇਂਦਰਾਂ ਦੇ ਬਾਹਰਵਾਰ ਮਨੁੱਖੀ ਅਧਿਕਾਰ ਪੱਖੀ ਕਾਰਕੁੰਨਾਂ ਨੇ ਪ੍ਰਦਰਸ਼ਨ ਕੀਤਾ ਤੇ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਕੋਰੋਨਾ ਵਾਇਰਸ ਦੇ ਪ੍ਰਕੋਪ ਕਾਰਨ ਡਿਟੈਨਸ਼ਨ ਸੈਂਟਰਾਂ ‘ਚ ਬੰਦ ਲੋਕਾਂ ਨੂੰ ਰਿਹਾਅ ਕੀਤਾ ਜਾਵੇ | ਐਰੀਜ਼ੋਨਾ ਵਿਚ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਕੈਦੀਆਂ ਦੀ ਗਿਣਤੀ ਨਿਰੰਤਰ ਵਧ ਰਹੀ ਹੈ |
