Breaking News
Home / ਸਿੱਖ ਇਤਿਹਾਸ / ਗੱਲਾਂ ਦੇਸ ਪੰਜਾਬ ਦੀਆਂ – ੩

ਗੱਲਾਂ ਦੇਸ ਪੰਜਾਬ ਦੀਆਂ – ੩

ਬੁੱਢਾ ਮਲ ਨਾਮ ਦਾ ਇੱਕ ਸਿੱਖ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਅੰਮ੍ਰਿਤ ਛਕ ਕੇ ਸਰਦਾਰ ਬੁੱਧ ਸਿੰਘ ਬਣ ਗਿਆ। ਉਸ ਨੇ ਸਿੱਖਾਂ ਦੀ ਹਸਤੀ ਕਾਇਮ ਰੱਖਣ ਅਤੇ ਰਾਜਸੀ ਸ਼ਕਤੀ ਹਾਸਲ ਕਰਨ ਲਈ ਕਈ ਜੰਗਾਂ-ਯੁੱਧਾਂ’ਚ ਹਿੱਸਾ ਲਿਆ। ਇਹਨਾਂ ਜੰਗਾਂ-ਯੁੱਧਾਂ’ਚ ਉਸ ਦੇ ਸਰੀਰ’ਤੇ ਤਲਵਾਰਾਂ, ਨੇਜ਼ਿਆਂ ਅਤੇ ਗੋਲੀਆਂ ਦੇ ਲੱਗਭਗ ਚਾਲੀ ਫੱਟ ਲੱਗੇ ਸਨ। ਅੰਤ ਉਹ ਆਪਣੀ ਵਿਰਾਸਤ’ਚ ਸੂਰਵੀਰਤਾ ਅਤੇ ਕੁਝ ਪਿੰਡਾਂ ਦੀ ਮਾਲਕੀ ਛੱਡ ਕੇ 1718’ਚ ਗੁਰਪੁਰਵਾਸੀ ਹੋ ਗਿਆ। ਉਸ ਦੇ ਦੋ ਪੁੱਤਰ ਸਨ ਚੰਦਾ ਸਿੰਘ ਅਤੇ ਨੌਧ ਸਿੰਘ।

ਨੌਧ ਸਿੰਘ ਨੇ ਸੰਨ 1730 ‘ਚ ਸ਼ੁਕਰਚੱਕ ਪਿੰਡ ਦੀ ਉਜੜੀ ਪਈ ਥੇਹ’ਚ ਕਿਲਾ ਰੂਪੀ ਘਰ ਬਣਾਇਆ ਅਤੇ 30 ਖਾਲਸਿਆਂ ਨੂੰ ਜੱਥੇਬੰਦ ਕਰਕੇ ਸ਼ੁਕਰਚਕੀਆ ਮਿਸਲ ਦੀ ਨੀਂਹ ਰੱਖੀ। ਇਹਨਾਂ ਦੇ ਕਾਰਨਾਮਿਆਂ ਨਾਲ ਇਹਨਾਂ ਦਾ ਦਬਦਬਾ ਰਾਵਲਪਿੰਡੀ ਤੋਂ ਸਤਲੁਜ ਤੱਕ ਮੰਨਿਆ ਜਾਣ ਲੱਗਾ। 1752 ‘ਚ ਅਫ਼ਗਾਨਾਂ ਨਾਲ ਲੜਦੇ ਹੋਏ ਸਰਦਾਰ ਨੌਧ ਸਿੰਘ ਸਰੀਰ ਤਿਆਗ ਗਿਆ। ਉਹ ਆਪਣੇ ਪਿੱਛੇ ਚੜ੍ਹਤ ਸਿੰਘ, ਦਲ ਸਿੰਘ, ਚੇਤ ਸਿੰਘ ਅਤੇ ਮਾਘੀ ਸਿੰਘ 4 ਪੁੱਤਰ ਛੱਡ ਗਿਆ।

ਵੱਡੇ ਪੁੱਤਰ ਸਰਦਾਰ ਚੜ੍ਹਤ ਸਿੰਘ ਨੇ ਸ਼ੁਕਰਚੱਕ ਤੋਂ ਆਪਣਾ ਪੱਕਾ ਨਿਕਾਣਾ ਗੁਜਰਾਂਵਾਲੇ ਬਦਲ ਲਿਆ ਅਤੇ ਪੱਕੀ ਕਿਲ੍ਹਾਬੰਦੀ ਕਰ ਲਈ। ਸਭ ਤੋਂ ਛੋਟਾ ਪੁੱਤਰ ਮਾਘੀ ਸਿੰਘ ਗੁਰਸਿੱਖੀ ਦਾ ਪ੍ਰਚਾਰ ਕਰਨ ਲੱਗਾ ਅਤੇ ਪਰਉਪਕਾਰੀ ਗੁਰਮੁਖ ਹੋ ਨਿਬੜਿਆ। ਚੜ੍ਹਤ ਸਿੰਘ ਨੇ ਆਪਣੀ ਮਿਸਲ
’ਚ ਨੌਜਵਾਨਾਂ ਦੀ ਭਰਤੀ ਵਧਾ ਦਿੱਤੀ ਅਤੇ ਹਰ ਇੱਕ ਨੂੰ ਆਪ ਅੰਮ੍ਰਿਤ ਛਕਾ ਕੇ ਮਿਸਲ’ਚ ਸ਼ਾਮਲ ਕਰਦਾ। ਉਹ ਐਨਾ ਤਕੜਾ ਹੋ ਗਿਆ ਕਿ ਉਸ ਨੇ ਲਾਹੌਰ ਦੇ ਪਠਾਣ ਗਵਰਨਰ ਦਾ ਹੱਲਾ ਅਸਫ਼ਲ ਕਰ ਦਿੱਤਾ ਅਤੇ ਉਸ ਦਾ ਕਾਫ਼ੀ ਇਲਾਕਾ ਆਪਣੇ ਕਬਜ਼ੇ’ਚ ਲੈ ਲਿਆ। ਜੰਮੂ’ਚ ਰਾਜ ਗੱਦੀ ਨੂੰ ਲੈ ਰੌਲਾ ਚਲ ਰਿਹਾ ਸੀ; ਰਾਜੇ ਦੇ ਵੱਡੇ ਪੁੱਤਰ ਬ੍ਰਿਜ ਰਾਜ ਨੇ ਮੱਦਦ ਲਈ ਚੜ੍ਹਤ ਸਿੰਘ ਨੂੰ ਬੁਲਾਇਆ ਜਿੱਥੇ ਆਪਣੀ ਹੀ ਬੰਦੂਕ ਦੀ ਨਾਲੀ ਫਟਣ ਨਾਲ ਚੜ੍ਹਤ ਸਿੰਘ ਚਲਾਣਾ ਕਰ ਗਿਆ। ਸਰਦਾਰ ਚੜ੍ਹਤ ਸਿੰਘ ਆਪਣੇ ਪਿੱਛੇ ਦੋ ਪੁੱਤਰ ਮਹਾਂ ਸਿੰਘ, ਸਹੋਜ ਸਿੰਘ ਅਤੇ ਇੱਕ ਧੀ ਛੱਡ ਗਏ।

ਸਰਦਾਰ ਮਹਾਂ ਸਿੰਘ ਨੇ ਆਪਣੀ ਮਾਤਾ ਅਤੇ ਸਰਦਾਰ ਜੈ ਸਿੰਘ ਨਾਲ ਰਲ ਕੇ ਮਿਸਲ ਦਾ ਕੰਮ-ਕਾਰ ਸੰਭਾਲਿਆ। ਉਹਨਾਂ ਨੇ ਗੁਜ਼ਰਾਂਵਾਲੇ ਦੇ ਕਿਲ੍ਹੇ ਨੂੰ ਵੱਡਾ ਅਤੇ ਹੋਰ ਪੱਕਾ ਕਰਵਾਇਆ। ਸਰਦਾਰ ਮਹਾਂ ਸਿੰਘ ਨੇ ਸਰਦਾਰ ਗੰਡਾ ਸਿੰਘ ਭੰਗੀ ਨਾਲ ਸੁਲ੍ਹਾ-ਸਫ਼ਾਈ ਕੀਤੀ। ਇਸ ਪਿੱਛੋਂ ਸਰਦਾਰ ਗਜਪਤ ਸਿੰਘ ਜੀਂਦ ਦੀ ਧੀ ਬੀਬੀ ਰਾਜ ਕੌਰ (ਮਾਈ ਮਲਵਾਇਣ) ਨਾਲ ਸਰਦਾਰ ਮਹਾਂ ਸਿੰਘ ਨੇ ਵਿਆਹ ਕਰਵਾ ਲਿਆ। ਜਿਨ੍ਹਾਂ ਦੇ ਘਰ ਨਵੰਬਰ 1780 ‘ਚ ਇੱਕ ਪੁੱਤਰ ਨੇ ਜਨਮ ਲਿਆ। ਸਰਦਾਰ ਮਹਾਂ ਸਿੰਘ ਨੇ ਗੁਰੂ ਦਾ ਸ਼ੁਕਰਾਨਾ ਕੀਤਾ ਅਤੇ ਹਜ਼ਾਰਾ ਰੁਪਏ ਧਰਮ ਕਾਰਜਾਂ ਲਈ ਦਾਨ ਕੀਤੇ। ਗੁਰੂ ਆਸ਼ੇ ਅਨੁਸਾਰ ਬੱਚੇ ਦਾ ਨਾਮ “ਰਣਜੀਤ ਸਿੰਘ” ਰੱਖਿਆ ਗਿਆ। ਜਿਹੜਾ ਬਾਅਦ ਵਿਚ ਜਾ ਕੇ ਦੇਸ ਪੰਜਾਬ ਦਾ ਮਹਾਨ ਮਹਾਰਾਜਾ “ਸ਼ੇਰੇ ਪੰਜਾਬ” ਕਰਕੇ ਜਾਣਿਆ ਗਿਆ।

– ਸਤਵੰਤ ਸਿੰਘ

Check Also

ਗੱਲਾਂ ਦੇਸ ਪੰਜਾਬ ਦੀਆਂ – ੫

ਜਿਸ ਵਕਤ ਪਿਤਾ ਸਰਦਾਰ ਮਹਾਂ ਸਿੰਘ ਅਕਾਲ ਚਲਾਣਾ ਕਰ ਗਏ ਸਨ ਉਦੋਂ “ਰਣਜੀਤ ਸਿੰਘ” ਹਲੇ …

%d bloggers like this: