Breaking News
Home / ਸਿੱਖ ਇਤਿਹਾਸ / ਗੱਲਾਂ ਦੇਸ ਪੰਜਾਬ ਦੀਆਂ – ੪

ਗੱਲਾਂ ਦੇਸ ਪੰਜਾਬ ਦੀਆਂ – ੪

ਰਣਜੀਤ ਸਿੰਘ ਦੇ ਮੁਢਲੇ ਬਚਪਨ ਵਿਚ ਹੀ ਮਾਤਾ (ਚੇਚਕ) ਨਿਕਲ ਆਈ ਜਿਸ ਨਾਲ ਉਸ ਦਾ ਚੇਹਰਾ ਦਾਗੀ ਹੋ ਗਿਆ ਅਤੇ ਖੱਬੀ ਅੱਖ ਦੀ ਜੋਤ ਜਾਂਦੀ ਰਹੀ। ਬਚਪਨ ਵਿਚ ਹੀ ਰਣਜੀਤ ਸਿੰਘ ਨੇ ਘੋੜ ਸਵਾਰੀ ਅਤੇ ਤੈਰਨਾ ਸਿੱਖ ਲਿਆ। ਪੜਾਈ’ਚ ਉਸ ਕੋਲ ਗੁਰਮੁਖੀ ਅੱਖਰਾਂ ਦੀ ਪਛਾਣ ਤੋਂ ਅਗਾਹ ਜਾਣਕਾਰੀ ਸਿੱਖਣ ਦਾ ਸਮਾਂ ਨਹੀਂ ਸੀ ਪਰ ਉਸ ਨੇ ਬੰਦੂਕ ਅਤੇ ਤਲਵਾਰ ਚਲਾਉਣ ਦੀ ਮਹਾਰਤ ਹਾਸਲ ਕਰ ਲਈ ਸੀ।

ਇਹਨ੍ਹੀ ਦਿਨੀ ਰਣਜੀਤ ਸਿੰਘ ਦੇ ਪਿਤਾ ਸਰਦਾਰ ਮਹਾਂ ਸਿੰਘ ਦੀ ਤਾਕਤ ਵਧਦੀ ਗਈ। ਉਸ ਨੇ ਪਿੰਡੀ ਭੱਟੀਆਂ, ਸਾਹੀਵਾਲ, ਈਸਾ ਖੇਲ ਵਰਗੇ ਇਲਾਕਿਆਂ’ਤੇ ਹਮਲੇ ਕਰਕੇ ਨਜ਼ਰਾਨੇ ਵਸੂਲ ਕੀਤੇ। ਕੋਟਲੀ ਸਿਆਲਕੋਟ ਤੇ ਹਮਲਾ ਕਰਕੇ ਵੱਡੀ ਮਾਤਰਾ’ਚ ਹ ਥਿ ਆਰ ਲੁੱਟੇ ਅਤੇ ਆਪਣੀ ਮਿਸਲ ਨੂੰ ਤਾਕਤਵਰ ਬਣਾਇਆ।

ਜੰਮੂ ਦੇ ਰਾਜੇ ਬ੍ਰਿਜ ਰਾਜ ਨੇ ਵਾਅਦੇ ਤੋਂ ਮੁੱਕਰ ਕੇ ਨਜ਼ਰਾਨੇ ਭੇਜਣੇ ਬੰਦ ਕਰ ਦਿੱਤੇ। ਸਰਦਾਰ ਮਹਾਂ ਸਿੰਘ ਦੇ ਪਿਤਾ ਚੜ੍ਹਤ ਸਿੰਘ ਨੇ ਬ੍ਰਿਜ ਰਾਜ ਨੂੰ ਗੱਦੀ ਤੇ ਬਠਾਇਆ ਸੀ, ਜਿਸ ਮੁਹਿੰਮ’ਚ ਚੜ੍ਹਤ ਸਿੰਘ ਦੀ ਜਾਨ ਚਲੇ ਗਏ ਸੀ। ਉਸ ਦੇ ਨਾਂਹ ਨੁੱਕਰ ਕਰਨ ਤੇ ਸਰਦਾਰ ਮਹਾਂ ਸਿੰਘ ਨੇ ਜੰਮੂ ਤੇ ਚੜਾਈ ਕਰ ਦਿੱਤੀ ਅਤੇ ਉਹ ਖਾਲਸੇ ਤੋਂ ਬਚਦਾ ਤ੍ਰਿਕੋਟਾ ਦੇਵੀ ਦੇ ਪਹਾੜਾਂ’ਚ ਜਾ ਲੁਕਿਆ। ਇਸ ਮੁਹਿੰਮ ਤੋਂ ਮੁੜਦੇ ਹੋਏ ਦਿਵਾਲੀ ਦੇ ਇੱਕਠ ਤੇ ਅੰਮ੍ਰਿਤਸਰ ਸਾਹਿਬ ਆ ਕੇ ਪਵਿੱਤਰ ਸਰੋਵਰ’ਚ ਜੱਥੇ ਨੇ ਇਸ਼ਨਾਨ ਕੀਤਾ ਅਤੇ ਸੇਵਾ ਲਈ ਵੱਡੇ ਗੱਫੇ ਅਰਦਾਸ ਕਰਵਾਏ।

ਜੱਸਾ ਸਿੰਘ ਰਾਮਗੜੀਆ ਕਰਕੇ ਸਰਦਾਰ ਮਹਾਂ ਸਿੰਘ ਦੀ ਜੈ ਸਿੰਘ ਘਨੱਯਾ ਨਾਲ ਖੜਕ ਪਈ। ਇਸ ਝੜੱਪ’ਚ ਸਰਦਾਰ ਜੈ ਸਿੰਘ ਦਾ ਪੁੱਤਰ ਗੁਰਬਖ਼ਸ਼ ਸਿੰਘ ਮਾਰਿਆ ਗਿਆ। ਕੁਝ ਦੇਰ ਪਿੱਛੋੰ ਗੁਰਬਖ਼ਸ਼ ਸਿੰਘ ਦੀ ਵਿਧਵਾ ਸਰਦਾਰਨੀ ਸਦਾ ਕੌਰ ਨੇ ਆਪਸੀ ਝਗੜਾ ਖ਼ ਤ ਮ ਕਰਨ ਲਈ ਸਰਦਾਰ ਮਹਾਂ ਸਿੰਘ ਦੇ ਸਪੁੱਤਰ ਰਣਜੀਤ ਸਿੰਘ ਨਾਲ ਆਪਣੀ ਇੱਕਲੌਤੀ ਧੀ ਦਾ ਰਿਸ਼ਤਾ ਤੈਅ ਕਰ ਦਿੱਤਾ, ਜਿਸ ਨਾਲ ਘਨੱਯਾ ਅਤੇ ਸ਼ੁੱਕਚੱਕੀਆ ਦੋਵੇ ਮਿਸਲਾਂ ਇੱਕ ਹੋ ਗਈਆਂ।

ਰਣਜੀਤ ਸਿੰਘ ਹਲੇ ਮਸਾਂ ਗਿਆਰਾ ਵਰ੍ਹਿਆ ਦਾ ਹੋਇਆ ਸੀ ਜਦ ਉਸ ਨੇ ਆਪਣੇ ਪਿਤਾ ਸਰਦਾਰ ਮਹਾਂ ਸਿੰਘ ਨਾਲ ਸੋਧਰਾਂ ਦੇ ਕਿਲ੍ਹੇ ਨੂੰ ਜਾ ਘੇਰਾ ਪਾਇਆ। ਸਾਹਿਬ ਸਿੰਘ ਭੰਗੀ ਨੇ ਗੁਜਰਾਤ ਦੇ ਇਲਾਕੇ ਦਾ ਖਿਰਾਜ਼ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਲ੍ਹੇ’ਚ ਜਾ ਲੁਕਿਆ। ਇਸ ਮੌਕੇ ਸਰਦਾਰ ਮਹਾਂ ਸਿੰਘ ਪੇਚਸ਼ ਦੀ ਬਿਮਾਰੀ ਕਾਰਨ ਸ ਖ਼ ਤ ਬਿਮਾਰ ਹੋ ਗਿਆ। ਉਸ ਨੇ ਜੰਗ ਦੇ ਮੈਦਾਨ’ਚ ਹੀ ਆਪਣੇ ਪੁੱਤਰ ਰਣਜੀਤ ਸਿੰਘ ਦੇ ਦਸਤਾਰਬੰਦੀ ਦੀ ਰਸਮ ਪੂਰੀ ਕਰਕੇ ਮਿਸਲ ਦਾ ਮੁਖੀ ਥਾਪ ਦਿੱਤਾ ਅਤੇ ਆਪ ਗੁਜਰਾਂਵਾਲਾ ਵਾਪਸ ਪਰਤ ਆਇਆ।

ਸਰਦਾਰ ਮਹਾਂ ਸਿੰਘ ਬਿਮਾਰ ਹੋਣ ਕਾਰਨ ਲਾਹੌਰ ਬੈਠੇ ਭੰਗੀ ਸਰਦਾਰਾਂ ਦਾ ਉਤਸ਼ਾਹ ਵਧਿਆ ਅਤੇ ਉਹ ਲਾਮ-ਲਸ਼ਕਰ ਲੈ ਕੇ ਸੋਧਰਾਂ ਵੱਲ ਨੂੰ ਉੱਠ ਤੁਰੇ। ਰਣਜੀਤ ਸਿੰਘ ਨੇ ਆਪਣੀ ਸੂਝ ਬੂਝ ਨਾਲ ਉਹਨਾਂ ਨੂੰ ਕੋਟ ਮਹਾਰਾਜਾ ਲਾਗੇ ਰੋਕ ਲਿਆ ਅਤੇ ਉਹ ਕਿਲ੍ਹੇ ਤੱਕ ਨਾ ਪੁੱਜ ਸਕੇ। ਇਸ ਲ ੜਾ ਈ ਵਿਚ ਰਣਜੀਤ ਸਿੰਘ ਨੇ ਕਈ ਤੋਪਾਂ, ਜੰਬੂਰਕ ਅਤੇ ਹੋਰ ਹਥਿਆਰ ਖੋਹ ਕੇ ਗੁੱਜਰਾਂਵਾਲਾ ਭੇਜ ਦਿੱਤੇ ਜਿਸ ਤੇ ਉਸ ਦਾ ਪਿਤਾ ਪ੍ਰਸੰਨ ਹੋਇਆ। ਇਹ ਲੜਾਈ ਜਿੱਤਣ ਤੋਂ ਬਾਅਦ ਰਣਜੀਤ ਸਿੰਘ ਨੂੰ ਆਪਣੇ ਪਿਤਾ ਦੇ ਅਕਾਲ ਚਲਾਣੇ ਦੀ ਖ਼ਬਰ ਮਿਲੀ ਅਤੇ ਉਹ ਵਾਪਸ ਗੁਜਰਾਂਵਾਲਾ ਪਰਤ ਆਇਆ ਅਤੇ ਆਪਣੇ ਪਿਤਾ ਦਾ ਅੰਤਿਮ ਸਸਕਾਰ ਕਰਵਾਇਆ। ਕੇਵਲ ਬਾਰਾਂ ਵਰ੍ਹਿਆਂ ਦੀ ਉਮਰ’ਚ ਰਣਜੀਤ ਸਿੰਘ ਦੇ ਸਿਰ’ਤੇ ਵੱਡੀ ਜ਼ਿੰਮੇਵਾਰੀ ਪੈ ਗਈ।

– ਸਤਵੰਤ ਸਿੰਘ

Check Also

ਗੱਲਾਂ ਦੇਸ ਪੰਜਾਬ ਦੀਆਂ – ੫

ਜਿਸ ਵਕਤ ਪਿਤਾ ਸਰਦਾਰ ਮਹਾਂ ਸਿੰਘ ਅਕਾਲ ਚਲਾਣਾ ਕਰ ਗਏ ਸਨ ਉਦੋਂ “ਰਣਜੀਤ ਸਿੰਘ” ਹਲੇ …

%d bloggers like this: