Home / ਸਿੱਖ ਇਤਿਹਾਸ / ਗੱਲਾਂ ਦੇਸ ਪੰਜਾਬ ਦੀਆਂ – ੫

ਗੱਲਾਂ ਦੇਸ ਪੰਜਾਬ ਦੀਆਂ – ੫

ਜਿਸ ਵਕਤ ਪਿਤਾ ਸਰਦਾਰ ਮਹਾਂ ਸਿੰਘ ਅਕਾਲ ਚਲਾਣਾ ਕਰ ਗਏ ਸਨ ਉਦੋਂ “ਰਣਜੀਤ ਸਿੰਘ” ਹਲੇ ਬਾਰਾਂ ਵਰ੍ਹਿਆਂ ਦਾ ਵੀ ਨਹੀਂ ਹੋਇਆ ਸੀ। ਉਸ ਨੇ ਮਿਸਲ ਦਾ ਕੰਮ ਕਾਰ ਸੰਭਾਲਿਆ ‘ਤੇ ਜੰਗਾਂ-ਯੁੱਧਾਂ ਦੇ ਅਭਿਆਸ’ਚ ਜੁੱਟ ਗਿਆ। ਰਣਜੀਤ ਸਿੰਘ ਨੂੰ ਸ਼ਿਕਾਰ ਖੇਡਣ ਦਾ ਸ਼ੌਕ ਸੀ ਅਤੇ ਇੱਕ ਦਿਨ ਆਪਣੀ ਮਿਸਲ ਦੇ ਚੁਣਵੇਂ ਨੌਜਵਾਨਾਂ ਨਾਲ ਸ਼ਿਕਾਰ ਖੇਡਣ ਗਿਆ। ਉਹ ਸ਼ਿਕਾਰ ਖੇਡਦੇ-ਖੇਡਦੇ ਜੰਗਲ’ਚ ਦੂਰ ਨਿਕਲ ਗਏ ਅਤੇ ਰਣਜੀਤ ਸਿੰਘ ਆਪਣੇ ਸਾਥੀਆਂ ਤੋਂ ਵੱਖ ਹੋ ਗਿਆ।

ਉਸ ਸਮੇਂ ਹਸ਼ਮਤ ਖਾਨ ਚੱਠਾ ਵੀ ਆਪਣੇ ਨੌਕਰਾਂ ਨਾਲ ਜੰਗਲ’ਚ ਸ਼ਿਕਾਰ ਖੇਡਣ ਆਇਆ ਹੋਇਆ ਸੀ। ਇਸ ਦਾ ਇਲਾਕਾ ਰਣਜੀਤ ਸਿੰਘ ਦੇ ਪਿਤਾ ਸਰਦਾਰ ਮਹਾਂ ਸਿੰਘ ਨੇ ਜਿੱਤ ਲਿਆ ਸੀ। ਇਸ ਕਰਕੇ ਇਹ ਰਣਜੀਤ ਸਿੰਘ ਤੋੰ ਬਦਲਾ ਲੈਣਾ ਚਾਹੁੰਦਾ ਸੀ। ਜਦ ਸ਼ਿਕਾਰ ਲੱਭਦੇ ਹੋਏ ਇਸ ਦੀ ਨਿਗਾ ਇੱਕਲੇ ਫਿਰਦੇ “ਰਣਜੀਤ ਸਿੰਘ” ‘ਤੇ ਪਈ ਤਾਂ ਇਸ ਨੂੰ ਲੱਗਾ ਕਿ ਉਹ ਮੌਕਾ ਆ ਗਿਆ ਹੈ ਜਿਸ ਦੀ ਇਸ ਨੂੰ ਭਾਲ ਸੀ।

ਹਸ਼ਮਤ ਖਾਨ ਨੇ ਬੰਦੂਕ ਰਣਜੀਤ ਸਿੰਘ ਤੇ ਤਾਣ ਲਈ ਅਤੇ ਉਸ ਨੂੰ ਲਲਕਾਰਿਆ। ਉਹ ਰਣਜੀਤ ਸਿੰਘ ਦੀ ਜਾਨ ਲੈ ਕੇ ਆਪਣੀ ਮਨ ਅੰਦਰਲੀ ਦੁਸ਼ਮਣੀ ਦੀ ਅੱਗ ਬੁਝਾਉਣਾ ਚਾਹੁੰਦਾ ਸੀ। ਉਸ ਨੇ ਬਿਨ੍ਹਾਂ ਮੌਕਾ ਖ਼ਰਾਬ ਕੀਤਿਆਂ ਰਣਜੀਤ ਸਿੰਘ ਤੇ ਗੋਲੀ ਚਲਾ ਦਿੱਤੀ। ਪਰ ਵਾਹਿਗੁਰੂ ਨੇ ਅਜਿਹੀ ਕਲਾ ਵਰਤਾਈ ਕਿ ਉਸ ਦਾ ਨਿਸ਼ਾਨਾ ਉੱਕ ਗਿਆ ਅਤੇ ਗੋਲੀ ਘੋੜੇ ਦੀਆਂ ਲਗਾਮਾਂ’ਚ ਜਾ ਲੱਗੀ ‘ਤੇ ਉਹ ਟੁੱਟ ਗਈਆਂ।

ਨਿਸ਼ਾਨਾ ਉੱਕਦੇ ਸਾਰ ਹੀ “ਰਣਜੀਤ ਸਿੰਘ” ਘੌੜੇ ਤੋਂ ਛਾਲ ਮਾਰ ਕੇ ਹਸ਼ਮਤ ਖਾਨ ਤੇ ਟੁੱਟ ਪਿਆ। ਬਿਜਲੀ ਦੀ ਫੁਰਤੀ ਨਾਲ ਉਸ ਨੇ ਚੱਠੇ ਸਰਦਾਰ ਉੱਤੇ ਕਿਰਪਾਨ ਦਾ ਐਸਾ ਵਾਰ ਕੀਤਾ ਕਿ ਇੱਕੋ ਵਾਰ’ਚ ਉਸ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ। ਹਸ਼ਮਤ ਖਾਨ ਚੱਠੇ ਦਾ ਸਿਰ ਧਰਤੀ’ਤੇ ਪਿਆ ਦੇਖ ਕੇ ਉਸ ਦੇ ਸੰਗੀ ਸਾਥੀ ਦੌੜ ਗਏ। ਰਣਜੀਤ ਸਿੰਘ ਨੇਜੇ’ਤੇ ਚੱਠੇ ਦਾ ਵੱਢਿਆ ਹੋਇਆ ਸਿਰ ਟੰਗ ਕੇ ਆਪਣੇ ਸਾਥੀਆਂ ਨੂੰ ਜਾ ਮਿਲਿਆ। ਜਦੋਂ ਉਸ ਨੇ ਸਾਰਿਆਂ ਨੂੰ ਇਹ ਕਹਾਣੀ ਸੁਣਾਈ ਤਾਂ ਸਾਰੇ ਰਣਜੀਤ ਸਿੰਘ ਦਾ ਇਸ ਛੋਟੀ ਉਮਰ’ਚ ਵੱਡਾ ਕਾਰਨਾਵਾਂ ਸੁਣ ਕੇ ਬਹੁਤ ਪ੍ਰਸੰਨ ਹੋਏ।

– ਸਤਵੰਤ ਸਿੰਘ

Check Also

ਗੱਲਾਂ ਦੇਸ ਪੰਜਾਬ ਦੀਆਂ – ੪

ਰਣਜੀਤ ਸਿੰਘ ਦੇ ਮੁਢਲੇ ਬਚਪਨ ਵਿਚ ਹੀ ਮਾਤਾ (ਚੇਚਕ) ਨਿਕਲ ਆਈ ਜਿਸ ਨਾਲ ਉਸ ਦਾ …

%d bloggers like this: