Breaking News
Home / ਸਿੱਖ ਇਤਿਹਾਸ / ਗੱਲਾਂ ਦੇਸ ਪੰਜਾਬ ਦੀਆਂ – ੮ (ਸੱਦਾ ਪ੍ਰਵਾਨ ਕਰਕੇ ਰਣਜੀਤ ਸਿੰਘ ਵੱਲੋਂ ਲਾਹੌਰ’ਤੇ ਕਬਜ਼ਾ)

ਗੱਲਾਂ ਦੇਸ ਪੰਜਾਬ ਦੀਆਂ – ੮ (ਸੱਦਾ ਪ੍ਰਵਾਨ ਕਰਕੇ ਰਣਜੀਤ ਸਿੰਘ ਵੱਲੋਂ ਲਾਹੌਰ’ਤੇ ਕਬਜ਼ਾ)

ਸ਼ਾਹ ਜ਼ਮਾਨ ਦੇ ਅਫ਼ਗਾਨਿਸਤਾਨ ਚਲੇ ਜਾਣ ਤੋਂ ਬਾਅਦ ਲਾਹੌਰ’ਤੇ ਤਿੰਨ ਭੰਗੀ ਸਰਦਾਰਾਂ ਚੇਤ ਸਿੰਘ, ਮੋਹਰ ਸਿੰਘ ਅਤੇ ਸਾਹਿਬ ਸਿੰਘ ਦਾ ਰਾਜ ਸੀ। ਇਹਨਾਂ ਦੇ ਪਿਤਾਵਾਂ ਨੇ 1764 ‘ਚ ਵੀ ਅਫ਼ਗਾਨਾਂ ਨੂੰ ਹਰਾ ਕੇ ਲਾਹੌਰ’ਤੇ ਰਾਜ ਕਾਇਮ ਕੀਤਾ ਸੀ।

ਪਰ ਇਸ ਵਾਰ ਭੰਗੀ ਸਰਦਾਰਾਂ ਦੀ ਆਪਸੀ ਖਿਚੋਤਾਣ ਕਾਰਨ ਲਾਹੌਰ ਦੇ ਲੋਕ ਇਹਨਾਂ ਦੇ ਰਾਜ ਤੋੰ ਖੁਸ਼ ਨਹੀੰ ਸੀ। ਉਸ ਵੇਲੇ ਇਹ ਖ਼ਬਰ ਵੀ ਲਾਹੌਰ ਤੱਕ ਆ ਪਾਹੁੰਚੀ ਸੀ ਕਿ ਕਸੂਰ ਦਾ ਨਵਾਬ ਨਜ਼ਾਮੁਦੀਨ ਲਾਹੌਰ’ਤੇ ਹਮਲਾ ਕਰਕੇ ਆਪਣਾ ਰਾਜ ਕਾਇਮ ਕਰਨਾ ਚਾਹੁੰਦਾ ਹੈ।

ਇਸ ਮਸੀਬਤ ਤੋਂ ਬਚਣ ਲਈ ਸ਼ਹਿਰ ਦੇ ਹਿੰਦੂ ਅਤੇ ਮੁਸਲਮਾਨ ਪਤਵੰਤਿਆਂ ਨੇ ਇੱਕ ਵਫ਼ਦ ਬਣਾ ਕੇ ਰਣਜੀਤ ਸਿੰਘ ਵੱਲ ਭੇਜਿਆ ਅਤੇ ਬੇਨਤੀ ਕੀਤੀ ਕਿ “ਉਹ ਲਾਹੌਰ ‘ਤੇ ਇੱਕ ਸਿੱਖ ਦਾ ਹੀ ਰਾਜ ਚਾਹੁੰਦੇ ਹਨ।” ਉਹਨਾਂ ਅਰਜ਼ ਕੀਤੀ ਕਿ ਜੇਕਰ ਰਣਜੀਤ ਸਿੰਘ ਲਾਹੌਰ ਨੂੰ ਆਪਣੇ ਕਬਜ਼ਾ’ਚ ਲੈ ਲਵੇ ਤਾਂ ਉਹ ਪੂਰਨ ਸਹਿਯੋਗ ਦੇਣਗੇ।

ਰਣਜੀਤ ਸਿੰਘ ਨੇ ਆਪਣਾ ਅਹਿਲਕਾਰ ਭੇਜ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਉਹਨਾਂ ਦਾ ਸੱਦਾ ਪ੍ਰਵਾਨ ਕਰ ਲਿਆ। ਰਣਜੀਤ ਸਿੰਘ ਨੇ ਘਨੱਯਾ ਮਿਸਲ ਦੀ ਸਰਦਾਰਨੀ ਆਪਣੀ ਸੱਸ ਸਦਾ ਕੌਰ ਨਾਲ ਸਲਾਹ ਕਰ ਕੇ 1799 ‘ਚ ਮੁਹੱਰਮ ਦੇ ਦਸਵੇਂ ਦਿਨ ਤੋਂ ਅਗਲੀ ਰਾਤ ਨੂੰ ਲਾਹੌਰ’ਤੇ ਚੜਾਈ ਕਰਨ’ਤੇ ਮੋਹਰ ਲਗਾ ਦਿੱਤੀ।

ਜਦ ਲਾਹੌਰ ਦੇ ਲੋਕ ਮੁਹੱਰਮ ਦੇ ਜਸ਼ਨਾਂ’ਚ ਰੁਝੇ ਸਨ ਤਾਂ ਰਣਜੀਤ ਸਿੰਘ ਫ਼ੌਜ ਸਮੇਤ ਲਾਹੌਰ ਵੱਲ ਵੱਧ ਰਿਹਾ ਸੀ। ਰਾਤੋੰ ਰਾਤ ਰਣਜੀਤ ਸਿੰਘ ਦੀ ਫੌਜ ਨੇ ਸ਼ਹਿਰ ਦੀ ਚਾਰਦੀਵਾਰੀ ਦੇ ਆਲੇ ਦੁਆਲੇ ਮੋਰਚਾਬੰਦੀ ਕਰ ਲਈ। ਸਵੇਰ ਸਾਰ ਰਣਜੀਤ ਸਿੰਘ ਨੇ ਲਾਹੌਰ ਦਰਵਾਜ਼ੇ ਅਤੇ ਸਰਦਾਰਨੀ ਸਦਾ ਕੌਰ ਨੇ ਦਿੱਲੀ ਦਰਵਾਜ਼ੇ’ਤੇ ਹ ਮ ਲਾ ਕੀਤਾ। ਰਣਜੀਤ ਸਿੰਘ ਦੀ ਫੌਜ ਨੇ ਦਰਵਾਜ਼ੇ ਹੇਠ ਬਾਰੂਦ ਲਗਾ ਕੇ ਅੰਦਰ ਜਾਣ ਦਾ ਰਸਤਾ ਬਣਾ ਲਿਆ।

ਰਣਜੀਤ ਸਿੰਘ ਦੋ ਹਜ਼ਾਰ ਘੋੜ ਸਵਾਰਾਂ, ਚਾਰ ਵੱਡੀਆਂ ਤੋਪਾਂ ਅਤੇ ਤਿੰਨ ਸੌ ਅਕਾਲੀ ਨਿਹੰਗ ਸਿੰਘਾਂ ਨਾਲ ਦਰਵਾਜ਼ੇ ਰਾਹੀੰ ਸ਼ਹਿਰ’ਚ ਇੱਕ ਜੇਤੂ ਜਰਨੈਲ ਵਾਂਗ ਦਾਖ਼ਲ ਹੋਇਆ। ਰਣਜੀਤ ਸਿੰਘ ਦਾ ਐਸਾ ਦਬਦਬਾ ਪਿਆ ਕਿ ਤਿੰਨਾਂ’ਚੋਂ ਕੋਈ ਵੀ ਭੰਗੀ ਸਰਦਾਰ ਮੁਕਾਬਲਾ ਨਹੀਂ ਕਰ ਸਕਿਆ। ਮੋਹਰ ਸਿੰਘ ਭੰਗੀ ਅਤੇ ਸਾਹਿਬ ਸਿੰਘ ਭੰਗੀ ਤਾਂ ਸ਼ਹਿਰ ਛੱਡ ਕੇ ਨਿਕਲ ਗਏ ਪਰ ਚੇਤ ਸਿੰਘ ਨੇ ਆਪਣੇ ਆਪ ਨੂੰ ਕਿਲ੍ਹੇ ਅੰਦਰ ਬੰਦ ਕਰ ਲਿਆ।

ਰਣਜੀਤ ਸਿੰਘ ਇਹਨਾਂ ਨਾਲ ਬਹੁਤ ਹੀ ਨਰਮੀ ਨਾਲ ਪੇਸ਼ ਆਇਆ। ਸਾਹਿਬ ਸਿੰਘ ਭੰਗੀ ਅਤੇ ਮੋਹਰ ਸਿੰਘ ਭੰਗੀ ਦੇ ਪਰਿਵਾਰ ਨਾਲ ਚੰਗਾ ਵਰਤਾਓ ਕੀਤਾ। ਚੇਤ ਸਿੰਘ ਭੰਗੀ ਅਗਲੇ ਦਿਨ ਕਿਲ੍ਹੇ’ਚੋਂ ਨਿਕਲਿਆ; ਰਣਜੀਤ ਸਿੰਘ ਨੇ ਉਸ ਨੂੰ ਜੱਫ਼ੀ’ਚ ਲਿਆ ਅਤੇ ਭੰਗੀ ਸਰਦਾਰਾਂ ਨੂੰ ਜਾਗ਼ੀਰ ਲਾ ਦਿੱਤੀ।

ਰਣਜੀਤ ਸਿੰਘ ਨੇ ਆਪਣੀ ਫੌਜ ਨੂੰ ਹੁਕਮ ਕੀਤਾ ਕਿ ਸ਼ਹਿਰ’ਚ ਲੁੱਟ ਮਾਰ ਨਹੀਂ ਕਰਨੀ। ਉਸ ਸਮੇਂ ਇਹ ਗੱਲ ਆਮ ਸੀ ਕਿ ਜਦ ਕੋਈ ਫੌਜ ਕਿਸੇ ਰਾਜ ਨੂੰ ਜਿੱਤਦੀ ਤਾਂ ਉੱਥੇ ਲੁੱਟ ਮਾਰ ਕਰਕੇ ਲੋਕਾਂ ਨੂੰ ਸਭ ਕੁਝ ਖੋਹ ਲੈਂਦੀ। ਲਾਹੌਰ ਦੇ ਲੋਕ ਇਸ ਗੱਲ ਤੋਂ ਬਹੁਤ ਪ੍ਰਸੰਨ ਹੋਏ।

ਲਾਹੌਰ ਉਸ ਸਮੇਂ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਰਾਜਧਾਨੀ ਵੀ ਸੀ। ਇਸ’ਤੇ ਕਬਜ਼ੇ ਨੇ ਰਣਜੀਤ ਸਿੰਘ ਦੀ ਤਾਕਤ ਦੀ ਮਹੱਤਤਾ ਨੂੰ ਵਧਾਇਆ ਅਤੇ ਉਸ ਨੂੰ ਪੰਜਾਬ ਤੇ ਅਧਿਕਾਰ ਜਮਾਉਣ ਦਾ ਰਾਜਸੀ ਹੱਕ ਦੇ ਦਿੱਤਾ।

– ਸਤਵੰਤ ਸਿੰਘ

Check Also

ਗੱਲਾਂ ਦੇਸ ਪੰਜਾਬ ਦੀਆਂ – ੪

ਰਣਜੀਤ ਸਿੰਘ ਦੇ ਮੁਢਲੇ ਬਚਪਨ ਵਿਚ ਹੀ ਮਾਤਾ (ਚੇਚਕ) ਨਿਕਲ ਆਈ ਜਿਸ ਨਾਲ ਉਸ ਦਾ …

%d bloggers like this: