ਕੋਰੋਨਾ ਵਾਇਰਸ ਕਾਰਨ ਪੰਜਾਬ ਵਿਚ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਇਸ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਵਿਗਿਆਨਕਾਂ ਅਤੇ ਸਿਹਤ ਵਿਭਾਗ ਦੇ ਮਾਹਿਰਾਂ ਮੁਤਾਬਿਕ ਜੁਲਾਈ-ਅਗਸਤ ਤੱਕ ਮਹਾਂਮਾਰੀ ਭਾਰਤ ਵਿਚ ਸਿਖ਼ਰ ‘ਤੇ ਹੋਵੇਗੀ। ਇਹ ਵੀ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਦੇਸ਼ ਵਿਚ ਲਗਭਗ 58 ਫੀਸਦੀ ਲੋਕ ਇਸ ਨਾਲ ਪ੍ਰਭਾਵਿਤ ਹੋ ਸਕਦੇ ਹਨ। ਪੰਜਾਬ ਵਿਚ ਕੋਰੋਨਾ ਵਾਇਰਸ ਕਾਰਨ ਸਤੰਬਰ ਤੱਕ ਪੰਜਾਬ ਦੀ 87% ਅਬਾਦੀ ਪ੍ਰਭਾਵਿਤ ਹੋ ਸਕਦੀ ਹੈ।
ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਕੈਬਨਿਟ ਨੇ ਸੂਬੇ ਵਿਚ ਕੋਰੋਨਾ ਵਾਇਰਸ ਦੇ ਸੰਕਟ ਦੇ ਮੱਦੇਨਜ਼ਰ ਲੌਕਡਾਊਨ/ਕਰਫਿਊ ਨੂੰ 1 ਮਈ 2020 ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਦੀ ਜਾਣਕਾਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰ ਕੇ ਦਿੱਤੀ ਹੈ।
ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਭਾਰਤ ਸਰਕਾਰ ਨੇ ਦੇਸ਼ ਭਰ ਵਿਚ 14 ਅਪ੍ਰੈਲ ਤੱਕ 21 ਦਿਨਾਂ ਦਾ ਲੌਕਡਾਊਨ ਲਾਗੂ ਕੀਤਾ ਸੀ। ਅੱਜ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਵੱਲੋਂ ਇਹ ਸੰਕੇਤ ਦਿੱਤੇ ਗਏ ਸਨ ਕਿ ਪੰਜਾਬ ਵਿਚੋਂ ਹਾਲੇ ਲੌਕਡਾਊਨ ਹਟਾਇਆ ਨਹੀਂ ਜਾਵੇਗਾ ਅਤੇ ਇਸ ਵਿਚ ਸਿਰਫ਼ ਕਿਸਾਨਾਂ ਨੂੰ ਹੀ ਰਾਹਤ ਦਿੱਤੀ ਜਾਵੇਗੀ। ਇਹ ਰਾਹਤ ਫਸਲਾਂ ਨੂੰ ਮੰਡੀਆਂ ਤੱਕ ਲਿਆਉਣ ਲਈ ਦਿੱਤੀ ਜਾਵੇਗੀ।
ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਸੀ ਕਿ 31 ਮਈ ਤੱਕ ਸਾਰੀ ਫਸਲ ਮੰਡੀ ਵਿਚੋਂ ਚੁੱਕੀ ਜਾਵੇਗੀ। ਦੱਸ ਦਈਏ ਕਿ ਪੰਜਾਬ ਵਿਚ ਹਾਲੇ ਕੋਰੋਨਾ ਵਾਇਰਸ ਦੂਜੀ ਸਟੇਜ ‘ਤੇ ਹੈ। ਮੁੱਖ ਮੰਤਰੀ ਦਾ ਕਹਿਣਾ ਹੈ ਕਿ ਜੁਲਾਈ ਅਗਸਤ ਤੱਕ ਕਰੋਨਾ ਪੀਕ ‘ਤੇ ਹੋਵੇਗਾ। ਉਹਨਾਂ ਦੱਸਿਆ ਕਿ ਅਕਤੂਬਰ ਤੱਕ ਜਾ ਕੇ ਸਥਿਤੀ ਕਾਬੂ ਹੋਵੇਗੀ।
ਮੁੱਖ ਮੰਤਰੀ ਕੈਪਟਨ ਸਿੰਘ ਨੇ ਕਿਹਾ ਕਿ ਪੰਜਾਬ ਦੀ ਆਬਾਦੀ 87 ਪ੍ਰਤੀਸ਼ਤ ਕੋਰੋਨਾ ਨਾਲ ਪ੍ਰਭਾਵਿਤ ਹੋਵੇਗੀ। ਉਹਨਾਂ ਨੇ ਕਿਹਾ ਕਿ ਕੇਂਦਰ ਦੇ ਨਾਲ ਮਿਲ ਕੇ ਹੀ ਇਸ ਤੇ ਕਾਬੂ ਪਾਇਆ ਜਾ ਸਕਦਾ ਹੈ। ਇਸੇ ਨਾਲ ਉਨ੍ਹਾਂ ਕਿਹਾ ਕਿ ਭਾਵੇਂ ਹਾਲੇ ਪੰਜਾਬ ਵਿਚ ਟੈਸਟਿੰਗ ਘੱਟ ਹੋ ਰਹੀ ਹੈ ਪਰ ਸਾਨੂੰ ਉਮੀਦ ਹੈ ਕਿ ਜਲਦ ਹੀ ਇਸ ਦੀ ਰਫਤ਼ਰ ਨੂੰ ਵਧਾਇਆ ਜਾਵੇਗਾ।
