Home / ਸਾਹਿਤ / ਕਰੋਨਾਵਾਇਰਸ ਤੋਂ ਬਾਅਦ ਦੀ ਦੁਨੀਆਂ

ਕਰੋਨਾਵਾਇਰਸ ਤੋਂ ਬਾਅਦ ਦੀ ਦੁਨੀਆਂ

– ਡਾ ਪ੍ਰਿਥੀਪਾਲ ਸਿੰਘ ਸੋਹੀ

ਅੱਜ ਕਰੋਨਾਵਾਇਰਿਸ ਦਾ ਪਰਕੋਪ ਜਾਰੀ ਹੈ। ਹਰ ਰੋਜ ਕੋਵਿਡ-19 ਦੇ ਕੇਸਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸ ਦੇ ਨਾਲ ਹੀ ਮੌਤਾਂ ਦੀ ਗਿਣਤੀ ਵੀ ਵਧੀ ਜਾ ਰਹੀ ਹੈ। ਖੈਰ ਇਸ ਬਾਰੇ ਅੱਜ ਗੂਗਲ ਅਤੇ ਹੋਰ ਸਾਈਟਾਂ ਤੇ ਹਰ ਮਿੰਟ ਤੇ ਨਵੀਂ ਜਾਣਕਾਰੀ ਆ ਰਹੀ ਹੈ। ਦੁਨੀਆਂ ਅੱਜ ਕੀ ਹੈ, ਇਹ ਸਭ ਨੂੰ ਦਿਖ ਰਹੀ ਹੈ। ਲੌਕਡਾਊਨ, ਬੇਰੁਜ਼ਗਾਰੀ, ਬੰਦ ਬਿਜਨਸ, ਆਰਥਿਕ ਮੰਦਵਾੜੇ ਦਾ ਡਰ, ਕਰੋਨਾਵਾਇਰਿਸ ਦੀ ਦਵਾਈ ਦਾ ਨਾ ਹੋਣਾ ਅਤੇ ਮੌਤ ਦਾ ਡਰ ਆਦਿ ਸਭ ਲੋਕਾਂ ਨੂੰ ਸਤਾ ਤੇ ਡਰਾ ਰਿਹਾ ਹੈ।

ਹੁਣ ਤੱਕ ਦੁਨੀਆਂ ਵਿੱਚ ਜਿਨੀਆਂ ਵੀ ਮਹਾਂਮਾਰੀਆ ਫੈਲੀਆਂ ਉਨਾਂ ਕਾਰਨ ਵੱਡੀ ਗਿਣਤੀ ਵਿੱਚ ਲੋਕ ਮਰਦੇ ਰਹੇ ਹਨ। ਅੱਜ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ, ਇਸ ਲਈ ਸੰਭਾਵਨਾ ਹੈ, ਮੌਤਾਂ ਦੀ ਗਿਣਤੀ ਦਾ ਅੰਕੜਾ ਬਹੁਤ ਅਧਿੱਕ ਨਹੀਂ ਹੋਵੇਗਾ। ਅੱਜ ਇਸ ਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਔਸਤਨ ਦਰ 4-5 ਪਰਸੈਂਟ ਤੱਕ ਹੀ ਹੈ। ਆਉਣ ਵਾਲੇ ਦਿਨਾ ਵਿੱਚ ਇਹ ਹੋਰ ਵੀ ਘਟ ਸਕਦੀ ਹੈ। ਬਾਕੀ ਇਸ ਦੇ ਡਰ ਕਾਰਨ ਵੀ ਇਨੇਂ ਕੁ ਲੋਕਾਂ ਨੇ ਹੋਰ ਮਰ ਜਾਣਾ ਹੈ। ਮਹਾਂਮਾਰੀਆਂ ਪਹਿਲਾਂ ਵੀ ਆਉਂਦੀਆਂ ਰਹੀਆਂ ਹਨ ਅਤੇ ਵੱਡੀ ਗਿਣਤੀ ਵਿੱਚ ਲੋਕ ਮਰਦੇ ਰਹੇ ਹਨ। ਐਚ ਆਈ ਵੀ/ਏਡਜ਼ ਦਾ 2005 ਤੋਂ 2012 ਤੱਕ ਪਰਪੋਕ ਰਿਹਾ, ਇਸ ਕਾਰਨ 36 ਮਿਲੀਅਨ ਲੋਕਾਂ ਦੀ ਮੌਤ ਹੋਈ। ਪਹਿਲਾਂ ਹਰ ਸਾਲ 22 ਲੱਖ ਲੋਕ ਇਸ ਕਾਰਨ ਮਰਦੇ ਰਹੇ ਸਨ ਤੇ ਹੁਣ ਵੀ ਔਸਤਨ 7-8 ਲੱਖ ਲੋਕ ਮਰ ਰਹੇ ਹਨ ।

1968 ਵਿੱਚ ਫੈਲੇ ਹੌਂਗ ਕੌਂਗ ਫਲੂ ਨੇ 1 ਮਿਲੀਅਨ ਲੋਕਾਂ ਦੀ ਜਾਨ ਲਈ ਸੀ। ਏਸ਼ੀਅਨ ਫਲੂ ਨੇ 1956-58 ਵਿੱਚ ਦੋ ਮਿਲੀਅਨ ਲੋਕ ਮਾਰ ਦਿੱਤੇ ਸਨ । ।918 ਵਿੱਚ ਫਲੂ ਮਹਾਂਮਾਰੀ ਨੇ 20 ਤੋਂ 50 ਮਿਲੀਅਨ ਲੋਕ ਮੌਤ ਦੇ ਘਾਟ ਉਤਾਰ ਦਿੱਤੇ ਸਨ। ਇਹ ਫਲੂ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਵਾਂਗ ਘਾਤਕ ਰਿਹਾ ਸੀ, ਜਿਨਾਂ ਵਿੱਚ ਕਰਮਵਾਰ 40 ਅਤੇ 50 ਕੁ ਮਿਲੀਅਨ ਲੋਕ ਮਰੇ ਸਨ। ਇਸ ਨੇ ਦੁਨੀਆਂ ਦੀ ਇਕ ਤਿਆਹੀ ਵਸੋਂ ਨੂੰ ਆਪਣੀ ਲਪੇਟ ਵਿੱਚ ਲਿਆ ਸੀ। ਇਸ ਵਿੱਚ ਮੌਤ ਦੀ ਦਰ 10 ਤੋਂ 20 ਪਰਸੈਂਟ ਸੀ। ਪਹਿਲੇ 25 ਹਫਤਿਆਂ ਵਿੱਚ ਹੀ ਇਸ ਨਾਲ 25 ਮਿਲੀਅਨ ਲੋਕ ਮਰ ਗਏ ਸਨ।

19ਵੀਂ ਅਤੇ ਵੀਹਵੀ ਸਦੀ ਦੇ ਸ਼ੁਰੂ ਵਿੱਚ ਹੈਜ਼ਾ (ਕੋਲਰਾ) ਅਤੇ ਮਲੇਰੀਆਂ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਮਾਰਦਾ ਰਿਹਾ ਹੈ। ਹੈਜ਼ਾ ਦੀ ਮਹਾਂਮਾਰੀ ਨੇ 1910-11 ਵਿੱਚ ਅੱਠ ਲੱਖ ਲੋਕਾਂ ਦੀ ਜਾਨ ਲੈ ਲਈ ਸੀ। 1889-90 ਵਿੱਚ ਇਕ ਹੋਰ ਏਸ਼ੀਅਨ ਜਾਂ ਰਸ਼ੀਅਨ ਫਲੂ ਨੇ ਇਕ ਮਲੀਅਨ ਲੋਕ ਮਾਰ ਦਿੱਤੇ ਸਨ। 1346-53 ਵਿੱਚ ਪਲੇਗ ਨੇ 75 ਤੋਂ 200 ਮਿਲੀਅਨ ਲੋਕ ਸਦਾ ਦੀ ਨੀਂਦ ਸੁਲਾ ਦਿੱਤੇ ਸਨ, ਉਸ ਸਮੇਂ ਮੈਡੀਕਲ ਸਾਇੰਸ ਹਾਲੇ ਬਹੁਤੀ ਵਿਕਸਤ ਨਹੀਂ ਹੋਈ ਸੀ। ਇਸ ਤੋਂ ਪਹਿਲਾਂ ਵੀ ਚੂਹਿਆਂ ਤੋਂ ਕਈ ਵਾਰ ਪਲੇਗ ਪਈ ਸੀ ਤੇ ਲੱਖਾਂ ਦੀ ਗਿਣਤੀ ਵਿੱਚ ਲੋਕ ਮਰਦੇ ਰਹੇ ਸਨ। ਪਰ ਉਨੀਵੀਂ ਸਦੀ ਵਿੱਚ, 1855 ਵਿੱਚ ਚੀਨ ਤੋਂ ਸ਼ੁਰੂ ਹੋਈ ਪਲੇਗ ਨੇ ਭਾਰਤ ਵਿੱਚ 1900 ਤੱਕ 10 ਮਿਲੀਅਨ ਲੋਕ ਮਾਰ ਦਿੱਤੇ ਸਨ। 1918 ਤੋਂ 1920 ਤੱਕ ਸਪੈਨਿਸ਼ ਫਲੂ ਨੇ 500 ਮਿਲੀਅਨ ਲੋਕਾਂ ਨੂੰ ਆਪਣੇ ਘੇਰੇ ਵਿੱਚ ਲਿਆ ਸੀ ਅਤੇ ਇਸ ਨੇ 50 ਤੋਂ 100 ਮਿਲੀਅਨ ਲੋਕਾਂ ਦੀ ਜਾਨ ਲਈ ਸੀ।

ਸਾਰਸ, ਈ-ਬੋਲਾ, ਜ਼ੀਕਾ ਆਦਿ ਵਾਇਰਸ ਇਸ ਸਦੀ ਵਿੱਚ ਲੋਕਾਂ ਨੂੰ ਪ੍ਰਭਾਵਤ ਕਰਦੇ ਤੇ ਮੌਤ ਦੇ ਮੂੰਹ ਵਿੱਚ ਧਕਦੇ ਰਹੇ ਹਨ। ਇਸ ਕੋਵਿਡ-19 ਨਾਮ ਦੇ ਕਰੋਨਾਵਾਇਰਸ ਦੀ ਸ਼ੁਰੂਆਤ ਚੀਨ ਵਿੱਚ ਹੋਈ, ਪਰ ਉਨਾਂ ਤਕਰੀਬਨ ਤਿੰਨ ਮਹੀਨਿਆਂ ਵਿੱਚ ਇਸ ਤੇ ਕੰਟਰੋਲ ਕਰ ਲਿਆ। ਉਨਾਂ ਦਾ ਸਿਸਟਮ ਬਹੁਤਾ ਸੱਤਾਵਾਦੀ (ਅਥੌਰੀਟੇਰੀਅਨ) ਅਤੇ ਟੋਟੇਲੀਟੇਰੀਅਨ ਹੋਣ ਕਾਰਨ, ਉਹ ਫੈਸਲੇ ਜਲਦ ਕਰ ਅਤੇ ਲਾਗੂ ਕਰ ਸਕਦੇ ਹਨ। ਇਸ ਲਈ ਉਨਾਂ ਲੋਕਾਂ ਨੂੰ ਸਖਤੀ ਨਾਲ ਘਰਾਂ ਵਿੱਚ ਰੱਖਕੇ, ਮੈਡੀਕਲ ਸਮਾਨ ਜੰਗੀ ਪੱਧਰ ਤੇ ਪੈਦਾ ਕਰਕੇ ਅਤੇ ਨਵੇਂ ਹਸਪਤਾਲ ਜਲਦ ਬਣਾਕੇ ਸਥਿੱਤੀ ਨੂੰ ਸੰਭਾਲ ਲਿਆ। ਪਰ ਵਿਕਸਤ ਖੁੱਲੇ ਜਾਂ ਪੰਜੀਵਾਦੀ ਲੋਕਤੰਤਰਾਂ ਵਿੱਚ ਇਸ ਦੀ ਸਥਿਤੀ ਫਿਲਹਾਲ ਬਹੁਤੀ ਵਿਗੜ ਰਹੀ ਹੈ। ਇਸ ਸਮੇਂ ਗਰੀਬ ਨਾਲੋਂ ਅਮੀਰ ਮੁਲਕਾਂ ਦੀ ਸਥਿੱਤੀ ਬਹੁਤ ਮਾੜੀ ਹੈ। ਆਉਣ ਵਾਲੇ ਦਿਨਾ ਵਿੱਚ ਗਰੀਬ ਜਾਂ ਵਿਕਾਸਸ਼ੀਲ ਦੇਸ਼ਾਂ ਦੀ ਹਾਲਤ ਵੀ ਮਾੜੀ ਹੋਣ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ। ਪਰ ਇਕ ਗੱਲ ਸਾਫ ਹੈ ਕਿ ਬਹੁਤੇ ਵਿਕਸਤ ਦੇਸ਼ਾ ਦੀ ਮੈਡੀਕਲ ਵਿਵਸਥਾ ਤੇ ਵੱਡੀਆਂ ਫਰਮਾਸੂਟੀਕਲ ਕੰਪਨੀਆਂ ਦਾ ਕੰਟਰੋਲ ਹੈ ਅਤੇ ਇਨਾ ਦੀ ਅਜਾਰੇਦਾਰੀ ਨੇ ਲੋਕਾਂ ਨੂੰ ਵਿਖਾ ਦਿੱਤਾ ਹੈ ਕਿ ਉਨਾਂ ਦੀ ਸਿਹਤ ਨਾਲੋਂ ਉਨਾਂ ਦਾ ਮੁਨਾਫਾ ਅਧਿੱਕ ਜਰੂਰੀ ਹੈ। ਇਨਾਂ ਕੰਪਨੀਆਂ ਦਾ ਸਰਕਾਰਾਂ, ਰਾਜਨੀਤਕ ਸ਼ਕਤੀ ਅਤੇ ਢਾਂਚਿਆਂ ਤੇ ਪੂਰਾ ਕੰਟਰੋਲ ਹੈ। ਇਨਾਂ ਦੇ ਦਬਾਓ ਹੇਠ ਰਾਸ਼ਟਰਪਤੀ ਟਰੰਪ ਡੀਫੈਂਸ ਪ੍ਰੋਡੁਕਸ਼ਨ ਐਕਟ ਸਮੇਂ ਸਿਰ ਲਾਗੂ ਨਹੀਂ ਸਨ ਕਰ ਸਕੇ। ਹਰ ਲੋੜੀਂਦੀ ਮੈਡੀਕਲ ਸਪਲਾਈ ਦੀ ਕੀਮਤ ਇਨਾਂ ਨੇ ਅੱਜ ਕਈ ਕਈ ਕਈ ਗੁਣਾਂ ਵਧਾ ਦਿੱਤੀ ਹੈ।

ਰੀਰਸਚ ਦੇ ਨਾਮ ਤੇ ਸਰਕਾਰਾਂ ਤੋਂ ਹੁਣ ਇਨਾ ਅਰਬਾਂ-ਖਰਬਾਂ ਡਾਲਰ ਬਟੋਰਨਾ ਸ਼ੁਰੂ ਵੀ ਕਰ ਦਿੱਤਾ ਹੈ। ਮੈਡੀਕਲ ਸਮਾਨ ਸਪਲਾਈ ਕਰਨ ਦੇ, ਲੰਬੇ ਸਮੇਂ ਦੇ ਵੱਡੇ ਵੱਡੇ ਸਮਝੋਤੇ ਕੀਤੇ ਜਾ ਰਹੇ ਹਨ। ਆਉਣ ਵਾਲੇ ਦਸ ਵੀਹ ਸਾਲ ਇਨਾਂ ਦੀ ਚਾਂਦੀ ਰਹੇਗੀ। ਇਹ ਵਾਇਰਸ ਕਿਵੇਂ ਪੈਦਾ ਹੋਇਆ, ਕਿਨਾਂ ਚਿਰ ਇਸ ਦਾ ਮਾਰੂ ਪ੍ਰਭਾਵ ਰਹੇਗਾ ਅਤੇ ਕਿਨਾ ਚਿਰ ਇਸ ਦੀ ਵੈਕਸੀਨ ਦੀ ਹਰ ਵਿਅਕਤੀ ਨੂੰ ਲੋੜ ਰਹੇਗੀ ਆਦਿ ਇਸ ਦੀ ਖੋਜ ਅਤੇ ਸਲਾਹ ਵੀ ਇਨਾਂ ਹੀ ਕੰਪਨੀਆਂ ਦੇ ਵਿਗਆਨੀਆਂ ਨੇ ਹੀ ਦੇਣੀ ਹੈ। ਦਹਾਕਿਆਂ ਤੱਕ ਇਨਾਂ ਦੀ ਤਿਆਰ ਕੀਤੀ ਵੈਕਸੀਨ ਦੀ ਡੋਜ਼ ਹਰ ਸਾਲ ਲੋਕਾਂ ਨੂੰ ਲਗਦੀ ਰਹੇਗੀ। ਇਸ ਤਰਾਂ ਇਹ ਕੰਪਨੀਆਂ ਲੱਖਾ ਅਰਬਾਂ ਡਾਲਰ ਕਮਾਉਂਦੀਆਂ ਰਹਿਣਗੀਆਂ।

ਇਸ ਖਤਰਨਾਕ ਵਾਇਰਸ ਦਾ ਇਕ ਹਾਂ ਪੱਖੀ ਨਤੀਜਾ ਵੀ ਹੋਵੇਗਾ। ਆਉਣ ਵਾਲੇ ਕਈ ਸਾਲ ਹੁਣ ਨਰਸਾਂ, ਡਾਕਟਰਾਂ ਅਤੇ ਹੋਰ ਮੈਡੀਕਲ ਸਟਾਫ ਦੀ ਬਹੁਤ ਮੰਗ ਰਹੇਗੀ, ਮੈਡੀਕਲ ਸੈਕਟਰ ਵਿੱਚ ਲੱਖਾਂ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ। ਬਿਲਕੁਲ ਉਸੇ ਤਰਾਂ ਜਿਵੇਂ ਸਤੰਬਰ 2011 ਦੇ ਅੱਤਵਾਦੀ ਹਮਲੇ ਬਾਅਦ ਦੁਨੀਆਂ ਭਰ ਦੀਆਂ ਸਰਹੱਦਾਂ ਅਤੇ ਹਵਾਈ ਅੱਡਿਆਂ ਤੇ ਲੱਖਾਂ ਨੌਕਰੀਆਂ ਸਕਿਓਰਟੀ ਸਟਾਫ ਅਤੇ ਸਕਿਓਰਟੀ ਚੈਕਿੰਗ ਲਈ ਲੋੜੀਂਦੇ ਸਾਜੋ ਸਮਾਨ ਦੀ ਮੰਗ ਪੈਦਾ ਹੋਈ ਸੀ। ਇਹ ਵਾਇਰਸ ਤਾਂ ਖਤਮ ਹੋ ਜਾਵੇਗਾ, ਪਰ ਬਾਅਦ ਵਿੱਚ ਸੰਭਾਵਨਾ ਹੈ ਹਰ ਏਅਰਪੋਰਟ ਅਤੇ ਹੋਰ ਪ੍ਰਮੁੱਖ ਥਾਵਾਂ ਅਤੇ ਐਂਟਰੀ ਪੁਇੰਟਸ ਤੇ ਮੈਡੀਕਲ ਚੈਕਅੱਪ ਦੀਆਂ ਪੱਕੀਆਂ ਪੋਸਟਾਂ ਬਣ ਜਾਣਗੀਆਂ। ਇਸ ਤਰਾਂ ਇਹ ਸੰਕਟ ਬਹੁਤ ਨਵੀਆਂ ਨੌਕਰੀਆਂ ਅਤੇ ਬਿਜਨਸਾਂ ਨੂੰ ਜਨਮ ਦੇਵੇਗਾ। ਹਰ ਦੇਸ਼ ਦਾ ਮੈਡੀਕਲ ਬੱਜਟ ਕਈ ਕਈ ਗੁਣਾਂ ਵਧ ਜਾਵੇਗਾ।

ਆਉਣ ਵਾਲੇ ਸਮੇਂ ਵਿੱਚ ਲੋਕਾਂ ਦੇ ਦਬਾਓ ਕਾਰਨ ਇਹ ਸੰਭਾਵਨਾ ਵੀ ਵਧਣ ਦੀ ਆਸ ਹੈ ਕਿ ਲੋਕਤੰਤਰੀ ਦੇਸ਼ਾਂ, ਜਿਥੇ ਕਾਰਪੋਰੇਸ਼ਨਾ ਦੀ ਅਜਾਰੇਦਾਰੀ ਕੁੱਝ ਘੱਟ ਹੈ, ਖਾਸ ਤੌਰ ਤੇ ਜਿਥੇ ਯੂਨੀਵਰਸਲ ਮੈਡੀਕਲ ਸਿਸਟਮ ਹੈ ਜਿਵੇਂ ਕੈਨੇਡਾ, ਯੂਕੇ, ਅਸਟਰੇਲੀਆ, ਡੈਨਮਾਰਕ ਅਤੇ ਨਿਉਜ਼ੀਲੈਂਡ ਵਰਗੇ ਦੇਸ਼ਾਂ ਵਿੱਚ ਮੈਡੀਕਲ ਸੇਵਾਵਾਂ, ਦਵਾਈਆਂ ਅਤੇ ਸਾਜੋ ਸਮਾਨ ਤਿਆਰ ਕਰਨ ਵਿੱਚ ਸਰਕਾਰਾਂ ਦਾ ਦਖਲ ਵਧ ਜਾਵੇ, ਜਾਂ ਇਨਾਂ ਦਾ ਸਾਰਾ ਕੰਟਰੋਲ ਹੀ ਪਬਲਿਕ ਹੱਥਾਂ ਵਿੱਚ ਚਲਾ ਜਾਵੇ। ਬਾਕੀ ਦੇਸ਼ਾਂ ਵਿਚ ਵੀ ਉਦਯੋਗਕਿ ਅਜਾਰੇਦਾਰੀਆਂ ਤੇ ਮੁੜ ਚਰਚਾ ਛੜੇਗੀ। ਮਨੁੱਖੀ ਜੀਵਨ ਨਾਲ ਸਬੰਧਤ ਉਦਯੋਗ ਜਿਵੇਂ ਮੈਡੀਕਲ, ਫੂਡ, ਐਨਰਜੀ ਅਤੇ ਕਮਿਉਨੀਕੇਸ਼ਨ ਆਦਿ ਤੇ ਸਰਕਾਰੀ ਕੰਟਰੋਲ ਵਧਣ ਜਾਂ ਇਨਾਂ ਦੇ ਰਾਸ਼ਟਰੀਕਰਨ ਦੀ ਸੰਭਾਵਨਾ ਵਧੇਗੀ।

ਅਧੁਨਿਕ ਮੈਡੀਕਲ ਸੇਵਾਵਾਂ ਦੇ ਨਾਲ ਨਾਲ ਹੁਣ ਵਾਤਾਵਰਣ ਚੋਂ ਗਰੀਨ ਗੈਸਾਂ ਘਟਾਕੇ ਲੋਕਾਂ ਨੂੰ ਸ਼ੁੱਧ ਸਾਫ ਹਵਾ ਦੇਣ ਵੱਲ ਵੀ ਧਿਆਨ ਜਾਵੇਗਾ। ਦੁਨੀਆਂ ਵਿੱਚ ਟਰੰਪਵਾਦੀ ਅਤੇ ਸੱਜੇ ਪੱਖੀ ਸੋਚ ਦੇ ਕਨਸਰਵੇਟਿਵ ਲੀਡਰਾਂ ਨੇ ਵਾਤਾਵਰਣ ਦੇ ਸੰਕਟ ਨੂੰ ਦਰ ਕਿਨਾਰ ਕਰਕੇ ਆਰਥਕ ਗਤੀ ਨੂੰ ਤੇਜ਼ ਕਰਨ ਦਾ ਰੌਲਾ ਪਾਇਆ ਹੋਇਆ ਸੀ। ਅਮਰੀਕਾ ਤਾਂ ਵਾਤਾਵਰਣ ਦੇ ਪੈਰਿਸ ਸਮਝੌਤੇ ਵਿੱਚੋਂ ਬਾਹਰ ਹੀ ਹੋ ਗਿਆ ਸੀ। ਪਰ ਹੁਣ ਬੰਦੇ ਦੀ ਸਿਹਤ ਜਦੋਂ ਤਰਜੀਹੀ ਮਸਲਾ ਬਣ ਜਾਏਗੀ ਤਾਂ ਵਾਤਾਵਰਣ ਵਿੱਚ ਪ੍ਰਦੂਸ਼ਣ ਕਾਰਨ ਵਧ ਰਹੀ ਤਪਸ਼ ਨੂੰ ਘਟਾਉਣ ਲਈ ਸਾਰੇ ਦੇਸ਼ ਅਤੇ ਸੰਸਥਾਵਾਂ ਜੋਰ ਲਾਉਣਗੀਆਂ। ਇਹ ਇੱਕ ਚੰਗਾ ਰੁਝਾਨ ਹੋਵੇਗਾ। ਲੌਕਡਾਊਨ ਕਾਰਨ ਕੁੱਝ ਦਿਨਾਂ ਵਿੱਚ ਹੀ ਅਸਮਾਨ ਸਾਫ ਤੇ ਸੁੰਦਰ ਬਣਿਆ ਹੈ, ਵਾਤਾਵਰਣ ਚੋਂ ਗਰੀਨ ਗੈਸਾਂ ਦੀ ਮਾਤਰਾ ਘਟੀ ਹੈ। ਹੋ ਸਕਦਾ ਇਸ ਤੋਂ ਸਬਕ ਲੈਕੇ ਸਾਲ ਵਿੱਚ ਕੁੱਝ ਦਿਨ “ਟਰੈਫਕਿ ਜਾਮ” ਵਜੋਂ ਮਨਾਏ ਜਾਣੇ ਸ਼ੁਰੂ ਹੋ ਜਾਣ।

ਪੰਜੀਵਾਦੀ ਲੋਕਤੰਤਰੀ ਢਾਂਚਿਆਂ ਵਿੱਚ ਨਵੀਆਂ ਤਬਦੀਲੀਆਂ ਦੀਆਂ ਸੰਭਾਵਨਾਵਾਂ ਉਜਾਗਰ ਹੋਣ ਦੀ ਆਸ ਬਣੇਗੀ। ਇਨਾਂ ਢਾਂਚਿਆਂ ਵਿੱਚ ਹਰ ਵਿਅਕਤੀ ਨੂੰ ਉਸ ਦੁਆਰਾ ਪੈਦਾ ਕੀਤੇ ਉਤਪਾਦਨ ਦੇ ਮੁੱਲ ਦੇ ਹਿਸਾਬ ਨਾਲ ਪੈਸੇ ਦਿਤੇ ਜਾਂਦੇ ਹਨ। ਪਰ ਅਸਲ ਵਿੱਚ ਹੁਣ ਲੋੜ ਇਹ ਬਣੇਗੀ ਕਿ ਉਸ ਨੂੰ ਉਸ ਦੀ ਮੁਢਲੀ ਲੋੜ ਅਨੁਸਾਰ ਪੈਸੇ ਦਿੱਤੇ ਜਾਣ। ਹੁਣ ਇਹ ਇਕ ਸਮਾਜਵਾਦੀ ਸਿਧਾਂਤ ਨਹੀਂ ਸਗੋਂ ਮਨੁੱਖਵਾਦੀ ਸਿਧਾਂਤ ਹੋਵੇਗਾ। ਇਹ ਸੋਚ ਸ਼ੁਰੂ ਹੋਵੇਗੀ ਕਿ ਹਰ ਵਿਅਕਤੀ ਪਾਸ ਇਨੀ ‘ਕੁ ਮਾਇਆ ਜਰੂਰ ਆਉਂਦੀ ਰਹੇ ਕਿ ਉਸ ਦੀ ਕੁੱਲੀ, ਜੁੱਲੀ ਅਤੇ ਗੁੱਲੀ ਦੀ ਲੋੜ ਪੂਰੀ ਹੁੰਦੀ ਰਹੇ। ਕਰੋਨਾਵਾਇਰਿਸ ਜਿਨਾ ਲੰਬਾ ਚੱਲੇਗਾ, ਉਨੀਆਂ ਹੀ ਵੱਡੀਆਂ ਆਰਥਕ ਅਤੇ ਰਾਜਨੀਤਕ ਤਬਦੀਲੀਆਂ ਦੀ ਆਸ ਕੀਤੀ ਜਾ ਸਕਦੀ ਹੈ।

ਕਰੋਨਾਵਾਇਰਿਸ ਵਰਗੇ ਵਾਇਰਸਾਂ ਨੂੰ ਭਵਿੱਖ ਵਿੱਚ ਜਲਦ ਕੰਟਰੋਲ ਕਰਨ ਲਈ ਹੁਣੇ ਤੋਂ ਹੀ ਸੋਸ਼ਿਲ ਡਿਸਟੈਨਸਿੰਗ ਵਰਗੇ ਕੰਮ ਸਿਧਾਂਤਾਂ ਤੇ ਅਮਲ ਸ਼ੁਰੂ ਹੋ ਜਾਵੇਗਾ। ਇਹ ਢੰਗ ਅੱਜ ਤੱਕ ਕਦੇ ਵੀ ਲਾਗੂ ਨਹੀਂ ਸੀ ਕੀਤਾ ਗਿਆ। ਚੀਨ ਦੀ ਸਮਾਜਵਾਦੀ ਸਰਕਾਰ ਨੇ ਇਸ ਨੂੰ ਸਖਤੀ ਨਾਲ ਵੁਹਾਂਗ ਵਿੱਚ ਲਾਗੂ ਕਰਕੇ, ਇਸ ਦੇ ਸਫਲ ਨਤੀਜੇ ਸਾਹਮਣੇ ਲਿਆਂਦੇ ਹਨ। ਭਵਿੱਖ ਵਿੱਚ ਤਕਨੀਕੀ ਵਿਕਾਸ ਦਾ ਵਧੇਰੇ ਲਾਭ ਲਏ ਜਾਣ ਦੀ ਆਸ ਹੈ। ਬੰਦੇ ਦੀ ਸਰੀਰਕ ਲੇਬਰ ਨਾਲੋਂ ਉਸ ਦੀ ਮਾਨਸਿਕ ਅਤੇ ਤਕਨੀਕੀ ਬੁੱਧੀ ਦੀ ਵਰਤੋਂ ਵਧਾਏ ਜਾਣ ਦੀ ਆਸ ਹੈ। ਔਨਲਾਈਨ ਬਿਜਨਸ ਪਹਿਲਾਂ ਹੀ ਬਹੁਤ ਵਧ ਚੁੱਕਿਆ ਹੈ, ਹੁਣ ਇਸ ਦੇ ਹੋਰ ਵੀ ਕਈ ਗੁਣਾਂ ਵਧ ਜਾਣ ਦੀ ਆਸ ਹੈ, ਮਾਈਗਰੇਸ਼ਨ ਜਾਂ ਮਨੁੱਖੀ ਲੇਬਰ ਐਕਸਪੋਰਟ ਕਰਨ ਦਾ ਰੁਝਾਨ ਵੀ ਘਟਣ ਦੀ ਆਸ ਹੈ, ਬਹੁਤਾ ਕੰਮ ਰੋਬੋਜ਼ ਤੋਂ ਕਰਾਇਆ ਜਾਵੇਗਾ। ਉਤਪਾਦਨ ਦੀ ਗਤੀ ਜਾਰੀ ਰਹੇਗੀ। ਪਰ ਮਨੁੱਖ ਦੀ ਸਰੀਰਕ ਲੇਬਰ ਦੀ ਲੋੜ ਘਟ ਸਕਦੀ ਹੈ। ਇਸ ਦਾ ਅਰਥ ਇਹ ਨਹੀਂ ਕਿ ਬੰਦੇ ਨੂੰ ਕੰਮ ਜਾਂ ਪੈਸੇ ਨਹੀਂ ਮਿਲਣਗੇ। ਮਨੁੱਖੀ ਵਰਤੋਂ ਦਾ ਨਵਾਂ ਮਾਡਲ ਅਤੇ ਨਵਾਂ ਮਾਈਂਡਸੈਟ ਤਿਆਰ ਹੋਵੇਗਾ। ਆਉਣ ਵਾਲੇ ਯੁੱਗ ਵਿੱਚ ਵਧੇਰੇ ਤੰਦਰੁਸਤ ਅਤੇ ਵੱਧ ਈਮਿਓਂਟੀ ਵਾਲੇ ਬੰਦਿਆਂ ਦੀ ਲੋੜ ਮਹਿਸੁਸ ਕੀਤੀ ਜਾਵੇਗੀ। ਬੰਦਿਆਂ ਲਈ ਕੰਮ ਦੇ ਘੰਟੇ ਘਟਾਏ ਜਾ ਸਕਦੇ ਹਨ। ਹੋ ਸਕਦਾ ਉਸ ਤੋਂ ਹਫਤੇ ਵਿਚ ਤਿੰਨ ਦਿਨ ਹੀ ਕੰਮ ਕਰਾਇਆ ਜਾਵੇ। ਉਸ ਦੀਆਂ ਮੁਢਲੀਆਂ ਲੋੜਾਂ ਜਿਨਾਂ ਪੈਸਾ ਯਕੀਨੀ ਬਣਾਇਆ ਜਾਵੇ। ਉਹ ਆਪਣੀ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਲਈ ਵੱਧ ਸਮਾਂ ਕੱਢ ਸਕੇ।

ਮਸ਼ੀਨ ਬਣੇ ਮਨੁੱਖ ਨੂੰ ਹੁਣ ਕਰੋਨਾਵਾਇਰਿਸ ਨੇ ਘਰਾਂ ਵਿੱਚ ਬੈਠਾ ਦਿੱਤਾ ਹੈ, ਉਹ ਆਪਣੇ ਆਪ ਅਤੇ ਆਪਣੇ ਪਰਿਵਾਰ ਨਾਲ ਮਿਲ ਰਿਹਾ ਹੈ। ਉਹ ਸੰਗੀਤ, ਫਿਲਮਾਂ, ਕਿਤਾਬਾਂ ਆਦਿ ਦੇ ਨਜ਼ਦੀਕ ਆ ਰਿਹਾ ਹੈ। ਜੇ ਸਰਕਾਰਾਂ ਜਾਂ ਸਿਸਟਮ ਹਰ ਵਿਅਕਤੀ ਲਈ ਘੱਟੋ ਘੱਟ ਜਰੂਰੀ ਆਮਦਨ ਯਕੀਨੀ ਬਣਾ ਦੇਣ, ਉਸ ਨੂੰ ਵੱਧ ਵਿਹਲ ਦੇਣ ਤਾਂ ਉਹ ਵਧੀਆ ਜੀਵਨ ਬਤੀਤ ਕਰ ਸਕਦਾ ਹੈ। ਉਸ ਦੀ ਤਨਖਾਹ ਨੂੰ ਉਸ ਦੁਆਰਾ ਪੈਦਾ ਕੀਤੇ ਉਤਪਾਦਨ ਦੇ ਮੁੱਲ ਨਾਲ ਨਹੀਂ ਸਗੋਂ ਵਧੀਆ ਜੀਵਨ ਨਿਰਬਾਹ ਨਾਲ ਜੋੜਿਆ ਜਾਵੇ ਤਾਂ ਵਧੀਆ ਸਮਾਜ ਉਸਰ ਸਕਦਾ ਹੈ। ਵਿਅਕਤੀ ਲਈ ਜਰੂਰੀ ਆਮਦਨ ਸੁਨਸ਼ਿਚਤ ਬਨਾਉਣ ਲਈ ਹੁਣ ਵੀ ਕਈ ਦੇਸ਼ਾਂ ਵਿੱਚ ਸਰਵੇ ਹੋ ਰਹੇ ਹਨ। ਕੈਨੇਡਾ ਨੇ ਵੀ ਇਸ ਬਾਰੇ ਯਤਨ ਸ਼ੁਰੂ ਕੀਤੇ ਹਨ।

ਇਸ ਪਰਕੋਪ ਦਾ ਆਉਣ ਵਾਲੇ ਸਮੇਂ ਵਿੱਚ ਕੁੱਝ ਨਵਾਂ ਰਾਜਨੀਤਕ ਪ੍ਰਭਾਵ ਵੀ ਪੈ ਸਕਦਾ ਹੈ। ਪਿਛਲੇ ਸਮੇਂ ਵਿੱਚ ਹੁਣ ਤੱਕ ਟਰੰਪਵਾਦੀ ਸੋਚ ਅਤੇ ਸੱਜੇ ਪੱਖੀ ਸੋਚ ਰਾਜਨੀਤਕ ਪਿੜ ਵਿੱਚ ਭਾਰੂ ਹੋ ਰਹੀ ਸੀ। ਧਰਮ ਜਾਂ ਨਸਲ ਦੇ ਅਧਾਰ ਤੇ ਪ੍ਰਚਾਰ ਅਤੇ ਸੱਤਾ ਤੇ ਕਬਜ਼ੇ ਦੀਆਂ ਸਕੀਮਾਂ ਭਾਰੂ ਹੋ ਰਹੀਆਂ ਸਨ। ਸੱਜੇਪੱਖੀ ਕੱਟੜ ਸੋਚ ਨੂੰ ਹੁਣ ਕੁੱਝ ਸੱਟ ਵੱਜ ਸਕਦੀ ਹੈ, ਕੁੱਝ ਸਮੇਂ ਲਈ ਸਾਂਝੀਵਾਲਤਾ ਅਤੇ ਮਨੁੱਖਤਾਵਦੀ ਗੱਲਾਂ ਅੱਗੇ ਆ ਸਕਦੀਆਂ ਹਨ। ਧਾਰਮਿਕ ਅਤੇ ਨਸਲੀ ਨਫਰਤ ਨੂੰ ਕੁੱਝ ਠੱਲ ਪੈ ਸਕਦੀ ਹੈ। ਕਾਰਪੋਰੇਸ਼ਨਾ ਦੀ ਅਜਾਰੇਦਰੀ ਵਾਲੇ ਪੂੰਝੀਵਾਦੀ ਢਾਂਚਿਆਂ ਦਾ ਰੂਪ ਲੋਕਤੰਤਰੀ ਸਮਾਜਵਾਦ ਵਾਲਾ ਬਣ ਸਕਦਾ ਹੈ। ਨਵੇਂ ਰਾਜਨੀਤਕ ਸਿਧਾਂਤ ਅਤੇ ਢਾਂਚਿਆਂ ਦੇ ਪੈਦਾ ਹੋਣ ਦੀ ਸੰਭਾਵਨਾ ਬਣਨ ਦੀ ਕਾਫੀ ਆਸ ਕੀਤੀ ਜਾ ਸਕਦੀ ਹੈ।

ਕਰੋਨਾਵਾਇਰਸ ਕੋਵਿਡ-19 ਨੇ ਇਕ ਵਾਰ ਤਾਂ ਸ਼ਕਤੀਸ਼ਾਲੀ ਅਤੇ ਮਹਾਂਬਲੀ ਮੁਲਕਾਂ ਨੂੰ ਵੀ ਬੇਬਸ ਕਰ ਦਿੱਤਾ ਹੈ। ਅੱਜ ਕੱਲ ਦੇ ਵਿਗਿਆਨਕ ਯੁੱਗ ਵਿੱਚ ਇਹ ਆਸ ਕੀਤੀ ਜਾ ਸਕਦੀ ਹੈ ਕਿ ਕੁੱਝ ਸਮੇਂ ਵਿੱਚ ਇਸ ਤੇ ਪੂਰਾ ਕੰਟਰੋਲ ਕਰ ਲਿਆ ਜਾਵੇਗਾ, ਪਰ ਇਸ ਬਾਅਦ ਦੁਨੀਆਂ ਦੇ ਆਰਥਕਿ, ਸਮਾਜਿਕ ਅਤੇ ਰਾਜਨੀਤਕ ਢਾਂਚੇ ਵਿੱਚ ਵਿਆਪਕ ਬਦਲਾਅ ਆਉਣ ਦੀਆਂ ਸੰਭਾਵਨਾਵਾਂ ਹਨ। ਮੈਂ ਕਾਮਨਾ ਕਰਦਾ ਹਾਂ ਕਿ ਜਲਦ ਤੋਂ ਜਲਦ ਇਸ ਨਾਮੁਰਾਦ ਵਾਇਰਸ ਤੋਂ ਲੁਕਾਈ ਨੂੰ ਛੁਟਕਾਰਾ ਮਿਲ ਜਾਵੇ।

ਸਰੀ, ਕੈਨੇਡਾ
+1 778-384-7308

Check Also

ਗੁਰੂ ਸਾਹਿਬਾਨ ਤੇ ਬਾਬਾ ਬੰਦਾ ਸਿੰਘ ਤੋਂ ਪ੍ਰਭਾਵਿਤ ਸੀ ਚੀ ਗੁਵੇਰਾ

ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ , ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਬਾਬਾ ਬੰਦਾ ਸਿੰਘ ਬਹਾਦਰ …

%d bloggers like this: