Breaking News
Home / ਸਾਹਿਤ / ਸਾਹਿਬਜ਼ਾਦੇ, ਸਿੱਖ ਤੇ ਸਰਕਾਰਾਂ

ਸਾਹਿਬਜ਼ਾਦੇ, ਸਿੱਖ ਤੇ ਸਰਕਾਰਾਂ

ਜੂਨ 1984 ਤੋਂ ਮਗਰੋਂ ਚੜ੍ਹਦੀ ਉਮਰ ਦੇ ਕਈ ਨੌਜੁਆਨ ਰੂਪੋਸ਼ ਹੋ ਗਏ। ਲਹਿਰ ਕਾਬੂ ਵਿਚ ਨਾ ਆਉਂਦੀ ਦੇਖ 1985 -86 ਵਿਚ ਇਹਨਾਂ ਬਾਗੀਆਂ ਦੇ ਸਿਰਾਂ ‘ਤੇ ਇਨਾਮ ਰੱਖ ਦਿੱਤੇ ਗਏ। ਟਾਊਟ ਤੇ ਕੈਟਾਂ ਦਾ ਇੱਕ ਐਸਾ ਖੁਫੀਆ ਤੰਤਰ ਤਿਆਰ ਕੀਤਾ, ਜਿਹੜਾ ਹਰ ਵੇਲੇ ਪੈਸੇ ਤੇ ਅਹੁਦਿਆਂ ਦੇ ਲਾਲਚ ਵਿਚ ਰੂਪੋਸ਼ ਮੁੰਡਿਆਂ ਦੇ ਘਰਾਂ ਤੇ ਘਰ ਵਾਲਿਆਂ ਦੀ ਪੈੜ ਨੱਪਦਾ ਰਹਿੰਦਾ।

ਓਹਨੀ ਦਿਨੀ (1988-89) ਬਟਾਲਾ ਪੁਲਸ ਜ਼ਿਲ੍ਹੇ ਦਾ ਪੁਲਸ ਮੁਖੀ ਗੋਬਿੰਦ ਰਾਮ ਹੁੰਦਾ ਸੀ। ਬੜੀ ਖੌਫਨਾਕ ਹੁੰਦੀ ਸੀ ਉਸ ਦੀ ਪੁੱਛਗਿੱਛ ਦੀ ਤਕਨੀਕ।

ਰੂਪੋਸ਼ਾਂ ਦੇ ਵੇਹੜਿਆਂ ਵਿਚ ਖਲੋ ਕੇ ਅਕਸਰ ਹੀ ਆਖਿਆ ਕਰਦਾ ਸੀ ਕੇ ਤੁਹਾਡੇ ਮੁੰਡੇ ‘ਗੋਬਿੰਦ ਸਿੰਘ’ ਨੂੰ ਭੁੱਲ ਕੇ ‘ਗੋਬਿੰਦ ਰਾਮ’ ਦਾ ਨਾਮ ਜਪਿਆ ਕਰਨਗੇ। ਬਾਗੀਆਂ ਦੇ ਬੱਚੇ ਚੁੱਕ ਕੇ ਡਰਾਉਣੀ ਪੁੱਛਗਿੱਛ ਕੀਤੀ ਜਾਂਦੀ ਸੀ।

ਗੰਦੀ ਤੇ ਅਸ਼ਲੀਲ ਭਾਸ਼ਾ ਤੇ ਹੋਰ ਕਈ ਤਰਾਂ ਦੇ ਸਰੀਰਕ ਤੇ ਮਾਨਸਿਕ ਤਸੀਹੇ ਦਿੰਦਿਆਂ ਛੋਟੇ ਬੱਚਿਆਂ ਨੂੰ ਭੁੱਖੇ ਪਿਆਸੇ ਤੇ ਸੌਣ ਤੋਂ ਵਾਂਝਿਆਂ ਰੱਖਿਆ ਜਾਂਦਾ ਸੀ।ਮਾਂਵਾਂ ਨੂੰ ਛੋਟੇ ਬੱਚਿਆਂ ਦੇ ਸਾਹਮਣੇ ਨੰਗਿਆਂ ਕਰ ਬੇਇੱਜ਼ਤ ਕੀਤਾ ਜਾਣਾ ਪੁੱਛਗਿੱਛ ਕਰਨ ਦੀ ਪ੍ਰਮਾਣਿਤ ਵਿਧੀ ਦਾ ਹਿੱਸਾ ਹੁੰਦਾ ਸੀ।

ਬੱਚਿਆਂ ‘ਤੇ ਕੀਤੇ ਜਾ ਰਹੇ ਤਸ਼ੱਦਦ ਦੀ ਕਹਾਣੀ ਪਿੰਡ ਵਾਲਿਆਂ ਰਾਹੀਂ ਬਾਗੀਆਂ ਦੇ ਕੰਨੀ ਪਾਈ ਜਾਂਦੀ ਸੀ ਤਾਂ ਜੋ ਉਹ ਬੱਚਿਆਂ ‘ਤੇ ਹੁੰਦਾ ਤਸ਼ੱਦਦ ਨਾ ਸਹਾਰਦੇ ਹੋਏ ਆਤਮ-ਸਮਰਪਣ ਕਰ ਦੇਣ।

ਆਓ ਬਾਗੀਆਂ ਪ੍ਰਤੀ ਸਮੇ ਦੀਆਂ ਸਰਕਾਰਾਂ ਦੀ ਸੋਚ ਦਾ ਨਿੱਕਾ ਜਿਹਾ ਮੁੱਲ-ਅੰਕਣ ਕਰੀਏ…

ਕਲਪਨਾ ਕਰਿਓ ਜਦੋਂ ਟਾਊਟ ਗੰਗੂ ਨੇ ਛੋਟੇ ਸਾਹਿਬਜ਼ਾਦੇ ਮੋਰਿੰਡੇ ਦੇ ਹਾਕਮ ਕੋਲ ਫੜਾ ਦਿੱਤਾ ਹੋਣਗੇ ਤਾਂ ਬਾਗੀ ਦੇ ਬੱਚੇ ਹੋਣ ਦੇ ਨਾਤੇ ਕਿੰਨੀ ਗੰਦੀ ਤੇ ਕੁਰੱਖਤ ਭਾਸ਼ਾ ਵਰਤੀ ਗਈ ਹੋਵੇਗੀ।

ਮੋਰਿੰਡੇ ਤੇ ਸਰਹੰਦ ਦੇ ਦਰਬਾਰ ਵਿਚ ਦਸਵੇਂ ਪਾਤਸ਼ਾਹ, ਸਿੱਖ ਧਰਮ ਤੇ ਸਿੱਖੀ ਫਲਸਫੇ ਤੇ ਦਾ ਕਿੰਨਾ ਮਜ਼ਾਕ ਉੱਡਿਆ ਹੋਵੇਗਾ।

ਪਤਾ ਲੱਗਣ ‘ਤੇ ਉਸ ਦਿਨ ਦਿੱਲੀ ਦਰਬਾਰ ਵਿਚ ਕਿੰਨੀ ਆਤਿਸ਼ਬਾਜੀ ਹੋਈ ਹੋਵੇਗੀ, ਠੀਕ ਓਸੇ ਤਰਾਂ ਹੀ ਜਿਸ ਤਰਾਂ ਖਾੜਕੂਵਾਦ ਦੌਰਾਨ ਕਿਸੇ ਵੱਡੇ ਬਾਗੀ ਦੇ ਫੜੇ ਜਾਂ ਮਾਰੇ ਜਾਣ ਮਗਰੋਂ ਚੰਡੀਗੜ੍ਹ ਪੁਲਿਸ ਹੈਡ-ਕੁਆਰਟਰ ਵਿਚ ਸ਼ਰਾਬ ਤੇ ਸ਼ਬਾਬ ਦੇ ਜਸ਼ਨ ਮਨਾਏ ਜਾਂਦੇ ਸਨ।

ਮਾਤਾ ਗੁਜਰੀ ਨੂੰ ਵੀ “ਬਾਗੀ” ਤੇ ”ਭਗੌੜੇ ਦੀ ਮਾਂ” ਆਖ ਜ਼ਲੀਲ ਕੀਤਾ ਕੀਤਾ ਗਿਆ ਹੋਵੇਗਾ। ਦਾਦੀ ਦੀ ਮਾਨਸਿਕਤਾ ਘੁੰਮਣਘੇਰੀਆਂ ਤਾਂ ਜ਼ਰੂਰ ਖਾਂਦੀ ਹੋਵੇਗੀ ਕੇ ਬੱਚੇ ਛੋਟੇ ਨੇ .. ਕਿਤੇ ਡੋਲ ਹੀ ਨਾ ਜਾਵਣ। ਭੁੱਖ, ਨੀਦ ਤੇ ਹੱਡ-ਚੀਰਵੀਂ ਠੰਡ ..ਤੇ ਉੱਤੋਂ ਕੱਟੜ ਦੁਸ਼ਮਣ ਦੀ ਕੈਦ ..ਬੜੇ ਬੜੇ ਵੱਡੇ ਸਿਦਕ ਵਾਲੇ ਡੋਲ ਜਾਂਦੇ ਹਨ ਐਸੇ ਹਾਲਾਤਾਂ ਵਿਚ ..ਪਰ ਧੰਨ ਸਨ ਉਹ ਅਰਸ਼ੋਂ ਉਤਰੀਆਂ ਸਿੱਖੀ ਵਿਚ ਪਰਪੱਕ ਰੂਹਾਂ ਤੇ ਓਹਨਾ ਨੂੰ ਸਿੱਖਿਆ ਦੇਣ ਵਾਲੇ ਦੇਵ ਪੁਰਸ਼।

ਮਾਤਾ ਗੁਜਰੀ ਤੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿਚ ਚੋਰੀ ਦੁੱਧ ਪਿਲਾਉਣ ਵਾਲਾ “ਮੋਤੀ ਰਾਮ ਮਹਿਰਾ”..ਮਗਰੋਂ ਫੜੇ ਜਾਣ ਤੇ ਹਕੂਮਤ ਨੇ ਪਰਿਵਾਰ ਸਮੇਤ ਜਿਉਂਦੇ ਨੂੰ ਕੋਹਲੂ ਵਿਚ ਪੀੜ ਦਿੱਤਾ।

ਕਈ “ਮੋਤੀ ਰਾਮ ਮਹਿਰੇ” ਟੌਰਚਰ ਸੈਂਟਰਾਂ ਵਿਚ ਖੁਦ ਅੱਖੀਂ ਦੇਖੇ, ਜਿਹਨਾਂ ਨੇ ਕਾਲੇ ਦੌਰ ਵਿਚ ਤਫਤੀਸ਼ਖਾਨਿਆਂ ਵਿਚ ਵਿਲਕਦੇ “ਬਾਗੀਆਂ” ਦੇ ਬੱਚਿਆਂ ਤੇ ਪਰਿਵਾਰਾਂ ਨੂੰ ਚੋਰੀ ਰੋਟੀ ਖੁਆਈ, ਕੰਬਲ ਦਿੱਤੇ, ਸੁਨੇਹੇ ਪੁਚਾਏ ਤੇ ਮਗਰੋਂ ਫੜੇ ਜਾਣ ਤੇ ਪਰਿਵਾਰਾਂ ਸਮੇਤ ਮੁਕਾਬਲਿਆਂ ਵਿਚ ਖਤਮ ਕਰ ਦਿਤੇ ਗਏ।

ਸੋ ਦੋਸਤੋ, ਆਓ! ਠੰਡੇ ਬੁਰਜ ਵਿਚ ਵਾਪਰੀ ਦੁਨੀਆ ਦੀ ਵਿਲੱਖਣ ਘਟਨਾ ਨੂੰ ਦੁਨੀਆਂ ਦੇ ਕੋਨੇ ਕੋਨੇ ਵਿਚ ਅਤੇ ਆਪਣੀ ਅਗਲੀ ਪੀੜ੍ਹੀ ਤੱਕ ਵੀ ਪੁਚਾਈਏ ਤੇ ਮੌਜੂਦਾ ਦੌਰ ‘ਚ ਹੋਏ ਜ਼ੁਲਮ ਨੂੰ ਵੀ ਵਿਚਾਰੀਏ। ਕਿਓੁਂਕਿ ਅਕਸਰ ਦੋਸ਼ ਲੱਗਦੇ ਹਨ ਕਿ ਸਿੱਖ ਕੌਮ ਕੁਰਬਾਨੀ ਕਰਨਾ ਤੇ ਜਾਣਦੀ ਹੈ ਪਰ ਕੁਰਬਾਨੀਆਂ ਦਾ ਹਿਸਾਬ-ਕਿਤਾਬ ਰੱਖਣ ਦੇ ਮਾਮਲੇ ਵਿਚ ਅਜੇ ਵੀ ਬਹੁਤ ਫਾਡੀ ਹੈ !

– ਧੰਨਵਾਦ ਸਹਿਤ
ਹਰਪ੍ਰੀਤ ਸਿੰਘ ਜਵੰਦਾ

Check Also

ਮੌਕਾਪ੍ਰਸਤ ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਦੋਗਲਾਪਣ

ਗੁਰਬਖਸ਼ ਸਿੰਘ ਪ੍ਰੀਤਲੜੀ ਨੂੰ ਪਹਿਲਾਂ ਬੱਚਿਆਂ ਦੇ ਸਕੂਲਾਂ ਵਿਚ ਪੜਾਇਆ ਜਾਂਦਾ ਹੈ। ਜਦੋਂ ਉਹ ਕਾਲਜ …

%d bloggers like this: