Breaking News
Home / ਪੰਥਕ ਖਬਰਾਂ / ਮੋਦੀ ਸਰਕਾਰ ਅਤੇ ਸਿੱਖ ਸੰਘਰਸ਼ਸ਼ੀਲ ਧਿਰਾਂ

ਮੋਦੀ ਸਰਕਾਰ ਅਤੇ ਸਿੱਖ ਸੰਘਰਸ਼ਸ਼ੀਲ ਧਿਰਾਂ

ਕੱਲ ਛਪੀ ਇਸ ਖ਼ਬਰ ਕਾਰਨ ਥਾਂ ਥਾਂ ਚਰਚਾ ਚੱਲ ਰਹੀ ਹੈ। ਹਰ ਕੋਈ ਇਸ ਬਾਰੇ ਆਪਣੀ ਧਾਰਨਾ ਪ੍ਰਗਟਾ ਰਿਹਾ ਹੈ। ਮੈਂ ਵੀ ਆਪਣੀ ਧਾਰਨਾ ਇਸ ਸੰਪਾਦਕੀ ਦੇ ਰੂਪ ‘ਚ ਪੇਸ਼ ਕਰ ਰਿਹਾਂ

ਕਈ ਵਾਰ ਬੰਦੇ ਕਹਿ ਦਿੰਦੇ ਕਿ ਸਾਡੀ ਕੌਮ ‘ਚ ਏਕਾ ਹੈਨੀ। ਪਰ ਮੈਨੂੰ ਲਗਦਾ ਕਿ ਸਾਡਾ ਬਚਾਅ ਹੀ ਇਸੇ ਲਈ ਹੋਈ ਜਾਂਦਾ ਕਿ ਸਾਡਾ ਏਕਾ ਹੈਨੀ, ਵਰਨਾ ਇੱਕ ਜਥੇਦਾਰ ਸਾਰਿਆਂ ਨੂੰ ਵੇਚ ਕੇ ਤੁਰਦਾ ਹੁੰਦਾ। ਹੁਣ ਸਰਕਾਰਾਂ ਇੱਕ ਜਥੇਬੰਦੀ ਦਾ ਆਗੂ ਖਰੀਦ ਦੀਆਂ ਹਨ, ਵੀਹ ਹੋਰ ਜਥੇਬੰਦੀਆਂ ਹੁੰਦੀਆਂ, ਉਹ ਆਪਣਾ ਅੱਡ ਝੰਡਾ ਚੁੱਕ ਲੈਂਦੀਆਂ।

ਅੱਜ ਇੱਕ ਸੱਜਣ ਕਹਿੰਦਾ ਅਜੀਤ ‘ਚ ਲੱਗੀ ਪੱਤਰਕਾਰ ਮੇਜਰ ਸਿੰਘ ਦੀ ਰਿਪੋਰਟ ਪੜ੍ਹੀ? ਮੋਦੀ ਹੁਣੀੰ ਕਈ ਖਾਲਸਿਤਾਨੀ ਨਾਲ ਬੰਨ੍ਹ ਲਏ।

ਮੇਰਾ ਹਾਸਾ ਨਿਕਲ ਗਿਆ। ਮੈਂ ਪੁੱਛਿਆ; ਯਾਰ ਇਹ ਤਾਂ ਦੱਸ ਬਈ ਜਿਹੜੇ ਜਿਹੜੇ ਹੁਣ ਗਏ ਨੇ, ਇਨ੍ਹਾਂ ‘ਚੋਂ ਕਿਹੜਾ ਕਿਹੜਾ ਖਾਲਿਸਤਾਨ ਲਈ ਸਰਗਰਮ ਸੀ? ਪਿਛਲੇ ਵੀਹ ਸਾਲ ‘ਚ ਮੈਂ ਤਾਂ ਇਨ੍ਹਾਂ ਦੀ ਕੋਈ ਸਰਗਰਮੀ ਦੇਖੀ ਨਹੀਂ। ਜੇ ਇਹ ਗੱਲ ਝੂਠ ਹੈ ਤਾਂ ਸੋਚ ਕੇ ਦੱਸ!

ਕਹਿੰਦਾ ਆਹੋ ਯਾਰ! ਸਰਗਰਮੀ ਤਾਂ ਮੈਂ ਵੀ ਨੀ ਕੋਈ ਦੇਖੀ, ਬੱਸ ਮੀਡੀਏ ਵਾਲੇ ਨਾਮ ਅੱਗੇ ਲਿਖ ਦਿੰਦੇ ਸਨ: “ਖਾਲਿਸਤਾਨੀ ਆਗੂ”

ਦਿਖਾਈ ਦੇ ਰਿਹਾ ਕਿ ਮੋਦੀ ਸਰਕਾਰ ਦਾ ਇਰਾਦਾ ਭਾਰਤ ‘ਚ ਮੁਸਲਮਾਨਾਂ ਨੂੰ ਦਬਾਉਣਾ ਹੈ ਤੇ ਉਹ ਨਹੀਂ ਚਾਹੁੰਦੇ ਕਿ ਸਿੱਖ ਉਨ੍ਹਾਂ ਦਾ ਵਿਰੋਧ ਕਰਨ। ਕਸ਼ਮੀਰ ‘ਚ ਧੱਕਾ ਕੀਤਾ, ਅਯੁੱਧਿਆ ‘ਚ ਕੀਤਾ, ਕੋਈ ਮੁਸਲਮਾਨ ਕੁਸਕਿਆ? ਸਿੱਖ ਝੰਡੇ ਚੁੱਕੀ ਫਿਰਦੇ ਰਹੇ। ਸੋ, ਉਹ ਸਿੱਖਾਂ ਨੂੰ ਕਾਬੂ ਕਰਨਾ ਚਾਹੁੰਦੇ ਹਨ ਕਿ ਇਹ ਸਾਡਾ ਵਿਰੋਧ ਨਾ ਕਰਨ। ਨਾ ਭਾਰਤ ‘ਚ ਤੇ ਨਾ ਬਾਹਰਲੇ ਮੁਲਕਾਂ ‘ਚ।

ਪਰ ਮੋਦੀ ਨੇ ਜਿਨ੍ਹਾਂ ਏਜੰਸੀਆਂ ਨੂੰ ਇਹ ਕੰਮ ਸੌਂਪਿਆ ਹੈ, ਉਨ੍ਹਾਂ ਦੇ ਹੱਥ ਅਸਲ ਖਾਲਿਸਤਾਨੀ ਆ ਨਹੀਂ ਰਹੇ ਤੇ ਉਹ ਅਜਿਹੇ ਥੱਕੇ-ਹਾਰੇ ਸਿੱਖ ਜਥੇਬੰਦੀਆਂ ਦੇ ਆਗੂ ਦਿੱਲੀ ਲਿਜਾ ਖੜ੍ਹੇ ਕਰਦੇ ਹਨ, ਜੋ ਵੀਹ ਸਾਲ ਪਹਿਲਾਂ ਹੀ ਅਸਰਹੀਣ ਹੋ ਗਏ ਸਨ।

ਏਜੰਸੀਆਂ ਦੇ ਆਪਣੇ ਹਿਤ ਹਨ। ਜੇ ਭਾਰਤ ਸਰਕਾਰ ਦਾ ਸੰਘਰਸ਼ਸ਼ੀਲ ਸਿੱਖ ਧਿਰਾਂ ਨਾਲ ਸਮਝੌਤਾ ਹੋ ਗਿਆ ਤਾਂ ਦੁਨੀਆ ਭਰ ‘ਚ ਇਨ੍ਹਾਂ ਸਿੱਖਾਂ ਨੂੰ ਕਾਬੂ ਕਰਨ ਲਈ ਸੈਂਕੜੇ ਏਜੰਟ ਭਰਤੀ ਕਰਕੇ, ਉਨ੍ਹਾਂ ‘ਤੇ ਜੋ ਕਰੋੜਾਂ ਰੁਪਏ ਖ਼ਰਚੇ ਜਾ ਰਹੇ ਹਨ, ਉਸ ਆਉਂਦੇ ਬੇਹਿਸਾਬੇ ਪੈਸੇ ਤੇ ਉਨ੍ਹਾਂ ਨੌਕਰੀਆਂ ਦਾ ਕੀ ਬਣੂੰ?

ਜੇਕਰ ਸਰਕਾਰ ਵਾਕਿਆ ਹੀ ਸਿੱਖਾਂ ਨਾਲ ਗੱਲ ਕਰਨ ਲਈ ਗੰਭੀਰ ਹੈ ਤਾਂ ਮੇਰੇ ਖਿਆਲ ਸਰਕਾਰ ਨੂੰ ਕੁਝ ਗੱਲਾਂ ਯਕੀਨੀ ਬਣਾਉਣੀਆਂ ਪੈਣਗੀਆਂ, ਜੋ ਸਿੱਖਾਂ ਦੇ ਜ਼ਖ਼ਮਾਂ ‘ਤੇ ਮੱਲ੍ਹਮ ਲਾ ਸਕਦੀਆਂ:

੧. ਦਰਬਾਰ ਸਾਹਿਬ ‘ਤੇ ਹਮਲੇ ਦੀ ਪਾਰਲੀਮੈਂਟ ‘ਚ ਮਾਫ਼ੀ
੨. ਨਵੰਬਰ ਚੌਰਾਸੀ ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ
੩. ਜੇਲ੍ਹਾਂ ‘ਚ ਨਜ਼ਰਬੰਦ ਸਿੱਖਾਂ ਦੀ ਰਿਹਾਈ

ਇਹ ਕਾਰਜ ਕਰਕੇ ਸਰਕਾਰ ਸਿੱਖਾਂ ਨੂੰ ਯਕੀਨ ਦਿਵਾ ਸਕਦੀ ਹੈ ਕਿ ਉਹ ਵਾਕਿਆ ਹੀ ਗੱਲ-ਬਾਤ ਲਈ ਗੰਭੀਰ ਹੈ।ਪਰ ਹੋ ਇਸਦੇ ਉਲਟ ਰਿਹਾ। ਰਾਜਸੀ ਸਿੱਖ ਕੈਦੀ ਛੱਡਣੇ ਤਾਂ ਕੀ, ਪੰਜਾਬ ‘ਚ ਨਜਾਇਜ਼ ਸਿੱਖ ਨੌਜਵਾਨ ਧੜਾਧੜ ਗ੍ਰਿਫ਼ਤਾਰ ਕੀਤੇ ਜਾ ਰਹੇ ਹਨ। ਸੌ ਦੇ ਕਰੀਬ ਤਾਂ ਹੁਣ ਹੀ ਦੋ ਕੁ ਸਾਲਾਂ ‘ਚ ਨਕਲੀ ਜਿਹੀਆਂ ਕਹਾਣੀਆਂ ਘੜ ਕੇ ਫੜ ਲਏ।ਇਸਤੋਂ ਕਈ ਵਾਰ ਇਹ ਵੀ ਲੱਗਣ ਲੱਗ ਪੈਂਦਾ ਹੈ ਕਿ ਮੋਦੀ ਸਰਕਾਰ ਅਤੇ ਆਰ ਐਸ ਐਸ ਦਾ ਏਜੰਸੀਆਂ ‘ਤੇ ਸ਼ਾਇਦ ਪੂਰਾ ਕੰਟਰੋਲ ਨਹੀਂ।ਉਪਰੋਕਤ ਗੱਲਾਂ ਸਿੱਧ ਕਰਦੀਆਂ ਹਨ ਕਿ ਸਿੱਖ ਮਸਲੇ ਨਜਿੱਠਣ ਦੇ ਮਾਮਲੇ ‘ਚ ਜਾਂ ਤਾਂ ਵਿਚੋਲਿਆਂ ਵੱਲੋਂ ਮੋਦੀ ਸਰਕਾਰ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ ਤੇ ਜਾਂ ਫਿਰ ਮੋਦੀ ਸਰਕਾਰ ਆਪ ਹੀ ਦੁਬਿਧਾ ਭਰਪੂਰ ਦੋਹਰੀ ਗੇਮ ਖੇਡ ਰਹੀ ਹੈ। ਇਹ ਵੀ ਹੋ ਸਕਦਾ ਕਿ ਗੇਮ ਕੋਈ ਹੋਰ ਹੋਵੇ, ਜੋ ਹਾਲੇ ਮੇਰੇ ਵਰਗੇ ਦੀ ਪਕੜ ‘ਚ ਹੀ ਨਾ ਆ ਰਹੀ ਹੋਵੇ।ਸਿੱਖ ਰਾਜਨੀਤੀ ਬੜੀ ਤੇਜ਼ੀ ਨਾਲ ਬਦਲਣ ਜਾ ਰਹੀ ਹੈ। ਸਿੱਖ ਰਣਨੀਤਕ ਤੌਰ ‘ਤੇ ਸਿਆਣੇ ਹੋਣਗੇ ਤਾਂ ਮੌਜੂਦਾ ਭੂਗੋਲਿਕ ਅਤੇ ਰਾਜਸੀ ਹਾਲਾਤ ਦਾ ਲਾਹਾ ਲੈ ਕੇ ਕੁਝ ਖੱਟ ਸਕਣਗੇ, ਉਹ ਵੀ ਬਿਨਾ ਵਿਕੇ।

***ਵਿਸ਼ੇਸ਼ ਨੋਟ: ਇਹ ਮੇਰੀ ਨਿੱਜੀ ਰਾਇ ਹੈ, ਮੇਰੇ ਸਮਝ ਆਉਂਦੀ ਗੱਲ। ਇਹ ਕੋਈ ਅੰਤਿਮ ਸੱਚ ਨਹੀਂ। ਅਸਲੀਅਤ ਕੁਝ ਹੋਰ ਵੀ ਹੋ ਸਕਦੀ। ਤੁਸੀਂ ਆਪਣੇ ਵਿਚਾਰ ਦੇ ਕੇ ਇਸ ਚਰਚਾ ਨੂੰ ਰੌਚਕ ਅਤੇ ਸਿੱਖਿਆਦਾਇਕ ਬਣਾ ਸਕਦੇ ਹੋ।

– ਗੁਰਪ੍ਰੀਤ ਸਿੰਘ ਸਹੋਤਾ

Check Also

ਵੱਡੀ ਖਬਰ: ਹਰਿਆਣਾ ਦੇ ਜਾਟ ਨੇਤਾ ਵਲੋਂ 300 ਸਾਥੀਆਂ ਸਮੇਤ ਹਿੰਦੂ ਧਰਮ ਛੱਡਣ ਦਾ ਐਲਾਨ

ਹਰਿਆਣਾ ਦੇ ਜਾਟ ਨੇਤਾ ਵਲੋਂ 300 ਸਾਥੀਆਂ ਸਮੇਤ ਹਿੰਦੂ ਧਰਮ ਛੱਡਣ ਦਾ ਐਲਾਨ, ਅਕਾਲ ਤਖ਼ਤ …

%d bloggers like this: