Breaking News
Home / ਪੰਜਾਬ / ਰੂਸ ’ਚ ਫ਼ਸੇ 26 ਪੰਜਾਬੀ ਨੌਜਵਾਨ, ਇੱਕ ਦੀ ਮੌਤ

ਰੂਸ ’ਚ ਫ਼ਸੇ 26 ਪੰਜਾਬੀ ਨੌਜਵਾਨ, ਇੱਕ ਦੀ ਮੌਤ

ਫਗਵਾੜਾ-ਨਜ਼ਦੀਕੀ ਪਿੰਡ ਖੁਰਮਪੁਰ ਦੇ ਟਰੈਵਲ ਏਜੰਟ ਦਲਜੀਤ ਸਿੰਘ ਨੇ ਦੋਆਬਾ ਖੇਤਰ ਦੇ 26 ਨੌਜਵਾਨਾਂ ਨੂੰ ਚੰਗੇ ਰੁਜ਼ਗਾਰ ਦਾ ਸੁਫਨਾ ਦਿਖਾ ਕੇ ਰੂਸ ਭੇਜਿਆ ਪਰ ਸਮਝੌਤੇ ਮੁਤਾਬਕ ਉਨ੍ਹਾਂ ਨੂੰ ਕੋਈ ਨੌਕਰੀ ਨਾ ਮਿਲਣ ਕਾਰਨ ਉਹ ਠੋਕਰਾਂ ਖਾਣ ਲਈ ਮਜਬੂਰ ਹਨ। ਜਾਣਕਾਰੀ ਮੁਤਾਬਕ ਪਿੰਡ ਪਾਂਸਲਾ ਦਾ ਨੌਜਵਾਨ ਮਲਕੀਅਤ ਸਿੰਘ ਉਰਫ਼ ਸੋਨੂੰ ਉਥੇ ਅਚਾਨਕ ਬਿਮਾਰ ਹੋ ਗਿਆ ਅਤੇ ਕੰਪਨੀ ਵੱਲੋਂ ਸਮੇਂ ਸਿਰ ਇਲਾਜ ਨਾ ਕਰਵਾਏ ਜਾਣ ਕਰਕੇ ਉਸ ਦੀ ਮੌਤ ਹੋ ਗਈ। ਉਸ ਦੇ ਨਾਲ ਗਏ ਪਿੰਡ ਰੁੜਕੀ ਦੇ ਜੋਗਿੰਦਰਪਾਲ ਨੇ ਮਲਕੀਅਤ ਸਿੰਘ ਦੀ ਦੇਹ ਨੂੰ ਪਾਂਸਲਾ ਲਿਆਂਦਾ ਜਿੱਥੇ ਅੱਜ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਸੋਨੂੰ ਦੇ ਪਰਿਵਾਰ ’ਚ ਉਸ ਦੇ ਪਿਤਾ ਦੇਸਰਾਜ, ਪਤਨੀ ਨਿਰਮਲਾ ਦੇਵੀ, ਲੜਕਾ ਅਰੁਜਨ (7), ਲੜਕੀ ਰੋਹੀ (6) ਤੋਂ ਇਲਾਵਾ ਤਿੰਨ-ਭਰਾ ਭੈਣ ਹਨ।ਜੋਗਿੰਦਰਪਾਲ ਨੇ ਦੱਸਿਆ ਕਿ ਕੰਪਨੀ ਵੱਲੋਂ ਮਲਕੀਅਤ ਸਿੰਘ ਦੀ ਦੇਹ ਨੂੰ ਭਾਰਤ ਭੇਜਣ ਲਈ ਕੋਈ ਵੀ ਪੈਸਾ ਅਤੇ ਸਹਿਯੋਗ ਨਹੀਂ ਕੀਤਾ ਗਿਆ ਪਰ 25 ਨੌਜਵਾਨਾਂ ਨੇ 4-5 ਲੱਖ ਰੁਪਏ ਇਕੱਠੇ ਕਰਕੇ ਉਸ ਦੀ ਲਾਸ਼ ਨੂੰ ਪਿੰਡ ਲਿਆਂਦਾ।ਏਜੰਟ ਦਾ ਦੋ ਦਿਨ ਦਾ ਪੁਲੀਸ ਰਿਮਾਂਡ: ਥਾਣਾ ਸਦਰ ਪੁਲੀਸ ਨੇ ਕੱਲ ਏਜੰਟ ਦਲਜੀਤ ਸਿੰਘ ਖਿਲਾਫ਼ ਧਾਰਾ 420, 406 ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਅੱਜ ਉਸ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਜਿਥੋਂ ਪੁਲੀਸ ਨੇ ਦੋ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ। ਜਾਂਚ ਅਧਿਕਾਰੀ ਗੁਰਮੁਖ ਸਿੰਘ ਨੇ ਦੱਸਿਆ ਕਿ ਪੁੱਛ-ਗਿੱਛ ਦੌਰਾਨ ਏਜੰਟ ਪਾਸੋਂ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਕਪੂਰਥਲਾ ਦੇ ਐੱਸਐੱਸਪੀ ਸਤਿੰਦਰ ਸਿੰਘ ਨੇ ਕਿਹਾ ਕਿ ਏਜੰਟ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਦੀ ਜਾਂਚ ਜਾਰੀ ਹੈ। ਉਨ੍ਹਾਂ ਦੱਸਿਆ ਕਿ ਜਾਂਚ ਪੜਤਾਲ ਤੋਂ ਬਾਅਦ ਜੋ ਵੀ ਗੱਲ ਸਾਹਮਣੇ ਆਵੇਗੀ ਉਸ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।


ਜੋਗਿੰਦਰਪਾਲ ਨੇ ਦੱਸਿਆ ਕਿ ਕੰਪਨੀ ਨੇ ਉਸ ਨੂੰ ਪਾਸਪੋਰਟ ਦੇਣ ਸਮੇਂ ਧਮਕੀ ਦਿੱਤੀ ਕਿ ਜੇਕਰ ਉਹ ਰੂਸ ਨਾ ਪਰਤਿਆ ਤਾਂ ਉਸ ਦੇ ਬਾਕੀਆਂ ਸਾਥੀਆਂ ਨੂੰ ਭਾਰਤ ਨਹੀਂ ਆਉਣ ਦਿੱਤਾ ਜਾਵੇਗਾ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਰੂਸ ’ਚ ਫ਼ਸੇ ਬਾਕੀ ਨੌਜਵਾਨਾਂ ਨੂੰ ਵੀ ਛੁਡਾਇਆ ਜਾਵੇ। ਆਬਾਦੀ ਨਾਰੰਗਸ਼ਾਹਪੁਰ ਵਾਸੀ ਪਿੰਕੂ ਰਾਮ 7 ਮਹੀਨੇ ਪਹਿਲਾਂ ਰੁਜ਼ਗਾਰ ਦੀ ਖਾਤਰ ਕਰਜ਼ਾ ਚੁੱਕ ਕੇ ਇਕ ਲੱਖ 20 ਰੁਪਏ ਏਜੰਟ ਨੂੰ ਦੇ ਕੇ ਰੂਸ ਗਿਆ ਸੀ ਪਰ ਉੱਥੇ ਦੱਸੀ ਗਈ ਕੰਪਨੀ ਦੀ ਥਾਂ ’ਤੇ ਕਿਸੇ ਹੋਰ ਕੰਪਨੀ ’ਚ 8-9 ਹਜ਼ਾਰ ਰੁਪਏ ’ਤੇ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਏਜੰਟ ਨਾਲ 35 ਹਜ਼ਾਰ ਰੁਪਏ ਮਹੀਨਾ 5 ਘੰਟੇ ਦੇ ਹਿਸਾਬ ਨਾਲ 2 ਘੰਟੇ ਓਵਰ ਟਾਈਮ ਕੰਮ ਦੀ ਗੱਲ ਹੋਈ ਸੀ ਪਰ ਉੱਥੇ ਅਜਿਹਾ ਕੋਈ ਕੰਮ ਨਹੀਂ ਮਿਲਿਆ। ਲੜਕੇ ਦੇ ਪਿਤਾ ਰਾਜਾ ਰਾਮ ਨੇ ਦੱਸਿਆ ਕਿ ਉਸ ਦੀ ਨੂੰਹ, 8 ਸਾਲਾ ਬੇਟੀ ਕਿਰਨਦੀਪ ਤੇ 5 ਸਾਲਾ ਲੜਕੇ ਸੈਮਸਨ ਸਮੇਤ ਪੂਰੇ ਪਰਿਵਾਰ ਦਾ ਸਾਰਾ ਖ਼ਰਚਾ ਉਸ ਨੂੰ ਉਠਾਉਣਾ ਪੈ ਰਿਹਾ ਹੈ। ਲੜਕੇ ਨੇ ਵਿਦੇਸ਼ ਜਾ ਕੇ ਉਸ ਨੂੰ ਕੋਈ ਪੈਸਾ ਨਹੀਂ ਭੇਜਿਆ ਅਤੇ ਕਰਜ਼ੇ ਦੇ ਵਿਆਜ ਦੀ ਪੰਡ ਦਿਨ-ਬ-ਦਿਨ ਵਧ ਰਹੀ ਹੈ। ਉਨ੍ਹਾਂ ਦੱਸਿਆ ਕਿ ਲੜਕੇ ਮੁਤਾਬਕ ਰੂਸ ’ਚ ਕੰਪਨੀਆਂ ਵੱਲੋਂ ਉਨ੍ਹਾਂ ਨੂੰ ਕਾਫ਼ੀ ਜ਼ਲੀਲ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਪਾਸਪੋਰਟ ਕੰਪਨੀਆਂ ਕੋਲ ਪਏ ਹਨ ਜਿਸ ਕਾਰਨ ਉਹ ਵਾਪਸ ਵੀ ਨਹੀਂ ਆ ਪਾ ਰਹੇ।

Check Also

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਕੀਤਾ ਮਨਜ਼ੂਰ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਹਰਸਿਮਰਤ ਕੋਰ ਬਾਦਲ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ। ਜ਼ਿਕਰਯੋਗ ਹੈ …

%d bloggers like this: