Breaking News
Home / ਪੰਜਾਬ / ਡੇਰਾ ਬਾਬਾ ਨਾਨਕ ਤੋਂ ਰੇਲ ਰਾਹੀਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਦੀ ਆਸ ਨੂੰ ਪਵੇਗਾ ਬੂਰ

ਡੇਰਾ ਬਾਬਾ ਨਾਨਕ ਤੋਂ ਰੇਲ ਰਾਹੀਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਦੀ ਆਸ ਨੂੰ ਪਵੇਗਾ ਬੂਰ

ਕਰਤਾਰਪੁਰ ਲਾਂਘਾ (ਡੇਰਾ ਬਾਬਾ ਨਾਨਕ), 16 ਨਵੰਬਰ (ਡਾ. ਕਮਲ ਕਾਹਲੋਂ, ਗੁਰਸ਼ਰਨਜੀਤ ਸਿੰਘ ਪੁਰੇਵਾਲ)-ਡੇਰਾ ਬਾਬਾ ਨਾਨਕ ਤੋਂ ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਤੱਕ ਚੱਲਣ ਵਾਲੀ ਰੇਲ ਗੱਡੀ ਕਈ ਦਹਾਕਿਆਂ ਤੋਂ ਪਟੜੀ ‘ਤੇ ਨਹੀਂ ਚੜ੍ਹ ਸਕੀ, ਜਿਸ ਦੇ ਦੁਬਾਰਾ ਪਟੜੀ ‘ਤੇ ਚੜ੍ਹਨ ਦੀ ਆਸ ਨੂੰ ਬੂਰ ਪੈਂਦਾ ਜਾਪਦਾ ਹੈ, ਕਿਉਂਕਿ ਡੇਰਾ ਬਾਬਾ ਨਾਨਕ ‘ਚ ਉੱਤਰ ਰੇਲਵੇ ਦੇ ਉੱਚ ਅਧਿਕਾਰੀਆਂ ਦਾ ਇਕ ਵਫ਼ਦ ਰੇਲਵੇ ਸਟੇਸ਼ਨ ‘ਤੇ ਲਾਈਨ ਦਾ ਦੌਰਾ ਕਰਨ ਲਈ ਪਹੁੰਚਿਆ |ਕਈ ਦਹਾਕੇ ਪਹਿਲਾਂ ਡੇਰਾ ਬਾਬਾ ਨਾਨਕ ਤੋਂ ਨਾਰੋਵਾਲ ਜਾਣ ਵਾਲੀ ਇਹ ਰੇਲ ਗੱਡੀ ਲੋਕਾਂ ਨੂੰ ਮਿਲਾਉਣ ਲਈ ਇਕ ਕੜੀ ਦਾ ਕੰਮ ਕਰਦੀ ਸੀ | ਇਸ ਤੋਂ ਇਲਾਵਾ ਰੇਲ ਗੱਡੀ ਰਾਹੀਂ ਹੀ ਮਾਲ ਦੀ ਢੋਆ-ਢੁਆਈ ਤੇ ਵਪਾਰ ਦਾ ਕੰਮ ਵੀ ਚਲਦਾ ਸੀ ਪਰ ਵੰਡ ਤੋਂ ਬਾਅਦ ਸਰਕਾਰਾਂ ਵਲੋਂ ਇਸ ਰੇਲ ਗੱਡੀ ਨੂੰ ਬੰਦ ਕਰਨਾ ਪਿਆ |

ਅੰਮਿ੍ਤਸਰ ਤੋਂ ਡੇਰਾ ਬਾਬਾ ਨਾਨਕ ਦੇ ਇਸ ਰੇਲਵੇ ਸਟੇਸ਼ਨ ਤੱਕ ਅੱਜ ਵੀ ਇਹ ਰੇਲ ਗੱਡੀ ਚਲਦੀ ਆ ਰਹੀ ਹੈ ਪਰ ਇਸ ਨੂੰ ਪਾਕਿਸਤਾਨ ਦੀ ਬਜਾਏ ਡੇਰਾ ਬਾਬਾ ਨਾਨਕ ਦੇ ਰੇਲਵੇ ਸਟੇਸ਼ਨ ਤੋਂ ਹੀ ਵਾਪਸ ਮੁੜਨਾ ਪੈਂਦਾ ਹੈ | ਡੇਰਾ ਬਾਬਾ ਨਾਨਕ ਵਿਖੇ ਅੱਜ ਵੀ ਉਹ ਰੇਲਵੇ ਲਾਈਨ ਮੌਜੂਦ ਹੈ, ਜਿਸ ਰਸਤੇ ਭਾਰਤ ਤੋਂ ਪਾਕਿਸਤਾਨ ਦੇ ਨਾਰੋਵਾਲ ਸ਼ਹਿਰ ਤੱਕ ਇਹ ਰੇਲ ਗੱਡੀ ਚੱਲਦੀ ਸੀ |

ਕਰਤਾਰਪੁਰ ਸਾਹਿਬ ਦਾ 72 ਸਾਲ ਬਾਅਦ ਲਾਂਘਾ ਖੁੱਲ੍ਹਣ ਤੋਂ ਬਾਅਦ ਕੇਂਦਰ ਸਰਕਾਰ ਵਲੋਂ ਰੇਲਵੇ ਵਿਭਾਗ ਰਾਹੀਂ ਇਸ ਰੇਲ ਗੱਡੀ ਦੇ ਦੁਬਾਰਾ ਚੱਲਣ ਦੀ ਆਸ ਬੱਝਦੀ ਦਿਖਾਈ ਦੇ ਰਹੀ ਹੈ | ਜਦੋਂ ‘ਅਜੀਤ’ ਦੀ ਟੀਮ ਰੇਲਵੇ ਸਟੇਸ਼ਨ ਡੇਰਾ ਬਾਬਾ ਨਾਨਕ ਪਹੁੰਚੀ ਤਾਂ ਉੱਤਰੀ ਰੇਲਵੇ ਦੇ ਫ਼ਿਰੋਜ਼ਪੁਰ ਤੋਂ ਅਧਿਕਾਰੀ ਜਾਇਜ਼ਾ ਲੈਣ ਪਹੁੰਚੇ ਹੋਏ ਸਨ | ਇਹ ਅਧਿਕਾਰੀ ਧੁੱਸੀ ਬੰਨ੍ਹ ‘ਤੇ ਬੀ. ਐਸ. ਐਫ. ਦੀ ਚੈੱਕ ਪੋਸਟ ਤੱਕ ਪਹੁੰਚੇ ਤੇ ਪਟੜੀ ਲਈ ਮਿਣਤੀ ਵੀ ਕੀਤੀ |ਅਧਿਕਾਰੀਆਂ ਦੇ ਪਹੁੰਚਣ ‘ਤੇ ਉਥੇ ਕੁਝ ਜ਼ਮੀਨ ਦੇ ਮਾਲਕ ਕਿਸਾਨ ਵੀ ਪਹੁੰਚ ਗਏ | ਅਧਿਕਾਰੀਆਂ ਨੇ ਉਨ੍ਹਾਂ ਨਾਲ ਵੀ ਗੱਲ ਨਹੀਂ ਕੀਤੀ ਪਰ ਕਿਸਾਨਾਂ ਨੇ ਦੱਸਿਆ ਕਿ ਕਾਫ਼ੀ ਚਿਰ ਪਹਿਲਾਂ ਤੋਂ ਕਿਸਾਨਾਂ ਤੇ ਰੇਲਵੇ ਵਿਭਾਗ ਦਾ ਇਕ ਕੋਰਟ ਕੇਸ ਚੱਲ ਰਿਹਾ ਹੈ, ਜੋ ਰੇਲਵੇ ਨੇ ਜਿੱਤ ਲਿਆ ਹੈ ਤੇ ਇਹ ਉਹ ਜ਼ਮੀਨ ਹੈ ਜਿਸ ਤੋਂ ਰੇਲ ਨਾਰੋਵਾਲ ਤੱਕ ਜਾਂਦੀ ਸੀ, ਜਿਸ ਤੋਂ ਇਹ ਨਤੀਜਾ ਨਿਕਲਦਾ ਹੈ ਕਿ ਭਾਰਤ ਸਰਕਾਰ ਇਹ ਪਟੜੀ ਦੁਬਾਰਾ ਸ਼ੁਰੂ ਕਰ ਸਕਦੀ ਹੈ |

ਪਾਕਿਸਤਾਨ ‘ਚ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਇਲਾਵਾ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਡੇਰਾ ਬਾਬਾ ਨਾਨਕ ਤੋਂ ਰੇਲ ਗੱਡੀ ਰਾਹੀਂ ਜਾਣ ਲਈ ਸੰਗਤ ਵਲੋਂ ਮੰਗ ਉਠਾਈ ਜਾ ਰਹੀ ਹੈ | ਭਾਵੇਂ ਰੇਲਵੇ ਵਲੋਂ ਅੱਜ ਡੇਰਾ ਬਾਬਾ ਨਾਨਕ ਵਿਖੇ ਆਪਣੀ ਜ਼ਮੀਨ ਦਾ ਜਾਇਜ਼ਾ ਲਿਆ ਗਿਆ, ਪਰ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਸ ਰੇਲਵੇ ਪਟੜੀ ਰਾਹੀਂ ਪਾਕਿਸਤਾਨ ਦੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਜਾਣ ਲਈ ਸੰਗਤਾਂ ਦੀਆਂ ਆਸਾਂ ਨੂੰ ਬੂਰ ਕਦੋਂ ਪਵੇਗਾ?

Check Also

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਕੀਤਾ ਮਨਜ਼ੂਰ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਹਰਸਿਮਰਤ ਕੋਰ ਬਾਦਲ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ। ਜ਼ਿਕਰਯੋਗ ਹੈ …

%d bloggers like this: