Breaking News
Home / ਅੰਤਰ ਰਾਸ਼ਟਰੀ / ਜੇ ਪੰਜਾਬ ਹੁੰਦਾ ਤਾਂ ਲੋਕ ਪਤਾ ਨੀ ਇੰਝ ਵਿਚਰਦੇ ਰਿਸ਼ਤੇ ਨੂੰ ਕੀ ਕੀ ਨਾਮ ਦਿੰਦੇ…

ਜੇ ਪੰਜਾਬ ਹੁੰਦਾ ਤਾਂ ਲੋਕ ਪਤਾ ਨੀ ਇੰਝ ਵਿਚਰਦੇ ਰਿਸ਼ਤੇ ਨੂੰ ਕੀ ਕੀ ਨਾਮ ਦਿੰਦੇ…

ਕੇਵਿਨ..ਉਮਰ ਹੋਵੇਗੀ ਕੋਈ ਨੱਬੇ ਕੂ ਸਾਲ ਅਤੇ ਹੱਸਮੁੱਖ ਜਿਹੀ ਨਾਲਦੀ ਸ਼ਾਇਦ ਮਰੀਆ ਸੀ ਤੇ ਉਹ ਵੀ ਤਕਰੀਬਨ ਪੰਜਾਸੀਆਂ ਨੂੰ ਢੁਕਦੀ ਹੋਈ ਸੀ..!
ਵਿੰਨੇਪਗ ਤੋਂ ਤਕਰੀਬਨ 50 ਕਿਲੋਮੀਟਰ ਦੂਰ ਪੰਛੀਆਂ ਦੀ ਹਜਾਰਾਂ ਏਕੜ ਵਿਚ ਫੈਲੀ ਹੋਏ ਕੁਦਰਤੀ “ਰੱਖ” ਵਿਚ ਹੋਈ ਇਸ ਸਬੱਬੀ ਮੁਲਾਕਾਤ ਵਿਚ ਕਨੇਡੀਅਨ ਕਲਚਰ ਦੇ ਕਈ ਪੱਖਾਂ ਤੋਂ ਨੇੜੇ ਤੋਂ ਜਾਣੂੰ ਹੋਣ ਦਾ ਮੌਕਾ ਮਿਲਿਆ!

ਕੇਵਿਨ ਦੇ ਪਹਿਲੀ ਵਹੁਟੀ ਜਦੋਂ ਸੱਠ ਸਾਲਾਂ ਦਾ ਸੀ..ਓਦੋਂ ਤੁਰ ਗਈ..ਫੇਰ ਦੂਜੀ ਵੀ ਪੰਜ ਕੂ ਵਰੇ ਹੋਏ ਅਲਵਿਦਾ ਆਖ ਗਈ..ਜਿੰਦਗੀ ਇੱਕ ਵਾਰ ਤੇ ਲੀਹੋਂ ਲੱਥ ਗਈ ਲੱਗੀ ਪਰ ਫੇਰ ਛੇਤੀ ਹੀ ਮੁੜ ਲੀਹਾਂ ਤੇ ਲੈ ਆਂਦੀ!

ਦੂਜੇ ਪਾਸੇ ਮਰੀਆ ਦਾ ਪਤੀ ਅੱਠ ਕੂ ਸਾਲ ਹੋਏ ਚੱਲ ਵਸਿਆ..ਉਸਦੇ ਬਾਰੇ ਗੱਲ ਕਰਦੀ ਹੋਈਂ ਦੀਆਂ ਅੱਖਾਂ ਵਿਚ ਹੰਜੂ ਆ ਗਏ..ਹੁਣ ਦੋਨੋਂ ਕਦੀ ਕਦੀ ਇਥੇ ਬੀਤੀ ਹੋਈਂ ਜਿੰਦਗੀ ਦੇ ਵਰਕੇ ਫਰੋਲਣ ਆ ਹੀ ਜਾਂਦੇ ਨੇ..ਜਿੰਦਗੀ ਜਿਉਣੀ ਜੂ ਹੋਈਂ !

ਮੈਂ ਇਹਨਾਂ ਨਾਲ ਗੱਲਾਂ ਕਰਦਾ ਸੋਚ ਰਿਹਾ ਸਾਂ ਕੇ ਜੇ ਪੰਜਾਬ ਦੀ ਧਰਤੀ ਹੁੰਦੀ ਤਾਂ ਲੋਕ ਪਤਾ ਨੀ ਇੰਝ ਵਿਚਰਦੇ ਰਿਸ਼ਤੇ ਨੂੰ ਕੀ ਕੀ ਨਾਮ ਦਿੰਦੇ ਪਰ ਇਥੇ ਦੇ ਰਿਵਾਜ ਮੁਤਾਬਿਕ ਤੁਹਾਡੀ ਜਿੰਦਗੀ ਤੇ ਬਸ ਤੁਹਾਡਾ ਹੀ ਹੱਕ ਹੈ..ਕਿਸੇ ਦਾ ਕੋਈ ਮਤਲਬ ਨਹੀਂ ਕੇ ਥਾਣੇਦਾਰ ਬਣ ਕੇ ਏਦਾਂ ਵਿਚਰਦੇ ਹੋਇਆਂ ਦੇ ਆਪਸੀ ਰਿਸ਼ਤੇ ਅਤੇ ਤਾਅਲੁਕਾਤ ਪੁੱਛਦਾ ਫਿਰੇ !

ਮਰੀਆ ਦੱਸਣ ਲੱਗੀ ਕੇ ਦੋਹਤੇ ਦੋਹਤੀਆਂ ਬੜਾ ਮੋਹ ਕਰਦੇ ਨੇ..ਧੱਕੇ ਨਾਲ ਇਥੇ ਘੱਲਦੇ ਹਨ ਕੇ ਸੁਭਾਹ ਤਰੋ ਤਾਜਾ ਹੋ ਜਾਵੇਗਾ..ਇਥੇ ਸ਼ਹਿਰ ਦੇ ਰੌਲੇ ਰੱਪੇ ਤੋਂ ਦੂਰ ਆ ਕੇ ਸ਼ਾਂਤ ਮਾਹੌਲ ਵਿਚ ਕੁਝ ਘੰਟੇ ਬੈਠ ਕੇ ਕੁਦਰਤ ਨਾਲ ਸਾਂਝ ਪਾ ਲਈਦੀ ਹੈ..ਕੋਲ ਉੱਡਦੇ ਅਨੇਕਾਂ ਪ੍ਰਕਾਰ ਦੇ ਪੰਛੀ ਤੇ ਖੁਡਾਂ ਵਿਚ ਵੜਦੇ ਨਿੱਕਲਦੇ ਗਾਲੜ ਅਤੇ ਹੋਰ ਜਨੌਰਾਂ ਨੂੰ ਦੇਖ ਰੂਹ ਨੂੰ ਠੰਡ ਜਿਹੀ ਪੈ ਜਾਂਦੀ ਹੈ..ਕੇਵਿਨ ਮੇਰਾ ਬੜਾ ਚੰਗਾ ਦੋਸਤ ਹੈ..ਜਾਣ ਲੱਗੀ ਹੱਸਦੀ ਹੋਈ ਆਖਣ ਲੱਗੀ ਕੇ ਪਤਾ ਨਹੀਂ ਫੇਰ ਮੇਲੇ ਹੋਣ ਕੇ ਨਾ!

ਮੋਹ ਮਾਇਆ ਅਤੇ ਹੋਰ ਝਮੇਲਿਆਂ ਤੋਂ ਦੂਰ ਅਤੇ ਨਿੱਤ ਦਿਹਾੜੇ ਦੀਆਂ ਪਰਿਵਾਰਿਕ ਗੁੰਝਲਾਂ ਨੂੰ ਅਲਵਿਦਾ ਆਖ ਬੀਤੀ ਹੋਈਂ ਜਿੰਦਗੀ ਦਾ ਵਿਸ਼ਲੇਸ਼ਣ ਕਰਦੇ ਹੋਏ ਅਤੇ ਬਾਕੀ ਰਹਿ ਗਈ ਨੂੰ ਹੱਸਦੇ ਖੇਡਦੇ ਜਿਉਣ ਦੀਆਂ ਵਿਉਂਤਾਂ ਗੰਢਦੇ ਹੋਏ ਇਹ ਸਾਫ ਅਤੇ ਸਪਸ਼ਟ ਲੋਕ ਮੈਨੂੰ ਦਸਾਂ ਪੰਦਰਾਂ ਮਿੰਟਾਂ ਵਿਚ ਹੀ ਜਿੰਦਗੀ ਦੇ ਕਈਂ ਅਹਿਮ ਪਹਿਲੂਆਂ ਤੋਂ ਜਾਣੂੰ ਕਰਵਾ ਗਏ..ਰੱਬ ਇਹਨਾਂ ਕੰਢੇ ਤੇ ਉੱਗੇ ਰੁੱਖਾਂ ਨੂੰ ਹੋਰ ਮਜਬੂਤੀ ਅਤੇ ਖੁਸ਼ਹਾਲ ਜਿੰਦਗੀ ਬਕਸ਼ੇ..!

ਹਰਪ੍ਰੀਤ ਸਿੰਘ ਜਵੰਦਾ

Check Also

ਕੈਨੇਡਾ ਇੰਮੀਗ੍ਰੇਸ਼ਨ ਵਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੱਡਾ ਐਲਾਨ

ਐਡਮਿੰਟਨ, 13 ਫਰਵਰੀ (ਦਰਸ਼ਨ ਸਿੰਘ ਜਟਾਣਾ)-ਕੈਨੇਡਾ ਇੰਮੀਗ੍ਰੇਸ਼ਨ ਵਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੱਡਾ ਐਲਾਨ ਕੀਤਾ ਗਿਆ …

%d bloggers like this: