Breaking News
Home / ਅੰਤਰ ਰਾਸ਼ਟਰੀ / ਗੁਰੂ ਮਹਾਰਾਜ ਦੀ ਹਜ਼ੂਰੀ ਵਿਚ ਕੁਰਸੀਆਂ ਤੇ ਆਨੰਦ ਕਾਰਜ

ਗੁਰੂ ਮਹਾਰਾਜ ਦੀ ਹਜ਼ੂਰੀ ਵਿਚ ਕੁਰਸੀਆਂ ਤੇ ਆਨੰਦ ਕਾਰਜ

ਗੁਰੂ ਮਹਾਰਾਜ ਦੀ ਹਜ਼ੂਰੀ ‘ਚ ਕੁਰਸੀਆਂ ‘ਤੇ ਬਹਿ ਕੇ ਅਨੰਦ ਕਾਰਜ ਕਰਵਾਉਣ ਵਾਲੀ ਵੀਡੀਓ ਓਕਵਿਲ, ਓਂਟਾਰੀਓ (ਕੈਨੇਡਾ) ਦੇ ਇਸ ਗੁਰਦੁਆਰਾ ਸਾਹਿਬ ਦੀ ਦੱਸੀ ਜਾ ਰਹੀ ਹੈ। ਬਹੁਤ ਸਾਰੇ ਲੋਕ ਇਸਦਾ ਬੁਰਾ ਮਨਾ ਰਹੇ ਹਨ ਤੇ ਬਹੁਤਿਆਂ ਨੂੰ ਲੱਗੇਗਾ ਕਿ ਕੀ ਲੋਹੜਾ ਆ ਗਿਆ?
ਮੇਰਾ ਨਿੱਜੀ ਵਿਚਾਰ ਹੈ ਕਿ ਜੇਕਰ ਅਸੀੰ ਕਿਸੇ ਜਗ੍ਹਾ ਦੀ ਮਰਿਆਦਾ ਤੇ ਅਸੂਲਾਂ ਮੁਤਾਬਿਕ ਨਹੀਂ ਢਲ ਸਕਦੇ ਤਾਂ ਸਾਨੂੰ ਉਸ ਜਗ੍ਹਾ ਜਾਣ ਦੀ ਲੋੜ ਹੀ ਨਹੀਂ। ਉਦਾਹਰਨ ਵਜੋਂ ਕਲੱਬ ‘ਚ ਜਾ ਕੇ ਕੋਈ ਕਹੇ ਕਿ ਮੈਨੂੰ ਸਿਗਰਟਾਂ ਦਾ ਧੂੰਆਂ ਚੜ੍ਹਦਾ, ਰੋਕੋ ਇਸਨੂੰ ਤਾਂ ਇਹ ਮੂਰਖਤਾ ਹੋਵੇਗੀ। ਕਲੱਬ ‘ਚ ਸਿਗਰਟਾਂ ਦਾ ਧੂੰਆਂ ਪ੍ਰਵਾਨਿਤ ਹੈ। ਤੁਸੀਂ ਨਾ ਜਾਓ।

ਜੇਕਰ ਕਿਸੇ ਨੂੰ ਲਗਦਾ ਕਿ ਉਹ ਗੁਰਦੁਆਰੇ ਦੀ ਮਰਿਆਦਾ ਜਾਂ ਅਸੂਲਾਂ ਮੁਤਾਬਿਕ ਨਹੀਂ ਚੱਲ ਸਕਦਾ ਤਾਂ ਲੋੜ ਕੀ ਹੈ ਗੁਰਦੁਆਰੇ ਜਾ ਕੇ ਆਨੰਦ ਕਾਰਜ ਕਰਵਾਉਣ ਦੀ? ਕੋਰਟ ਮੈਰਿਜ ਕਰਵਾ ਲਓ। ਪਰ ਆਪਣੀ ਸਹੂਲਤ ਲਈ ਮਰਿਆਦਾ ਜਾਂ ਅਸੂਲ ਭੰਗ ਨਾ ਕਰੋ।

ਇਸ ਆਨੰਦ ਕਾਰਜ ‘ਚ ਅਜਿਹਾ ਕਰਨਾ ਖਰੇ ਮੁੰਡੇ-ਕੁੜੀ ਦੀ ਲੋੜ ਸੀ ਜਾਂ ਮਾਪਿਆਂ ਵੱਲੋਂ “ਗੁਰਦੁਆਰੇ ਹੀ ਵਿਆਹ ਕਰਨ” ਦੀ ਜ਼ਿੱਦ ਪੂਰੀ ਕਰਨ ਲਈ ਕੱਢਿਆ ਵਿਚਕਾਰਲਾ ਰਾਹ, ਪਰ ਇਹ ਸਹੀ ਨਹੀਂ ਜਾਪਿਆ। ਵੈਸੇ ਤਾਂ ਅਨੰਦ ਕਾਰਜ ਸਿਰਫ ਗੁਰਸਿੱਖ ਦਾ ਹੀ ਹੋ ਸਕਦਾ ਪਰ ਫਿਰ ਵੀ ਡਿਗਦੇ ਡਿਗਦੇ ਏਨੇ ਨਾ ਡਿਗੀਏ ਕਿ ਨਿਵਾਣ ਹੀ ਛੋਹ ਜਾਈਏ।ਨੌਜਵਾਨਾਂ ਦੀ ਜਾਣਕਾਰੀ ਲਈ ਦੱਸ ਦਿਆਂ ਕਿ ਅਨੰਦ ਕਾਰਜ ਖੜ੍ਹੇ ਹੋ ਕੇ ਵੀ ਹੋ ਸਕਦੇ ਹਨ। ਇਹ ਮਰਿਆਦਾ ਦੇ ਉਲਟ ਨਹੀਂ। ਜੇ ਨਹੀਂ ਬਹਿ ਸਕਦੇ ਤਾਂ ਖੜ੍ਹੇ ਰਹਿ ਕੇ ਲਾਵਾਂ ਦਾ ਪਾਠ ਸੁਣ ਲਓ, ਅਦਬ ਤੇ ਸਤਿਕਾਰ ਨਾਲ। ਤੇ ਮਹਾਰਾਜ ਅੱਗੇ ਘੰਟਾ ਬਹਿ ਕੇ ਸ਼ਗਨ ਪਵਾਉਣੇ ਵੀ ਕੋਈ ਜ਼ਰੂਰੀ ਨਹੀਂ। ਨਾ ਪਵਾਓ ਸ਼ਗਨ ਜਾਂ ਬਾਹਰ ਜਾ ਕੇ ਪਵਾ ਲਓ।ਜੇ ਬੱਚਿਆਂ ਨੂੰ ਸੰਸਕਾਰ ਨਹੀਂ ਸਿਖਾ ਸਕੇ ਤਾਂ ਆਪਣੀ ਗਲਤੀ ਕਬੂਲੋ। ਉਹ ਸੰਸਕਾਰ ਉਨ੍ਹਾਂ ‘ਤੇ ਵਿਆਹ ਵਾਲੇ ਦਿਨ ਨਾ ਥੋਪੋ, ਜਿਹੜੇ ਤੁਸੀਂ ਉਨ੍ਹਾਂ ਨੂੰ ਦਿੱਤੇ ਜਾਂ ਸਿਖਾਏ ਹੀ ਨਹੀਂ। ਬਾਕੀ ਜਿਨ੍ਹਾਂ ਬੱਚਿਆਂ ਨੂੰ ਮਰਿਆਦਾ ਜਾਂ ਅਸੂਲਾਂ ਦੀ ਪਰਵਾਹ ਹੈ, ਉਹ ਆਪੇ ਵਿਆਹ ਤੋਂ ਪਹਿਲਾਂ ਗੂਗਲ ਕਰਕੇ, ਹੋਰ ਵਿਆਹਾਂ ਦੀਆਂ ਵੀਡੀਓਜ਼ ਦੇਖ ਕੇ ਜਾਂ ਵਿਆਹਾਂ ‘ਚ ਸ਼ਮੂਲੀਅਤ ਕਰਕੇ ਸਿੱਖ ਲੈਂਦੇ ਹਨ ਕਿ ਅਨੰਦ ਕਾਰਜ ਕਿੱਦਾਂ ਹੋਣਾ।

ਸਮਝ ਨਹੀਂ ਆ ਰਹੀ ਕਿ ਆਨੰਦ ਕਾਰਜ ਕਰਵਾਉਣ ਵਾਲੇ ਇਹ ਗ੍ਰੰਥੀ ਸਿੰਘ ਤੇ ਰਾਗੀ ਸਿੰਘ ਇਹ ਸਭ ਕਿੱਦਾਂ ਕਬੂਲ ਕਰ ਗਏ?
ਹੋ ਸਕਦਾ ਮੇਰੇ ਵਿਚਾਰਾਂ ਨਾਲ ਕਈ ਸੱਜਣ ਸਹਿਮਤ ਨਾ ਹੋਣ, ਗੁਸਤਾਖ਼ੀ ਮਾਫ਼। ਪਰ ਮੇਰਾ ਇਹ ਕਹਿਣ ਨੂੰ ਚਿੱਤ ਕਰਦਾ ਸੀ, ਸੋ ਕਹਿ ਦਿੱਤਾ।
– ਗੁਰਪ੍ਰੀਤ ਸਿੰਘ ਸਹੋਤਾ

Check Also

ਨਾਰਵੇ ਦੀ ਪ੍ਰਧਾਨ ਮੰਤਰੀ ਨੇ ਤੋੜਿਆ ਕੋਰੋਨਾ ਨਿਯਮ, ਲੱਗਿਆ ਲੱਖਾਂ ਰੁਪਏ ਜੁਰਮਾਨਾ

ਓਸਲੋ: ਨਾਰਵੇ ਦੀ ਪ੍ਰਧਾਨ ਮੰਤਰੀ ਏਰਨਾ ਸੋਲਬਰਗ ‘ਤੇ ਕੋਵਿਡ -19 ਦੇ ਸਮਾਜਿਕ ਦੂਰੀ ਨਿਯਮ ਨੂੰ …

%d bloggers like this: