ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਵਿਚਾਲੇ ਤਲਖੀ ਵਧਦੀ ਵਿਖਾਈ ਦੇ ਰਹੀ ਹੈ। ਹੁਣ ਹਰਸਿਮਰਤ ਬਾਦਲ ਵੱਲੋਂ ਰਾਜਾ ਵੜਿੰਗ ਦੀ ਵੀਡੀਓ ਟਵੀਟ ਕੀਤੀ ਗਈ।
ਵੀਡੀਓ ਟਵੀਟ ਕਰਕੇ ਉਹਨਾਂ ਲਿੱਖਿਆ ਕਿ ਰਾਜਾ ਵੜਿੰਗ ਨੇ ਕਿਹਾ ਸੀ, ‘ਨਸ਼ਾ ਹਾਲੇ ਵੀ ਵਿੱਕ ਰਿਹਾ ਹੈ’…ਨਾਲ ਹੀ ਉਹਨਾਂ ਸੀਐੱਮ ਨੂੰ ਪੁੱਛਿਆ ਕਿ ‘ਕੁਝ ਕਹਿਣਾ ਚਾਹੋਗੇ। ਇਸਤੋਂ ਪਹਿਲਾਂ ਕੱਲ੍ਹ ਹੀ ਮੁੱਖ ਮੰਤਰੀ ਕੈਪਟਨ ਅਮਰਿੰਗਰ ਸਿੰਘ ਨੇ ਹਰਸਿਮਰਤ ਕਰ ਬਾਦਲ ‘ਤੇ ਤੰਜ ਕਸਿਆ ਸੀ। ਉਹਨਾਂ ਹਰਸਿਮਰਤ ‘ਤੇ ਨਸ਼ਿਆਂ ਦੇ ਮੁੱਦੇ ‘ਤੇ ਗੁੰਮਰਾਹ ਕਰਨ ਦਾ ਇਲਜ਼ਾਮ ਲਾਇਆ ਸੀ।
ਹਰਸਿਮਰਤ ਕੌਰ ਬਾਦਲ ਵੱਲੋਂ ਲਾਏ ਗਏ ਦੋਸ਼ਾਂ ਨੂੰ ਗੁਮਰਾਹਕੁਨ ਦੱਸਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਆਪਣੀ ਜ਼ਿੰਮੇਵਾਰੀ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਲਈ ਨਸ਼ਿਆਂ ਵਰਗੇ ਗੰਭੀਰ ਮੁੱਦਿਆਂ ਨੂੰ ਵਰਤ ਰਿਹਾ ਹੈ। ਸੂਬੇ ਵਿਚ ਨਸ਼ਿਆਂ ਨੂੰ ਨੱਥ ਪਾਉਣ ਵਿਚ ਅਸਫਲ ਰਹਿਣ ਬਾਰੇ ਕੈਪਟਨ ਸਰਕਾਰ ਉੱਤੇ ਲਾਏ ਦੋਸ਼ਾਂ ’ਤੇ ਤਿੱਖੀ ਪ੍ਰਤੀਕ੍ਰਿਆ ਪ੍ਰਗਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਪਿਛਲੀ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਸਰਕਾਰ ਦੇ ਗੁਨਾਹਾਂ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਵਜੋਂ ਇਸ ਤਰ੍ਹਾਂ ਦਾ ਕੁਫ਼ਰ ਤੋਲ ਰਹੀ ਹੈ।
ਹਰਸਿਮਰਤ ਨੇ ਇਕ ਟਵੀਟ ਵਿੱਚ ਕਿਹਾ ਸੀ ਕਿ ਕਾਂਗਰਸ ਦੇ ਵਿਧਾਇਕ ਪੁਲਿਸ ਤੇ ਸਿਆਸਤਦਾਨਾਂ ਦੀ ਗੰਢ-ਤੁਪ ਦੇ ਦੋਸ਼ ਲਾ ਰਹੇ ਹਨ ਤਾਂ ਇਸ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਵਿਧਾਇਕ ਬਾਦਲਾਂ ਦੇ ਖੂਨ ਦੇ ਵੀ ਪਿਆਸੇ ਹਨ ਜੋ ਬੇਅਦਬੀ ਅਤੇ ਨਸ਼ਿਆਂ ਸਮੇਤ ਬਹੁਤ ਸਾਰੇ ਕੇਸਾਂ ਦੀ ਢੁਕਵੀਂ ਜਾਂਚ ਕੀਤੇ ਬਿਨਾਂ ਉਨ੍ਹਾਂ ਨੂੰ ਸਜ਼ਾ ਦੇਣਾ ਚਾਹੁੰਦੇ ਹਨ। ਮੁੱਖ ਮੰਤਰੀ ਨੇ ਹਰਸਿਮਰਤ ਬਾਦਲ ’ਤੇ ਚੁਟਕੀ ਲੈਂਦਿਆਂ ਕਿਹਾ, ‘‘ਇਸ ਕਰਕੇ ਮੈਨੂੰ ਇਨ੍ਹਾਂ ਵਿਧਾਇਕਾਂ ਦੀ ਗੱਲ ਸੁਣਨੀ ਚਾਹੀਦੀ ਹੈ ਅਤੇ ਤਹਾਨੂੰ ਸਾਰਿਆਂ ਨੂੰ ਸ਼ਲਾਖਾਂ ਪਿੱਛੇ ਸੁੱਟ ਦਿੱਤਾ ਜਾਵੇ।’’ ਮੁੱਖ ਮੰਤਰੀ ਨੇ ਕਿਹਾ ਆਮ ਲੋਕਾਂ ਵਾਂਗ ਕਾਂਗਰਸ ਦੇ ਵਿਧਾਇਕਾਂ ਨੇ ਬਾਦਲ ਦੇ ਸ਼ਾਸਨ ਦਾ ਸੇਕ ਝੱਲਿਆ ਹੈ ਅਤੇ ਉਨ੍ਹਾਂ ਨੂੰ ਅਕਾਲੀ-ਭਾਜਪਾ ਸਰਕਾਰ ਵੱਲੋਂ ਕੀਤੀ ਤਬਾਹੀ ਦਾ ਵੀ ਗੁੱਸਾ ਹੈ ਜਿਸ ਕਰਕੇ ਉਨ੍ਹਾਂ ਦਾ ਪ੍ਰਤੀਕਰਮ ਆਉਣਾ ਸੁਭਾਵਿਕ ਹੈ ਕਿ ਵੱਖ-ਵੱਖ ਅਪਰਾਧਾਂ ਦੇ ਸੂਤਰਧਾਰ ਸ਼ਾਇਦਾ ਬਚ ਨਿਕਲਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਉਨ੍ਹਾਂ ਨੇ ਨਸ਼ਿਆਂ ਦੀ ਸਮੱਸਿਆ ਨਾਲ ਨਿਪਟਣ ਲਈ ਪ੍ਰਧਾਨ ਮੰਤਰੀ ਨੂੰ ਰਾਸ਼ਟਰੀ ਡਰੱਗ ਨੀਤੀ ਬਣਾਉਣ ਦੀ ਅਪੀਲ ਕੀਤੀ ਹੈ। ਹਰਸਿਮਰਤ ਦੀ ਟਿੱਪਣੀ ਨਾਲ ਉਸ ਦੀ ਸੂਬੇ ਦੀਆਂ ਜ਼ਮੀਨੀ ਹਕੀਕਤਾਂ ਬਾਰੇ ਬੇਸਮਝੀ ਦਾ ਪ੍ਰਗਟਾਵਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਬਾਦਲ ਦੀ ਸੱਤਾ ਨੇ ਨਸ਼ਾ ਮਾਫੀਆ ਨੂੰ ਖੁੱਲ ਕੇ ਖੇਡਣ ਦੀ ਖੁੱਲ ਦੇ ਕੇ ਨੌਜਵਾਨਾਂ ਦਾ ਜੀਵਨ ਤਬਾਹ ਕਰ ਦਿੱਤਾ ਅਤੇ ਲੋਕਾਂ ਵਿਚ ਪੂਰੀ ਤਰ੍ਹਾਂ ਭਰੋਸਾ ਗਵਾ ਚੁੱਕੇ ਬਾਦਲਾਂ ਵਿੱਚ ਇਸ ਭਰੋਸੇ ਦੀ ਮੁੜ ਬਹਾਲੀ ਲਈ ਹਰਸਿਮਰਤ ਨਿਰਾਸ਼ਾ ਵਿਚ ਅਜਿਹੇ ਬਿਆਨ ਦਾਗ ਰਹੀ ਹੈ।
