Breaking News
Home / ਮੁੱਖ ਖਬਰਾਂ / ਤਾੜੀਆਂ ਦੀ ਗੂੰਜ ਬਨਾਮ ਮਾਸੂਮਾਂ ਦੀਆਂ ਚਿੰਘਿਆੜਾਂ

ਤਾੜੀਆਂ ਦੀ ਗੂੰਜ ਬਨਾਮ ਮਾਸੂਮਾਂ ਦੀਆਂ ਚਿੰਘਿਆੜਾਂ

ਜਲਦ ਹੀ ਹਿੰਦੂਸਤਾਨ ਬਣਨ ਜਾ ਰਹੇ ਭਾਰਤ ਦੀ 17ਵੀਂ ਲੋਕ ਸਭਾ ਚੁਣੀ ਜਾ ਚੁੱਕੀ ਹੈ ਅਤੇ ਦੇਸ਼ ਦੇ 15ਵੇਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਦਾਸ ਦਮੋਦਰ ਮੋਦੀ ਦੀ ਅਗਵਾਈ ਹੇਠ 57 ਮੈਂਬਰੀ ਮੰਤਰੀ ਮੰਡਲ ਨੇ ਅਹੁਦੇ ਦਾ ਹਲਫ਼ ਚੁੱਕ ਲਿਆ ਹੈ। ਮੰਤਰੀਆਂ ਦੇ ਵਿਭਾਗਾਂ ਦੀ ਵੰਡ ਵੀ ਤਕਰੀਬਨ ਹੋ ਗਈ ਹੈ।

30 ਮਈ, 2019 ਦੀ ਸ਼ਾਮ ਰਾਸ਼ਟਰਪਤੀ ਭਵਨ ਦੇ ਵਿਹੜੇ 8 ਹਜ਼ਾਰ ਦੇਸ਼-ਵਿਦੇਸ਼ ਤੋਂ ਆਏ ਮਹਿਮਾਨਾਂ ਦੇ ਸਾਹਮਣੇ ਵਜ਼ਾਰਤ ਨੇ ਸਹੁੰ ਚੁੱਕੀ। ਜਿਸ ਮੰਤਰੀ ਦੇ ਹਲਫ਼ ਚੁੱਕਣ ਸਮੇਂ ਸਭ ਤੋਂ ਵੱਧ ਤਾੜੀਆਂ ਦੀ ਗੜਗੜਾਹਟ ਹੋਈ ਅਤੇ ਮੋਦੀ, ਸ਼ਾਹ ਅਤੇ ਹੋਰ ਸੀਨੀਅਰ ਮੰਤਰੀ ਵੀ ਖੜਕਾਅ ਕੇ ਤਾੜੀਆਂ ਮਾਰਦੇ ਨਜ਼ਰ ਆਏ, ਉਹ ਉੜੀਸਾ ਦੀ ਬਾਲਾਸੋਰ ਲੋਕ ਸਭਾ ਸੀਟ ਤੋਂ ਭਾਜਪਾ ਦੀ ਟਿਕਟ ‘ਤੇ ਜਿੱਤ ਕੇ ਆਏ ਚੰਦਰ ਪ੍ਰਤਾਪ ਸਾਰੰਗੀ ਸਨ।

ਸਾਰੰਗੀ ਉੜੀਸਾ ਦੇ ਪੇਂਡੂ ਇਲਾਕਿਆਂ ‘ਚ ਝੌਂਪੜੀ ‘ਚ ਰਹਿੰਦੇ ਹਨ ਤੇ ਉਨ੍ਹਾਂ ਨੇ ਚੋਣ ਪ੍ਰਚਾਰ ਵੀ ਸਾਈਕਲ ‘ਤੇ ਹੀ ਕੀਤਾ ਸੀ। ਹੁਣ ਤੁਹਾਡਾ ਵੀ ਤਾੜੀ ਮਾਰਨ ਨੂੰ ਦਿਲ ਕਰਦਾ ਹੋਵੇਗਾ ਤਾਂ ਬੇਸ਼ੱਕ ਮਾਰੋ ਪਰ ਹੇਠਲਾ ਪਹਿਰਾ ਪੜ੍ਹ ਕੇ ਵਿਹਲੇ ਹੋ ਲਵੋ।

2002 ‘ਚ ਪ੍ਰਤਾਪ ਚੰਦਰ ਸਾਰੰਗੀ ਉੜੀਸਾ ਬਜਰੰਗ ਦਲ ਦਾ ਮੁੱਖੀ ਸੀ। ਉਦੋਂ ਇਸ ਫਿਰਕੂ ਗੁੰਡਾ-ਦਲ ਨੇ ਇੱਕ ਇਸਾਈ ਪ੍ਰਚਾਰਕ ਗ੍ਰਾਹਮ ਸਟੇਨ ਅਤੇ ਉਸ ਦੇ ਦੋ ਮਾਸੂਮ ਪੁੱਤਰਾਂ ਜੋ 11 ਅਤੇ 7 ਸਾਲ ਦੇ ਸਨ ਅਤੇ ਉਸ ਕਾਲੀ ਰਾਤ ਨੂੰ ਆਪਣੇ ਪਿਤਾ ਨੂੰ ਜੱਫੀ ਪਾ ਕੇ ਸੰਭਾਵੀ ਹਮਲੇ ਨੂੰ ਮਹਿਸੂਸਦਿਆਂ ਗੱਡੀ ‘ਚ ਸੁੱਤੇ ਹੋਏ ਸਨ, ਨੂੰ ਤੇਲ ਪਾ ਕੇ ਸਾੜ ਦਿੱਤਾ ਸੀ।

11 ਅਤੇ 7 ਸਾਲ ਦੇ ਮਾਸੂਮਾਂ ਦਾ ਕਤਲ ਕਰਨ-ਕਰਵਾਉਣ ਵਾਲਿਆਂ ਦੇ ਸਰਗਣੇ ਲਈ ਤਾੜੀਆਂ ਤਾਂ ਵੱਜਣਗੀਆਂ ਹੀ। ਕਿਉਂਕਿ ਇਹ ਹੁਣ ਲੋਕਤੰਤਰ ਨਹੀਂ ਸਗੋਂ ਮੋਦੀਤੰਤਰ ਦੀ ਸ਼ੁਰੂਆਤ ਹੈ। ਓਦਾਂ ਤਾੜੀਆਂ ਦੀ ਗੂੰਜ ਪਿੱਛੇ ਕਿਤੇ-ਕਿਤੇ ਗੱਡੀ ‘ਚ ਭੁੱਜ ਰਹੇ ਬੱਚਿਆਂ ਦੀ ਚਿੰਘਿਆੜਾਂ ਵੀ ਸੁਣ ਰਹੀਆਂ ਸਨ….।-Sukhdeep Sidhu

Check Also

ਕਿਸਾਨ ਸੰਘਰਸ਼ – ਕੈਪਟਨ ਅਮਰਿੰਦਰ ਸਿੰਘ ਵਲੋਂ ਕੇਂਦਰ ਨੂੰ ਅਪੀਲ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਨੂੰ ਕਿਸਾਨ ਜਥੇਬੰਦੀਆਂ …

%d bloggers like this: