Breaking News
Home / ਪੰਜਾਬ / ਨਵਜੋਤ ਸਿੱਧੂ ਨੇ ਨਾਲੇ ਕੈਪਟਨ ਨੂੰ ਵੱਡਾ ਭਰਾ ਆਖਿਆ ਨਾਲੇ ਸਿੱਧੇ ਸਵਾਲ ਕੀਤੇ..

ਨਵਜੋਤ ਸਿੱਧੂ ਨੇ ਨਾਲੇ ਕੈਪਟਨ ਨੂੰ ਵੱਡਾ ਭਰਾ ਆਖਿਆ ਨਾਲੇ ਸਿੱਧੇ ਸਵਾਲ ਕੀਤੇ..

ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਆਪਣੀ ਹੀ ਪਾਰਟੀ ਦੇ ਮੰਤਰੀਆਂ ਤੇ ਸੀਨੀਅਰ ਆਗੂਆਂ ਵੱਲੋਂ ਚੁੱਕੇ ਸਵਾਲਾਂ ਉਤੇ ਖੁੱਲ੍ਹ ਕੇ ਬੋਲੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ 50 ਦੇ ਕਰੀਬ ਵਿਭਾਗਾਂ ਨੂੰ ਛੱਡ ਕੇ ਸਿਰਫ ਉਨ੍ਹਾਂ ਦੇ ਵਿਭਾਗ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ 8 ਸੀਟਾਂ ਉਤੇ ਕਾਂਗਰਸੀ ਉਮੀਦਵਾਰ ਜਿੱਤੇ ਹਨ, ਕੀ ਉਨ੍ਹਾਂ ਦੇ ਵਿਭਾਗ ਕੋਈ ਹੋਰ ਵੇਖ ਰਿਹਾ ਹੈ।

ਉਨ੍ਹਾਂ ਨੂੰ ਗਾਲ਼ਾਂ ਕੱਢੀਆਂ ਗਈਆਂ ਪਰ ਉਹ ਕਿਸੇ ਨੂੰ ਬੁਰਾ ਭਲਾ ਨਹੀਂ ਕਹਿਣਗੇ। ਉਨ੍ਹਾਂ ਕਿਹਾ ਕਿ ਜਦੋਂ ਸ਼ਹਿਰਾਂ ਦੇ ਮੇਅਰ ਚੁਣੇ ਗਏ ਸਨ, ਤਾਂ ਉਨ੍ਹਾਂ ਨੂੰ ਪੁੱਛਿਆ ਨਹੀਂ ਗਿਆ ਸੀ। ਇਹ ਚੋਣ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਸੀ। ਉਹ ਕਾਰਪੋਰੇਸ਼ਨਾਂ ਵਿਚ ਹੁੰਦੀਆਂ ਬੇਨੇਮੀਆਂ ਰੋਕਣ ਗਏ ਤਾਂ ਆਪਣਿਆਂ ਨੇ ਹੀ ਉਨ੍ਹਾਂ ਦਾ ਵਿਰੋਧ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕੈਪਟਨ ਦੱਸਣ ਕਿ ਪਿਛਲੇ 40 ਸਾਲਾਂ ਵਿੱਚ ਬਠਿੰਡਾ ਸੀਟ ਕਾਂਗਰਸ ਨੇ ਕਦੋਂ ਜਿੱਤੀ ਤੇ ਮੈਂ ਇਕੱਲਾ ਹਾਰ ਲਈ ਜ਼ਿੰਮੇਵਾਰ ਕਿਵੇਂ ਹੋ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਕੈਪਟਨ ਖ਼ੁਦ 25,000 ਵੋਟਾਂ ਦੇ ਫਰਕ ਨਾਲ ਲੰਬੀ ਤੋਂ ਹਾਰੇ ਸਨ।

ਸਿੱਧੂ ਨੇ ਆਪਣੇ ਸਥਾਨਕ ਸਰਕਾਰਾਂ ਵਿਭਾਗ ਦੀਆਂ ਪ੍ਰਾਪਤੀਆਂ ਗਿਣਵਾਈਆਂ ਤੇ ਕੈਪਟਨ ਵੱਲੋਂ ਉਨ੍ਹਾਂ ਨੂੰ ਨਾਨ-ਪਰਫਾਰਮਰ ਦਾ ਟੈਗ ਦਿੱਤੇ ਜਾਣ ਨੂੰ ਝੂਠਾ ਪਾਉਣ ਦੀ ਕੋਸ਼ਿਸ਼ ਕੀਤੀ। ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਉਨ੍ਹਾਂ ਨੂੰ ਆਪਣਾ ਪੁੱਤਰ ਕਹਿੰਦੇ ਹਨ, ਪਰ ਹਾਂ ਕਿ ਨਾ ਇਹ ਤਾਂ ਉਹੀ ਜਾਣਦੇ ਹਨ।

ਨਵਜੋਤ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਬਾਰੇ ਬੋਲਦਿਆਂ ਕਿਹਾ ਕਿ ਉਹ ਮੇਰੇ ਵੱਡੇ ਹਨ ਅਤੇ ਮੈਂ ਹਮੇਸ਼ਾ ਉਨ੍ਹਾਂ ਨਾਲ ਖੜ੍ਹਾਂਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਦੇ ਕਿਸੇ ‘ਤੇ ਉਂਗਲੀ ਨਹੀਂ ਚੁੱਕੀ ਅਤੇ ਕਾਂਗਰਸ ਦੇ ਕਿਸੇ ਵੀ ਵਰਕਰ ਖਿਲਾਫ ਅੱਜ ਤੱਕ ਨਹੀਂ ਬੋਲਿਆ। ਟਵਿੱਟਰ ਸਬੰਧੀ ਲਿਖੇ ਗਏ ਸ਼ਬਦਾਂ ‘ਤੇ ਸਫਾਈ ਦਿੰਦਿਆਂ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਕਿਸੇ ਦਾ ਨਾਂ ਲੈ ਕੇ ਨਹੀਂ ਲਿਖਿਆ ਅਤੇ ਉਨ੍ਹਾਂ ਨੇ ਜੋ ਲਿਖਿਆ, ਉਹ ਪੂਰੇ ਹਿੰਦੋਸਤਾਨ ਦੇ ਲੋਕਾਂ ਲਈ ਲਿਖਿਆ ਹੈ।

ਨਵਜੋਤ ਸਿੱਧੂ ਨੇ ਕਿਹਾ ਕਿ ਭਾਵੇਂ ਹੀ ਉਨ੍ਹਾਂ ਨੂੰ ਗਾਲ੍ਹਾਂ ਤੱਕ ਕਢਵਾ ਦਿੱਤੀਆਂ ਜਾਂਦੀਆਂ ਹਨ ਪਰ ਉਹ ਕਿਸੇ ਖਿਲਾਫ ਕੁਝ ਨਹੀਂ ਬੋਲਣਗੇ। ਨਵਜੋਤ ਸਿੱਧੂ ਨੇ ਕਿਹਾ ਕਿ ਸੱਤਾ ਆਪਣਿਆਂ ਨਾਲ ਲੜਨ ਲਈ ਨਹੀਂ ਹੁੰਦੀ, ਸਗੋਂ ਮਿਲ ਕੇ ਵਿਰੋਧੀਆਂ ਨਾਲ ਮੁਕਾਬਲਾ ਕਰਨ ਲਈ ਹੁੰਦੀ ਹੈ। ਸਿੱਧੂ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੁੱਖੇ ਗੱਪੀ ਖਿਲਾਫ ਹੀ ਬੋਲਣਗੇ। ਉਨ੍ਹਾਂ ਕਿਹਾ ਕਿ ਚੋਣਾਂ ‘ਚ ਅਕਾਲੀ ਦਲ ਨਹੀਂ ਜਿੱਤਿਆ, ਸਗੋਂ ਸਿਰਫ ਬਾਦਲ ਪਰਿਵਾਰ ਜਿੱਤਿਆ ਹੈ।ਨਵਜੋਤ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਟੀ. ਵੀ. ‘ਤੇ 20 ਸਾਲ ਕੰਮ ਕੀਤਾ ਹੈ ਅਤੇ ਅੱਜ ਉਹ ਪੰਜਾਬ ਲਈ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦਾ ਵਿਭਾਗ ਬਦਲ ਵੀ ਜਾਂਦਾ ਹੈ ਤਾਂ ਇਹ ਵੀ ਕੈਪਟਨ ਦਾ ਹੀ ਫੈਸਲਾ ਹੋਵੇਗਾ।

Check Also

ਹੁਸ਼ਿਆਰਪੁਰ: ਕਿਸਾਨਾਂ ਵੱਲੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾ ਘਿਰਾਓ,ਭਾਜਪਾ ਆਗੂ ਦੀ ਗੱਡੀ ਵੀ ਭੰਨੀ

ਹੁਸ਼ਿਆਰਪੁਰ: ਕਿਸਾਨਾਂ ਵੱਲੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾ ਘਿਰਾਓ,ਭਾਜਪਾ ਆਗੂ ਦੀ ਗੱਡੀ ਵੀ ਭੰਨੀ- ਹੁਸ਼ਿਆਰਪੁਰ …

%d bloggers like this: