Breaking News
Home / ਪੰਜਾਬ / ਜਾਣੋ ਗੁੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਚ ਅਕਸ਼ੈ ਕੁਮਾਰ ਦਾ ਰੋਲ

ਜਾਣੋ ਗੁੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਚ ਅਕਸ਼ੈ ਕੁਮਾਰ ਦਾ ਰੋਲ

ਚਾਰਜਸ਼ੀਟ ਦੇ ਪੇਜ 48 ਮੁਤਾਬਕ ਐਸਆਈਟੀ ਨੇ ਜਾਂਚ ਵਿੱਚ ਪਾਇਆ ਕਿ ਧਰਨੇ ‘ਤੇ ਬੈਠੇ ਪ੍ਰਦਰਸ਼ਨਕਾਰੀਆਂ ਵੱਲੋਂ ਕੋਈ ਵੀ ਇਸ ਤਰ੍ਹਾਂ ਦੀ ਹਰਕਤ ਨਹੀਂ ਕੀਤੀ ਗਈ ਜੋ ਪੁਲਿਸ ਨੂੰ ਗੋਲੀ ਚਲਾਉਣ ‘ਤੇ ਮਜਬੂਰ ਕਰਦੀ। ਪ੍ਰਦਰਸ਼ਨਕਾਨੀਆਂ ਉੱਤੇ ਚਲਾਈ ਗਈ ਗੋਲੀ ਐਸਆਈਟੀ ਮੁਤਾਬਕ ਸੋਚੀ ਸਮਝੀ ਸਾਜ਼ਿਸ਼ ਸੀ ਤੇ ਇਹ ਸਾਜ਼ਿਸ਼ ਹਾਈ ਪ੍ਰੋਫਾਈਲ ਸਿਆਸਤਦਾਨ, ਪੁਲਿਸ ਅਫ਼ਸਰ, ਡੇਰਾ ਮੁਖੀ ਤੇ ਉਸ ਦੇ ਚੇਲਿਆਂ ਨੇ ਘੜੀ ਸੀ।

ਚੰਡੀਗੜ੍ਹ: ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿੱਚ ਜਾਂਚ ਕਰ ਰਹੀ ਐਸਆਈਟੀ ਨੇ ਪਹਿਲੀ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। ਇਸ ਵਿੱਚ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਐਸਐਸਪੀ ਚਰਨਜੀਤ ਸ਼ਰਮਾ, ਤਤਕਾਲੀ ਐਸਐਚਓ ਕੋਟਕਪੂਰਾ ਗੁਰਦੀਪ ਸਿੰਘ, ਡੀਐਸਪੀ ਬਲਜੀਤ ਸਿੰਘ ਤੇ ਏਡੀਸੀਪੀ ਲੁਧਿਆਣਾ ਪਰਮਜੀਤ ਸਿੰਘ ਪੰਨੂ ਦੇ ਨਾਂ ਸ਼ਾਮਲ ਹਨ। ਚਾਰਜਸ਼ੀਟ ਵਿੱਚ ਐਸਆਈਟੀ ਨੇ ਕੋਟਕਪੂਰਾ ਗੋਲੀ ਕਾਂਡ ਦੀ ਸਾਰੀ ਕਹਾਣੀ ਬਿਆਨ ਕੀਤੀ ਹੈ।

ਗੋਲ਼ੀ ਚਲਾਉਣ ਦੀ ਸਾਜ਼ਿਸ਼
ਚਾਰਜਸ਼ੀਟ ਦੇ ਪੇਜ 48 ਮੁਤਾਬਕ ਐਸਆਈਟੀ ਨੇ ਜਾਂਚ ਵਿੱਚ ਪਾਇਆ ਕਿ ਧਰਨੇ ‘ਤੇ ਬੈਠੇ ਪ੍ਰਦਰਸ਼ਨਕਾਰੀਆਂ ਵੱਲੋਂ ਕੋਈ ਵੀ ਇਸ ਤਰ੍ਹਾਂ ਦੀ ਹਰਕਤ ਨਹੀਂ ਕੀਤੀ ਗਈ ਜੋ ਪੁਲਿਸ ਨੂੰ ਗੋਲੀ ਚਲਾਉਣ ‘ਤੇ ਮਜਬੂਰ ਕਰਦੀ। ਪ੍ਰਦਰਸ਼ਨਕਾਨੀਆਂ ਉੱਤੇ ਚਲਾਈ ਗਈ ਗੋਲੀ ਐਸਆਈਟੀ ਮੁਤਾਬਕ ਸੋਚੀ ਸਮਝੀ ਸਾਜ਼ਿਸ਼ ਸੀ ਤੇ ਇਹ ਸਾਜ਼ਿਸ਼ ਹਾਈ ਪ੍ਰੋਫਾਈਲ ਸਿਆਸਤਦਾਨ, ਪੁਲਿਸ ਅਫ਼ਸਰ, ਡੇਰਾ ਮੁਖੀ ਤੇ ਉਸ ਦੇ ਚੇਲਿਆਂ ਨੇ ਘੜੀ ਸੀ। ਤਫਤੀਸ਼ ਮੁਤਾਬਕ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਤੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਵੱਲੋਂ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਨੂੰ ਕਾਰਵਾਈ ਪੂਰੀ ਕਰਨ ਵਾਸਤੇ ਕਿਹਾ ਗਿਆ ਸੀ।

ਬਾਲੀਵੁੱਡ ਸਟਾਰ ਅਕਸ਼ੈ ਕੁਮਾਰ ਦਾ ਇਸ ਮਾਮਲੇ ਵਿੱਚ ਰੋਲ
ਚਾਰਜਸ਼ੀਟ ਦੇ ਪੇਜ 47 ਮੁਤਾਬਕ ਅਕਸ਼ੈ ਕੁਮਾਰ ਵੱਲੋਂ ਸੁਖਬੀਰ ਬਾਦਲ ਤੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਮੀਟਿੰਗ ਕਰਾਉਣ ਦਾ ਆਪਣਾ ਇੱਕ ਮਕਸਦ ਸੀ। ਅਕਸ਼ੈ ਕੁਮਾਰ ਦੀ ਫਿਲਮ ‘ਸਿੰਘ ਇਜ਼ ਬਲਿੰਗ’ ‘ਤੇ ਇਲਜ਼ਾਮ ਸੀ ਕਿ ਫਿਲਮ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਸੀ। ਜਾਂਚ ਮੁਤਾਬਕ ਮੀਟਿੰਗ ਦਾ ਸਿੱਟਾ ਨਿਕਲਿਆ ਸੀ ਕਿ ਡੇਰੇ ਦੀ ਫਿਲਮ ‘ਐਮਐਸਜੀ 2’ ਦੇ ਨਾਲ-ਨਾਲ ਅਕਸ਼ੈ ਕੁਮਾਰ ਦੀ ਫਿਲਮ ਚਲਾਉਣ ਦੀ ਵੀ ਇਜਾਜ਼ਤ ਮਿਲੀ। ਐਸਆਈਟੀ ਵੱਲੋਂ ਸੁਖਬੀਰ ਬਾਦਲ ਦੇ ਫੇਸਬੁੱਕ ‘ਤੇ ਪਾਈਆਂ ਗਈਆਂ ਮੀਟਿੰਗ ਦੀਆਂ ਤਸਵੀਰਾਂ ਨੂੰ ਮੀਟਿੰਗ ਦੇ ਸਬੂਤ ਵਜੋਂ ਰੱਖਿਆ ਗਿਆ।

ਗੋਲੀਕਾਂਡ ਦੀ ਸਾਜ਼ਿਸ਼ ‘ਚ ਮਨਤਾਰ ਸਿੰਘ ਬਰਾੜ ਦਾ ਰੋਲ
ਪੇਜ 20 ਮੁਤਾਬਕ ਐਸਆਈਟੀ ਦੀ ਤਫ਼ਤੀਸ਼ ਵਿੱਚ ਇਹ ਗੱਲ ਸਾਹਮਣੇ ਆਈ ਕਿ ਮਨਤਾਰ ਬਰਾੜ 13-14 ਅਕਤੂਬਰ, 2015 ਦੀ ਦਰਮਿਆਨੀ ਰਾਤ ਨੂੰ ਡਿਵੀਜ਼ਨਲ ਕਮਿਸ਼ਨਰ ਫਰੀਦਕੋਟ ਦੇ ਘਰ ਸਵੇਰੇ 2.15 ਪਹੁੰਚੇ ਸੀ। ਇੱਥੋਂ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਨਾਲ ਕੋਟਕਪੂਰਾ ਚੌਕ ‘ਤੇ ਧਰਨੇ ਬਾਰੇ ਗੱਲ ਕੀਤੀ ਸੀ।

ਇਸ ਦਾ ਖੁਲਾਸਾ ਐਸਡੀਐਮ ਫ਼ਰੀਦਕੋਟ ਵਿਜੇ ਕੁਮਾਰ ਸਿਆਲ ਨੇ ਆਪਣੇ ਬਿਆਨਾਂ ਵਿੱਚ ਕੀਤਾ। ਸਿਆਲ ਨੇ ਦੱਸਿਆ ਕਿ ਮਨਤਾਰ ਬਰਾੜ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਕੋਟਕਪੂਰਾ ਧਰਨੇ ਦੀ ਸਥਿਤੀ ਵਿਗੜਦੀ ਜਾ ਰਹੀ ਹੈ ਤੇ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਸਵੇਰ ਤੱਕ ਹਜ਼ਾਰਾਂ ਵਿੱਚ ਹੋ ਸਕਦੀ ਹੈ। ਮਨਤਾਰ ਦੀ ਪੰਜਾਬ ਦੇ ਮੁੱਖ ਮੰਤਰੀ ਨਾਲ ਗੱਲ ਬੰਦ ਹੋਣ ਤੋਂ ਬਾਅਦ ਮਨਤਾਰ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਡੀਜੀਪੀ ਨਾਲ ਗੱਲ ਕਰਕੇ ਹਦਾਇਤਾਂ ਦਿੱਤੀਆਂ ਜਾਣਗੀਆਂ।

ਹੁਣ ਸਿਆਲ ਵੱਲੋਂ ਦਿੱਤੇ ਗਏ ਬਿਆਨਾਂ ‘ਤੇ ਵਿਚਾਰ ਕਰਨ ਤੋਂ ਬਾਅਦ ਐਸਆਈਟੀ ਨੇ ਮਨਤਾਰ ਨੂੰ ਮਾਮਲੇ ਦਾ ਮੁਲਜ਼ਮ ਬਣਾਇਆ ਹੈ। ਸਿੱਟ ਵੱਲੋਂ ਸਬੂਤ ਦੇ ਤੌਰ ‘ਤੇ ਕਾਲ ਡਿਟੇਲਜ਼ ਵੀ ਨੱਥੀ ਕੀਤੀਆਂ ਗਈਆਂ ਹਨ। ਇਨ੍ਹਾਂ ਮੁਤਾਬਕ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਾਰੇ ਫੋਨ ਆਪਣੇ ਪ੍ਰਿੰਸੀਪਲ ਸੈਕਟਰੀ ਗਗਨਦੀਪ ਸਿੰਘ ਬਰਾੜ ਤੇ ਓਐਸਡੀ ਗੁਰਚਰਨ ਸਿੰਘ ਰਾਹੀਂ ਕੀਤੇ ਗਏ।

ਸਿੱਟ ਨੇ ਆਪਣੀ ਤਫ਼ਤੀਸ਼ ਵਿੱਚ ਸਿੱਟਾ ਕੱਢਿਆ ਕਿ ਮਨਤਾਰ ਸਿੰਘ ਬਰਾੜ ਤੇ ਡੀਜੀਪੀ ਪੰਜਾਬ ਵਿਚਕਾਰ ਹੋਈਆਂ 838 ਸੈਕਿੰਡ ਤੇ 537 ਸੈਕਿੰਡ ਦੀਆਂ ਗੱਲਾਂ ਦਰਸਾਉਂਦੀਆਂ ਹਨ ਕਿ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਦੀ ਜੋ ਪਲਾਨਿੰਗ ਬਰਾੜ ਵੱਲੋਂ ਮੁੱਖ ਮੰਤਰੀ ਨਾਲ ਕੀਤੀ ਗਈ ਸੀ, ਉਹੀ ਪਲਾਨਿੰਗ ਡੀਜੀਪੀ ਨਾਲ ਸਾਂਝੀ ਕੀਤੀ ਗਈ। ਇਸ ਤੋਂ ਬਾਅਦ ਮਨਤਾਰ ਬਰਾੜ ਵੱਲੋਂ ਪੰਜਾਬ ਦੇ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਨਾਲ ਉਨ੍ਹਾਂ ਦੇ ਓਐਸਡੀ ਹੈਪੀ ਰਾਹੀਂ ਗੱਲ ਕੀਤੀ। ਕੋਟਕਪੂਰਾ ਦੇ ਡੀਐਸਪੀ ਫਰੀਦਕੋਟ ਦੇ ਐਸਐਸਪੀ ਤੇ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਸਮੇਤ ਅਕਾਲੀ ਦਲ ਦੇ ਕੈਬਨਿਟ ਮੰਤਰੀ ਦਲਜੀਤ ਸਿੰਘ ਚੀਮਾ ਨਾਲ ਵੀ ਗੱਲ ਕੀਤੀ ਗਈ।

ਚਰਨਜੀਤ ਸ਼ਰਮਾ ਤੇ ਆਈਜੀ ਉਮਰਾਨੰਗਲ ਵਿਚਾਲੇ ਹੋਈ ਗੱਲਬਾਤ
ਹਾਲਾਂਕਿ ਚਰਨਜੀਤ ਸ਼ਰਮਾ ਜੋ ਉਸ ਸਮੇਂ ਐਸਐਸਪੀ ਮੋਗਾ ਤਾਇਨਾਤ ਸਨ, 12 ਤੇ 13 ਅਕਤੂਬਰ ਦੀ ਛੁੱਟੀ ‘ਤੇ ਸਨ। 12 ਅਕਤੂਬਰ ਨੂੰ ਚਰਨਜੀਤ ਸ਼ਰਮਾ ਨੂੰ ਉਮਰਾਨੰਗਲ ਵੱਲੋਂ ਕਾਲ ਕੀਤੀ ਜਾਂਦੀ ਹੈ ਤੇ ਫੌਰਨ ਫਰੀਦਕੋਟ ਪਹੁੰਚਣ ਲਈ ਕਿਹਾ ਗਿਆ। ਉਮਰਾਨੰਗਲ ਨੇ ਚਰਨਜੀਤ ਸ਼ਰਮਾ ਨੂੰ ਕਿਹਾ ਕਿ ਡੀਜੀਪੀ ਪੰਜਾਬ ਦੀਆਂ ਹਦਾਇਤਾਂ ਹਨ ਕਿ ਫ਼ੌਰਨ ਡਿਊਟੀ ‘ਤੇ ਪਹੁੰਚਣ। ਸਿੱਟ ਨੇ ਆਪਣੀ ਤਫਤੀਸ਼ ਵਿੱਚ ਪਾਇਆ ਕਿ ਚਰਨਜੀਤ ਸ਼ਰਮਾ ਤੇ ਉਮਰਾਨੰਗਲ ਵਿਚਾਲੇ ਫੋਨ ਤੇ ਕਾਫੀ ਸਮੇਂ ਤੱਕ ਗੱਲਾਂ ਹੁੰਦੀਆਂ ਰਹੀਆਂ। ਫੋਨ ਕਾਲ ਦੇ ਅਧਾਰ ਤੇ ਸਿੱਟ ਨੇ ਇਹ ਵੀ ਸਿੱਟਾ ਕੱਢਿਆ ਕਿ ਪੰਜਾਬ ਦੇ ਉਸ ਸਮੇਂ ਦੇ ਡੀਜੀਪੀ ਵੱਲੋਂ ਚਰਨਜੀਤ ਸ਼ਰਮਾ ਨੂੰ ਹਦਾਇਤਾਂ ਦਿੱਤੀਆਂ ਜਾ ਰਹੀਆਂ ਸਨ। ਖ਼ਾਸ ਗੱਲ ਹੈ ਕਿ ਏਡੀਜੀਪੀ ਇੰਟੈਲੀਜੈਂਸ ਹਰਦੀਪ ਢਿੱਲੋਂ ਦਾ ਤਬਾਦਲਾ 10 ਅਕਤੂਬਰ ਨੂੰ ਕੀਤਾ ਗਿਆ। ਸਿੱਟ ਨੇ ਆਪਣੀ ਤਫ਼ਤੀਸ਼ ਵਿੱਚ ਬਿਆਨ ਕੀਤਾ ਕਿ 10 ਤੋਂ 31 ਅਕਤੂਬਰ ਤੱਕ 15 ਬੇਅਦਬੀ ਦੇ ਮਾਮਲੇ ਹੋਏ ਸੀ।

Check Also

ਹੁਸ਼ਿਆਰਪੁਰ: ਕਿਸਾਨਾਂ ਵੱਲੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾ ਘਿਰਾਓ,ਭਾਜਪਾ ਆਗੂ ਦੀ ਗੱਡੀ ਵੀ ਭੰਨੀ

ਹੁਸ਼ਿਆਰਪੁਰ: ਕਿਸਾਨਾਂ ਵੱਲੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾ ਘਿਰਾਓ,ਭਾਜਪਾ ਆਗੂ ਦੀ ਗੱਡੀ ਵੀ ਭੰਨੀ- ਹੁਸ਼ਿਆਰਪੁਰ …

%d bloggers like this: