Breaking News
Home / ਸਾਹਿਤ / ਫ਼ਿਲਮਾਂ, ਸਿੱਖ ਇਤਿਹਾਸ ਅਤੇ ਸਮੂਹਿਕ ਅਵਚੇਤਨ

ਫ਼ਿਲਮਾਂ, ਸਿੱਖ ਇਤਿਹਾਸ ਅਤੇ ਸਮੂਹਿਕ ਅਵਚੇਤਨ

-ਪ੍ਰਭਸ਼ਰਨਬੀਰ ਸਿੰਘ

ਪਹਿਲੀ ਗੱਲ ਇਹ ਹੈ ਕਿ ਗੁਰੂ ਸਾਹਿਬਾਨ ਨੂੰ ਫ਼ਿਲਮਾਂ (ਐਨੀਮੇਸ਼ਨ ਜਾਂ ਦੂਜੀਆਂ) ਵਿਚ ਵਿਖਾਉਣ ਦੀ ਹਿਮਾਕਤ ਪਿਛੇ ਭਾਵੇਂ ਕਿਸੇ ਸਾਜਿਸ਼ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਇਸ ਗੱਲ ਨੂੰ ਵੀ ਰੱਦ ਨਹੀਂ ਕੀਤਾ ਜਾ ਸਕਦਾ ਕਿ ਕਈ ਸਿਖਾਂ ਨੂੰ ਸੱਚੀਂ ਇਹ ਲੱਗਦੈ ਕਿ ਉਹ ਅਜਿਹੀਆਂ ਫ਼ਿਲਮਾਂ ਬਣਾ ਕੇ ਸਿੱਖੀ ਦਾ ਭਲਾ ਕਰ ਰਹੇ ਹਨ। ਉਹਨਾਂ ਨੂੰ ਅਜਿਹਾ ਕਿਉਂ ਲੱਗਦੈ? ਉਹਨਾਂ ਦੀ ਸਮੱਸਿਆ ਨਾ ਪੜ੍ਹੇ ਲਿਖੇ ਹੋਣਾ ਹੈ ਅਤੇ ਨਾ ਹੀ ਅਨਪੜ੍ਹ ਹੋਣਾ। ਉਹਨਾਂ ਦੀ ਸਮੱਸਿਆ ਅੱਧਪੜ੍ਹ ਹੋਣਾ ਹੈ। ਉਹ ਪੱਛਮੀ ਗਿਆਨ ਸ਼ਾਸਤਰ ਨਾਲ ਵਾਬਸਤਾ ਵੀ ਨੇ ਪਰ ਇਸਦੀ ਡੂੰਘੀ ਸਮਝ ਵੀ ਨਹੀਂ ਰੱਖਦੇ। ਉਹਨਾਂ ਦਾ ਸਿੱਖੀ ਬਾਰੇ ਗਿਆਨ ਵੀ ਆਧੁਨਿਕਤਾ ਦੇ ਚੌਖਟਿਆਂ ਵਿਚ ਦੀ ਹੋ ਕੇ ਆਉਂਦਾ ਹੈ। ਉਹ ਨਾ ਘਰ ਦੇ ਹਨ ਤੇ ਨਾ ਹੀ ਘਟ ਦੇ, ਇਸੇ ਲਈ ਉਹ ਅਜਿਹੀਆਂ ਬੇਹੁਰਮਤੀਆਂ ਕਰ ਰਹੇ ਹਨ।

ਜੇ ਮੁਸਲਮਾਨਾਂ ਵੱਲ ਨਿਗ੍ਹਾ ਮਾਰੀ ਜਾਵੇ ਤਾਂ ਸਥਿਤੀ ਬਿਲਕੁਲ ਵੱਖਰੀ ਨਜਰ ਆਉਂਦੀ ਹੈ। ਉਹਨਾਂ ਦੇ ਤਲਾਲ ਅਸਦ ਅਤੇ ਸਬਾ ਮਹਿਮੂਦ ਵਰਗੇ ਵੱਡੇ ਤੋਂ ਵੱਡੇ ਵਿਦਵਾਨ, ਜਿਹਂਨਾਂ ਨੂੰ ਇਸਲਾਮੀ ਅਤੇ ਪੱਛਮੀ ਗਿਆਨ ਦਾ ਬਹੁਤ ਡੂੰਘਾ ਗਿਆਨ ਹੈ, ਅਤੇ ਇਕ ਦੂਰ-ਦਰਾਜ ਪਿੰਡ ਦਾ ਕੋਰਾ ਅਨਪੜ੍ਹ ਮੁਸਲਮਾਨ, ਜਿਸਨੂੰ ਨਾ ਇਸਲਾਮੀ ਅਧਿਆਤਮ ਦੀ ਤੇ ਨਾ ਹੀ ਪੱਛਮੀ ਗਿਆਨ ਦੀ ਕੋਈ ਸੁੱਧ ਹੈ, ਦੋਵੇਂ ਜਾਣਦੇ ਹਨ ਕਿ ਮੁਹੰਮਦ ਸਾਹਿਬ ਦੀਆਂ ਤਸਵੀਰਾਂ ਬਣਾਉਣੀਆਂ ਗਲਤ ਨੇ। ਮਿਸਾਲ ਦੇ ਤੌਰ ਤੇ ਤਲਾਲ ਅਸਦ ਅਤੇ ਸਬਾ ਮਹਿਮੂਦ ਦੀ ਜੂਡਿਥ ਬਟਲਰ ਨਾਲ Is Critique Secular ਨਾਂ ਦੀ ਕਿਤਾਬ ਵਿਚ ਪ੍ਰਕਾਸ਼ਿਤ ਬਹਿਸ ਵੇਖੀ ਜਾ ਸਕਦੀ ਹੈ। ਇਹ ਬਹਿਸ ਪੱਛਮੀ ਗਿਆਨ ਸ਼ਾਸਤਰ ਵਿਚ ਪ੍ਰਣਾਏ ਦੋ ਮੁਸਲਿਮ ਵਲੋਂ ਆਧੁਨਿਕ ਬਿਰਤਾਂਤ ਨੂੰ ਦਿੱਤੀ ਚੁਣੌਤੀ ਦੀ ਬੇਹਤਰੀਨ ਉਦਾਹਰਣ ਹੈ। ਪਰ ਸਾਡੇ ਨੀਮ ਵਿਦਵਾਨਾਂ ਨੂੰ ਲੱਗਦਾ ਹੈ ਕਿ ਜੇ ਸਿੱਖੀ ਦਾ ਪ੍ਰਚਾਰ ਹੋ ਸਕਦਾ ਹੈ ਤਾਂ ਸਿਰਫ ਆਧੁਨਿਕ ਜਰੀਏ ਵਰਤ ਕੇ ਹੀ ਹੋ ਸਕਦਾ ਹੈ, ਹੋਰ ਕਿਸੇ ਤਰਾਂ ਨਹੀਂ। ਇਹਦੇ ਦੋ ਕਾਰਨ ਨੇ: ਪਹਿਲਾ ਇਹ ਕਿ ਉਹਨਾਂ ਨੂੰ ਆਪਣੇ ਗਿਆਨੀ ਹੋਣ ਦਾ ਭਰਮ ਹੋ ਗਿਆ ਹੈ ਤੇ ਦੂਜਾ ਇਹ ਕਿ ਉਹਨਾਂ ਅੰਦਰ ਗੁਰੂ ਸਾਹਿਬ ਨੂੰ ਸਤਿਕਾਰ ਸਹਿਤ ਪੇਸ਼ ਹੋਣ ਲਈ ਲੋੜੀਂਦੀ ਸੰਵੇਦਨਸ਼ੀਲਤਾ ਮਰ ਚੁੱਕੀ ਹੈ।

ਮਸਲਾ ਇਹ ਨਹੀਂ ਕਿ ਫਿਲਮ ਵਿਚ ਕੀ ਵਿਖਾਇਆ ਗਿਆ ਹੈ। ਮਸਲਾ ਇਹ ਹੈ ਕਿ ਕੀ ਫ਼ਿਲਮਾਂ ਦਾ ਜਰੀਆ ਸਾਡੀ ਰੂਹ ਅੰਦਰਲੀਆਂ ਸਭ ਤੋਂ ਪਵਿੱਤਰ ਯਾਦਾਂ ਦੀ ਪੇਸ਼ਕਾਰੀ ਲਈ ਇੱਕ ਵਧੀਆ ਸਾਧਨ ਹੈ ਜਾਂ ਨਹੀਂ। ਮੇਰਾ ਮੰਨਣਾ ਹੈ ਕਿ ਫ਼ਿਲਮਾਂ ਸਿੱਖ ਇਤਿਹਾਸ ਦੀ ਪੇਸ਼ਕਾਰੀ ਲਈ ਠੀਕ ਜਰੀਆ ਨਹੀਂ ਹਨ। ਕਿਉਂ?

ਕੈਨੇਡਾ ਦੇ ਜਗਤ-ਪ੍ਰਸਿੱਧ ਮੀਡੀਆ ਫਿਲਾਸਫਰ ਮਾਰਸ਼ਲ ਮੈਕਲੂਹਨ ਨੇ ਇੱਕ ਵਾਰ ਕਿਹਾ ਸੀ: The medium is the message. (ਜਰੀਆ ਹੀ ਸੁਨੇਹਾ ਹੈ।) ਉਸਦੇ ਇਸ ਇੱਕ ਕਥਨ ਦੀ ਵਿਆਖਿਆ ਕਰਨ ਲਈ ਅਨੇਕਾਂ ਪੀ ਐਚ ਡੀਆਂ ਹੋ ਚੁੱਕੀਆਂ ਹਨ ਤੇ ਅਣਗਿਣਤ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਹਨ। ਪਰ ਅਜੇ ਵੀ ਬਹੁਤ ਲੋਕਾਂ ਨੂੰ ਗੱਲ ਸਮਝ ਨਹੀਂ ਆਉਂਦੀ। ਉਹਨਾਂ ਦਾ ਕਹਿਣਾ ਹੈ ਕਿ ਇੱਕ ਜਰੀਆ ਸੁਨੇਹਾ ਕਿਵੇਂ ਬਣ ਸਕਦਾ ਹੈ। ਜਰੀਆ ਕੋਈ ਵੀ ਹੋਵੇ, ਸੁਨੇਹਾ ਤਾਂ ਓਹੀ ਰਹੇਗਾ ਜੋ ਇਹ ਹੈ। ਜਰੀਆ ਤਾਂ ਉਸ ਸੁਨੇਹੇ ਨੂੰ ਇੱਕ ਥਾਂ ਤੋਂ ਦੂਜੀ ਥਾਂ ਜਾਂ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਪਹੁੰਚਾਉਣ ਦਾ ਸਾਧਨ ਮਾਤਰ ਹੈ। ਉਸਦਾ ਸੁਨੇਹੇ ਨਾਲ ਕੀ ਸੰਬੰਧ? ਵੱਖਰਾ ਜਰੀਆ ਕਿਸੇ ਸੁਨੇਹੇ ਨੂੰ ਕਿਸੇ ਥਾਂ ਵੱਧ ਤੇਜੀ ਨਾਲ ਪਹੁੰਚਾ ਸਕਦਾ ਹੈ ਪਰ ਉਸਨੂੰ ਬਦਲ ਤਾਂ ਨਹੀਂ ਨਾ ਸਕਦਾ? ਸੁਨੇਹਾ ਤਾਂ ਓਹੀ ਰਹੇਗਾ ਜੋ ਸੁਨੇਹਾ ਦੇਣ ਵਾਲੇ ਨੇ ਭੇਜਿਆ ਹੈ।ਅਜਿਹੀਆਂ ਦਲੀਲਾਂ ਦੇ ਹੱਕ ਵਿਚ ਜੇ ਇੱਕ ਸਾਧਾਰਨ ਮਿਸਾਲ ਦੇਣੀ ਹੋਵੇ ਤਾਂ ਇਹ ਦਿੱਤੀ ਜਾ ਸਕਦੀ ਹੈ: ਮੈਂ ਆਪਣੇ ਕਿਸੇ ਮਿੱਤਰ ਨੂੰ ਐਤਵਾਰ ਸ਼ਾਮ ਨੂੰ ਪੰਜ ਵਜੇ ਵੈਨਕੂਵਰ ਗੈਸਟਾਊਨ ਦੀ ਭਾਫ-ਘੜੀ ਕੋਲ ਮਿਲਣਾ ਚਾਹੁੰਦਾ ਹਾਂ। ਇਹ ਸੁਨੇਹਾ ਮੈਂ ਉਸਨੂੰ ਚਿਠੀ ਲਿਖ ਕੇ ਦੇ ਸਕਦਾ ਹਾਂ, ਕਿਸੇ ਵਿਅਕਤੀ ਨੂੰ ਉਸ ਕੋਲ ਭੇਜ ਕੇ ਇਹ ਸੁਨੇਹਾ ਉਸ ਤੱਕ ਪਹੁੰਚਾ ਸਕਦਾ ਹਾਂ, ਉਸਨੂੰ ਫੋਨ ਕਰਕੇ ਕਹਿ ਸਕਦਾ ਹਾਂ, ਟੈਕਸਟ ਮੈਸਜ ਕਰ ਸਕਦਾ ਹਾਂ ਜਾਂ ਈਮੇਲ ਕਰ ਸਕਦਾ ਹਾਂ। ਸੁਨੇਹਾ ਤਾਂ ਉਹੀ ਰਹੇਗਾ ਜੋ ਇਹ ਹੈ ਕਿ ਐਤਵਾਰ ਨੂੰ ਸ਼ਾਮ ਪੰਜ ਵਜੇ ਵੈਨਕੂਵਰ ਗੈਸਟਾਊਨ ਦੀ ਭਾਫ ਘੜੀ ਦੇ ਕੋਲੇ ਮਿਲਣਾ ਹੈ। ਸੁਨੇਹਾ ਸੁਨੇਹਾ ਹੀ ਰਹਿੰਦਾ ਹੈ ਜਰੀਆ ਭਾਵੇਂ ਕੁਝ ਵੀ ਹੋਵੇ। ਇਹ ਗੱਲ ਸਾਧਾਰਨ ਬੁੱਧੀ ਨੂੰ ਠੀਕ ਲੱਗ ਸਕਦੀ ਹੈ ਤੇ ਮਾਰਸ਼ਲ ਮੈਕਲੂਹਨ ਦੀ ਗੱਲ ਗ਼ਲਤ ਲੱਗ ਸਕਦੀ ਹੈ ਕਿ ਜਰੀਆ ਹੀ ਸੁਨੇਹਾ ਹੈ। ਫਿਰ ਮੈਕਲੂਹਨ ਦਾ ਕਥਨ ਠੀਕ ਕਿਵੇਂ ਹੋਇਆ?ਮੈਕਲੂਹਨ ਠੀਕ ਕਿਵੇਂ ਹੈ, ਇਹ ਸਮਝਣ ਲਈ ਇੱਕ ਹੋਰ ਮਿਸਾਲ ਪੇਸ਼ ਹੈ। ਪਹਿਲਾਂ ਬਾਹਰਲੇ ਮੁਲਕਾਂ ਵਿਚ ਰਹਿੰਦੇ ਲੋਕ ਜਾਂ ਦੂਰ ਦਰਾਜ ਕੰਮ ਕਰਨ ਵਾਲੇ ਜਿਵੇਂ ਫੌਜੀ ਆਦਿ ਆਪਣੇ ਪਰਿਵਾਰਾਂ ਨੂੰ ਚਿੱਠੀਆਂ ਲਿਖਦੇ ਸਨ। ਸਾਰੇ ਟੱਬਰ ਨੂੰ ਚਿੱਠੀ ਦੀ ਉਡੀਕ ਰਹਿੰਦੀ ਸੀ। ਜਦੋਂ ਡਾਕੀਆ ਆਉਂਦਾ ਸੀ ਤਾਂ ਉਸਦੇ ਪਰਿਵਾਰ ਵਾਲੇ ਹਥਲੇ ਕੰਮ ਛੱਡ ਕੇ ਡਾਕੀਏ ਵੱਲ ਭੱਜਦੇ ਸਨ। ਚਿੱਠੀ ਦਾ ਆਉਣਾ ਆਪਣੇ ਆਪ ਵਿਚ ਇੱਕ ਘਟਨਾ ਹੁੰਦਾ ਸੀ। ਮੂੰਹ ਕੋਲ ਪਹੁੰਚੀ ਬੁਰਕੀ ਡਾਕੀਏ ਦੇ ਸਾਈਕਲ ਦੀ ਟੱਲੀ ਸੁਣ ਕੇ ਹੇਠਾਂ ਡਿੱਗ ਪੈਂਦੀ ਸੀ। ਸਾਰਾ ਟੱਬਰ ਇਕੱਠੇ ਬੈਠ ਕੇ ਚਿਠੀ ਪੜ੍ਹਦੇ ਸਨ। ਮਾਵਾਂ ਵੈਰਾਗ ਵਿਚ ਆ ਕੇ ਰੋਣ ਵੀ ਲੱਗ ਜਾਂਦੀਆਂ ਸਨ। ਟੱਬਰ ਦੇ ਸਾਂਝੇ ਮਨ ਅੰਦਰ ਆਪਣੇ ਸਕੇ ਸੰਬੰਧੀ ਦੀਆਂ ਯਾਦਾਂ ਚਹਿਕ ਉਠਦੀਆਂ ਸਨ। ਚਿੱਠੀਆਂ ਨੂੰ ਵਰ੍ਹਿਆਂ ਤੱਕ ਸੰਭਾਲ ਕੇ ਰੱਖਿਆ ਜਾਂਦਾ ਸੀ। ਇਹ ਪਰਿਵਾਰ ਦਾ ਸਾਂਝਾ ਅਨਮੋਲ ਖਜਾਨਾ ਹੁੰਦੀਆਂ ਸਨ।ਫੇਰ ਫੋਨ ਆ ਗਏ ਤੇ ਹੁਣ ਵਟਸ ਐਪ। ਕਹਿਣ ਨੂੰ ਤਾਂ ਵਟਸ ਐਪ ਸੁਨੇਹਾ ਵੀ ਸੁਨੇਹਾ ਹੀ ਹੈ। ਪਰ ਉਸਦੀ ਵੁੱਕਤ ਕੀ ਹੈ। ਉਸ ਵਿਚ ਚਿੱਠੀ ਵਾਲੀ ਜਜ਼ਬਾਤੀ ਸ਼ਿੱਦਤ ਕਿਥੇ ਹੈ? ਵਟਸ ਐਪ ਸੁਨੇਹਿਆਂ ਨੂੰ ਕੌਣ ਸਾਂਭ ਕੇ ਰੱਖਦਾ ਹੈ? ਭਾਵੇਂ ਫੋਨਾਂ ਅਤੇ ਵਟਸ ਐਪ ਦੀ ਬਹੁਤ ਸਹੂਲਤ ਹੈ ਪਰ ਇਹਨਾਂ ਨੇ ਚਿੱਠੀ ਵਾਲੀ ਅਪਣੱਤ ਵੀ ਖਤਮ ਕਰ ਦਿੱਤੀ। ਹੁਣ ਫੋਨ ਸਿਰਫ ਭਾਵਨਾਵਾਂ ਤੋਂ ਸੱਖਣਾ ਸੁਨੇਹੇ ਲਾਉਣ ਵਾਲਾ ਯੰਤਰ ਮਾਤਰ ਹੈ। ਭਾਵੇਂ ਕਦੇ ਕਦੇ ਟੈਕਸਟ ਮੈਸਜ ਦੁਆਰਾ ਵੀ ਕੋਈ ਜਜ਼ਬਾਤੀ ਹੋ ਕੇ ਗੱਲ ਕਰ ਸਕਦਾ ਹੈ, ਪਰ ਇਹ ਜਰੀਆ ਜਜ਼ਬਾਤਾਂ ਦੀ ਕਦਰ ਨਹੀਂ ਪਾਉਂਦਾ। ਉਹਨਾਂ ਨੂੰ ਹੀਣੇ ਕਰਦਾ ਹੈ। ਇਸ ਤਰਾਂ ਜਰੀਏ ਨੇ ਸੁਨੇਹਾ ਹੀ ਬਦਲ ਦਿੱਤਾ। ਉਸ ਵਿਚੋਂ ਜਜ਼ਬਾਤ ਮਨਫ਼ੀ ਕਰ ਦਿੱਤੇ ਭਾਵੇਂ ਉਸਦੀ ਗਤੀ ਨੂੰ ਵਧਾਇਆ ਵੀ ਹੈ। ਇਸ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਜਾਣਕਾਰੀ ਦੇ ਲੈਣ ਦੇਣ ਲਈ ਤਾਂ ਨਵੀਂ ਤਕਨਾਲੋਜੀ ਠੀਕ ਹੈ ਪਰ ਜਦੋਂ ਅਸੀਂ ਦਿਲ ਦੀ ਗੱਲ ਕਰਨੀ ਹੋਵੇ ਤਾਂ ਕਈ ਵਾਰ ਅਜਿਹੇ ਸਾਧਨ ਅੜਿੱਕਾ ਬਣ ਜਾਂਦੇ ਹਨ।ਇੰਟਰਨੈੱਟ ਨੇ ਰਾਜਨੀਤੀ ਦੇ ਵਹਿਣ ਵੀ ਬਦਲ ਦਿੱਤੇ ਹਨ। ਤਕਨੀਕੀ ਸਾਧਨਾਂ ਨੇ ਲੋਕਾਂ ਦੀ ਸਮਝ ਉੱਤੇ ਹਾਵੀ ਹੋਣਾ ਸ਼ੁਰੂ ਕਰ ਦਿੱਤਾ ਹੈ। Fake news ਮਨੁੱਖਤਾ ਨੂੰ ਦਰਪੇਸ਼ ਵੱਡਾ ਮਸਲਾ ਬਣ ਗਿਆ ਹੈ।
ਮੈਕਲੂਹਨ ਇੱਕ ਹੋਰ ਉਦਾਹਰਣ ਰੇਲਵੇ ਦੀ ਦਿੰਦਾ ਹੈ। ਕਹਿਣ ਨੂੰ ਤਾਂ ਭਾਵੇਂ ਰੇਲਵੇ ਸਾਮਾਨ ਜਾਂ ਯਾਤਰੂਆਂ ਨੂੰ ਇੱਕ ਥਾਂ ਤੋਂ ਦੂਜੇ ਥਾਂ ਪਹੁੰਚਾਉਣ ਦਾ ਪੁਰਾਣੇ ਤਰੀਕਿਆਂ, ਜਿਵੇਂ ਬਲਦ ਗੱਡੀ, ਤੋਂ ਵਧੀਆ ਤਰੀਕਾ ਹੀ ਹੈ ਜਿਹੜਾ ਕੰਮ ਨੂੰ ਤੇਜੀ ਨਾਲ ਨਿਬੇੜ ਸਕਦਾ ਹੈ ਪਰ ਜਦੋਂ ਧਿਆਨ ਨਾਲ ਵੇਖੀਏ ਤਾਂ ਹੋਰ ਤਸਵੀਰ ਨਜਰ ਆਉਂਦੀ ਹੈ। ਰੇਲਵੇ ਦੇ ਆਉਣ ਨਾਲ ਸਿਰਫ ਤੇਜੀ ਹੀ ਨਹੀਂ ਆਈ ਬਲਕਿ ਸਮੁਚੇ ਸਮਾਜ ਦਾ ਸਰੂਪ ਹੀ ਬਦਲ ਗਿਆ। ਰੇਲਵੇ ਤੋਂ ਬਿਨਾਂ ਪੱਛਮੀ ਸਮਾਜ ਦਾ ਏਨੇ ਵੱਡੇ ਪੱਧਰ ਉੱਤੇ ਸ਼ਹਿਰੀਕਰਨ ਨਹੀਂ ਸੀ ਹੋ ਸਕਦਾ। ਸਮਾਜ ਦੇ ਸ਼ਹਿਰੀਕਰਨ ਨੇ ਅੱਜ ਦੇ ਸੱਭਿਆਚਾਰ ਨੂੰ ਵੀ ਪ੍ਰਭਾਵਿਤ ਕੀਤਾ। ਅੱਜ ਕੱਲ ਹਰ ਥਾਂ ਫੈਲਿਆ ਹੋਇਆ consumerism ਤੇ individualism ਸ਼ਹਿਰੀਕਰਨ ਤੋਂ ਬਿਨਾ ਸੰਭਵ ਨਹੀਂ ਸੀ। ਅਜਿਹੇ ਵਰਤਾਰਿਆਂ ਨੇ ਮਨੁੱਖ ਦੀ ਇਕੱਲ ਵਿਚ ਵਾਧਾ ਕੀਤਾ ਤੇ ਉਸਨੂੰ ਮਾਨਸਿਕ ਬਿਮਾਰੀਆਂ ਦੀ ਡੂੰਘੀ ਖੱਡ ਵਿਚ ਸਿੱਟ ਦਿੱਤਾ ਹੈ। ਰਿਸ਼ਤੇ ਨਾਤੇ ਤਾਰ ਤਾਰ ਹੋ ਚੁੱਕੇ ਹਨ। ਰੇਲਵੇ ਨੂੰ ਇਸ ਸਭ ਲਈ ਸਿਧੇ ਤੌਰ ਤੇ ਜਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਪਰ ਇਹ ਸਭ ਕੁਝ ਰੇਲਵੇ ਤੋਂ ਬਿਨਾ ਸੰਭਵ ਵੀ ਨਹੀਂ ਹੋ ਸਕਦਾ ਸੀ। ਇਸ ਤਰਾਂ ਆਵਾਜਾਈ ਦੇ ਇੱਕ ਨਵੇਂ ਸਾਧਨ ਨੇ ਸਮੁਚੇ ਸਮਾਜ ਦੀ ਨੁਹਾਰ ਹੀ ਬਦਲ ਕੇ ਰੱਖ ਦਿੱਤੀ। ਇਸ ਤਰਾਂ ਲੰਮੇ ਦੌਰ ਵਿਚ ਹਰ ਜਰੀਆ ਆਪਣੇ ਆਪ ਵਿਚ ਹੀ ਸਾਧਨ ਬਣ ਜਾਂਦਾ ਹੈ ਅਜਿਹੀਆਂ ਤਬਦੀਲੀਆਂ ਲਿਆ ਦਿੰਦਾ ਹੈ ਜੋ ਕਿਸੇ ਨੇ ਕਿਆਸੀਆਂ ਵੀ ਨਹੀਂ ਹੁੰਦੀਆਂ।

ਗੁਰੂ ਸਾਹਿਬਾਨ ਦੀਆਂ ਆਤਮਿਕ ਯਾਦਾਂ ਖਾਲਸਾ ਪੰਥ ਦੇ ਸਮੂਹਿਕ ਅਵਚੇਤਨ ਦਾ ਅਟੁੱਟ ਅੰਗ ਹਨ। ਜਦੋਂ ਅਸੀਂ ਬੇਧਿਆਨੀ ਵਿਚ ਕਿਸੇ ਨਵੇਂ ਜਰੀਏ ਰਾਹੀਂ ਇਹਨਾਂ ਯਾਦਾਂ ਨੂੰ ਅਗਲੀ ਪੀੜ੍ਹੀ ਤਕ ਪਹੁੰਚਾਉਣ ਦਾ ਜਤਨ ਕਰਦੇ ਹਾਂ ਤਾਂ ਕਈ ਵਾਰ ਇਸ ਸਮੂਹਿਕ ਅਵਚੇਤਨ ਦਾ ਸਰੂਪ ਬਦਲ ਦੇਣ ਦਾ ਖਤਰਾ ਵੀ ਨਾਲ ਹੀ ਸਹੇੜ ਲੈਂਦੇ ਹਾਂ। ਫ਼ਿਲਮਾਂ ਮਨੁੱਖੀ ਅਵਚੇਤਨ ਦੀਆਂ ਸੂਖਮ ਪਰਤਾਂ ਲਈ ਬੁਲਡੋਜ਼ਰ ਦਾ ਕੰਮ ਕਰਦੀਆਂ ਹਨ। ਜਿਵੇਂ ਰੇਲਵੇ ਨੇ ਪੱਛਮੀ ਸਮਾਜ ਦਾ ਸਰੂਪ ਬਦਲਿਆ ਹੈ ਉਵੇਂ ਹੀ ਫ਼ਿਲਮਾਂ ਵੀ ਸਾਡੇ ਅਵਚੇਤਨ ਦੀ ਸੰਰਚਨਾ ਨੂੰ ਬਦਲਣ ਦੀ ਸ਼ਕਤੀ ਰੱਖਦੀਆਂ ਹਨ। ਫ਼ਿਲਮਾਂ ਬੱਚਿਆਂ ਅੰਦਰਲੀ ਕਲਪਨਾ ਦੀ ਉਡਾਰੀ ਨੂੰ ਖਤਮ ਕਰ ਉਹਨਾਂ ਨੂੰ ਬਣੇ ਬਣਾਏ ਬਿੰਬ ਮੁਹਈਆ ਕਰਵਾਉਂਦੀਆਂ ਹਨ ਜਿਹਨਾਂ ਤੋਂ ਉਹ ਛੇਤੀ ਹੀ ਅੱਕ ਜਾਂਦੇ ਹਨ ਤੇ ਫਿਰ ਕਿਸੇ ਨਵੀਂ ਫਿਲਮ ਜਾਂ ਨਾਟਕ ਦੀ ਭਾਲ ਕਰਦੇ ਹਨ।ਇਸਦੇ ਮੁਕਾਬਲੇ ਸਾਖੀਆਂ ਦਾ ਅਵਚੇਤਨ ਉੱਤੇ ਪ੍ਰਭਾਵ ਬਿਲਕੁਲ ਵੱਖਰੀ ਕਿਸਮ ਦਾ ਹੈ। ਸਾਖੀਆਂ ਦੀ ਬੋਲੀ ਗੁਰੂ ਸਾਹਿਬਾਨ ਦੇ ਸਰਗੁਣ ਸਰੂਪ ਦੀ ਛੋਹ ਨਾਲ ਪਵਿੱਤਰ ਹੋਈ ਬੋਲੀ ਹੈ। ਸਾਖੀਆਂ ਨੂੰ ਗੁਰਬਾਣੀ ਦਾ ਅਦ੍ਰਿਸ਼ਟ ਸੰਸਾਰ ਪ੍ਰਕਾਸ਼ਮਾਨ ਕਰਦਾ ਹੈ। ਸਾਖੀ ਸਰਵਣ ਕਰਦਾ ਬੱਚਾ ਕਿਸੇ ਹੋਰ ਦੁਨੀਆਂ ਵਿਚ ਪਹੁੰਚ ਜਾਂਦਾ ਹੈ। ਉਸਦੀ ਕਲਪਨਾ ਗੁਰੂ ਸਾਹਿਬ ਦੇ ਜੀਵਨ ਨਾਲ ਸੰਬੰਧਿਤ ਬਿੰਬਾਂ ਅਤੇ ਪਾਵਨ ਦ੍ਰਿਸ਼ਾਂ ਨੂੰ ਸਿਰਜਦੀ ਹੈ, ਕੰਪਿਊਟਰ ਲੈਬ ਵਿਚ ਬੈਠਾ ਕੋਈ ਤਕਨੀਸ਼ੀਅਨ ਨਹੀਂ। ਅਜਿਹਾ ਕਰਦਿਆਂ ਉਸਦੀ ਕਲਪਨਾ ਸਸ਼ਕਤ ਹੁੰਦੀ ਹੈ ਜਿਹੜੀ ਉਮਰ ਭਰ ਉਸਦੀ ਸਿਰਜਣਾ, ਸੂਰਮਗਤੀ, ਸੇਵਾ ਤੇ ਸਿਮਰਨ ਨੂੰ ਊਰਜਿਤ ਕਰਦੀ ਰਹਿੰਦੀ ਹੈ। ਜਦੋਂ ਇਸ ਤਰਾਂ ਸਸ਼ਕਤ ਹੋਈ ਕਲਪਨਾ ਨੂੰ ਗੁਰਬਾਣੀ ਤਾਂ ਪਾਣੀ ਮਿਲਦਾ ਹੈ ਤਾਂ ਉਸਦੇ ਆਚਰਣ ਦਾ ਬਾਗ਼ ਹਰਿਆ ਭਰਿਆ ਹੋ ਜਾਂਦਾ ਹੈ। ਅਜਿਹੇ ਆਚਰਣ ਵਾਲੇ ਸਿਖਾਂ ਤੋਂ ਬਿਨਾ ਇਤਿਹਾਸ ਸਿਰਜਣਾ ਦੀ ਪ੍ਰਕਿਰਿਆ ਰੁਕ ਜਾਂਦੀ ਹੈ। ਸਿੱਖਾਂ ਦੇ ਮੌਜੂਦਾ ਸੰਕਟ ਦੀਆਂ ਜੜ੍ਹਾਂ ਬਹੁਤ ਹੱਦ ਤੱਕ ਸਿੱਖੀ ਦੀ ਰੰਗਤ ਵਾਲੀਆਂ ਇਹਨਾਂ ਪ੍ਰੰਪਰਾਵਾਂ ਨੂੰ ਤਿਆਗਣ ਵਿਚ ਪਈਆਂ ਹਨ।ਅੱਜ ਸਿਖਾਂ ਲਈ ਸਭ ਤੋਂ ਵੱਡੀ ਸਮਝਣ ਵਾਲੀ ਗੱਲ ਇਹ ਹੈ ਕਿ ਗ਼ੁਲਾਮੀ ਦਾ ਇਹ ਦੌਰ ਕਈ ਸਦੀਆਂ ਤੱਕ ਵੀ ਚੱਲ ਸਕਦਾ ਹੈ। ਅਜਿਹੀ ਸਥਿਤੀ ਵਿਚ ਸਾਡੀਆਂ ਜਿੰਮੇਵਾਰੀਆਂ ਵੀ ਵੱਡੀਆਂ ਹੋ ਜਾਂਦੀਆਂ ਹਨ। ਸਿੱਖੀ ਦੇ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤਕ ਪ੍ਰਵਾਹ ਨੂੰ ਨਿਰਵਿਘਨ ਚਲਾਉਣ ਲਈ ਜਰੂਰੀ ਹੈ ਕਿ ਅਸੀਂ ਆਪਣੀ ਸਾਂਝੀ ਯਾਦ ਦੀ ਇਉਂ ਸੰਭਾਲ ਕਰੀਏ ਜਿਵੇਂ ਇੱਕ ਮਾਂ ਆਪਣੇ ਬਾਲ ਦੀ ਕਰਦੀ ਹੈ। ਨਹੀਂ ਤਾਂ ਜਿਵੇਂ ਅਸੀਂ ਆਪਣੇ ਇਤਿਹਾਸਕ ਅਸਥਾਨ ਗੁਆ ਲਏ ਹਨ ਉਵੇਂ ਹੀ ਕਿਤੇ ਆਤਮਿਕ ਯਾਦਾਂ ਦਾ ਇਹ ਰੰਗਲਾ ਬਾਗ਼ ਵੀ ਨਾ ਉਜਾੜ ਦੇਈਏ।ਸਮੂਹ ਸੰਗਤ ਨੂੰ ਬੇਨਤੀ ਹੈ ਕਿ ‘ਮੀਰੀ ਪੀਰੀ’ ਫਿਲਮ ਦਾ ਵੱਧ ਤੋਂ ਵੱਧ ਵਿਰੋਧ ਕਰੋ ਅਤੇ ਇਸਨੂੰ ਕਿਸੇ ਵੀ ਹਾਲਤ ਵਿਚ ਚੱਲਣ ਨਾ ਦਿਓ। ਇਸੇ ਵਿਚ ਹੀ ਸਾਡੀ ਭਲਾਈ ਹੈ।-ਪ੍ਰਭਸ਼ਰਨਬੀਰ ਸਿੰਘ

Check Also

ਵੀਡਿਓ ਦੇਖ ਕੇ ਜਾਣੋ: ਕਿਹੋ ਜਿਹਾ ਸੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ

ਅੰਗਰੇਜ਼ਾਂ ਨੇ ਮਹਾਰਾਜੇ ਦਾ ਕੇਵਲ ਰਾਜ ਨੀ ਖੋਹਿਆ, ਬਲਕਿ ਉਸਦੇ ਪਰਿਵਾਰ ਨੂੰ ਵੀ ਦਰ-ਦਰ ਠੋਕਰਾਂ …

%d bloggers like this: