Breaking News
Home / ਤਾਜ਼ਾ ਖਬਰਾਂ / ਫਰੀਦਕੋਟ ਪੁਲਿਸ ਵੱਲੋਂ ਲਾਪਤਾ ਕੀਤੇ ਨੌਜਵਾਨ ਦੇ ਨਾਨਾ ਜੀ ਨੇ ਦੱਸੀ ਸਾਰੀ ਗੱਲ

ਫਰੀਦਕੋਟ ਪੁਲਿਸ ਵੱਲੋਂ ਲਾਪਤਾ ਕੀਤੇ ਨੌਜਵਾਨ ਦੇ ਨਾਨਾ ਜੀ ਨੇ ਦੱਸੀ ਸਾਰੀ ਗੱਲ

ਥਾਣੇਦਾਰ ਮੁੜਕੋ-ਮੁੜਕੀ ਹੋਇਆ ਪਿਆ ਸੀ…..
ਫਰੀਦਕੋਟ ਪੁਲਿਸ ਵੱਲੋਂ ਲਾਪਤਾ ਕੀਤੇ ਨੌਜਵਾਨ ਦੇ ਨਾਨਾ ਜੀ ਨੇ ਦੱਸੀ ਸਾਰੀ ਗੱਲ: ਹੀਰਾ ਸਿੰਘ/ਪਪਲਪ੍ਰੀਤ ਸਿੰਘ

ਸੀਆਈਏ ਸਟਾਫ ਫ਼ਰੀਦਕੋਟ ਦੀ ਹਿਰਾਸਤ ਵਿੱਚ 18 ਮਈ ਦੀ ਰਾਤ ਨੂੰ ਸ਼ੱਕੀ ਹਾਲਤ ਵਿੱਚ ਕਤਲ ਹੋਏ ਨੌਜਵਾਨ ਜਸਪਾਲ ਸਿੰਘ ਦੀ ਲਾਸ਼ ਇੱਕ ਹਫ਼ਤੇ ਬਾਅਦ ਵੀ ਰਾਜਸਥਾਨ ਫੀਡਰ ਵਿੱਚੋਂ ਨਹੀਂ ਮਿਲੀ। ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਮ੍ਰਿਤਕ ਨੌਜਵਾਨ ਦੀ ਲਾਸ਼ ਲੱਭਣ ਲਈ ਸੀਆਈਏ ਸਟਾਫ਼ ਦੇ ਦੋ ਮੁਲਾਜ਼ਮਾਂ ਨੂੰ ਰਿਮਾਂਡ ’ਤੇ ਲੈ ਚੁੱਕੀ ਹੈ। ਇਨ੍ਹਾਂ ਮੁਲਾਜ਼ਮਾਂ ਦੀ ਨਿਸ਼ਾਨਦੇਹੀ ’ਤੇ ਲਾਸ਼ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੂਜੇ ਪਾਸੇ ਪੁਲੀਸ ਨੇ ਜਸਪਾਲ ਸਿੰਘ ਕਤਲ ਕਾਂਡ ਨੂੰ ਖ਼ੁਦਕੁਸ਼ੀ ਸਾਬਤ ਕਰਨ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ।

ਪੁਲੀਸ ਦਾ ਦਾਅਵਾ ਹੈ ਕਿ ਸੀਆਈਏ ਸਟਾਫ਼ ਦੇ ਕੈਮਰੇ ਵਿੱਚੋਂ ਇੱਕ ਵੀਡੀਓ ਮਿਲੀ ਹੈ ਜਿਸ ਵਿੱਚ ਜਸਪਾਲ ਸਿੰਘ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲਾਂਕਿ ਪੁਲੀਸ ਨੇ ਇਹ ਵੀਡੀਓ ਅਜੇ ਤੱਕ ਜਨਤਕ ਨਹੀਂ ਕੀਤੀ। ਉਧਰ ਲਾਸ਼ ਨਾ ਮਿਲਣ ਕਾਰਨ ਪੀੜਤ ਪਰਿਵਾਰ ਅਤੇ ਐਕਸ਼ਨ ਕਮੇਟੀ ਨੇ ਜ਼ਿਲ੍ਹਾ ਪੁਲੀਸ ਮੁਖੀ ਦਾ ਦਫ਼ਤਰ ਘੇਰਿਆ ਹੋਇਆ ਹੈ। 21 ਮਈ ਤੋਂ ਇੱਥੇ ਲਗਾਤਾਰ ਰੋਸ ਧਰਨਾ ਚੱਲ ਰਿਹਾ ਹੈ, ਜਿਸ ਵਿੱਚ ਪੰਜਾਬ ਭਰ ਤੋਂ ਲੋਕ ਸ਼ਾਮਲ ਹੋ ਰਹੇ ਹਨ।

ਇਸ ਦੌਰਾਨ ਜਸਪਾਲ ਸਿੰਘ ਦੇ ਕਤਲ ਤੋਂ ਬਾਅਦ ਸੀਆਈਏ ਸਟਾਫ਼ ਦੇ ਇੰਚਾਰਜ ਨਰਿੰਦਰ ਸਿੰਘ ਵੱਲੋਂ ਕੀਤੀ ਗਈ ਖੁਦਕੁਸ਼ੀ ਵੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਮੈਡੀਕਲ ਬੋਰਡ ਵੱਲੋਂ ਕੀਤੇ ਗਏ ਪੋਸਟ ਮਾਰਟਮ ਤੋਂ ਪਤਾ ਲੱਗਾ ਹੈ ਕਿ ਨਰਿੰਦਰ ਸਿੰਘ ਦੀ ਵੱਖੀ ਵਿੱਚ ਗੋਲੀ ਵੱਜੀ ਸੀ। ਐਕਸ਼ਨ ਕਮੇਟੀ ਦੇ ਆਗੂ ਰਜਿੰਦਰ ਸਿੰਘ, ਬੂਟਾ ਸਿੰਘ, ਕਰਨ ਭੁੱਲਰ, ਸੁਖਵਿੰਦਰ ਸੁੱਖੀ, ਗੁਰਦਿਆਲ ਭੱਟੀ, ਕੇਸ਼ਵ ਅਜ਼ਾਦ ਅਤੇ ਲਵਪ੍ਰੀਤ ਸਿੰਘ ਫੇਰੋਕੇ ਨੇ ਕਿਹਾ ਕਿ ਘਟਨਾ ਸਮੇਂ ਇੰਸਪੈਕਟਰ ਨਰਿੰਦਰ ਸਿੰਘ ਕੋਲ ਆਪਣਾ ਸਰਕਾਰੀ ਰਿਵਾਲਵਰ ਮੌਜੂਦ ਸੀ। ਇਸ ਤੋਂ ਇਲਾਵਾ ਗੰਨਮੈਨ ਨੇ ਆਪਣਾ ਹਥਿਆਰ ਇੰਸਪੈਕਟਰ ਨੂੰ ਕਿਉਂ ਸੌਂਪਿਆ। ਇਹ ਸਾਰੇ ਵਿਵਾਦਤ ਸਵਾਲ ਹਨ ਜਿਨ੍ਹਾਂ ਦਾ ਪੁਲੀਸ ਕੋਈ ਜਵਾਬ ਨਹੀਂ ਦੇ ਰਹੀ। ਐਕਸ਼ਨ ਕਮੇਟੀ ਨੇ ਮੰਗ ਕੀਤੀ ਕਿ ਇਸ ਸਮੁੱਚੇ ਮਾਮਲੇ ਦੀ ਕਿਸੇ ਮੌਜੂਦਾ ਜੱਜ ਕੋਲੋਂ ਜਾਂਚ ਕਰਵਾਈ ਜਾਵੇ।

ਜ਼ਿਲ੍ਹਾ ਪੁਲੀਸ ਮੁਖੀ ਰਾਜ ਬਚਨ ਸਿੰਘ ਨੇ ਕਿਹਾ ਕਿ ਪੁਲੀਸ ਇਸ ਮਾਮਲੇ ਨੂੰ ਹੱਲ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਦੀਆਂ ਵਿਸ਼ੇਸ਼ ਟੀਮਾਂ ਜਸਪਾਲ ਸਿੰਘ ਦੀ ਲਾਸ਼ ਲੱਭਣ ਲਈ ਫਰੀਦਕੋਟ ਤੋਂ ਲੈ ਕੇ ਰਾਜਸਥਾਨ ਤੱਕ ਰਾਜਸਥਾਨ ਫੀਡਰ ਦੀ ਜਾਂਚ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੇ ਹੱਲ ਲਈ ਫੋਰੈਂਸਿਕ ਮਾਹਿਰਾਂ ਦੀ ਵੀ ਮਦਦ ਲਈ ਜਾ ਰਹੀ ਹੈ। ਅੱਜ ਪੁਲੀਸ ਮੁਖੀ ਦਫ਼ਤਰ ਸਾਹਮਣੇ ਲੱਗੇ ਵਿਸ਼ਾਲ ਰੋਸ ਧਰਨੇ ਨੂੰ ਹਰਦੀਪ ਕੌਰ ਕੋਟਲਾ, ਗੁਰਪਾਲ ਸਿੰਘ ਨੰਗਲ, ਪਰਮਜੀਤ ਸਿੰਘ ਪੱਖੀ, ਸੁਖਜੀਤ ਸਿੰਘ, ਅਮਰੀਕ ਸਿੰਘ ਭਾਣਾ, ਕੁਲਦੀਪ ਕੁਮਾਰ ਸ਼ਰਮਾ ਆਦਿ ਨੇ ਸੰਬੋਧਨ ਕੀਤਾ।

ਸੀਆਈਏ ਸਟਾਫ਼ ਫਰੀਦੋਕਟ ਦੀ ਹਿਰਾਸਤ ਦੌਰਾਨ ਕਥਿਤ ਕਤਲ ਹੋਏ ਨੌਜਵਾਨ ਜਸਪਾਲ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਲੰਬੀ ਹਲਕੇ ਦੀਆਂ ਲੋਕਪੱਖੀ ਜਥੇਬੰਦੀਆਂ ਅਤੇ ਉਸ ਦੇ ਜੱਦੀ ਪਿੰਡ ਪੰਜਾਵਾ ਦੇ ਲੋਕ ਸੜਕਾਂ ’ਤੇ ਉੱਤਰ ਆਏ ਹਨ। ਉਨ੍ਹਾਂ ਅੱਜ ਪਿੰਡ ਪੰਜਾਵਾ ਵਿੱਚ ਰੋਸ ਮਾਰਚ ਕੱਢ ਕੇ ਜਸਪਾਲ ਸਿੰਘ ਦੀ ਹੱਤਿਆ ਅਤੇ ਲਾਸ਼ ਖੁਰਦ-ਬੁਰਦ ਕਰਨ ਦੇ ਦੋਸ਼ੀ ਪੁਲੀਸ ਅਫਸਰਾਂ ਨੂੰ ਸਜ਼ਾ ਦਿਵਾਉਣ ਦੀ ਮੰਗ ਕੀਤੀ। ਰੋਸ ਮਾਰਚ ਵਿੱਚ ਭਾਕਿਯੂ (ਏਕਤਾ) ਉਗਰਾਹਾਂ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ, ਟੈਕਨੀਕਲ ਸਰਵਿਸ ਯੂਨੀਅਨ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਪੈਨਸ਼ਨਰ ਐਸੋਸੀਏਸ਼ਨ, ਨੌਜਵਾਨ ਭਾਰਤ ਸਭਾ ਅਤੇ ਬਹੁਗਿਣਤੀ ਪਿੰਡ ਵੱਡੀ ਗਿਣਤੀ ’ਚ ਸ਼ਾਮਲ ਹੋਏ। ਇਸ ਮੌਕੇ ਪੁਲੀਸ ਅਤੇ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਰੋਸ ਮਾਰਚ ਨੂੰ ਭਾਕਿਯੂ (ਏਕਤਾ) ਉਗਰਾਹਾਂ ਦੇ ਬਲਾਕ ਪ੍ਰਧਾਨ ਗੁਰਪਾਸ਼ ਸਿੰਘੇਵਾਲਾ, ਟੀਐਸਯੂ ਦੇ ਸੁਖਦਰਸ਼ਨ ਸਿੰਘ, ਪੈਨਸ਼ਨਰ ਐਸੋਸੀਏਸ਼ਨ ਦੇ ਦਿਲਾਵਰ ਸਿੰਘ, ਐੱਮਪੀਏ ਆਗੂ ਡਾ: ਮਹਿੰਦਰ ਸਿੰਘ ਅਤੇ ਨੌਜਵਾਨ ਭਾਰਤ ਸਭਾ ਦੇ ਜਗਦੀਪ ਸਿੰਘ ਖੁੱਡੀਆਂ ਸਮੇਤ ਹੋਰਨਾਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਇਨਸਾਫ ਮਿਲਣ ਤਕ ਸੰਘਰਸ਼ ਜਾਰੀ ਰਹੇਗਾ।

Check Also

ਘਰਵਾਲੀ ਦੀ ਸ਼ਿਕਾਇਤ ‘ਤੇ ਪੁਲਿਸ ਨੇ ਹਿਰਾਸਤ ‘ਚ ਲਿਆ ਪਤੀ, ਹਵਾਲਾਤ ‘ਚ ਕੀਤੀ ਖ਼ੁਦਕੁਸ਼ੀ

ਲੁਧਿਆਣਾ: ਸ਼ਹਿਰ ਦੇ ਲਾਗਲੇ ਲਾਢੋਵਾਲ ਪੁਲਿਸ ਥਾਣੇ ਵਿੱਚ ਅੱਜ ਉਸ ਵੇਲੇ ਮਾਹੌਲ ਸਹਿਮ ਭਰਿਆ ਹੋ …

%d bloggers like this: