Breaking News
Home / ਮੁੱਖ ਖਬਰਾਂ / ਸੇਵਾ ਕਿ ਸਵਾਰਥ ?

ਸੇਵਾ ਕਿ ਸਵਾਰਥ ?

19 ਮਈ ਨੂੰ ਵੋਟਾਂ ਵਾਲੇ ਦਿਨ ਤ੍ਰਿਕਾਲਾਂ ਜਿਹੀਆਂ ਨੂੰ ਇੱਕ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਕਿ “we don’t accept money and things “ ਨਾਮਕ NGO ਦੇ ਸੰਸਥਾਪਕ ਅਨਮੋਲ ਕਵਾਤਰਾ ਤੇ ਉਹਦੇ ਪਿਤਾ ਨੂੰ ਲੁਧਿਆਣੇ ਵਿੱਚ ਕੁੱਟ ਦਿੱਤਾ ਗਿਆ ਹੈ। ਕੁੱਝ ਕੁ ਮਿੰਟਾਂ ਬਾਅਦ ਅਨਮੋਲ ਕਵਾਤਰਾ ਪਾਟੀ ਹੋਈ ਟੀ ਸ਼ਰਟ ਵਿੱਚ ਆਪਣੇ ਪਿਤਾ ਨੂੰ ਨਾਲ ਲੈਕੇ ਫੇਸਬੁੱਕ ਤੇ ਲਾਈਵ ਹੋ ਗਿਆ, ਪਹਿਲਾਂ ਤਾਂ ਉਸਨੇ ਗੁੱਸੇ ਵਿੱਚ ਆਪਣੇ ਵਿਰੋਧੀਆਂ ਨੂੰ ਅਪਸ਼ਬਦ ਬੋਲੇ ਤੇ ਗੰਦੀਆਂ ਗਾਲਾਂ ਵੀ ਕੱਢੀਆਂ ਅਤੇ ਉਸਤੋਂ ਬਾਅਦ ਸਾਰੇ ਪੰਜਾਬ ਵਿੱਚੋਂ ਆਪਣੇ ਨਾਲ ਜੁੜੇ ਹੋਏ ਸਾਰੇ ਵਲੰਟੀਅਰਾਂ ਨੂੰ ਲੁਧਿਆਣੇ ਦੇ ਸ਼ਿਵ ਪੁਰੀ ਚੌਕ ਵਿੱਚ ਪਹੁੰਚਣ ਦੀ ਤਾਕੀਦ ਕਰ ਦਿੱਤੀ। ਵਿੰਹਦਿਆਂ ਹੀ ਵਿੰਹਦਿਆਂ ਸੈਕੜਿਆਂ ਦੀ ਗਿਣਤੀ ਵਿੱਚ ਨੌਜਵਾਨ ਉੱਥੇ ਪੁੱਜਣੇ ਸ਼ੁਰੂ ਹੋ ਗਏ ਤੇ ਚੁਰਾਹਿਆ ਜਾਮ ਕਰ ਦਿੱਤਾ। ਰਾਹਗੀਰ ਬੁਰੀ ਤਰਾਂ ਉਸ ਜਾਮ ਵਿੱਚ ਫਸ ਗਏ, ਤਿੰਨ ਚਾਰ ਐਂਬੂਲੈਂਸਾਂ ਜੋ ਮਰੀਜ ਲੈਕੇ ਜਾ ਰਹੀਆਂ ਸਨ, ਉਹ ਵੀ ਉਸ ਭੀੜ ਵਿੱਚ ਫਸ ਗਈਆਂ। ਹਰ ਬੰਦਾ ਸੋਚ ਰਿਹਾ ਸੀ ਕਿ ਪਤਾ ਨਹੀਂ ਕਿੰਨਾ ਕੁ ਵੱਡਾ ਸੰਕਟ ਆਣ ਪਿਆ ਹੈ, ਜੋ ਨੌਬਤ ਇੱਥੋਂ ਤੱਕ ਆ ਪਹੁੰਚੀ ਹੈ।

ਇੱਕ ਸੱਜਣ ਨੇ ਦੱਸਿਆ ਕਿ ਜਦੋਂ ਇਸ ਮਾਮਲੇ ਦੀ ਡੂੰਘਾਈ ਵਿੱਚ ਜਾਕੇ ਛਾਣਬੀਣ ਕੀਤੀ ਤਾਂ ਇਹ ਇੱਕ ਮਹਿਜ਼ ਮੁਹੱਲੇ ਦੀ ਲੜਾਈ ਤੋਂ ਵੱਧਕੇ ਕੁਝ ਵੀ ਨਹੀਂ ਸੀ। ਗੱਲ ਦਰਅਸਲ ਇਹ ਸੀ ਕਿ ਅਨਮੋਲ ਦਾ ਪਿਤਾ ਰਾਜ ਕੁਮਾਰ ਕਵਾਤਰਾ ਜਿਸਨੂੰ ਉਸਦੇ ਮੁਹੱਲੇ ਵਾਲੇ ਰਾਜੂ ਕਹਿ ਕੇ ਸੱਦਦੇ ਹਨ, ਉਹ ਬੈਂਸ ਦਾ ਸਮਰਥਕ ਹੈ ਅਤੇ ਉਸਨੇ ਆਪਣੇ ਮੁਹੱਲੇ ਵਿੱਚ ਬੈਂਸ ਦਾ ਬੂਥ ਲਾਇਆ ਹੋਇਆ ਸੀ। ਸ਼ਾਮ ਦੇ ਤਕਰੀਬਨ ਸਾਢੇ ਚਾਰ-ਪੰਜ ਵਜੇ ਇਹਨਾਂ ਦੇ ਹੀ ਮੁਹੱਲੇ ਦਾ ਹੋਰ ਵਸਨੀਕ ਮੋਹਿਤ ਰਾਮਪਾਲ ਜੋ ਕਿ ਕਾਂਗਰਸ ਸਮਰਥਕ ਸੁਣੀਦਾ ਹੈ, ਆਪਣੀ ਪਤਨੀ ਨਾਲ ਉੱਥੇ ਵੋਟ ਪਾਉਣ ਆਇਆ। ਜਦੋਂ ਮੋਹਿਤ ਆਪਣੀ ਤੇ ਆਪਣੀ ਪਤਨੀ ਦੀ ਵੋਟ ਪਾਉਣ ਲਈ ਪਰਚੀ ਲੈਣ ਗਿਆ ਤਾਂ ਮਗਰੋਂ ਉਸਦੀ ਘਰਵਾਲੀ ਨੂੰ ਰਾਜ ਕਵਾਤਰਾ ਨੇ ਬੈਂਸ ਨੂੰ ਵੋਟ ਪਾਉਣ ਦੀ ਸਲਾਹ ਦਿੱਤੀ ਜਿਸਤੇ ਉਸ ਔਰਤ ਨੇ ਇਤਰਾਜ਼ ਕੀਤਾ ਤੇ ਵੋਟ ਆਪਣੀ ਮਰਜ਼ੀ ਨਾਲ ਪਾਉਣ ਬਾਰੇ ਦੱਸਿਆ। ਉਹਨਾਂ ਦੀ ਇਹ ਬਹਿਸ ਤਲਖ਼-ਕਲਾਮੀ ਵਿੱਚ ਤਬਦੀਲ ਹੋ ਗਈ। ਉਨੇ ਚਿਰ ਨੂੰ ਮੋਹਿਤ ਵੀ ਆ ਗਿਆ ਤੇ ਇਹ ਆਪਸ ਵਿੱਚ ਹੱਥੋਪਾਈ ਹੋ ਗਏ। ਇਸੇ ਦੌਰਾਨ ਰਾਜ ਕਵਾਤਰਾ ਨੇ ਆਪਣੇ ਲੜਕੇ ਅਨਮੋਲ ਕਵਾਤਰਾ ਨੂੰ ਫੋਨ ਕਰਕੇ ਬੁਲਾ ਲਿਆ। ਅਨਮੋਲ ਵੀ ਆਪਣੇ ਨਾਲ ਪੰਜ-ਸੱਤ ਬੰਦੇ ਲੈ ਕੇ ਮੌਕੇ ਤੇ ਪਹੁੰਚ ਗਿਆ। ਗਰਮਾ-ਗਰਮੀ ਵਿੱਚ ਇਹਨੇ ਵੀ ਜਾਕੇ ਦੋ-ਚਾਰ ਮਾਵਾਂ ਭੈਣਾਂ ਦੀਆਂ ਗਾਲਾਂ ਕੱਢ ਦਿੱਤੀਆਂ ਤੇ ਇਸ ਤਰਾਂ ਇਹ ਉਸ ਲੜਾਈ ਵਿੱਚ ਸਿੱਧਾ ਸ਼ਾਮਿਲ ਹੋ ਗਿਆ, ਉਸੇ ਖਿਚੋਤਾਣ ਵਿੱਚ ਅਨਮੋਲ ਦੇ ਵੀ ਦੋ-ਚਾਰ ਵੱਜ ਗਈਆਂ ਤੇ ਕਪੜੇ ਵੀ ਪਾੜ ਗਏ। ਸੋ ਇਹ ਪੁਲਿਸ ਥਾਣੇ ਜਾਕੇ ਸ਼ਿਕਾਇਤ ਦਰਜ਼ ਕਰਾਉਣ ਦੀ ਬਜਾਇ ਜੋਸ਼ ਵਿੱਚ ਹੋਸ਼ ਭੁਲਾਕੇ ਆਪਣੇ ਵਲੰਟੀਅਰ ਇਕੱਠੇ ਕਰਨ ਲੱਗ ਪਿਆ।
ਸੋ ਸ਼ਾਮ ਨੂੰ ਪੌਣੇ ਕੁ ਅੱਠ ਵਜੇ ਮੋਹਿਤ ਹੋਰਾਂ ਦੇ ਬਰਖਿਲਾਫ ਸ਼ਿਕਾਇਤ ਦਰਜ਼ ਹੋ ਗਈ ਤੇ ਉਹਨਾਂ ਦੀ ਅਰੈਸਟ ਪੈ ਗਈ, ਅਗਲੇ ਦਿਨ ਉਹ ਜਮਾਨਤ ਕਰਾਕੇ ਬਾਹਰ ਆ ਗਏ।

ਹੁਣ ਇੱਥੇ ਇਹ ਗੱਲ ਗੌਰ ਕਰਨ ਵਾਲੀ ਹੈ ਕਿ ਕਿਵੇਂ ਇਸ ਮੁੰਡੇ ਅਨਮੋਲ ਨੇ ਆਪਣੀ ਮੁਹੱਲੇ ਵਿੱਚ ਹੋਈ ਨਿੱਜੀ ਲੜਾਈ ਨੂੰ ਸ਼ੋਸ਼ਲ ਮੀਡੀਆ ਤੇ ਨਸ਼ਰ ਕਰਕੇ ਆਪਣੇ ਨਾਲ ਜੁੜੇ ਹੋਏ ਹਜ਼ਾਰਾਂ ਨੌਜਵਾਨਾਂ ਦੇ ਜਜ਼ਬਾਤਾਂ ਨੂੰ ਆਪਣੇ ਫਾਇਦੇ ਲਈ ਵਰਤਿਆ ਹੈ। ਮੈਨੂੰ ਨਿੱਜੀ ਤੌਰਤੇ ਇਹ ਗੱਲ ਬਹੁਤ ਹੀ ਨੀਵੇਂ ਪੱਧਰ ਦੀ ਲੱਗੀ ਹੈ ਤੇ ਦੁੱਖ ਵੀ ਬਹੁਤ ਹੋਇਆ ਹੈ ਕਿ ਗੱਲਾਂ ਬਾਤਾਂ ਵਿੱਚ ਲੋਕਾਂ ਦੀ ਭਲਾਈ ਨੂੰ ਸਮਰਪਿਤ ਬੰਦਾ, ਹਕੀਕਤ ਵਿੱਚ ਆਪਣੀ ਨਿਰਅਧਾਰ ਮੁਹੱਲੇਦਾਰੀ ਦੇ ਝਗੜੇ ਕਰਕੇ, ਗੁੰਡਿਆਂ ਵਾਂਗ ਲੋਕਾਂ ਦਾ ਰਾਹ ਰੋਕਕੇ ਖੜਾ ਹੈ, ਜਿਸ ਰੁਕਾਵਟ ਦੀ ਜੱਦ ਵਿੱਚ ਮਰੀਜ਼ਾਂ ਨਾਲ ਭਰੀਆਂ, ਐਬੂਲੈਸਾਂ ਵੀ ਆਈਆਂ ਹਨ। ਮੈਂ ਇਸ ਕਾਰੇ ਦੀ ਘੋਰ ਲਫਜ਼ਾਂ ਵਿੱਚ ਨਿੰਦਿਆ ਕਰਦਾ ਹਾਂ।ਆਸ ਕਰਦਾ ਹਾਂ ਕਿ ਇਹ ਖੁਦ ਵੀ ਆਪਣੀ ਗਲਤੀ ਦਾ ਅਹਿਸਾਸ ਕਰੇਗਾ ਤੇ ਇਦੇ ਦੋਸਤ ਵੀ ਇਹਨੂੰ ਸਮਝਾਉਣਗੇ, ਤਾਂ ਜੋ ਅੱਗੇ ਤੋਂ ਇਹੋ ਜਿਹੀ ਖਤਰਨਾਕ ਗਲਤੀ ਕਦੇ ਨਾ ਕਰੇ ਜੋ ਬਾਅਦ ਵਿੱਚ ਸੁਧਾਰੀ ਨਾ ਜਾ ਸਕੇ।

ਨੋਟ:- ਰਾਤ ਨੂੰ ਇਸਦੀ ਮੱਦਦ ਤੇ ਆਏ, ਇੱਕ ਮੁੰਡਾ ਗੁਰਪ੍ਰੀਤ ਸਿੰਘ ਮਿੰਟੂ (ਮਨੁਖਤਾ ਦੀ ਸੇਵਾ NGO) ਵਾਲਾ ਤੇ ਦੂਜਾ ਮੁੰਡਾ ਗੋਲਡੀ ਪੁਲਿਸ ਵਾਲਾ, ਉਹਨਾਂ ਨੇ ਬੜੀ ਸਮਝਦਾਰੀ ਨਾਲ ਇਸ ਖਿਲਾਰੇ ਨੂੰ ਸਮੇਟਿਆ। ਯਾਰੀ ਕਰਕੇ ਤਾਂ ਉਹ ਇਸਦੇ ਨਾਲ ਖੜੇ ਸਨ ਪਰ ਅੰਦਰੋਂ ਸ਼ਰਮਿੰਦਗੀ ਮਹਿਸੂਸ ਕਰ ਰਹੇ ਸਨ।

Check Also

ਭਾਰਤੀ ਮੀਡੀਆ ਦੇ ਪੇਸ਼ਕਾਰੀ ਵੇਖ ਕੇ ਤੁਹਾਨੂੰ ਹਾਸਾ ਵੀ ਆਵੇਗਾ ਤੇ ਗੁੱਸਾ ਵੀ।

ਭਾਰਤੀ ਮੀਡੀਆ ਨੇ ਕਿਸਾਨ ਮੋਰਚੇ ਨੂੰ ਲੈ ਕੇ ਟਵਿਟਰ ਖਿਲਾਫ ਉਗਲਿਆ ਜਹਿਰ, ਕਿਹਾ ਭਾਰਤ ਖਿਲਾਫ …

%d bloggers like this: