ਅਮਰੀਕਾ ਦੇ ਸ਼ਿਕਾਗੋ ਵਿਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ। ਪੁਲਿਸ ਨੇ 3 ਲੋਕਾਂ ‘ਤੇ ਇੱਕ ਗਰਭਵਤੀ ਲੜਕੀ ਦੀ ਹੱਤਿਆ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਪੀੜਤਾ ਦੀ ਮੌਤ ਤੋਂ ਬਾਅਦ ਉਸ ਦੇ ਗਰਭ ਤੋਂ ਉਸ ਦਾ ਬੱਚਾ ਕੱਢ ਲਿਆ। ਪੁਲਿਸ ਨੇ ਦੱਸਿਆ ਕਿ ਮਾਰਲੇਨਾ ਓਚਾਓ ਲੋਪੇਜ (19) ਨੂੰ 23 ਅਪ੍ਰੈਲ ਨੂੰ ਇੱਕ ਜਾਣਕਾਰ ਦੇ ਘਰ ਇਸ ਵਾਅਦੇ ਨਾਲ ਬੁਲਾਇਆ ਕਿ ਉਸ ਨੂੰ ਬੱਚੇ ਦੇ ਕੰਮ ਆਉਣ ਵਾਲਾ ਸਮਾਨ ਮੁਫਤ ਵਿਚ ਦਿੱਤਾ ਜਾਵੇਗਾ। ਉਥੇ ਪੁੱਜਣ ‘ਤੇ ਉਸ ਦੀ ਗਲਾ ਦਬਾ ਕੇ ਹੱਤਿਆ ਕਰ ਦਿੱਤੀ ਗਈ ਅਤੇ ਉਸ ਦੇ ਬੱਚੇ ਨੂੰ ਗਰਭ ਤੋਂ ਕੱਢ ਲਿਆ।
ਕਲਾਰਿਸ ਫਿਗਯੁਰੋਆ (46) ਅਤੇ ਉਸ ਦੀ ਧੀ ਡੇਸੀਰੀ (24) ‘ਤੇ ਫਸਟ ਡਿਗਰੀ ਹੱਤਿਆ ਦਾ ਦੋਸ਼ ਲਗਾਇਆ ਹੈ। ਫਿਗਯੁਰੋਆ ਦੇ ਪ੍ਰੇਮੀ ਪਿਓਟਰ ਬੋਬਾਕ (40) ‘ਤੇ ਪੁਲਿਸ ਨੇ ਹੱਤਿਆ ਦੀ ਗੱਲ ਲੁਕਾਉਣ ਦਾ ਦੋਸ਼ ਲਾਇਆ ਹੈ। ਸ਼ਿਕਾਗੋ ਪੁਲਿਸ ਮੁਖੀ ਜੌਨਸਨ ਨੇ ਇਸ ਨੂੰ ਬਹੁਤ ਹੀ ਘਿਨੌਣਾ ਅਪਰਾਧ ਦੱਸਿਆ। ਜੌਨਸਨ ਨੇ ਕਿਹਾ, ਮੈਂ ਕਲਪਨਾ ਵੀ ਨਹੀਂ ਕਰ ਸਕਦਾ ਕਿ ਇਸ ਸਮੇਂ ਪਰਿਵਾਰ ‘ਤੇ ਕੀ ਬੀਤ ਰਹੀ ਹੋਵੇਗੀ। ਇਸ ਸਮੇਂ ਉਨ੍ਹਾਂ ਦੇ ਘਰ ਖੁਸ਼ੀ ਮਨਾਈ ਜਾਣੀ ਚਾਹੀਦੀ ਸੀ, ਲੇਕਿਨ ਇਸ ਦੀ ਬਜਾਏ ਉਹ ਮਾਂ ਅਤੇ ਅਜਨਮੇ ਬੱਚੇ ਦੇ ਜਾਣ ਦਾ ਸੋਗ ਮਨਾ ਰਹੇ ਹਨ। ਬੱਚੇ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਭਰਤੀ ਕਰਾਇਆ ਗਿਆ। ਪੁਲਿਸ ਨੇ ਦੱਸਿਆ ਕਿ ਲਾਪਤਾ ਲੋਪੇਜ ਦੇ ਮਾਮਲੇ ਵਿਚ ਅਹਿਮ ਮੋੜ ਤਦ ਆਇਆ ਜਦ ਉਨ੍ਹਾਂ ਫਿਗਯੁਰੋਆ ਦੇ ਨਾਲ 7 ਮਈ ਨੂੰ ਫੇਸਬੁੱਕ ‘ਤੇ ਉਸ ਦੀ ਗੱਲਬਾਤ ਦਾ ਪਤਾ ਚਲਿਆ। ਪੁਲਿਸ ਨੇ ਮੰਗਲਵਾਰ ਰਾਤ ਨੂੰ ਫਿਗਯੁਰੋਆ ਦੇ ਘਰ ਦੀ ਤਲਾਸ਼ੀ ਲੈਣ ਦੌਰਾਨ ਕੂੜੇ ਦੇ ਡੱਬੇ ਵਿਚ ਲੋਪੇਜ ਦੀ ਲਾਸ਼ ਦੇਖੀ ਜਿਸ ਨੂੰ ਉਥੇ ਲੁਕਾ ਰੱਖਿਆ ਸੀ। ਡੀਐਨਏ ਜਾਂਚ ਤੋਂ ਬਾਅਦ ਇਹ ਸਾਬਤ ਹੋ ਗਿਆ ਕਿ ਬੱਚਾ ਲੋਪੇਜ ਦਾ ਹੈ ਜਿਸ ਤੋਂ ਬਾਅਦ ਪੁਲਿਸ ਨੇ ਤਲਾਸ਼ੀ ਵਰੰਟ ਕਢਵਾਇਆ।
