ਅਮਰੀਕੀ ਅਦਾਲਤ ਨੇ ਭਾਰਤੀ ਮੂਲ ਦੇ ਇਕ ਅਮਰੀਕੀ ਡਾਕਟਰ ਨੂੰ ਸਾਲ 2016 ਵਿਚ ਗ਼ੈਰ ਕਾਨੂੰਨੀ ਢੰਗ ਨਾਲ ਦਰਦ ਨਿਵਾਰਕ ਦਵਾਈਆਂ ਦੀ ਵੰਡ ਕਰਨ ਤੇ ਮੈਡੀਕੇਅਰ, ਕੌਮੀ ਸਿਹਤ ਦੇਖਭਾਲ ਪ੍ਰੋਗਰਾਮ ਰਾਹੀਂ ਕਥਿਤ ਧੋਖਾਧੜੀ ਕਰਨ ਦੇ ਦੋਸ਼ ਵਿਚ 9 ਸਾਲ ਕੈਦ ਦੀ ਸਜ਼ਾ ਸੁਣਾਈ ਹੈ।
ਮੀਡੀਆ ਦੀ ਰਿਪੋਰਟ ਅਨੁਸਾਰ, ਨਿਊ ਮੈਕਸੀਕੋ ਦੇ ਲਾਸ ਕ੍ਰਸੇਸ ਵਿੱਚ ਫੈਡਰਲ ਅਦਾਲਤ ਨੇ ਵੀਰਵਾਰ ਨੂੰ 66 ਸਾਲਾ ਪਵਨ ਕੁਮਾਰ ਜੈਨ ਨੂੰ ਸਜ਼ਾ ਸੁਣਾਈ। ਜੈਨ ਨੇ 2016 ਵਿੱਚ ਦਰਦ ਪ੍ਰਬੰਧਨ ਅਭਿਆਸ ਤਹਿਤ ਗ਼ਲਤ ਢੰਗ ਨਾਲ ਮੈਥਾਡਾਨ ਵਰਗੀਆਂ ਨਸ਼ੀਲੀਆਂ ਦਵਾਈਆਂ ਦੀ ਵੰਡ ਦੀ ਗੱਲ ਮੰਨ ਲਈ ਹੈ।
ਅਦਾਲਤ ਦੀ ਰਿਪੋਰਟ ਮੁਤਾਬਕ, ਜੈਨ ਦੇ ਇੱਕ ਮਰੀਜ਼ ਜਿਸ ਦੀ ਪਛਾਣ ਮੇਰੀ ਏਲੀਜ਼ਾਬੇਥ ਬੁਕਾਨਨ ਦੇ ਤੌਰ ਉੱਤੇ ਹੋਈ, ਉਸ ਦੀ ਮੌਤ 2009 ਵਿੱਚ ਜੈਨ ਵੱਲੋਂ ਲਿਖੀ ਗਈ ਮੈਥਾਡਾਨ ਦਾ ਸੇਵਨ ਕਰਨ ਨਾਲ ਹੋ ਗਈ।
ਦਵਾਈਆਂ ਲੈਣ ਦੇ ਬਾਅਦ, ਮਰੀਜ਼ ਨੇ ਸਾਹ ਲੈਣ ਵਿੱਚ ਮੁਸ਼ਕਲ ਆਉਣ ਦੀ ਸ਼ਿਕਾਇਤ ਕੀਤੀ ਸੀ। ਵੀਰਵਾਰ ਨੂੰ ਸੁਣਵਾਈ ਦੌਰਾਨ, ਅਮਰੀਕੀ ਅਟਾਰਨੀ ਜਾਨ ਸੀ. ਅੰਡਰਸਨ ਨੇ ਕਿਹਾ ਕਿ ਇਹ ਡਾਕਟਰ ਸਾਡੇ ਭਰੋਸਾ ਦਾ ਹਨਨ ਕਰਦੇ ਹਨ ਅਤੇ ਆਪਣੇ ਵਿੱਤੀ ਲਾਭ ਲਈ ਆਪਣੇ ਮਰੀਜ਼ਾਂ ਲਈ ਇਲਾਜ ਦੀ ਪ੍ਰਮਾਣਿਕਤਾ ਤੋਂ ਬਿਨਾਂ ਨਸ਼ੀਲੀਆਂ ਦਵਾਈਆਂ ਲਿਖਦੇ ਹਨ।