Breaking News
Home / ਰਾਸ਼ਟਰੀ / ਹੁਣ ਏਅਰ ਇੰਡੀਆ ਦਾ ਸਰਵਰ ਡਾਊਨ, ਲੋਕ ਹੋਏ ਖੱਜਲ ਖੁਆਰ

ਹੁਣ ਏਅਰ ਇੰਡੀਆ ਦਾ ਸਰਵਰ ਡਾਊਨ, ਲੋਕ ਹੋਏ ਖੱਜਲ ਖੁਆਰ

ਏਅਰ ਇੰਡੀਆ ਦਾ ਚੈੱਕ-ਇਨ ਸੌਫ਼ਟਵੇਅਰ ਪੰਜ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਠੱਪ ਰਹਿਣ ਕਾਰਨ ਸ਼ਨਿੱਚਰਵਾਰ ਨੂੰ 155 ਉਡਾਨਾਂ ਵਿਚ ਦੇਰੀ ਹੋ ਗਈ। ਇਸ ਕਾਰਨ ਏਅਰ ਇੰਡੀਆ ਦੇ ਹਜ਼ਾਰਾਂ ਯਾਤਰੀ ਦੁਨੀਆ ਭਰ ਦੇ ਕਈ ਹਵਾਈ ਅੱਡਿਆਂ ’ਤੇ ਫ਼ਸ ਗਏ। ਕੌਮੀ ਹਵਾਬਾਜ਼ੀ ਕੰਪਨੀ ਦੇ ਚੇਅਰਮੈਨ ਤੇ ਸੀਐਮਡੀ ਅਸ਼ਵਨੀ ਲੋਹਾਨੀ ਨੇ ਕਿਹਾ ਕਿ ਚੈੱਕ-ਇਨ, ਸਾਮਾਨ ਤੇ ਬੁਕਿੰਗ (ਰਿਜ਼ਰਵੇਸ਼ਨ) ਦੀ ਨਿਗਰਾਨੀ ਕਰਨ ਵਾਲੇ ਯਾਤਰੀ ਸੇਵਾ ਪ੍ਰਣਾਲੀ (ਪੀਐੱਸਐੱਸ) ਸੌਫ਼ਟਵੇਅਰ ਨੇ ਸ਼ਨਿਚਰਵਾਰ ਨੂੰ ਤੜਕੇ ਸਾਢੇ ਤਿੰਨ ਵਜੇ ਤੋਂ ਸਵੇਰੇ 8.45 ਤੱਕ ਕੰਮ ਕਰਨਾ ਬੰਦ ਕਰ ਦਿੱਤਾ।

ਇਸ ਦੌਰਾਨ ਏਅਰਲਾਈਨ ਦੇ ਕਰਮਚਾਰੀ ਯਾਤਰੀਆਂ ਨੂੰ ਬੋਰਡਿੰਗ ਪਾਸ ਜਾਰੀ ਨਹੀਂ ਕਰ ਸਕੇ, ਜਿਸ ਨਾਲ ਦੁਨੀਆ ਭਰ ਵਿਚ ਏਅਰ ਇੰਡੀਆ ਦੇ ਹਜ਼ਾਰਾਂ ਯਾਤਰੀ ਹਵਾਈ ਅੱਡਿਆਂ ’ਤੇ ਫ਼ਸ ਗਏ। ਏਅਰਲਾਈਨ ਦੇ ਸੂਤਰਾਂ ਮੁਤਾਬਕ, ਸੌਫ਼ਟਵੇਅਰ (ਜੋ ਕਿ ਅਟਲਾਂਟਾ ਸਥਿਤ ਕੰਪਨੀ ਐੱਸਆਈਟੀਏ ਦਾ ਹੈ) ਸ਼ਨਿਚਰਵਾਰ ਤੜਕੇ ਸਾਢੇ ਤਿੰਨ ਵਜੇ ਤੋਂ ਸਵੇਰੇ 8.45 ਤੱਕ ਠੱਪ ਰਿਹਾ। ਕੰਪਨੀ ਨੇ ਇਸ ਲਈ ਅਫ਼ਸੋਸ ਜਤਾਇਆ ਹੈ ਤੇ ਸੇਵਾਵਾਂ ਨੂੰ ਕਾਫ਼ੀ ਜੱਦੋਜਹਿਦ ਮਗਰੋਂ ਬਹਾਲ ਕੀਤਾ ਗਿਆ। ਨਤੀਜੇ ਵਜੋਂ ਦੁਨੀਆ ਭਰ ਦੇ ਅਹਿਮ ਹਵਾਈ ਅੱਡਿਆਂ ’ਤੇ ਬੋਰਡਿੰਗ ਪਾਸ ਜਾਰੀ ਨਹੀਂ ਕੀਤੇ ਜਾ ਸਕੇ ਤੇ ਵੱਖ-ਵੱਖ ਉਡਾਨਾਂ ਪੱਛੜ ਗਈਆਂ। ਲੋਹਾਨੀ ਨੇ ਕਿਹਾ ਕਿ ਏਅਰ ਇੰਡੀਆ ਐੱਸਆਈਟੀ ਕੰਪਨੀ ਦੀ ਯਾਤਰੀ ਸੇਵਾ ਪ੍ਰਣਾਲੀ ਦਾ ਇਸਤੇਮਾਲ ਕਰਦੀ ਹੈ। ਇਹ ਕੰਪਨੀ ਸੂਚਨਾ ਤਕਨੀਕ ਖੇਤਰ ਵਿਚ ਵੱਡਾ ਨਾਂ ਹੈ ਤੇ ਏਅਰਲਾਈਨ ਸੈਕਟਰ ਵਿਚ ਚੰਗਾ ਤਜਰਬਾ ਰੱਖਦੀ ਹੈ। ਲੋਹਾਨੀ ਨੇ ਦੱਸਿਆ ਕਿ ਸਵੇਰੇ ਦਸ ਵਜੇ ਤੱਕ ਕੁੱਲ 85 ਜਹਾਜ਼ ਸਮੇਂ ਸਿਰ ਉਡਾਨ ਨਹੀਂ ਭਰ ਸਕੇ। ਉਨ੍ਹਾਂ ਕਿਹਾ ਕਿ ਦਿਨ ਭਰ ਇਸ ਦਾ ਅਸਰ ਦੇਖਣ ਨੂੰ ਮਿਲਿਆ। ਦੇਰੀ ਕਰ ਕੇ ਕੁਝ ਉਡਾਨਾਂ ਰੱਦ ਵੀ ਕੀਤੀਆਂ ਗਈਆਂ। ਬਾਅਦ ਵਿਚ ਏਅਰਲਾਈਨ ਦੇ ਬੁਲਾਰੇ ਨੇ ਸਪੱਸ਼ਟ ਕੀਤਾ ਕਿ ਸ਼ਾਮ ਸਾਢੇ ਅੱਠ ਵਜੇ ਤੱਕ ਔਸਤਨ ਦੋ ਘੰਟਿਆਂ ਲਈ ਕੁੱਲ 155 ਉਡਾਨਾਂ ਵਿਚ ਦੇਰੀ ਹੋਈ ਹੈ। ਏਅਰ ਇੰਡੀਆ ਗਰੁੱਪ ਦੀਆਂ ਇਕ ਦਿਨ ਵਿਚ 674 ਉਡਾਨਾਂ ਹੁੰਦੀਆਂ ਹਨ। ਸੌਫ਼ਟਵੇਅਰ ਬੰਦ ਹੋਣ ਦਾ ਜ਼ਿਆਦਾ ਅਸਰ ਘਰੇਲੂ ਉਡਾਨਾਂ ’ਤੇ ਦੇਖਣ ਨੂੰ ਮਿਲਿਆ। ਜਦਕਿ ਕੌਮਾਂਤਰੀ ਉਡਾਨਾਂ ਨੂੰ ਜ਼ਿਆਦਾ ਮੁਸ਼ਕਲ ਨਹੀਂ ਆਈ। ਦਿੱਲੀ-ਸ਼ੰਘਾਈ ਉਡਾਨ ਵਿਚ ਕਰੀਬ ਡੇਢ ਘੰਟੇ ਦੀ ਦੇਰੀ ਹੋਈ। ਜਦਕਿ ਯੂਰੋਪ ਲਈ ਰਵਾਨਾ ਹੋਈਆਂ ਉਡਾਨਾਂ ਸਮੇਂ ਸਿਰ ਹੀ ਸਨ। ਯਾਤਰੀਆਂ ਨੂੰ ਵੱਖ-ਵੱਖ ਤਰੀਕੇ ਨਾਲ ਸੂੁਚਨਾ ਮੁਹੱਈਆ ਕਰਵਾਈ ਗਈ। ਜਿਹੜੇ ਯਾਤਰੀ ਉਡਾਨ ਨਹੀਂ ਭਰ ਸਕੇ, ਉਨ੍ਹਾਂ ਨੂੰ ਹੋਟਲਾਂ ’ਚ ਠਹਿਰਾਇਆ ਗਿਆ ਜਾਂ ਹੋਰ ਉਡਾਨਾਂ ਰਾਹੀਂ ਭੇਜਿਆ ਗਿਆ। ਸੌਫ਼ਟਵੇਅਰ ਠੱਪ ਹੋਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਯਾਤਰੀਆਂ ਨੇ ਸੋਸ਼ਲ ਮੀਡੀਆ ’ਤੇ ਏਅਰਲਾਈਨ ਵਿਰੁੱਧ ਗੁੱਸਾ ਕੱਢਿਆ। ਲੰਘੇ ਵਰ੍ਹੇ 23 ਜੂਨ ਨੂੰ ਵੀ ਅਜਿਹੀ ਹੀ ਘਟਨਾ ਵਾਪਰੀ ਸੀ।

Check Also

ਹਿੰਦੂ ਅੱਤਵਾਦੀ ਵਿਕਾਸ ਦੂਬੇ ਨੂੰ ਮੰਦਿਰ ਵਿਚ ਲੁਕੇ ਹੋਏ ਨੂੰ ਗ੍ਰਿਫਤਾਰ ਕੀਤਾ ਗਿਆ

ਅੱਠ ਪੁਲਿਸ ਮੁਲਾਜ਼ਮਾਂ ਦਾ ਕਤਲ ਕਰਨ ਵਾਲੇ ਵਿਕਾਸ ਦੂਬੇ ਨੂੰ ਲੋਕਾਂ ਵੱਲੋਂ ਹਿੰਦੂ ਅੱਤਵਾਦੀ ਕਹਿਣ …

%d bloggers like this: