Breaking News
Home / ਪੰਥਕ ਖਬਰਾਂ / ਫਿਲਮ ‘ਕੇਸਰੀ’ : ਸਿੱਖਾਂ ਨੂੰ ਮੁਸਲਮਾਨਾਂ ਵਿਰੁੱਧ, ਰਾਸ਼ਟਰੀ ਸਵੈ ਸੇਵਕ ਸੰਘ ਦੇ ਹੱਕ ’ਚ ਭੁਗਤਾਉਣ ਦਾ ਯਤਨ

ਫਿਲਮ ‘ਕੇਸਰੀ’ : ਸਿੱਖਾਂ ਨੂੰ ਮੁਸਲਮਾਨਾਂ ਵਿਰੁੱਧ, ਰਾਸ਼ਟਰੀ ਸਵੈ ਸੇਵਕ ਸੰਘ ਦੇ ਹੱਕ ’ਚ ਭੁਗਤਾਉਣ ਦਾ ਯਤਨ

ਅਨੁਰਾਗ ਸਿੰਘ ਦੁਆਰਾ ਨਿਰਦੇਸ਼ਤ ਅਕਸ਼ੈ ਕੁਮਾਰ ਦੀ ਮੁੱਖ ਭੂਮਿਕਾ ਵਾਲ਼ੀ ਫਿਲਮ ‘ਕੇਸਰੀ’ ਅੱਜ ਕੱਲ੍ਹ ਚਰਚਾ ’ਚ ਹੈ। ਇਸ ਫਿਲਮ ’ਚ ਭਾਵੇਂ ਸਾਰਾਗੜ੍ਹੀ ਦੀ ਲੜਾਈ ਨੂੰ ਅਧਾਰ ਬਣਾਇਆ ਗਿਆ ਹੈ ਪਰ ਫਿਲਮਕਾਰ ਨੇ ਸਾਰਾਗੜ੍ਹੀ ਦੀ ਲੜਾਈ ਨੂੰ ਸੰਘੀ ਕਲਪਣਾ ਦਾ ਖੂਬ ਰੰਗ ਚਾੜ੍ਹਿਆ ਹੈ। ਨਿਰਦੇਸ਼ਕ ਨੇ ਇਸ ਘਟਨਾ ਨੂੰ ਸੰਘੀ ਵਿਚਾਰਧਾਰਾ ’ਚ ਲਪੇਟ ਦਿੱਤਾ ਹੈ।ਇਹ ਫਿਲਮ ਘੋਰ ਮੁਸਲਿਮ ਵਿਰੋਧੀ ਹੈ ਅਤੇ ਬਰਤਾਨਵੀ ਸਾਮਰਾਜ ਦੀ ਚਮਚਾਗਿਰੀ ਦੀ ਨੁਮਾਇਸ਼ ਹੈ। ਇਹ ਦੋਵੇਂ ਪੱਖ ਸੰਘ ਦੀ ਵਿਚਾਰਧਾਰਾ ਦੇ ਅਹਿਮ ਅੰਗ ਹਨ। ਵਰਤਮਾਨ ਸਮੇਂ ਵਿੱਚ ਸੰਘ ਪਰਿਵਾਰ ਨੇ ਜੋ ਮੁਸਲਿਮ ਵਿਰੋਧੀ ਮੁਹਿੰਮ ਵਿੱਢ ਰੱਖੀ ਹੈ, ਉਸ ਵਿੱਚ ਇਹ ਮੁਸਲਮਾਨਾਂ ਵਿਰੁੱਧ ਸਿੱਖਾਂ ਨੂੰ ਭੁਗਤਾਉਣ ਦਾ ਯਤਨ ਕਰਦੀ ਹੈ।ਇਸ ਫਿਲਮ ਦੀ ਕਹਾਣੀ ਦੀ ਸੰਖੇਪ ’ਚ ਚਰਚਾ ਕਰਦੇ ਹੋਏ ਅਸੀਂ ਇਸ ਫਿਲਮ ਦੀ ਚੀਰਫਾੜ ਦਾ ਯਤਨ ਕਰਾਂਗੇ।

ਭਾਰਤ ’ਤੇ ਕਬਜ਼ੇ ਤੋਂ ਬਾਅਦ ਅੰਗਰੇਜਾਂ ਨੇ ਅਫਗਾਨਿਸਤਾਨ ਨੂੰ ਗੁਲਾਮ ਬਣਾਉਣਾ ਚਾਹਿਆ ਪਰ ਉੱਥੋਂ ਦੇ ਬਹਾਦਰ ਲੋਕਾਂ ਦੇ ਟਾਕਰੇ ਕਾਰਨ ਅੰਗਰੇਜਾਂ ਦੇ ਇਹ ਮਨਸੂਬੇ ਪੂਰੇ ਨਾ ਹੋ ਸਕੇ। ਸਾਰਾਗੜ੍ਹੀ ਦੀ ਲੜਾਈ ਅੰਗਰੇਜ਼ਾਂ ਦੇ ਇਹਨਾਂ ਹੀ ਅਸਫਲ ਮਨਸੂਬਿਆਂ ਦਾ ਅੰਗ ਸੀ। ਪਰ ਇੱਥੇ ਅਸੀਂ ਸਾਰਾਗੜ੍ਹੀ ਦੀ ਲੜਾਈ ਦੇ ਇਤਿਹਾਸਕ ਪਿਛੋਕੜ ਦੀ ਵਿਸਥਾਰੀ ਚਰਚਾ ਵਿੱਚ ਨਾ ਜਾਂਦੇ ਹੋਏ ਗੱਲ ਫਿਲਮ ’ਤੇ ਕੇਂਦਰਤ ਕਰਦੇ ਹਾਂ। ਫਿਲਮ ਦੇ ਸ਼ੁਰੂ ਵਿੱਚ ਇਹ ਅਫਗਾਨ ਕਬੀਲੇ ਦੇ ਲੋਕ ਇੱਕ ਮੁਸਲਮਾਨ ਕੱਟੜਪੰਥੀ ਕਾਜ਼ੀ ਦੇ ਕਹਿਣ ’ਤੇ ਇੱਕ ਔਰਤ ਜਿਸਦਾ ਕਿ ਜ਼ਬਰਦਸਤੀ ਕਿਸੇ ਨਾਲ਼ ਵਿਆਹ ਕਰ ਦਿੱਤਾ ਗਿਆ ਹੈ, ਆਵਦੇ ਪਤੀ ਦੇ ਘਰੋਂ ਭੱਜਣ ਕਾਰਨ ਕਤਲ ਕਰਨਾ ਚਾਹੁੰਦੇ ਹਨ। ਪਰ ਅਕਸ਼ੈ ਕੁਮਾਰ ਅਤੇ ਹੋਰ ਸਿੱਖ ਫੌਜੀ ਆਵਦੇ ਗੋਰੇ (ਅੰਗਰੇਜ਼) ਅਫਸਰ ਦੀ ਹੁਕਮ ਅਦੂਲੀ ਕਰਕੇ ਵੀ ਉਸ ਔਰਤ ਨੂੰ ਬਚਾ ਲੈਂਦੇ ਹਨ। ਬਦਲਾ ਲੈਣ ਲਈ ਅਫਗਾਨ ਕਬੀਲਾ ਗੋਰੀ (ਸਿੱਖ) ਫੌਜ ’ਤੇ ਹਮਲਾ ਕਰ ਦਿੰਦਾ ਹੈ। ਪਰ ਅਫਗਾਨਾਂ ਦਾ ਹਮਲਾ ਪਿਛਾੜ ਦਿੱਤਾ ਜਾਂਦਾ ਹੈ। ਸਜ਼ਾ ਵਜੋਂ ਅਕਸ਼ੈ ਕੁਮਾਰ ਨੂੰ ਬਦਲ ਕੇ ਸਾਰਾਗੜ੍ਹੀ ਦੇ ਕਿਲ੍ਹੇ ’ਤੇ ਭੇਜ ਦਿੱਤਾ ਜਾਂਦਾ ਹੈ।ਉਪਰੋਕਤ ਅਫਗਾਨ ਮੁਸਲਿਮ ਕੱਟੜਪੰਥੀ ਕਾਜ਼ੀ ਹੋਰ ਅਫਗਾਨ ਕਬੀਲਿਆਂ ਨੂੰ ਇਕੱਠਾ ਕਰਕੇ ਸਾਰਾਗੜ੍ਹੀ ਦੇ ਕਿਲ੍ਹੇ ’ਤੇ ਹਮਲਾ ਕਰਵਾਉਂਦਾ ਹੈ। ਸਿੱਖ ਫੌਜੀਆਂ ਦੁਆਰਾ ਬਚਾਈ ਗਈ ਉਪਰੋਕਤ ਮੁਸਲਿਮ ਔਰਤ ਨੂੰ ਸਿੱਖ ਫੌਜੀਆਂ ਦੀਆਂ ਅੱਖਾਂ ਸਾਹਮਣੇ ਕਤਲ ਕੀਤਾ ਜਾਂਦਾ ਹੈ। ਇਸ ਲੜਾਈ ਦੌਰਾਨ ਇੱਕ ਅਫਗਾਨ ਫੌਜ ਵਿੱਚ ਸ਼ਾਮਲ ਇੱਕ ਛੋਟੀ ਉਮਰ ਦਾ ਜਵਾਨ ਅਕਸ਼ੈ ਕੁਮਾਰ ਦੀ ਤਲਵਾਰ ਦੇ ਵਾਰ ਹੇਠ ਆ ਜਾਂਦਾ ਹੈ ਤਾਂ ਅਕਸ਼ੈ ਕੁਮਾਰ ਉਸਨੂੰ ਬੱਚਾ ਸਮਝ ਕੇ ਛੱਡ ਦਿੰਦਾ ਹੈ। ਪਰ ਬਾਅਦ ਵਿੱਚ ਇਹੋ ਬੱਚਾ ਅਕਸ਼ੈ ਕੁਮਾਰ ’ਤੇ ਤਲਵਾਰ ਨਾਲ਼ ਵਾਰ ਕਰਦਾ ਹੈ। ਸਾਰਾਗੜ੍ਹੀ ਦੇ ਕਿਲ੍ਹੇ ਵਿੱਚ ਇੱਕ ਅਫਗਾਨ ਰਸੋਈਆ ਹੈ। ਜੋ ਕਿ ਲੜਾਈ ਦੌਰਾਨ ਅਕਸ਼ੈ ਕੁਮਾਰ ਦੇ ਕਹਿਣ ’ਤੇ ਸਾਰੇ ਜ਼ਖਮੀ ਸੈਨਿਕਾਂ (ਅਫ਼ਗਾਨਾਂ ਸਮੇਤ) ਨੂੰ ਪਾਣੀ ਪਿਆਉਂਦਾ ਹੈ। ਪਰ ਅਫਗਾਨ ਮੁਸਲਿਮ ਕਾਜ਼ੀ ਉਸਨੂੰ ਇਸ ਬਦਲੇ ਕਤਲ ਕਰ ਦਿੰਦਾ ਹੈ।

ਇਸ ਤਰ੍ਹਾਂ ਇਹ ਫਿਲਮ ਮੁਸਲਮਾਨਾਂ ਦਾ ਦੈਂਤੀਕਰਨ ਕਰਦੀ ਹੈ। ਉਹਨਾਂ ਨੂੰ ਬਰਬਰਾਂ ਵਜੋਂ ਦਿਖਾਉਂਦੀ ਹੈ। ਇਹ ਸਾਰਾਗੜ੍ਹੀ ਦੀ ਲੜਾਈ ’ਤੇ ਸੰਘੀ ਕਲਪਨਾਵਾਂ ਦਾ ਲੇਪ ਚਾੜਦੀ ਹੈ। ਸਾਰਾਗੜ੍ਹੀ ਦੀ ਲੜਾਈ, ਅਫਗਾਨਾਂ ਦੁਆਰਾ ਆਪਦੀ ਮਾਤਭੂਮੀ ਨੂੰ ਬਚਾਉਣ ਲਈ ਲੜੀ ਗਈ ਸੀ, ਪਰ ਇਹ ਫਿਲਮ ਇਸਦਾ ਕਾਰਨ ਮੁਸਲਮਾਨਾਂ ਹੱਥੋਂ ਸਿੱਖ ਫੌਜੀਆਂ ਦੁਆਰਾ ਇੱਕ ਮੁਸਲਿਮ ਔਰਤ ਨੂੰ ਬਚਾਇਆ ਜਾਣਾ ਦੱਸਦੀ ਹੈ। ਲੜਾਈ ਦੌਰਾਨ ਅਕਸ਼ੈ ਕੁਮਾਰ ਜਿਸ ਮੁਸਲਮਾਨ ਬੱਚੇ ਦੀ ਜਾਨ ਬਖਸ਼ਦਾ ਹੈ ਉਹ ਖੁਸ਼ੀ-ਖੁਸ਼ੀ ਅਕਸ਼ੈ ਕੁਮਾਰ ਦੇ ਢਿੱਡ ਵਿੱਚ ਛੁਰਾ ਖੋਭਦਾ ਹੈ। ਇਸ ਰਾਹੀਂ ਫਿਲਮਕਾਰ ਦਿਖਾਉਂਦਾ ਹੈ ਕਿ ਮੁਸਲਮਾਨਾਂ ਦੇ ਬੱਚਿਆਂ ’ਤੇ ਰਹਿਮ ਕਰਨਾ ਵੀ ਮੂਰਖਤਾ ਹੈ। ਉਹਨਾਂ ਦੇ ਬੱਚੇ ਵੀ ਮਾਰੇ ਜਾਣੇ ਚਾਹੀਦੇ ਹਨ।ਸਾਰਾਗੜ੍ਹੀ ਦੇ ਅਫਗਾਨ ਰਸੋਈਏ ਦੇ ਕਤਲ ਜ਼ਰੀਏ ਵੀ ਫਿਲਮਕਾਰ ਮੁਸਲਮਾਨਾਂ ਨੂੰ ਬਰਬਰਾਂ ਵਜੋਂ ਦਿਖਾਉਂਦਾ ਹੈ। ਇਹ ਫਿਲਮ ਬਰਤਾਨਵੀ ਸਾਮਰਾਜ ਨੂੰ ਵੀ ਵਧੀਆ ਬਣਾਕੇ ਪੇਸ਼ ਕਰਦੀ ਹੈ। ਇੱਕ ਅੰਗਰੇਜ਼ ਅਫ਼ਸਰ ਜੋ ਅਕਸ਼ੈ ਕੁਮਾਰ ਨੂੰ ਭਾਰਤੀਆਂ ਦੇ ਡਰਪੋਕ ਹੋਣ ਦਾ ਮਿਹਣਾ ਮਾਰਦਾ ਹੈ, ਪਰ ਸਾਰਾਗੜ੍ਹੀ ਦੀ ਲੜਾਈ ਤੋਂ ਬਾਅਦ ਉਹ ਸਿੱਖ ਫੌਜੀਆਂ ਨੂੰ ਸਲੂਟ ਮਾਰਦਾ ਹੈ। ਇਸੇ ਤਰ੍ਹਾਂ ਇੱਕ ਵੱਡੇ ਅੰਗਰੇਜ਼ ਅਫਸਰ ਨੂੰ ਸਾਰਾਗੜ੍ਹੀ ’ਚ ਲੜ ਰਹੇ ਫੌਜੀਆਂ ਦੀ ਹੋਣੀ ਬਾਰੇ ਬੇਹੱਦ ਫਿਕਰਮੰਦ ਦਿਖਾਇਆ ਗਿਆ ਹੈ। ਫਿਲਮ ਦੇ ਅੰਤ ਵਿੱਚ ਬਰਤਾਨਵੀ ਹਕੂਮਤ ਵੱਲੋਂ ਸਿੱਖ ਫੌਜੀਆਂ ਨੂੰ ਦਿੱਤੇ ਐਵਾਰਡ ਅਤੇ ਇੰਗਲੈਂਡ ’ਚ ਇਹਨਾਂ ਦੀ ਯਾਦ ਵਿੱਚ ਬਣੀ ਯਾਦਗਾਰ ਨੂੰ ਵਿਸ਼ੇਸ਼ ਤੌਰ ’ਤੇ ਦਿਖਾਇਆ ਜਾਂਦਾ ਹੈ। ਇਹ ਪੂਰੀ ਤਰ੍ਹਾਂ ਰਾਸ਼ਟਰੀ ਸਵੈ ਸੇਵਕ ਸੰਘ ਦੀ ਵਿਚਾਰਧਾਰਾ ਦੇ ਅਨੁਕੂਲ ਹੈ। ਰਾਸ਼ਟਰੀ ਸਵੈ ਸੇਵਕ ਸੰਘ ਨੇ ਕਦੇ ਵੀ ਭਾਰਤ ਦੀ ਅਜ਼ਾਦੀ ਦੇ ਸੰਗਰਾਮ ਵਿੱਚ ਹਿੱਸਾ ਨਹੀਂ ਲਿਆ। ਇਸਨੂੰ ਭਾਰਤ ਵਿੱਚ ਅੰਗਰੇਜ਼ੀ ਰਾਜ ਤੋਂ ਕੋਈ ਤਕਲੀਫ ਨਹੀਂ ਸੀ। ਭਾਰਤ ਦੀ ਅਜ਼ਾਦੀ ਦੀ ਲਹਿਰ ਦੌਰਾਨ ਵੀ ਸੰਘ ਮੁਸਲਮਾਨਾਂ ਦੇ ਕਤਲੇਆਮ ਹੀ ਜਥੇਬੰਦ ਕਰਦਾ ਰਿਹਾ ਸੀ। ਇਸ ਤਰ੍ਹਾਂ ਦੇਸ਼ ਨੂੰ ਫਿਰਕੂ ਅੱਗ ਵਿੱਚ ਝੋਕ ਕੇ ਭਾਰਤ ਦੀ ਅਜ਼ਾਦੀ ਦੀ ਲਹਿਰ ਦੀ ਪਿੱਠ ’ਚ ਛੁਰਾ ਖੋਭਦਾ ਰਿਹਾ ਹੈ।
ਇਤਿਹਾਸ ਦੀ ਕੋਈ ਵੀ ਪੇਸ਼ਕਾਰੀ ਵਰਤਮਾਨ ਦੇ ਸੰਦਰਭ ਚੌਖਟੇ ਤੋਂ ਮੁਕਤ ਨਹੀਂ ਹੁੰਦੀ। ਇਸ ਲਈ ਫਿਲਮ ਦਾ ਵਰਤਮਾਨ ਸਮੇਂ ਲਈ ਕੀ ਸੁਨੇਹਾ ਹੈ ਇਹ ਸਮਝਣ ਦੀ ਲੋੜ ਹੈ। ਅੱਜ ਸੰਘ ਪਰਿਵਾਰ ਫਿਰ ਪੂਰੇ ਦੇਸ਼ ਵਿੱਚ ਧਾਰਮਿਕ ਘੱਟਗਿਣਤੀਆਂ ਖਾਸ ਕਰਕੇ ਮੁਸਲਮਾਨਾਂ ਦਾ ਕਤਲੇਆਮ ਕਰ ਰਿਹਾ ਹੈ। ਮੁਸਲਮਾਨਾਂ ਦੇ ਇਸ ਕਤਲੇਆਮ ਦੀ ਮੁਹਿੰਮ ’ਚ ਉਹ ਮੁੱਖ ਤੌਰ ’ਤੇ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਦਾ ਇਸਤੇਮਾਲ ਕਰਦਾ ਹੈ। ਸੰਘ ਸਿੱਖ ਧਰਮ ਨੂੰ ਵੀ ਹਿੰਦੂ ਧਰਮ ਦੀ ਹੀ ਇੱਕ ਸ਼ਾਖਾ ਮੰਨਦਾ ਹੈ। ਇਸ ਲਈ ਉਹ ਮੁਸਲਮਾਨਾਂ ਦੇ ਕਤਲੇਆਮ ਦੀ ਮੁਹਿੰਮ ’ਚ ਸਿੱਖਾਂ ਨੂੰ ਵੀ ਨਾਲ਼ ਲੈਣਾ ਚਾਹੁੰਦਾ ਹੈ। ਫਿਲਮ ‘ਕੇਸਰੀ’ ਸੰਘ ਪਰਿਵਾਰ ਦੇ ਇਸੇ ਏਜੰਡੇ ਦੀ ਪੂਰਤੀ ਕਰਦੀ ਹੈ।“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 8, ਅੰਕ 5, 16 ਤੋਂ 30 ਅਪੈਰ੍ਲ 2019 ਵਿੱਚ ਪਰ੍ਕਾਸ਼ਿਤ

Check Also

ਕੀ ਸਿੱਖ ਲਵ-ਕੁਸ਼ ਦੀ ਔਲਾਦ ਹਨ?

-ਤਲਵਿੰਦਰ ਸਿੰਘ ਬੁੱਟਰ (ਪੱਤਰਕਾਰ) ਬੀਤੇ ਕੱਲ੍ਹ ਅਯੁੱਧਿਆ ‘ਚ ਰਾਮ ਮੰਦਰ ਦੇ ਭੂਮੀ ਪੂਜਨ ਵਿਚ ਸ਼ਾਮਲ …

%d bloggers like this: