ਲੀਬੀਆ ਵਿਚ ਲੜਾਈ ਚ 150 ਮੌਤਾਂ

By April 15, 2019


ਲੀਬੀਆ ਦੀ ਰਾਜਧਾਨੀ ਤ੍ਰਿਪੋਲੀ ’ਤੇ ਕਬਜ਼ਾ ਕਰਨ ਲਈ ਫ਼ੌਜ ਦੇ ਛਤ੍ਰਪ ਖਲੀਫਾ ਹਫ਼ਤਾਰ ਵਲੋਂ 4 ਅਪ੍ਰੈਲ ਨੂੰ ਕੀਤੇ ਗਏ ਹਮਲੇ ਮਗਰੋਂ ਘੱਟੋ ਘੱਟ 147 ਲੋਕਾਂ ਦੀ ਮੌਤ ਹੋ ਗਈ ਜਦਕਿ 614 ਲੋਕ ਜ਼ਖ਼ਮੀ ਹੋਏ ਹਨ। ਵਿਸ਼ਵ ਸਿਹਤ ਸੰਗਠਨ (WHO) ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।

ਮਨੁੱਖੀ ਮਾਮਲਿਆਂ ਸਬੰਧੀ ਸੰਯੁਕਤ ਰਾਸ਼ਟਰ ਦਫ਼ਤਰ ਤੋਂ ਮਿਲੇ ਤਾਜ਼ਾ ਅੰਕੜਿਆਂ ਮੁਤਾਬਕ ਜੰਗ ਕਾਰਨ 18,000 ਤੋਂ ਜ਼ਿਆਦਾ ਲੋਕ ਘਰ-ਬਾਰ ਛੱਡ ਕੇ ਚਲੇ ਗਏ ਹਨ। ਹਫ਼ਤਾਰ ਦੇ ਬਲਾਂ ਨੇ ਆਲਮੀ ਹਮਾਇਤ ਪ੍ਰਾਪਤ ‘ਗਵਰਮੈਂਟ ਆਫ਼ ਏਕਾਰਡ’ (ਜੀਐਨਏ) ਦੇ ਵਫ਼ਾਦਾਰਾਂ ਤੋਂ ਤ੍ਰਿਪੋਲੀ ਦਾ ਕਬਜ਼ਾ ਖੋਹਣ ਲਈ ਹਮਲਾ ਕਰ ਦਿੱਤਾ ਹੈ। ਜੀਐਨਏ ਰਾਜਧਾਨੀ ਤ੍ਰਿਪੋਲੀ ਚ ਸਥਿਤ ਹੈ।ਸੰਯੁਕਤ ਰਾਸ਼ਟਰ ਏਜੰਸੀ ਨੇ ਟਵਿੱਟਰ ਤੇ ਕਿਹਾ ਕਿ ਪੀੜਤਾਂ ਦੀ ਗਿਣਤੀ ਚ ਵਾਧਾ ਹੋਣ ਕਾਰਨ ਵਿਸ਼ਵ ਸਿਹਤ ਸੰਗਠਨ ਨੇ ਤ੍ਰਿਪੋਲੀ ਖੇਤਰ ਦੇ ਹਸਪਤਾਲਾਂ ਚ ਆਪ੍ਰੇਸ਼ਨ ਕਰਨ ਵਾਲੀ ਟੀਮਾਂ ਨੂੰ ਤਾਇਨਾਤ ਕੀਤਾ ਹੈ। ਸੰਗਠਨ ਨੇ ਸਾਰੀਆਂ ਧੀਰਾਂ ਨੂੰ ਸਬਰ ਵਰਤਣ ਲਈ ਕਿਹਾ ਹੈ। ਨਾਲ ਹੀ ਕਿਹਾ ਹੈ ਕਿ ਉਹ ਜੰਗ ਦੌਰਾਨ ਹਸਪਤਾਲਾਂ, ਐਂਬੁਲੈਂਸਾਂ ਅਤੇ ਸਿਹਤ ਸਬੰਧੀ ਵਰਕਰਾਂ ਨੂੰ ਨੁਸਕਾਨ ਪਹੁੰਚਾਉਣ ਤੋਂ ਬਚਣ।