Home / ਮੁੱਖ ਖਬਰਾਂ / ਜਾਣੋ ਕੋਣ ਹਨ ਵਿਸਾਖੀ ਤੇ ਨਗਰ ਕੀਰਤਨ ਦੌਰਾਨ ਨਾਚ ਗਾਣਾ ਭੰਗੜਾ ਪਵਾਉਣ ਵਾਲੇ

ਜਾਣੋ ਕੋਣ ਹਨ ਵਿਸਾਖੀ ਤੇ ਨਗਰ ਕੀਰਤਨ ਦੌਰਾਨ ਨਾਚ ਗਾਣਾ ਭੰਗੜਾ ਪਵਾਉਣ ਵਾਲੇ

ਅੱਜ ਵੈਨਕੂਵਰ ਇਲਾਕੇ ‘ਚ ਚਲਦੇ ਰੇਡੀਓ 1600 ਏ. ਐਮ. ‘ਤੇ ਹੋਸਟਾਂ ਆਸ਼ਿਆਨਾ ਅਤੇ ਕੁਲਜੀਤ ਕੌਰ ਵਲੋਂ ਵੈਨਕੂਵਰ ‘ਚ ਨਗਰ ਕੀਰਤਨ ਦੇ ਰੂਟ ‘ਤੇ ਕੀਰਤਨ ਦੀ ਸਟੇਜ ਨਾਲ ਪਾਏ ਭੰਗੜੇ ਨੂੰ ਜਾਇਜ਼ ਠਹਿਰਾਇਆ ਗਿਆ। ਇੱਥੇ ਹੀ ਬੱਸ ਨਹੀਂ, ਇਸ ਵੀਡੀਓ ਨੂੰ ਸ਼ੇਅਰ ਕਰਨ ਲਈ ਮੇਰੇ ‘ਤੇ ਰੱਜ ਕੇ ਤਵਾ ਵੀ ਲਾਇਆ ਗਿਆ। ਹਾਲਾਂਕਿ ਇਹ ਵੀਡੀਓ ਮੇਰੇ ਪਾਉਣ ਤੋਂ 10-12 ਘੰਟੇ ਪਹਿਲਾਂ ਹੋਰ ਬਹੁਤ ਸਾਰੇ ਪੇਜਾਂ ਨੇ ਪਾਈ ਹੋਈ ਸੀ ਪਰ ਮੇਰੇ ਨਾਲ ਵੱਧ ਪਿਆਰ ਹੋਣ ਕਾਰਨ ਮੈਨੂੰ ਚੁਣਿਆ ਗਿਆ। ਇਹ ਵੀ ਕਿਹਾ ਕਿ ਰੈੱਡ ਐਫ. ਐਮ. ਨੇ ਵੀ ਸਟੇਜ ‘ਤੇ ਭੰਗੜਾ ਪਵਾਇਆ, ਉਨ੍ਹਾਂ ਨੂੰ ਵੀ ਮਾੜਾ ਆਖੋ। ਨਗਰ ਕੀਰਤਨ ‘ਤੇ ਭੰਗੜਾ ਪਵਾਉਣ ਵਾਲੇ ਚਾਹੇ 1600 ਏ. ਐਮ. ਵਾਲੇ ਹੋਣ ਜਾਂ ਰੈੱਡ ਐਫ. ਐਮ. ਵਾਲੇ, ਗਲਤ ਨੂੰ ਗਲਤ ਹੀ ਕਹਾਂਗਾ।ਮੇਰੇ ਵਲੋਂ ਇਸ ਵੀਡੀਓ ਨੂੰ ਸ਼ੇਅਰ ਕਰਨ ਤੋਂ ਬਾਅਦ ਕੱਲ ਰੇਡੀਓ 1600 ਏ. ਐਮ. ਨਾਲ ਨੇੜਿਓਂ ਜੁੜੇ ਜਸਪਾਲ ਅਟਵਾਲ (ਟਰੂਡੋ ਦੀ ਫੇਰੀ ਵੇਲੇ ਦਾ ਵਿਵਾਦਤ ਵਿਅਕਤੀ) ਦਾ ਫੋਨ ਆਇਆ ਤੇ ਇਸ ਵੀਡੀਓ ਪੋਸਟ ਪਾਉਣ ਬਾਰੇ ਸਪੱਸ਼ਟੀਕਰਨ ਮੰਗਿਆ। ਉਦੋਂ ਹੀ ਮੈਨੂੰ ਪਤਾ ਲੱਗਾ ਕਿ ਇਹ ਸਟੇਜ ਸਰੀ ਦੀ ਇੱਕ ਭੰਗੜਾ ਅਕੈਡਮੀ ਵਲੋਂ ਲਗਾਈ ਗਈ ਸੀ ਤੇ ਨਾਲ 1600 ਏ. ਐਮ. ਸਪੌਂਸਰ ਸੀ। ਵੀਡੀਓ ਨਾ ਉਤਾਰਨ ਦੀ ਹਾਲਤ `ਚ ਉਸਨੇ ‘ਕੋਈ ਨਾ ਦੇਖ ਲੈਨੇ’ ਦੀ ਧਮਕੀ ਦਿੱਤੀ, ਜਿਸਦਾ ਨਤੀਜਾ ਇਹ ਟਾਕ ਸ਼ੋਅ ਸੀ।ਨਗਰ ਕੀਰਤਨ ‘ਚ ਭੰਗੜਾ ਪਾਉਣਾ ਗਲਤ ਹੈ ਤੇ ਇਹ ਮੈਂ ਕਹਿੰਦਾ ਰਹਾਂਗਾ, ਇਹ ਬਲੈਕਮੇਲਈਏ ਨਾ ਤਾਂ ਮੈਨੂੰ ਡਰਾ ਸਕਦੇ ਹਨ ਤੇ ਨਾ ਹੀ ਚੁੱਪ ਕਰਵਾ ਸਕਦੇ ਹਨ। ਮੈਂ ਇਸ ਗਲਤ ਪਿਰਤ ਨੂੰ ਰੋਕਣ ਲਈ ਬੇਨਤੀ ਕਰਦਾ ਰਹਾਂਗਾ।

ਮੈਂ ਸਪੱਸ਼ਟ ਕਰ ਦਿਆਂ ਕਿ ਗਿੱਧੇ-ਭੰਗੜੇ ਦਾ ਹਮੇਸ਼ਾ ਹਮਾਇਤੀ ਰਿਹਾਂ ਅਤੇ ਖੁਦ ਵੀ ਭੰਗੜਾ ਪਾ ਲੈਨਾਂ ਪਰ ਨਗਰ ਕੀਰਤਨਾਂ ‘ਤੇ ਪਾਏ ਜਾਣ ਦਾ ਹਾਮੀ ਨਹੀਂ। ਜਿਸ ਕਲੱਬ ਨੇ ਸਟੇਜ ਲਾਈ ਸੀ, ਉਸ ਵਲੋਂ ਬੀਤੇ ‘ਚ ਭੰਗੜੇ-ਗਿੱਧੇ ਨੂੰ ਪਰਮੋਟ ਕਰਨ ਲਈ ਮੈਂ ਹਮੇਸ਼ਾ ਸਾਥ ਦਿੰਦਾ ਰਿਹਾਂ ਅਤੇ ਉਹ ਇਸ ਬਦਲੇ ਮੇਰੀ ਸ਼ਲਾਘਾ ਵੀ ਕਰਦੇ ਰਹੇ ਹਨ। ਇਸਦਾ ਸਬੂਤ ਵੀ ਪੈਸ਼ ਕਰ ਸਕਦਾਂ। ਅਗਾਂਹ ਵੀ ਸਾਥ ਦਿੰਦਾ ਰਹਾਂਗਾ ਪਰ ਉਹ ਹੋਣ ਜਾਂ ਕੋਈ ਹੋਰ ਨਗਰ ਕੀਰਤਨ ‘ਤੇ ਗਿੱਧੇ-ਭੰਗੜੇ ਦਾ ਨਿਮਰਤਾ ਸਹਿਤ ਵਿਰੋਧ ਕਰਦਾ ਰਹਾਂਗਾ।
ਮੈਨੂੰ ਗਿੱਧੇ-ਭੰਗੜੇ ਦਾ ਵਿਰੋਧੀ ਠਹਿਰਾ ਕੇ ਗੱਲ ਦੂਜੇ ਪਾਸੇ ਨਹੀਂ ਪਾਈ ਜਾ ਸਕਦੀ। ਮੈਂ ਕੇਵਲ ਤੇ ਕੇਵਲ ਨਗਰ ਕੀਰਤਨ ‘ਤੇ ਭੰਗੜੇ-ਗਿੱਧੇ ਦਾ ਵਿਰੋਧੀ ਹਾਂ, ਹੋਰ ਜਿੱਥੇ ਮਰਜ਼ੀ ਪਾਓ। ਨਗਰ ਕੀਰਤਨ ‘ਤੇ ਭੰਗੜਾ-ਗਿੱਧਾ ਪਵਾ ਕੇ ਆਪਣੇ ਆਪ ਨੂੰ ਸਹੀ ਸਿੱਧ ਕਰਨ ਲਈ ਉਲਟਾ ਮੈਨੂੰ ਹੀ ਭੰਗੜੇ-ਗਿੱਧੇ ਦਾ ਵਿਰੋਧੀ ਨਹੀਂ ਠਹਿਰਾਇਆ ਜਾ ਸਕਦਾ।
ਸਾਲ ‘ਚ ਹੋਰ 364 ਦਿਨ ਹੁੰਦੇ ਹਨ, ਆਪਣੇ ਮਾਣ-ਮੱਤੇ ਵਿਰਸੇ ਭੰਗੜੇ ਗਿੱਧੇ ਨੂੰ ਪ੍ਰਮੋਟ ਕਰਨ ਲਈ, ਅਸੀਂ ਖੁਦ ਸਾਥ ਦੇਈਦਾ ਪਰ ਇਹ ਜ਼ਿੱਦ ਕਿਓਂ ਕਿ ਅਸੀਂ ਨਗਰ ਕੀਰਤਨ ‘ਤੇ ਹੀ ਗਿੱਧਾ ਭੰਗੜਾ ਪਾਉਣਾ? ਬੇਨਤੀ ਹੀ ਕਰ ਸਕਦੇ ਹਾਂ ਕਿ ਅਜਿਹਾ ਨਾ ਕਰੋ।ਦੱਸਣਯੋਗ ਹੈ ਕਿ ਕੈਨੇਡੀਅਨ ਕਨੂੰਨ ਮੁਤਾਬਿਕ ਗੁਰਦੁਆਰਾ ਸਾਹਿਬ ਦੀ ਹੱਦ ਤੋਂ ਬਾਹਰ ਕੋਈ ਵੀ ਕਮੇਟੀ ਕਿਸੇ ‘ਤੇ ਪਾਬੰਦੀ ਨਹੀਂ ਲਾ ਸਕਦੀ, ਚਾਹੇ ਰੌਸ ਗੁਰੂਘਰ ਵਾਲੇ ਹੋਣ ਜਾਂ ਦਸਮੇਸ਼ ਦਰਬਾਰ ਵਾਲੇ।

ਕੋਈ ਵੀ ਸਟੇਜ, ਟੈਂਟ ਜਾਂ ਲੰਗਰ ਨਗਰ ਕੀਰਤਨ ਦੇ ਪ੍ਰਬੰਧਕਾਂ ਦੀ ਮਰਜ਼ੀ ਨਾਲ ਲਗਦਾ ਜਾ ਰੁਕਦਾ ਨਹੀਂ, ਉਸ ਜਾਇਦਾਦ ਦੇ ਮਾਲਕ ਦੀ ਪ੍ਰਵਾਨਗੀ ਨਾਲ ਲਗਦਾ ਹੈ। ਪ੍ਰਬੰਧਕਾਂ ਕੋਲ ਕੋਈ ਹੱਕ ਨਹੀਂ ਹੁੰਦਾ ਕਿ ਉਹ ਕਿਸੇ ਨੂੰ ਰੋਕ ਸਕਣ, ਸਿਰਫ ਬੇਨਤੀ ਕਰ ਸਕਦੇ ਹਨ। ਸੋ ਇਹ ਤਾਂ ਸੰਗਤ ਲਈ ਹੀ ਸੋਚਣਾ ਬਣਦਾ ਕਿ ਕਿੱਥੇ ਕੀ ਹੋਣਾ ਚਾਹੀਦਾ।ਪਿਛਲੇ ਸਾਲ ਸਰੀ ਨਗਰ ਕੀਰਤਨ ਦੇ ਪ੍ਰਬੰਧਕ ਸਾਰੀਆਂ ਭੰਗੜਾ ਅਕੈਡਮੀਆਂ ਕੋਲ ਜਾ ਕੇ ਆਏ ਸੀ ਕਿ ਨਾਚ ਨਾ ਨੱਚੇ ਜਾਣ ਤੇ ਸਭ ਨੇ ਬੇਨਤੀ ਕਬੂਲ ਕਰ ਲਈ ਸੀ। ਮੇਰੇ ਸਮੇਤ ਸਭ ਨੇ ਇਸਦੀ ਸ਼ਲਾਘਾ ਵੀ ਕੀਤੀ ਸੀ। ਇਹ ਕੰਮ ਧੱਕੇ ਨਾਲ ਨਹੀਂ, ਸਮਝਾ ਕੇ, ਆਪਸੀ ਸਹਿਮਤੀ ਨਾਲ ਹੀ ਰੁਕਣੇ ਹਨ। ਲੋੜ ਪਹੁੰਚ ਕਰਨ ਦੀ ਹੈ, ਪ੍ਰਚਾਰ ਕਰਨ ਦੀ ਹੈ। ਪਰ ਕਈ ਲੋਕ ਇਸ ਮਸਲੇ ਨੂੰ ਜ਼ਿੱਦ ਕਰਕੇ ਟਕਰਾਅ ਤੱਕ ਲਿਜਾਣਾ ਚਾਹੁੰਦੇ ਹਨ, ਵਾਹਿਗੁਰੂ ਸੁਮੱਤ ਬਖਸ਼ੇ।ਇਹ ਫੈਸਲਾ ਲੋਕਾਂ ਨੇ ਕਰਨਾ ਕਿ ਉਨ੍ਹਾਂ ਕੀ ਕਰਨਾ। ਜੇ ਨਗਰ ਕੀਰਤਨ ਦੌਰਾਨ ਧੀਆਂ-ਭੈਣਾਂ ਨਚਵਾਉਣਾ ਜਾਇਜ਼ ਲਗਦਾ ਹੈ ਤਾਂ ਜੀਅ ਸਦਕੇ ਨਚਵਾਓ।
ਫੈਸਲਾ ਦੋਸਤੋ ਤੁਸੀਂ ਕਰੋ ਕਿ ਕੀ ਨਗਰ ਕੀਰਤਨ ਦੌਰਾਨ ਭੰਗੜਾ-ਗਿੱਧਾ ਸਹੀ ਹੈ ਜਾਂ ਨਹੀਂ? ਦੋਵੇਂ ਵੀਡੀਓਜ਼ ਦੇਖ ਲਓ ਕਿ ਕੀ ਨਗਰ ਕੀਰਤਨ ‘ਚ ਅਜਿਹਾ ਕਰਨਾ ਜਾਇਜ਼ ਹੈ।ਬਾਕੀ 1600 ਏ. ਐਮ. ਵਾਲੀਆਂ ਦੋਵੇਂ ਭੈਣਾਂ ਨੂੰ ਇਹੀ ਕਹਾਂਗਾ ਕਿ ਕਦੇ ‘ਵੇਕਅੱਪ ਸਰੀ’ ਕਰਕੇ, ਕਦੇ ਭੰਗੜੇ-ਗਿੱਧੇ ਕਰਕੇ ਤੇ ਕਦੇ ਕਿਸੇ ਹੋਰ ਤਰੀਕੇ ਸਿੱਧੇ ਜਾਂ ਅਸਿੱਧੇ ਤਰੀਕੇ ਜਿੰਨਾ ਮਰਜ਼ੀ ਤਵਾ ਲਾਓ, ਪੂਰੀ ਖੁੱਲ੍ਹ ਹੈ। ਕੋਈ ਪਰਵਾਹ ਨਹੀਂ। ਆਪਣੀ ਗੱਲ ਡੱਟ ਕੇ ਕਹਿੰਦਾ ਰਹਾਂਗਾ। ਆਪਣੇ ਆਲੇ ਦੁਆਲੇ ਜੇ ਕੁਝ ਗਲਤ ਹੋ ਰਿਹਾ ਤਾਂ ਉਸ ਬਾਰੇ ਦੱਸਣਾ ਮੇਰਾ ਕੰਮ ਹੈ ਤੇ ਇਹ ਕੰਮ ਮੈਂ ਬਿਨਾ ਕਿਸੇ ਡਰ ਜਾਂ ਦਬਾਅ ਦੇ, ਆਪਣੀ ਸਮਰੱਥਾ ਮੁਤਾਬਿਕ ਕਰਦਾ ਰਹਾਂਗਾ, ਚਾਹੇ ਇਕੱਲਾ ਰਹਿ ਜਾਵਾਂ।ਜਿਸ ਕਿਸੇ ਨੇ ਵੀ ਕਿਸੇ ਸਮਾਜਿਕ ਬੁਰਾਈ ਖਿਲਾਫ ਆਵਾਜ਼ ਉਠਾਈ ਹੈ, ਉਸ ਬੁਰਾਈ ‘ਚ ਲਿਪਤ ਲੋਕਾਂ ਨੇ ਉਸ ਵਿਅਕਤੀ ਨੂੰ ਭੰਡਿਆ ਹੀ ਹੈ, ਇਹ ਹੁੰਦਾ ਆਇਆ ਤੇ ਹੁੰਦਾ ਰਹਿਣਾ ਪਰ ਸਮਾਜਿਕ ਬੁਰਾਈ ਖਿਲਾਫ ਬੋਲਣ ਵਾਲੇ ਚੁੱਪ ਕਰਕੇ ਨਹੀਂ ਬੈਠਦੇ ਤੇ ਨਾ ਮੈਂ ਬਹਿਣਾ।ਹੋਰ ਤਵੇ ਦੀ ਉਡੀਕ ‘ਚ।
– ਗੁਰਪ੍ਰੀਤ ਸਿੰਘ ਸਹੋਤਾ

Check Also

ਯੂ.ਪੀ ਦੇ ਸੀਤਾਪੁਰ ਚ ਸਿੱਖ ਤੇ ਹਮਲਾ

15 अप्रैल की रात को करीब 11:30 बजे बलजीत सिंह अपने दो साथियों के साथ …