Breaking News
Home / ਅੰਤਰ ਰਾਸ਼ਟਰੀ / ਇਮੀਗਰੇਸ਼ਨ ਦੇ ਹਮਾਮ ‘ਚ ਸਭ ਨੰਗੇ

ਇਮੀਗਰੇਸ਼ਨ ਦੇ ਹਮਾਮ ‘ਚ ਸਭ ਨੰਗੇ

ਏਜੰਟੀ ਤੇ ਇਮੀਗਰੇਸ਼ਨ ਸਲਾਹਕਾਰੀ ‘ਚ ਗਾਹਕ ਨੂੰ ਹਮੇਸ਼ਾ ਹੁੰਦਾ ਕਿ ਚੁੱਪ ਚਾਪ ਕੈਨੇਡਾ ਚੜ੍ਹ ਜਾਵਾਂ, ਕਿਸੇ ਨੂੰ ਪਤਾ ਨਾ ਲੱਗੇ, ਬੱਸ ਪਹੁੰਚ ਕੇ ਹੀ ਫੋਟੋ ਪਾਵਾਂ ਤੇ ਇਸ ਗੁਪਤ ਕੰਮ ‘ਚ ਕਈ ਤਾਂ ਪੰਜਾਬ ਹੀ ਏਜੰਟਾਂ ਕੋਲ ਲੱਖਾਂ ਫਸਾ ਲੈਂਦੇ ਹਨ ਤੇ ਫਿਰ “ਗੰਗਾ ਗਏ ਹੱਡ ਕਦੇ ਨੀ ਮੁੜਦੇ” ਅਖੌਤ ਵਾਂਗ ਏਜੰਟ ਪੈਸੇ ਨੀ ਮੋੜਦੇ।ਜਿਹੜੇ ਕਿਸੇ ਨਾ ਕਿਸੇ ਤਰੀਕੇ ਕੈਨੇਡਾ ਵਿਜ਼ਟਰ, ਸਟੂਡੈਂਟ ਜਾਂ ਰਫ਼ਿਊਜੀ ਬਣ ਕੇ ਪੁੱਜ ਜਾਂਦੇ ਹਨ, ਉਹ ਫਿਰ ਅਗਾਂਹ ਪੱਕੇ ਹੋਣ ਲਈ ਕੈਨੇਡਾ ਬੈਠੇ ਸਲਾਹਕਾਰਾਂ ਕੋਲ ਜਾਂਦੇ ਹਨ। ਕੈਨੇਡਾ ਸਰਕਾਰ ਤੇ ਮੀਡੀਆ ਵਾਰ ਵਾਰ ਕਹਿੰਦਾ ਕਿ ਠੱਗਾਂ ਤੋਂ ਬਚੋ, ਮਨਜੂਰਸ਼ੁਦਾ ਵਕੀਲਾਂ ਕੋਲ ਜਾਓ ਪਰ ਇੱਥੇ ਵੀ ‘ਚੁੱਪ ਚਾਪ ਕੰਮ ਹੋ ਜਵੇ’ ਵਾਲੀ ਸੋਚ ਭਾਰੂ ਰਹਿੰਦੀ ਹੈ।ਇੱਕਾ-ਦੁੱਕਾ ਸਲਾਹਕਾਰ ਹਨ, ਜੋ ਕੀਤੇ ਕੰਮ ਦੇ ਬਣਦੇ ਜਾਇਜ਼ ਪੈਸੇ ਲੈਂਦੇ ਹਨ ਵਰਨਾ ਸਾਰੇ ਮਾਰਕੀਟ ਦੇ ਰੇਟ ਨਾਲ ਹੀ ਟੀਕਾ ਲਾਉਂਦੇ ਹਨ ਵਰਨਾ ਐਸੋਸੀਏਸ਼ਨ ਦੀ ਮੀਟਿੰਗ ‘ਚ ਰੇਟ ਖ਼ਰਾਬ ਕਰਨ ਦਾ ਉਲਾਹਮਾ ਸੁਣਨਾ ਪੈਂਦਾ।ਜਦ ਲਮਕਾ-ਲਮਕਾ ਕੇ ਸਲਾਹਕਾਰ ਗਾਹਕ ਦਾ ਕੇਸ ਸਿਰੇ ਨੀ ਲਾਉੰਦੇ ਤਾਂ ਫਿਰ ਗਾਹਕ ਰੌਲੀ ਪਾਉਣ ਲੱਗਦੇ ਹਨ, ਜਦ ਨੂੰ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਪਹਿਲਾ ਬਹੁਤੇ ਤਾਂ ਰੌਲੀ ਇਸ ਕਰਕੇ ਨੀ ਪਾਉਂਦੇ ਕਿ ਕੇਸ ਖ਼ਰਾਬ ਹੋ ਜਾਣਾ। ਇਸੇ ਘੁੰਡੀ ਨੂੰ ਸਲਾਹਕਾਰ ਕਾਬੂ ਕਰਨ ਲਈ ਵਰਤਦੇ ਹਨ।

ਕੇਵਲ ਸਲਾਹਕਾਰ ਨਹੀਂ, ਬਹੁਤ ਸਾਰੇ ਲਾਲਚੀ ਵਪਾਰੀਆਂ ਨੇ ਵੀ ਅਸਲੀ ਨਕਲੀ ਕੰਪਨੀਆਂ ਰਾਹੀਂ ਵਗਦੀ ਗੰਗਾ ‘ਚ ਕੂਹਣੀਆਂ ਤੱਕ ਹੱਥ ਧੋਤੇ ਹਨ। ਥੋੜੇ ਹਨ, ਜਿਨ੍ਹਾਂ ਬਿਨਾ ਪੈਸੇ ਲਿਆਂ ਅਨਜਾਣ ਲੋਕ ਪੱਕੇ ਕਰਾਏ ਹਨ, ਪਰ ਹੈਗੇ ਨੇ।ਸਾਡੇ ਮੀਡੀਏ ਨੇ ਹਰ ਵਪਾਰ ਵਾਂਗ ਰੱਜਵੀਂ ਇਸ਼ਤਿਹਾਰਬਾਜ਼ੀ ਕਰਕੇ, ਇੰਟਰਵਿਊਜ਼ ਕਰਕੇ ਇਨ੍ਹਾਂ ਸਲਾਹਕਾਰ ਦੇ ਜਾਲ ‘ਚ ਹਜ਼ਾਰਾਂ ਪੰਛੀ ਫਸਾਏ ਹਨ। ਖ਼ਬਰਦਾਰ ਰਹਿਣ ਦਾ ਹੋਕਾ ਘੱਟ ਦਿੱਤਾ ਹੈ। ਲੋਕ ਹਾਲੇ ਵੀ ਇਹ ਨਹੀਂ ਸਮਝ ਰਹੇ ਕਿ ਆਪਣਾ ਦਿਮਾਗ ਵਰਤਣਾ ਜ਼ਰੂਰੀ ਹੁੰਦਾ ਹੈ, ਮੀਡੀਏ ਮਗਰ ਅੱਖਾਂ ਬੰਦ ਕਰਕੇ ਨਾ ਲੱਗੋ, ਇਹ ਮੈਂ ਖ਼ੁਦ ਪੱਤਰਕਾਰ ਹੋਣ ਦੇ ਬਾਵਜੂਦ ਪੂਰੇ ਹੋਸ਼ੋ ਹਵਾਸ ‘ਚ ਇਹ ਕਹਿ ਰਿਹਾਂ। ਪਹਿਲਾਂ ਵੀ ਕਈ ਵਾਰ ਕਿਹਾ।ਕੁਝ ਸਿਆਸਤਦਾਨਾਂ ਨੇ ਵੀ ਇਸ ਵਗਦੀ ਗੰਗਾ ‘ਚ ਚੁੱਭੀਆਂ ਲਾਈਆਂ ਹਨ। ਪੰਜਾਬ ਬੈਠੇ ਏਜੰਟਾਂ ਨੂੰ ਆਪਣੀਆਂ ਸਿਫ਼ਾਰਸ਼ੀ ਚਿੱਠੀਆਂ ਦਿੱਤੀਆਂ (ਵੇਚੀਆਂ) ਹਨ। ਆਮ ਲੋਕਾਂ ਨੂੰ ਸਿਫ਼ਾਰਸ਼ੀ ਚਿੱਠੀਆਂ ਦੇ ਕੇ ਫੰਡਰੇਜ਼ ਲਈ ਟੇਬਲ ਅਤੇ ਟੱਬਰ ਦੀਆਂ ਵੋਟਾਂ ਪੱਕੀਆਂ ਕੀਤੀਆਂ ਹਨ।ਇਸ ਹਮਾਮ ‘ਚ ਗਾਹਕ, ਸਲਾਹਕਾਰ, ਮੀਡੀਆ ਤੇ ਸਰਕਾਰ ਸਭ ਨੰਗੇ ਹਨ ਪਰ ਰੋਂਦਾ ਉਹੀ ਗਾਹਕ ਹੈ, ਜਿਸਦੀ ਗੱਲ ਸਿਰੇ ਨੀ ਲਗਦੀ, ਬਾਕੀ ਹੁਸੀਨ ਸੁਪਨੇ ਦੇਖਦਿਆਂ ਬੀਤਿਆ ਭੁੱਲ ਜਾਂਦੇ ਹਨ।ਪਰਵਾਸ ਦੀ ਆੜ ‘ਚ ਆਪਣਿਆਂ ਵੱਲੋਂ ਆਪਣਿਆਂ ਦਾ ਕੀਤਾ ਜਾਂਦਾ ਸ਼ੋਸ਼ਣ ਪੰਜਾਹ ਸਾਲ ਤੋਂ ਚੱਲਦਾ ਆ ਰਿਹਾ ਤੇ ਚੱਲਦਾ ਰਹਿਣਾ। ਪਰ ਇਸਨੂੰ ਨੈਤਿਕ ਧੰਦੇ ਵਜੋਂ ਚਲਾਇਆ ਜਾਵੇ ਤਾਂ ਚੰਗਾ, ਫਸੇ ਸ਼ਿਕਾਰ ਦੀ ਖੱਲ੍ਹ ਘੱਟ ਲਾਹੀ ਜਾਵੇ, ਦਿੱਤੀ ਸੇਵਾ ਦੇ ਬਣਦੇ ਪੈਸੇ ਲੈ ਲਏ ਜਾਣ ਤਾਂ ਬਿਹਤਰ ਹੋਵੇਗਾ। ਯਾਦ ਰੱਖਣਾ ਚਾਹੀਦਾ ਕਿ ਕਫ਼ਨ ਨੂੰ ਜੇਬ ਨਹੀਂ ਹੁੰਦੀ।
– ਗੁਰਪ੍ਰੀਤ ਸਿੰਘ ਸਹੋਤਾ

Check Also

ਬਰੈਂਪਟਨ ਵਿਖੇ ਨੋਜਵਾਨ ਵੱਲੋਂ ਆਤਮ -ਹੱਤਿਆਂ ਦੀ ਖ਼ਬਰ

ਬਰੈਂਪਟਨ ਕੈਨੇਡਾ ਵਿਖੇ ਪਾਤੜਾਂ ਦੇ ਪਿੰਡ ਸ਼ੁਤਰਾਣਾ ਦੇ ਡੇਰੇ ਤੋਂ ਕੈਨੇਡਾ ਪੜ੍ਹਨ ਗਏ ਨੌਜਵਾਨ ਹਰਮਿੰਦਰ …

%d bloggers like this: