ਦਰਬਾਰ ਸਾਹਿਬ ਦੀ ਪਵਿੱਤਰਤਾ ਅਤੇ ਸਿੱਖ ਸਿਧਾਂਤਾਂ ਦੀ ਰਾਖੀ ਸੁਹਿਰਦ ਹੋਣ ਦੀ ਲੋੜ

By March 27, 2019


ਸਿੱਖਾਂ ਦੀ ਬਹੁਤਾਤ ਬਾਹਰੇ ਸੂਬਿਆਂ ਜਾ ਪੰਜਾਬ ਜਾ ਵਿਦੇਸ਼ਾਂ ਤੋਂ ਦਰਬਾਰ ਸਾਹਿਬ ਆਉਣ ਵਾਲਿਆ ਨੂੰ ਸ਼ਰਧਾਲੂ ਜਾ ਸੰਗਤ ਸਮਝਦੀ ਹੈ, ਅਤੇ ਵੇਖ ਕੇ ਖੁਸ਼ ਹੁੰਦੇ ਹਨ ਕਿ ਗ਼ੈਰ ਸਿੱਖ ਜਾ ਗ਼ੈਰ ਪੰਜਾਬੀ ਵੀ ਦਰਬਾਰ ਸਾਹਿਬ ਵਿੱਚ ਹਾਜ਼ਰੀ ਭਰ ਰਹੇ ਹਨ, ਪਰ ਜੇਕਰ ਡੁੰਘਾਈ ਵਿੱਚ ਜਾਇਆ ਜਾਵੇ ਤੇ ਸ਼ਰਧਾ ਭਾਵਨਾ ਨਾਲ ਦਰਸ਼ਨ ਕਰਨ ਵਾਲਿਆਂ ਦੀ ਗਿਣਤੀ ਘੱਟ ਅਤੇ ਇਮਾਰਤਸਾਜ਼ੀ ਜਾ ਇਕ ਸੁੰਦਰ ਸਥਾਨ ਵਜੋਂ ਵੇਖਣ ਵਾਲਿਆਂ ਦੀ ਗਿਣਤੀ ਵਧ ਹੁੰਦੀ ਹੈ, ਬਹੁਤਾਤ ਹਿੰਦੂ ਭਾਈਚਾਰੇ ਦੇ ਲੋਕ ਦਰਬਾਰ ਸਾਹਿਬ ਨੂੰ ਇੱਕ ਵੇਖਣ ਦਾ ਸਥਾਨ ਜਾ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਰਾਮ ਕ੍ਰਿਸ਼ਨ ਆਦਿ ਸ਼ਬਦਾਂ ਨੂੰ ਦੇਵੀ ਦੇਵਤਿਆਂ ਦੀ ਮਹਿਮਾ ਸਮਝਦਿਆਂ ਹੋਇਆਂ ਹੀ ਦਰਬਾਰ ਸਾਹਿਬ ਆ ਜਾਂਦੇ ਹਨ, ਬਹੁਤੇ ਲੋਕਾਂ ਨੂੰ ਦਰਬਾਰ ਸਾਹਿਬ ਦੀ ਰੂਹਾਨੀਅਤ ਜਾ ਪਵਿੱਤਰਤਾ ਦਾ ਅਹਿਸਾਸ ਨਹੀਂ ਹੁੰਦਾ, ਰਹੀ ਗੱਲ ਵਿਦੇਸ਼ੀ ਲੋਕਾਂ ਦੀ ਜਾ ਗੋਰਿਆਂ ਦੀ ਉਹਨਾਂ ਵਿੱਚੋਂ ਬਹੁਗਿਣਤੀ ਦਰਬਾਰ ਸਾਹਿਬ ਨੂੰ ਇੱਕ ਟੂਰਿਸਟ ਸਪਾਟ ਵਜੋਂ ਵੇਖਣ ਆਉਂਦੀ ਹੈ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ, ਇਸ ਤੋਂ ਇਲਾਵਾ ਭਾਰਤ ਸਰਕਾਰ ਵਲੋਂ ਵੀ ਵਿਦੇਸ਼ਾਂ ਵਿੱਚ ਭਾਰਤ ਵਿੱਚ ਸੈਲਾਨੀਆਂ ਨੂੰ ਅਕਰਸ਼ਿਤ ਕਰਨ ਲਈ ਲਾਏ ਸਾਈਨ ਬੋਰਡਾਂ ਜਾ ਮਸ਼ਹੂਰੀਆਂ ਵਿੱਚ ਤਾਜ ਮਹਿਲ ਜਾ ਹੋਰ ਸੈਲਾਨੀਆਂ ਦੇ ਘੁੰਮਣ ਵਾਲ਼ੀਆਂ ਥਾਂਵਾਂ ਦੇ ਨਾਲ ਨਾਲ ਦਰਬਾਰ ਸਾਹਿਬ ਦੀਆ ਤਸਵੀਰਾਂ ਆਮ ਨਜ਼ਰ ਆਉਂਦੀਆ ਹਨ, ਜਿਹਨਾ ਰਾਹੀਂ ਦਰਬਾਰ ਸਾਹਿਬ ਨੂੰ ਇੱਕ ਆਮ ਘੁੰਮਣ ਫਿਰਨ ਦਾ ਵੇਖਣ ਵਾਲੇ ਸਥਾਨ ਵਜੋਂ ਪੇਸ਼ ਕੀਤਾ ਜਾਂਦਾ ਹੈ । ਇਸ ਤੋਂ ਇਲਾਵਾ ਪੰਜਾਬ ਵਿੱਚੋਂ ਆਉਣ ਵਾਲੇ ਗ਼ੈਰ ਸਿੱਖਾਂ ਵਿੱਚ ਹਰ ਤਰਾਂ ਦੇ ਤੇ ਵੱਖ ਵੱਖ ਡੇਰਿਆਂ ਨੂੰ ਮੰਨਣ ਵਾਲੇ ਲੋਕ ਵੀ ਸ਼ਾਮਿਲ ਹੁੰਦੇ ਹਨ, ਜਿਹੜੇ ਸਿੱਖ ਧਰਮ ਜਾ ਸਿਧਾਂਤਾਂ ਤੋਂ ਕੋਹਾਂ ਦੂਰ ਹੁੰਦੇ ਹਨ, ਦਰਬਾਰ ਸਾਹਿਬ ਦੀ ਰੂਹਾਨੀ ਮਹੱਤਤਾ ਨੂੰ ਸਮਝਣ ਤੋਂ ਬਿਨਾਂ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਕੁਝ ਲੋਕ ਇਸ ਤਰਾਂ ਫੋਟੋਆ ਖਿੱਚਦੇ ਜਾ ਵੀਡੀਓ ਬਣਾਉਂਦੇ ਨਜ਼ਰ ਆਉਂਦੇ ਹਨ ਜਿਵੇਂ ਪਿਕਨਿਕ ਮਨਾਉਣ ਆਏ ਹੋਣ, ਹੁਣ ਇਹ ਸਭ ਦੱਸਣ ਦਾ ਮਤਲਬ ਇਹ ਨਹੀਂ ਕਿ ਸਾਨੂੰ ਇਹਨਾਂ ਸਭ ਨੂੰ ਦਰਬਾਰ ਸਾਹਿਬ ਆਉਣ ਤੋਂ ਰੋਕਣਾ ਚਾਹੀਦਾ ਹੈ, ਨਹੀ, ਬਿਲਕੁਲ ਨਹੀਂ ।

ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਭਾਰਤ ਸਰਕਾਰ ਤੇ ਸਿੱਖ ਵਿਰੋਧੀ ਏਜੰਸੀਆ ਦਾ ਦਬਾਅ ਹੋਣ ਕਾਰਨ ਬਾਹਰੋਂ ਆਉਣ ਵਾਲੇ ਗ਼ੈਰ ਸਿੱਖ ਸ਼ਰਧਾਲੂਆ ਨੂੰ ਸਿੱਖ ਸਿਧਾਂਤਾਂ ਦਰਬਾਰ ਸਾਹਿਬ ਦੀ ਪਵਿੱਤਰਤਾ ਅਤੇ ਸਿੱਖ ਇਤਿਹਾਸ ਵਾਰੇ ਸਹੀ ਜਾਣਕਾਰੀ ਦੇਣ ਉਪਰਾਲੇ ਬਹੁਤ ਘੱਟ ਹਨ, ਦਰਬਾਰ ਸਾਹਿਬ ਨੂੰ ਵੇਖਣ ਆਉਣ ਵਾਲੇ ਭਾਰਤੀਆ ਨੂੰ ਇਹ ਦੱਸਣਾ ਜ਼ਰੂਰ ਚਾਹੀਦਾ ਹੈ ਕਿ ਇਸ ਅਸਥਾਨ ਦੀ ਪਵਿੱਤਰਤਾ ਨੂੰ ਭੰਗ ਕਰਨ ਲਈ ਭਾਰਤ ਸਰਕਾਰ ਤੇ ਫੌਜ ਨੇ 1984 ਵਿੱਚ ਹਮਲਾ ਕੀਤਾ ਸੀ ਤੇ ਇਥੇ ਹਜ਼ਾਰਾਂ ਨਿਹੱਥੇ ਸਿੱਖਾਂ ਦਾ ਕਤਲੇਆਮ ਕੀਤਾ ਸੀ, ਫਿਰ ਇੱਥੇ ਆਉਣ ਵਾਲੇ ਭਾਰਤੀਆ ਦੇ ਇਸ ਘਟਨਾ ਪ੍ਰਤੀ ਵਿਚਾਰ ਲੈਣੇ ਚਾਹੀਦੇ ਹਨ ਫਿਰ ਤੁਹਾਨੂੰ ਸਪੱਸ਼ਟ ਹੋ ਜਾਵੇਗਾ ਕਿ ਉਹ ਲੋਕ ਦਰਬਾਰ ਸਾਹਿਬ ਜਾ ਸਿੱਖਾਂ ਪ੍ਰਤੀ ਕਿਹੋ ਜਿਹੀ ਭਾਵਨਾ ਰੱਖਦੇ ਹਨ ।

ਇਸ ਤੋਂ ਇਲਾਵਾ ਹਰ ਇੱਕ ਨੂੰ ਸਿੱਖ ਧਰਮ ਦੇ ਸਿਧਾਂਤਾਂ ਤੇ ਇਤਿਹਾਸ ਬਾਰੇ ਮੁੱਢਲੀ ਜਾਣਕਾਰੀ ਦੇਣ ਲਈ ਯਤਨ ਸਿੱਖ ਸੰਸਥਾਵਾਂ ਨੂੰ ਆਪਣੇ ਪੱਧਰ ਤੇ ਕਰਨੇ ਚਾਹੀਦੇ ਹਨ, ਅਕਾਲ ਤਖਤ ਸਾਹਿਬ ਦੀ ਮਹਾਨਤਾ ਅਤੇ ਅਜ਼ਾਦ ਹਸਤੀ ਵਾਰੇ ਜਾਣਕਾਰੀ ਦੇਣੀ ਚਾਹੀਦੀ ਹੈ, ਦਰਬਾਰ ਸਾਹਿਬ ਦੀ ਪਰਕਰਮਾਂ ਵਿੱਚ ਊਲ ਜ਼ਲੂਲ ਹਰਕਤਾਂ ਕਰਨ ਵਾਲੇ ਲੋਕਾਂ ਨੂੰ ਰੋਕਣ ਲਈ ਸਹੀ ਅਤੇ ਸਖ਼ਤ ਪ੍ਰਬੰਧ ਕੀਤੇ ਜਾਂਣੇ ਚਾਹੀਦੇ ਹਨ । ਕਿਉਂਕਿ ਭਾਰਤੀ ਏਜੰਸੀਆ ਦਾ ਨਿਸ਼ਾਨਾ ਦਰਬਾਰ ਸਾਹਿਬ ਜਾਂ ਹੋਰ ਮਹਾਨ ਪਵਿੱਤਰ ਇਤਿਹਾਸਿਕ ਗੁਰਧਾਮਾਂ ਵਿੱਚ ਇਹੋ ਜਿਹਾ ਮਹੌਲ ਸਿਰਜ ਕੇ ਆਮ ਸਿੱਖਾਂ ਨੂੰ ਨਿਰਾਸ਼ ਅਤੇ ਹਤਾਸ਼ ਕਰ ਇਹੋ ਜਿਹੀ ਸੋਚ ਪੈਦਾ ਕਰਨ ਦਾ ਹੈ ਕਿ ਲੋਕ ਦਰਬਾਰ ਸਾਹਿਬ ਨੂੰ ਇੱਕ ਆਮ ਗੁਰਦੁਆਰਾ ਸਾਹਿਬ ਜਾਂ ਇੱਕ ਸੋਹਣੇ ਬਿਲਡਿੰਗ ਸਟਰਕਚਰ ਵਜੋਂ ਹੀ ਦੇਖਣ, ਜਦਕਿ ਦਰਬਾਰ ਸਾਹਿਬ ਸਿੱਖਾਂ ਦਾ ਕੇਂਦਰੀ ਧਾਰਮਿਕ ਅਸਥਾਨ ਹੈ, ਦਰਬਾਰ ਸਾਹਿਬ ਦੀ ਪਵਿੱਤਰਤਾ ਤੇ ਰਾਖੀ ਲਈ ਹਜ਼ਾਰਾਂ ਸਿੱਖਾਂ ਨੇ ਬੇਅੰਤ ਕੁਰਬਾਨੀਆਂ ਦਿੱਤੀਆਂ ਹਨ, ਸਿੱਖ ਕੌਮ ਨੇ ਆਪਣਾ ਭਵਿੱਖ ਸਿਰਜਣ ਲਈ ਅਨੇਕਾਂ ਵਾਰ ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਵੱਡੇ ਸੰਘਰਸ਼ ਲੜੇ ਹਨ । ਸਾਨੂੰ ਆਪਣੇ ਇਤਿਹਾਸ ਤੇ ਗੁਰ ਸਿਧਾਂਤਾਂ ਤੋਂ ਸੇਧ ਲੈਂਦਿਆਂ ਹੋਇਆਂ ਦਰਬਾਰ ਸਾਹਿਬ ਦੀ ਪਵਿੱਤਰਤਾ ਤੇ ਸਿੱਖ ਸਿਧਾਂਤਾਂ ਦੀ ਰਾਖੀ ਲਈ ਸੁਹਿਰਦ ਯਤਨ ਕਰਨੇ ਚਾਹੀਦੇ ਹਨ ।

– ਰਣਵੀਰ ਸਿੰਘ ਚੌਹਾਨ
Tags: , , , , , ,