ਚੀਫ ਖਾਲਸਾ ਦੀਵਾਨ ਮੈਂਬਰ ਨੇ ਵਟਸਐਪ ਗਰੁੱਪ ’ਚ ਅਸ਼ਲੀਲ ਤਸਵੀਰਾਂ ਪਾਈਆਂ

By March 24, 2019


ਅੰਮ੍ਰਿਤਸਰ, 23 ਮਾਰਚ- ਸਦੀ ਪੁਰਾਣੀ ਸਿੱਖ ਸੰਸਥਾ ਚੀਫ ਖਾਲਸਾ ਦੀਵਾਨ ਅੱਜ ਉਸ ਵੇਲੇ ਮੁੜ ਚਰਚਾ ਵਿਚ ਆ ਗਈ ਜਦੋਂ ਸੰਸਥਾ ਦੇ ਮੈਂਬਰਾਂ ਦੇ ਵਟਸਐਪ ਗਰੁੱਪ ‘ਸੀਕੇਡੀ ਅਪਡੇਟਸ’ ਵਿਚ ਵੱਡੀ ਗਿਣਤੀ ਵਿਚ ਅਸ਼ਲੀਲ ਤਸਵੀਰਾਂ ਪਾਈਆਂ ਗਈਆਂ। ਇਸ ਖ਼ਿਲਾਫ਼ ਗਰੁੱਪ ਮੈਂਬਰਾਂ ਨੇ ਸਖ਼ਤ ਇਤਰਾਜ਼ ਕੀਤਾ ਅਤੇ ਦੇਰ ਸ਼ਾਮ ਨੂੰ ਸੰਸਥਾ ਦੇ ਪ੍ਰਧਾਨ ਨਿਰਮਲ ਸਿੰਘ ਵਲੋਂ ਇਹ ਤਸਵੀਰਾਂ ਪਾਉਣ ਵਾਲੇ ਮੈਂਬਰ ਨੂੰ ਚੀਫ ਖਾਲਸਾ ਦੀਵਾਨ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰਨ ਦਾ ਐਲਾਨ ਕੀਤਾ ਗਿਆ ਹੈ।

ਇਸ ਵਟਸਐਪ ਗਰੁੱਪ ਵਿਚ ਦੀਵਾਨ ਦੇ ਲਗਪਗ 147 ਮੈਂਬਰ ਹਨ, ਜਿਨ੍ਹਾਂ ਵਿਚ ਕੁਝ ਮਹਿਲਾ ਮੈਂਬਰ ਵੀ ਸ਼ਾਮਲ ਹਨ। ਅੱਜ ਦੁਪਹਿਰ ਸਮੇਂ ਪਾਈਆਂ ਗਈਆਂ ਇਨ੍ਹਾਂ ਅਸ਼ਲੀਲ ਤਸਵੀਰਾਂ ਬਾਰੇ ਗਰੁੱਪ ਦੇ ਮੈਂਬਰਾਂ ਵਿਚ ਵਿਰੋਧ ਸ਼ੁਰੂ ਹੋ ਗਿਆ। ਗਰੁੱਪ ਦੇ ਮੈਂਬਰਾਂ ਨੇ ਇਨ੍ਹਾਂ ਤਸਵੀਰਾਂ ਦਾ ਸਖ਼ਤ ਵਿਰੋਧ ਕੀਤਾ ਅਤੇ ਤਸਵੀਰਾਂ ਪਾਉਣ ਵਾਲੇ ਮੈਂਬਰ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਵਾਸਤੇ ਵੀ ਆਖਿਆ। ਇਹ ਵਟਸਐਪ ਗਰੁੱਪ ਦੇ ਚਾਰ ਐਡਮਿਨ ਹਨ, ਜਿਨ੍ਹਾਂ ਵਿਚ ਪ੍ਰੀਤ ਅਣਖੀ, ਹਰੀ ਸਿੰਘ ਸੰਧੂ ਤੇ ਸੁੱਖ ਸਿੰਘ ਆਦਿ ਸ਼ਾਮਲ ਹਨ। ਗਰੁੱਪ ਵਿਚ ਚੀਫ ਖਾਲਸਾ ਦੀਵਾਨ ਦੀ ਇਮਾਰਤ ਦੀ ਤਸਵੀਰ ਲੱਗੀ ਹੋਈ ਹੈ, ਜਿਸ ਦੇ ਹੇਠਾਂ ਇਹ ਅਸ਼ਲੀਲ ਤਸਵੀਰਾਂ ਦਿਖਾਈਆਂ ਗਈਆਂ ਸਨ।
[su_youtube_advanced url=”https://www.youtube.com/watch?v=KFbKc6LFOnE”]
ਇਨ੍ਹਾਂ ਤਸਵੀਰਾਂ ਦਾ ਵਿਰੋਧ ਹੋਣ ਮਗਰੋਂ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਨੇ ਦੱਸਿਆ ਕਿ ਇਸ ਖ਼ਿਲਾਫ਼ ਕਾਰਵਾਈ ਕਰਦਿਆਂ ਦੀਵਾਨ ਦੇ ਮੈਂਬਰ ਰਮਿੰਦਰ ਸਿੰਘ ਸੰਧੂ ਨੂੰ ਪਹਿਲਾਂ ਵਟਸਐਪ ਗਰੁੱਪ ਵਿਚੋਂ ਹਟਾਇਆ ਗਿਆ ਅਤੇ ਮਗਰੋਂ ਉਸ ਦੀ ਦੀਵਾਨ ਦੀ ਮੁੱਢਲੀ ਮੈਂਬਰਸ਼ਿਪ ਖਾਰਜ ਕਰ ਦਿੱਤੀ ਗਈ। ਉਨ੍ਹਾਂ ਆਖਿਆ ਕਿ ਇਸ ਹਰਕਤ ਦੀ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਇਸ ਕਾਰਵਾਈ ਨੂੰ ਦੀਵਾਨ ਦੇ ਅਕਸ ਨੂੰ ਢਾਹ ਲਾਉਣ ਵਾਲੀ ਕਾਰਵਾਈ ਕਰਾਰ ਦਿੱਤਾ ਅਤੇ ਆਖਿਆ ਕਿ ਅਜਿਹੇ ਵਿਅਕਤੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਲੋੜ ਸੀ, ਤਾਂ ਜੋ ਭਵਿੱਖ ਵਿਚ ਕੋਈ ਹੋਰ ਅਜਿਹੀ ਕਾਰਵਾਈ ਨਾ ਕਰੇ।
ਉਨ੍ਹਾਂ ਦੱਸਿਆ ਕਿ ਇਹ ਤਸਵੀਰਾਂ ਪਾਉਣ ਬਾਰੇ ਮੈਂਬਰ ਰਮਿੰਦਰ ਸਿੰਘ ਨੇ ਆਖਿਆ ਕਿ ਇਹ ਤਸਵੀਰਾਂ ਉਸ ਦੇ ਪਰਿਵਾਰਕ ਮੈਂਬਰ ਵਲੋਂ ਗ਼ਲਤੀ ਨਾਲ ਇਸ ਗਰੁੱਪ ਵਿਚ ਸ਼ਾਮਲ ਕਰ ਦਿੱਤੀਆਂ ਗਈਆਂ ਹਨ, ਜਿਸ ਬਾਰੇ ਉਸ ਨੂੰ ਜਾਣਕਾਰੀ ਨਹੀਂ ਸੀ, ਇਸ ਕਾਰਵਾਈ ’ਤੇ ਉਸ ਨੂੰ ਵੀ ਅਫ਼ਸੋਸ ਹੈ।