Home / ਅੰਤਰ ਰਾਸ਼ਟਰੀ / ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਗੈਰਕਨੂੰਨਨ ਕੰਮ ਕਰਨ ਵਾਲਿਆਂ ਦੀ ਫੜੋ-ਫੜੀ ਵਧੀ

ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਗੈਰਕਨੂੰਨਨ ਕੰਮ ਕਰਨ ਵਾਲਿਆਂ ਦੀ ਫੜੋ-ਫੜੀ ਵਧੀ

ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਗੈਰਕਨੂੰਨਨ ਕੰਮ ਕਰਨ ਵਾਲਿਆਂ ਦੀ ਫੜੋ-ਫੜੀ ਵਧੀ ਹੈ। ਹੋ ਸਕਦਾ ਅਜਿਹਾ ਹੋਰਨਾਂ ਸੂਬਿਆਂ ‘ਚ ਵੀ ਹੋਵੇ ਪਰ ਇੱਥੇ ਅਜਿਹਾ ਹੋਣ ਦੀ ਪੱਕੀ ਜਾਣਕਾਰੀ ਹੈ।

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ. ਬੀ. ਐਸ. ਏ.) ਵੱਲੋਂ ਤਿੰਨ ਵਰਗਾਂ ‘ਤੇ ਸ਼ਿਕੰਜਾ ਕੱਸਿਆ ਗਿਆ ਹੈ।
੧. ਵੀਹ ਘੰਟੇ ਤੋਂ ਵੱਧ ਕੰਮ ਕਰ ਰਹੇ ਸਟੂਡੈਂਟ
੨. ਵਿਜ਼ਟਰ ਵੀਜ਼ੇ ‘ਤੇ ਆਣ ਕੇ ਕੰਮ ਕਰਨ ਵਾਲੇ
੩. ਵਰਕ ਪਰਮਿਟ ਕਿਸੇ ਹੋਰ ਥਾਂ ਤੋਂ ਲੈ ਕੇ ਕੰਮ ਕਿਤੇ ਹੋਰ ਕਰਨ ਵਾਲੇ।

ਸਟੂਡੈਂਟ ਦਾ ਫੜਿਆ ਜਾਣਾ ਔਖਾ ਹੈ ਕਿਉਂਕਿ ਉਸ ਕੋਲ ਵੀਹ ਘੰਟੇ ਕਨੂੰਨਨ ਕੰਮ ਕਰਨ ਦਾ ਅਧਿਕਾਰ ਹੁੰਦਾ ਹੈ ਤੇ ਇਹ ਸਾਬਤ ਕਰਨਾ ਔਖਾ ਹੋ ਜਾਂਦਾ ਕਿ ਉਹ ਜਦ ਕੰਮ ਕਰਦਾ ਫੜਿਆ ਗਿਆ ਤਾਂ ਉਹ ਵੀਹ ਘੰਟੇ ਦੇ ਅੰਦਰ ਅੰਦਰ ਕੰਮ ਕਰ ਰਿਹਾ ਸੀ ਜਾਂ ਉਪਰ। ਅਧਿਕਾਰੀਆਂ ਕੋਲ ਇੰਨਾ ਸਮਾਂ ਤੇ ਸਾਧਨ ਨਹੀਂ ਕਿ ਉਹ ਪਿੱਛਾ ਕਰਕੇ ਘੰਟੇ ਗਿਣਨ।

ਦੂਜੇ ਹਨ, ਵਿਜ਼ਟਰ ਵੀਜ਼ੇ ‘ਤੇ ਕੈਨੇਡਾ ਘੁੰਮਣ ਫਿਰਨ ਆਏ ਲੋਕ। ਇਹ ਕਨੂੰਨਨ ਕੰਮ ਨਹੀਂ ਕਰ ਸਕਦੇ ਪਰ ਕੁਝ ਕਰ ਰਹੇ ਹਨ। ਅਜਿਹੇ ਕੁਝ ਲੋਕ ਵਧੇ ਹੋਏ ਛਾਪਿਆਂ ਦੌਰਾਨ ਫੜੇ ਗਏ ਹਨ ਜਾਂ ਕੁਝ ਜਾਣ ਪਛਾਣ ਵਾਲਿਆਂ ਸ਼ਿਕਾਇਤ ਕਰਕੇ ਫੜਾਏ ਹਨ।

ਤੀਜੇ ਹਨ, ਐਲ. ਐਮ. ਆਈ./ਵਰਕ ਪਰਮਿਟ ‘ਤੇ ਕੰਮ ਕਰਨ ਵਾਲੇ। ਜਿਸ ਕੰਮ ਵਾਲੇ ਨੇ ਐਲ. ਐਮ. ਆਈ./ ਵਰਕ ਪਰਮਿਟ ਕਾਮੇ ਨੂੰ ਦਿੱਤੀ ਹੈ, ਤੇ ਕਾਮਾ ਉਥੇ ਹੀ ਕੰਮ ਕਰਦਾ ਤਾਂ ਕੋਈ ਸਮੱਸਿਆ ਨਹੀਂ ਪਰ ਹੋ ਕੀ ਰਿਹਾ ਕਿ ਲੋਕਾਂ ਨੇ ਐਲ. ਐਮ. ਆਈ./ਵਰਕ ਪਰਮਿਟ ਕਿਸੇ ਹੋਰ ਤੋਂ ਲਿਆ, ਟੈਕਸ ਉੱਥੇ ਭਰਾ ਰਹੇ ਹਨ, ਚੈੱਕ ਉਸਤੋੰ ਲੈ ਰਹੇ ਹਨ ਤੇ ਕੰਮ ਕਿਤੇ ਹੋਰ ਕਰ ਰਹੇ ਹਨ। ਕੈਨੇਡੀਅਨ ਅਧਿਕਾਰੀ ਅਜਿਹੇ ਲੋਕਾਂ ਨੂੰ ਫੜ ਰਹੇ ਹਨ।

ਕੁਝ ਦਿਨ ਪਹਿਲਾਂ ਇੱਕ ਫ਼ਾਰਮ ‘ਤੇ ਛਾਪਾ ਪਿਆ। ਕਾਗ਼ਜ਼ਾਂ ‘ਚ ਉੱਥੇ ਛੇ ਜਣੇ ਕੰਮ ਕਰਦੇ ਸਨ ਪਰ ਜਦ ਅਧਿਕਾਰੀ ਦੇਖਣ ਗਏ ਤਾਂ ਫ਼ਾਰਮ ‘ਚ ਸਿਰਫ ਘਾਹ ਖੜ੍ਹਾ, ਕੁਝ ਬੀਜਿਆ ਵੀ ਨਹੀਂ ਤੇ ਨਾ ਕੋਈ ਕਾਮਾ ਉੱਥੇ। ਐਲ. ਐਮ. ਆਈ./ਵਰਕ ਪਰਮਿਟ ਰੱਦ ਕਰ ਦਿੱਤੇ।

ਇੱਕ ਦਫਤਰ ‘ਚ ਛਾਪਾ ਮਾਰਿਆ ਗਿਆ, ਐਲ. ਐਮ. ਆਈ./ਵਰਕ ਪਰਮਿਟ ਲੈਣ ਵਾਲਾ ਸੁਪਰਵਾਈਜ਼ਰ ਉੱਥੇ ਮੌਜੂਦ ਨਹੀਂ ਸੀ। ਅਧਿਕਾਰੀਆਂ ਨੇ ਪੁੱਛਿਆ ਕਿ ਜਨਾਬ ਕਿੱਥੇ ਨੇ? ਕਹਿੰਦੇ ਬਾਹਰ ਗਿਆ ਲੰਚ ਕਰਨ। ਉਹ ਕਹਿੰਦੇ ਕੋਈ ਨਾ ਉਡੀਕ ਲੈਨੇ। ਨਾਲ ਹੀ ਕਹਿ ਦਿੱਤਾ ਕਿ ਕੋਈ ਫ਼ੋਨ ਨਾ ਵਰਤੇ। ਕਹਿੰਦੇ ਸੁਪਰਵਾਈਜ਼ਰ ਦਾ ਡੈਸਕ ਕਿੱਥੇ? ਸੁਪਰਵਾਈਜ਼ਰ ਦਾ ਬਿਜਨਸ ਕਾਰਡ? ਸੁਪਰਵਾਈਜ਼ਰ ਦੀ ਈਮੇਲ ਦਿਓ, ਕੁਝ ਵੀ ਨਹੀਂ ਸੀ ਕੋਲ। ਐਲ. ਐਮ. ਆਈ./ਵਰਕ ਪਰਮਿਟ ਰੱਦ।

ਕੈਨੇਡਾ ਪੁੱਜੇ ਲੋਕ ਪੱਕੇ ਹੋਣ ਦੀ ਕੋਸ਼ਿਸ਼ ਕਰਦਿਆਂ ਐਲ. ਐਮ. ਆਈ./ਵਰਕ ਪਰਮਿਟ ਖਰੀਦਣ ‘ਤੇ ਪੱਚੀ ਤੋਂ ਪੰਜਾਹ ਹਜ਼ਾਰ ਡਾਲਰ ਖਰਚ ਰਹੇ ਹਨ, ਜੋ ਫੜੇ ਜਾਣ ‘ਤੇ ਸਵਾਹ ਹੋ ਜਾਂਦਾ।

ਖਬਰਦਾਰ।

– ਗੁਰਪ੍ਰੀਤ ਸਿੰਘ ਸਹੋਤਾ

Check Also

Wikileaks ਦੇ ਸਹਿ ਸੰਸਥਾਪਕ ਜੂਲੀਅਨ ਅਸਾਂਜ ਨੂੰ ਲੰਡਨ ਵਿਚ ਕੀਤਾ ਗ੍ਰਿਫ਼ਤਾਰ

ਵਿਕੀਲੀਕਸ ਦੇ ਸਹਿ-ਬਾਨੀ ਤੇ ਖੋਜੀ ਪੱਤਰਕਾਰ ਜੂਲੀਅਨ ਅਸਾਂਜ ਨੂੰ ਲੰਡਨ ਵਿਚ ਇਕਵਾਡੌਰ ਦੇ ਦੂਤਾਵਾਸ ਤੋਂ …