Home / ਮੁੱਖ ਖਬਰਾਂ / ਕੌਣ ਸੀ ਸ਼ਹੀਦ ਜਸਵੰਤ ਸਿੰਘ ਖਾਲੜਾ?

ਕੌਣ ਸੀ ਸ਼ਹੀਦ ਜਸਵੰਤ ਸਿੰਘ ਖਾਲੜਾ?

ਟਾਈਟੈਨਿਕ ਜਹਾਜ ਡੁੱਬ ਰਿਹਾ ਸੀ ਤਾਂ ਸਿਰਫ ਸੱਤ ਮੀਲ ਦੂਰ ਹੀ ਸੀਲ ਮੱਛੀਆਂ ਦਾ ਗੈਰ-ਕਨੂੰਨੀ ਸ਼ਿਕਾਰ ਕਰਦੇ ਹੋਏ ਇੱਕ ਜਹਾਜ ਦੇ ਅਮਲੇ ਨੇ ਸਿਗਨਲ ਮਿਲਣ ਦੇ ਬਾਵਜੂਦ ਵੀ ਮੱਦਦ ਕਰਨ ਤੋਂ ਮੂੰਹ ਫੇਰ ਲਿਆ ਕੇ ਕਿਤੇ ਮਦਤ ਕਰਦੇ ਹੋਏ ਫੜੇ ਹੀ ਨਾ ਜਾਈਏ..!ਸਿਰਫ ਚੋਦਾਂ ਮੀਲ ਦੂਰ ਇੱਕ ਹੋਰ ਜਹਾਜ ਦਾ ਕੈਪਟਨ ਇਹ ਸੋਚ ਗੂੜੀ ਨੀਂਦਰ ਸੋਂ ਗਿਆ ਕੇ ਹੁਣ ਅੱਧੀ ਰਾਤ ਵੇਲੇ ਕਿਹੜਾ ਪੰਗਾ ਲਵੇਂ..ਆਪੇ ਸੁਵੇਰ ਹੋਊ ਤਾਂ ਦੇਖੀ ਜਾਊ!ਤੀਜਾ ਜਹਾਜ ਜਿਹੜਾ ਓਥੋਂ ਤਕਰੀਬਨ ਛਪੰਜਾ ਮੀਲ ਦੀ ਦੂਰੀ ਤੋਂ ਰੇਡੀਓ ਸਿਗਨਲ ਸੁਣ ਬਚਾ ਲਈ ਪਹੁੰਚਿਆ..ਤਕਰੀਬਨ ਸੱਤ ਸੋ ਯਾਤਰੀ ਮੌਤ ਦੇ ਮੂੰਹ ਚੋਂ ਬਚਾਹ ਲਏ..ਜਹਾਜ ਦੇ ਕੈਪਟਨ ਨੇ ਬਾਅਦ ਵਿਚ ਦਸਿਆ ਕੇ ਬੁਰੇ ਬੁਰੇ ਖਿਆਲ ਤਾਂ ਮੇਰੇ ਮਨ ਵਿਚ ਵੀ ਆਏ ਸਨ ਪਰ ਕੋਈ ਅੰਦਰੂਨੀ ਤਾਕਤ ਮੈਨੂੰ ਹੱਲਾਸ਼ੇਰੀ ਦੀ ਰਹੀ ਸੀ ਕੇ ਅੱਗੇ ਵੱਧ..ਇਸ ਵੇਲੇ ਕਿਸੇ ਜਗ੍ਹਾ ਤੇ ਤੇਰੀ ਬੇਹੱਦ ਲੋੜ ਹੈ..!

ਅਪ੍ਰੈਲ ਉੱਨੀ ਸੌ ਪੰਚਨਵੇਂ..ਜਦੋ #ਜਸਵੰਤ_ਸਿੰਘ_ਖਾਲੜਾ ਕਨੇਡਾ ਦੀ ਪਾਰਲੀਮੈਂਟ ਨੂੰ ਵੱਖੋ ਵੱਖ ਸਮਸ਼ਾਨ ਘਾਟਾਂ ਵਿਚ ਅਣਪਛਾਤੀਆਂ ਆਖ ਫੂਕ ਦਿੱਤੀਆਂ ਹਜਾਰਾਂ ਲਾਸ਼ਾਂ ਦੀ ਅਸਲੀਅਤ ਬਿਆਨ ਕਰ ਰਿਹਾ ਸੀ ਤਾਂ ਦਸਤਾਵੇਜ ਦੇਖ ਕਈ ਗੋਰੇ ਐਮ.ਪੀ ਵੀ ਕੰਬ ਉਠੇ..ਆਖਣ ਲੱਗੇ ਜੇ ਇਹ ਵਾਪਿਸ ਗਿਆ ਤਾਂ ਪੱਕਾ ਖਤਮ ਕਰ ਦਿੱਤਾ ਜਾਵੇਗਾ..ਸਣੇ ਪਰਿਵਾਰ ਕਨੇਡਾ ਦੀ ਪੱਕੀ ਨਾਗਰਿਕਤਾ ਦਵਾ ਦਿੰਦੇ ਹਾਂ..ਫੇਰ ਅਗਲੇ ਦਿਨ ਵਾਪਸੀ ਦੀ ਫਲਾਈਟ ਸੀ..ਦੋਸਤ ਮਿੱਤਰ ਸਾਰੀ ਰਾਤ ਸਮਝਾਉਂਦੇ ਰਹੇ..ਤੇਰੀ ਮੌਤ ਦਾ ਪ੍ਰਵਾਨਾ ਲਿਖਿਆ ਜਾ ਚੁਕਾ ਏ..ਨਾ ਜਾ ਵਾਪਿਸ..ਬਾਕੀ ਪਰਿਵਾਰ ਵੀ ਇਥੇ ਸੱਦ ਲੈਂਦੇ ਹਾਂ..ਅੱਗੋਂ ਬੱਸ ਏਹੀ ਆਖਦਾ ਰਿਹਾ ਕੇ ਜੇ ਵਾਪਿਸ ਨਾ ਗਿਆ ਤਾਂ ਓਹਨਾ ਮਜਲੂਮ ਪਰਿਵਾਰਾਂ ਦਾ ਕੀ ਬਣੂੰ ਜਿਹੜੇ ਮੇਰੀ ਤੱਸਲੀ ਤੇ ਮੇਰੇ ਨਾਲ ਇਸ ਮੁਹਿੰਮ ਵਿਚ ਮੇਰੇ ਨਾਲ ਤੁਰੇ ਸਨ..ਹੁਣ ਜੋ ਹੁੰਦਾ ਵੇਖੀ ਜਾਊ!

ਛੇ ਸਤੰਬਰ 95 ਦੀ ਸੁਵੇਰ ਕੋਈ ਪੌਣੇ ਕੂ ਨੌ ਵਜੇ ਕਬੀਰ ਪਾਰਕ ਵਾਲੀ ਰਿਹਾਇਸ਼ ਵਿਚ ਅਚਾਨਕ ਯੂਨੀਵਰਸਿਟੀ ਦੀ ਨੌਕਰੀ ਨੂੰ ਤੁਰੀ ਜਾਂਦੀ ਪਤਨੀ ਬੀਬੀ ਪਰਮਜੀਤ ਕੌਰ ਕੋਲ ਜਾ ਕੇ ਪੁੱਛਣ ਲੱਗੇ “ਬੱਚੇ ਪੜਾ ਲਵੇਂਗੀ ਕੱਲੀ”?ਅੱਗੋਂ ਹੱਸਦੀ ਹੋਈ ਆਖਣ ਲੱਗੀ ਕੇ ਅੱਗੇ ਵੀ ਤਾਂ ਗੁਰੂ ਆਸਰੇ ਹੀ ਪੜਦੇ ਨੇ..!ਸ਼ੇਰ ਮਾਂ ਦਾ ਪੁੱਤ ਆਪਣਾ ਅੰਜਾਮ ਚੰਗੀ ਤਰਾਂ ਜਾਣਦਾ ਸੀ..ਨਤੀਜੇ ਭੁਗਤਣ ਲਈ ਤਿਆਰ ਭਰ ਤਿਆਰ ਸੀ..ਉਹ ਵੀ ਉਸ ਵੇਲੇ ਜਦੋਂ ਸਿਸਟਮ ਦੀ ਮਰਜੀ ਬਗੈਰ ਪੱਤਾ ਵੀ ਨਹੀਂ ਸੀ ਹਿੱਲ ਸਕਦਾ..ਪਾਣੀ ਦੇ ਬਹਾਅ ਦੇ ਉਲਟ ਤਾਰੀ ਜੂ ਲਾਈ ਸੀ ਅਗਲੇ ਨੇ..”ਬੱਚ ਬੁਰੇ ਹਾਲਾਤਾਂ ਤੋਂ..ਪੱਤਾ ਪੱਤਾ ਸਿੰਘਾਂ ਦਾ ਵੈਰੀ”..ਹੰਸ ਰਾਜ ਹੰਸ ਦੇ ਗਾਏ ਇਸ ਗੀਤ ਤੇ ਪਬੰਦੀ ਤੱਕ ਲਾ ਦਿੱਤੀ ਗਈ ਸੀ..!
ਭਾਈ ਸਾਬ ਦੀ ਬੇਟੀ ਦੱਸਦੀ ਏ ਕੇ ਜਦੋਂ ਕਨਫਰਮ ਹੋ ਗਿਆ ਕੇ ਖਾਲੜਾ ਸਾਬ ਵੀ ਓਸੇ ਲੀਹੇ ਮੁਕਾ ਦਿੱਤੇ ਗਏ ਨੇ ਜਿਥੇ ਕਦੀ ਪੰਜੀ ਹਜਾਰ ਲਾਸ਼ਾਂ ਦਾ ਨਾਮੋ-ਨਿਸ਼ਾਨ ਮਿਟਿਆ ਸੀ..ਤਾਂ ਕਈ ਰਿਸ਼ਤੇਦਾਰੀਆਂ ਮੂੰਹ ਮੋੜ ਗਈਆਂ..ਦੋਸਤ ਮਿੱਤਰ ਮਿਲਣੋਂ ਹਟ ਗਏ..ਕਈ ਗਵਾਹ ਸੋਨੇ ਚਾਂਦੀ ਦੀ ਤੱਕੜੀ ਵਿਚ ਤੁੱਲ ਮੁੱਕਰ ਗਏ..ਧਮਕੀ ਭਰੇ ਫੋਨ ਅਕਸਰ ਆ ਜਾਇਆ ਕਰਦੇ..ਕੇਸ ਦੀ ਪੈਰਵੀ ਨਾ ਕਰੋ..ਮੂੰਹ ਮੰਗੇ ਪੈਸੇ ਲੈ ਲਵੋ..ਪਰ ਗੁਰੂ ਤੇ ਆਸਥਾ ਲਾਈ ਆਮ ਜਿਹਾ ਇਹ ਪਰਿਵਾਰ ਨਿਸ਼ਾਨੇ ਤੋਂ ਨਾ ਥਿੜਕਿਆ..
ਫੇਰ ਸਤਾਨਵੇਂ ਨੂੰ ਪੰਥਕ ਅਕਾਲੀ ਸਰਕਾਰ ਦੇ ਸਰਬਰਾਹ ਉਸ ਪ੍ਰਕਾਸ਼ ਸਿੰਘ ਬਾਦਲ ਦੇ ਬੂਹੇ ਤੇ ਵੀ ਜਾ ਦਸਤਕ ਦਿੱਤੀ ਜਿਹੜਾ ਅਕਸਰ ਹੀ ਆਖਿਆ ਕਰਦਾ ਸੀ ਕੇ “ਬੀਬੀ ਸਾਡੀ ਸਰਕਾਰ ਆ ਲੈਣ ਦਿਓ ਇਨਸਾਫ ਜਰੂਰ ਮਿਲੂਗਾ” .. ਪਰ ਰਾਜ ਤਿਲਕ ਦੀ ਖੁਮਾਰੀ ਵਿਚ ਅੰਨ੍ਹੇ ਹੋਏ ਇਸ ਧ੍ਰਿਤਰਾਸ਼ਟਰ ਦਾ ਜੁਆਬ ਬੜਾ ਅਜੀਬ ਅਤੇ ਸ਼ਰਮਨਾਕ ਸੀ..”ਬੀਬੀ ਛੱਡੋ ਖਹਿੜਾ ਹੁਣ ਤਫਤੀਸ਼ ਦਾ..ਜਾਣ ਵਾਲਾ ਚਲਾ ਗਿਆ..ਮਨਿਸਟਰੀ ਲੈ ਲਵੋ..ਜਿਹੜੀ ਮਰਜੀ ਚੇਅਰਮੈਨੀ ਆਖੋ ਮਿਲ ਜਾਵੇਗੀ..ਬੱਚੇ ਬਾਹਰ ਸੈਟਲ ਕਰਵਾ ਦਿੰਨੇ ਆ”.. ਦੋਸਤੋ ਇੱਕ ਵਾਰ ਜੰਗਲ ਨੂੰ ਅੱਗ ਲੱਗ ਗਈ..ਨੱਸਦੇ ਹੋਏ ਜਾਨਵਰਾਂ ਦੇਖਿਆ ਕੇ ਇੱਕ ਨਿੱਕੀ ਜਿਹੀ ਚਿੜੀ ਚੁੰਜ ਵਿਚ ਪਾਣੀ ਭਰ ਲੱਗੀ ਅੱਗ ਦੀਆਂ ਲਪਟਾਂ ਉੱਤੇ ਸੁੱਟ ਰਹੀ ਸੀ..ਟਿੱਚਰ ਕਰਦੇ ਹੋਏ ਆਖਣ ਲੱਗੇ ਤੇਰੇ ਚੁੰਝ ਭਰ ਪਾਣੀ ਨਾਲ ਕਿਹੜਾ ਕੋਈ ਫਰਕ ਪੈ ਜੂ” .. ਅੱਗੋਂ ਆਖਣ ਲੱਗੀ ਕੇ ਫਰਕ ਭਾਵੇਂ ਨਾ ਪਵੇਂ ਪਰ ਜਦੋਂ ਕਦੀ ਜੰਗਲ ਦਾ ਇਤਿਹਾਸ ਲਿਖਿਆ ਜਾਊ ਤਾਂ ਮੇਰਾ ਨਾਮ ਭੱਜਣ ਵਾਲਿਆਂ ਵਿਚ ਨਹੀਂ ਸਗੋਂ ਅੱਗ ਬੁਝਾਉਣ ਵਾਲਿਆਂ ਦੀ ਲਿਸਟ ਵਿਚ ਦਰਜ ਹੋਊ!
– ਹਰਪ੍ਰੀਤ ਸਿੰਘ ਜਵੰਦਾ

Check Also

ਜਾਣੋ ਕੋਣ ਹਨ ਵਿਸਾਖੀ ਤੇ ਨਗਰ ਕੀਰਤਨ ਦੌਰਾਨ ਨਾਚ ਗਾਣਾ ਭੰਗੜਾ ਪਵਾਉਣ ਵਾਲੇ

ਅੱਜ ਵੈਨਕੂਵਰ ਇਲਾਕੇ ‘ਚ ਚਲਦੇ ਰੇਡੀਓ 1600 ਏ. ਐਮ. ‘ਤੇ ਹੋਸਟਾਂ ਆਸ਼ਿਆਨਾ ਅਤੇ ਕੁਲਜੀਤ ਕੌਰ …