ਅਸੀਂ ਕੈਂਸਰ ਬੀਜਣ ਲੱਗੇ ਹੋਏ ਹਾਂ !

By March 21, 2019


ਕੱਲ ਤੋਂ ਬੀਬੀਸੀ ਅੰਗਰੇਜ਼ੀ ਚੈਨਲ ਤੇ ਇੱਕ ਖ਼ਬਰ ਸੁਰਖੀਆਂ ਵਿਚ ਬਣੀ ਹੋਈ ਸੀ। ਜਿਸ ਦਾ ਸਿੱਧਾ ਸੰਬੰਧ ਸਾਡੇ ਪੰਜਾਬ ਨਾਲ ਜੁੜਿਆ ਹੋਇਆ ਹੈ। ਇਹ ਬਹੁਤ ਘੱਟ ਹੁੰਦਾ ਕਿ ਅੰਤਰ ਰਾਸ਼ਟਰੀ ਚੈਨਲਾਂ ਤੇ ਚੱਲਣ ਵਾਲੀਆਂ ਖਬਰਾਂ ਸਾਡੇ ਛੋਟੇ ਜੇ ਰਾਜ ਨੂੰ ਪ੍ਰਭਾਵਿਤ ਕਰਨ। ਬੇਸ਼ਕ ਇਹ ਖਬਰ ਅਮਰੀਕਾ ਤੋਂ ਹੈ ਪਰ ਪੰਜਾਬੀਆਂ ਲਈ ਅੱਖਾਂ ਖੋਲਣ ਵਾਲੀ ਹੈ। ਪਰ ਅਫਸੋਸ ਦੀ ਗੱਲ ਇਹ ਹੈ ਕਿ ਕਿਸੇ ਵੀ ਭਾਰਤੀ ਖਬਰਾਂ ਦੇ ਚੈਨਲ ਜਾਂ ਅਖਬਾਰ ਨੇ ਇਹ ਖਬਰ ਪ੍ਰਕਾਸ਼ਿਤ ਨਹੀਂ ਕੀਤੀ ਹੈ। ਚੋਣਾਂ ਦੇ ਇਸ ਮਾਹੌਲ ਵਿਚ ਜਦੋਂ ਮੰਦਿਰ – ਮਸਜਿਦ , ਹਿੰਦੂ ਮੁਸਲਿਮ, ਪਾਕਿਸਤਾਨ ਵਰਗੇ ਮੁੱਦਿਆਂ ਵਿਚ ਰੁਝੇ ਨਿਊਜ ਚੈਨਲ ਜੋ ਕਿ ਪਿਛਲੇ ਦੋ ਤਿੰਨ ਸਾਲ ਤੋਂ ਡਰਾਮਾ ਚੈਨਲ ਬਣ ਚੁੱਕੇ ਹਨ ਓਹਨਾ ਨੇ ਹੁਣ ਇਸ ਖਬਰ ਵਿਚ ਕੋਈ ਸਸਪੈਂਸ ਜਾ ਡਰਾਮਾ ਨਾ ਲੱਭਦਾ ਹੋਣ ਕਰਕੇ ਇਸ ਵੱਡੀ ਖਬਰ ਨੂੰ ਵਿਸਾਰ ਦਿੱਤਾ ਗਿਆ ਹੈ।


ਪਰ ਇਹ ਖਬਰ ਪੰਜਾਬੀਆਂ ਵੱਲੋ ਵੱਡੇ ਪੱਧਰ ਤੇ ਵਰਤੀ ਜਾਂਦੀ ਨਦੀਨ ਨਾਸ਼ਕ ਰਾਊਂਡ ਅੱਪ ਜੋ ਕਿ ਗਲਾਈਫੋਸੇਟ ਅਧਾਰਿਤ ਨਦੀਨ ਨਾਸ਼ਕ ਨਾਲ ਸੰਬੰਧਿਤ ਹੈ। ਅਮਰੀਕੀ ਜੱਜਾਂ ਦੇ ਪੈਨਲ ਕੋਲ ਚਲਦੇ ਕੇਸ ਵਿਚ ਇਸ ਵਿਚ ਫੈਸਲਾ ਆਇਆ ਹੈ , ਜਿਸ ਵਿਚ ਲੰਮੀ ਜਾਂਚ ਪੜਤਾਲ ਤੋਂ ਬਾਅਦ ਇਹ ਪਾਇਆ ਗਿਆ ਹੈ ਕਿ ਬਾਯਰ ਦਾ ਗਲਾਈਫੋਸੇਟ ਅਧਾਰਿਤ ਨਦੀਨ ਨਾਸ਼ਕ ਰਾਊਂਡ ਅੱਪ ਮਨੁੱਖਾਂ ਵਿਚ ਕੈਂਸਰ ਪੈਦਾ ਕਰਨ ਦਾ ਕਾਰਨ ਹੈ। ਹੁਣ ਅਗਲੀ ਤਾਰੀਕ ਵਿਚ ਇਸ ਕੇਸ ਵਿਚ ਕੰਪਨੀ ਤੇ ਜੁਰਮਾਨੇ ਜਾਂ ਸਜਾ ਸੰਬੰਧੀ ਫੈਸਲਾ ਆਵੇਗਾ।ਬਾਯਰ ਇੱਕ ਜਰਮਨ ਕੰਪਨੀ ਹੈ ਜਿਸ ਨੇ 66 ਬਿਲੀਅਨ ਅਮਰੀਕੀ ਡਾਲਰ ਖਰਚ ਕਰਕੇ ਅਮਰੀਕੀ ਕੰਪਨੀ ਮੋਨਸੈਂਟੋ ਦੇ ਉਤਪਾਦ ਰਾਊਂਡ ਅੱਪ ਨੂੰ ਖਰੀਦ ਲਿਆ ਸੀ। ਗਲਾਈਫੋਸੇਟ ਅਧਾਰਿਤ ਨਦੀਨ ਨਾਸ਼ਕ ਰਾਊਂਡ ਅੱਪ ਦੀ ਖੋਜ 1974 ਵਿਚ ਅਮਰੀਕੀ ਕੰਪਨੀ ਮੋਨਸੈਂਟੋ ਵੱਲੋਂ ਹੀ ਕੀਤੀ ਗਈ ਸੀ। ਸਨ 2000 ਤੱਕ ਇਸਦਾ ਪੇਟੈਂਟ ਅਧਿਕਾਰ ਕੰਪਨੀ ਕੋਲ ਸਨ। ਸਨ 2000 ਤੋਂ ਬਾਅਦ ਪੇਟੈਂਟ ਅਧਿਕਾਰ ਖਤਮ ਹੋਣ ਨਾਲ ਇਹ ਵੱਖ ਵੱਖ ਕੰਪਨੀਆਂ ਦੁਆਰਾ ਬਣਾਇਆ ਜਾਣ ਲੱਗਿਆ। ਅਮਰੀਕਾ ਵਿਚ ਕਰੀਬ ਕੋਈ 750 ਇਸ ਤਰਾਂ ਤੇ ਉਤਪਾਦ ਵਿਕ ਰਹੇ ਹਨ। ਭਾਰਤ ਵਿਚ ਵੀ ਗਲਾਈਫੋਸੇਟ ਅਧਾਰਿਤ ਨਦੀਨ ਨਾਸ਼ਕ ਰਾਊਂਡ ਅੱਪ ਧੜੱਲੇ ਨਾਲ ਵਿਕ ਰਿਹਾ ਹੈ। ਵੱਖੋ ਵੱਖ ਕੰਪਨੀਆਂ ਇਸ ਨੂੰ ਵੱਖ ਵੱਖ ਨਾਵਾਂ ਜਿਵੇ ਹਾਈਜੈਕ , ਫਲਾਈਟ 71 ਆਦਿ ਨਾਲ ਵੇਚ ਰਹੀਆਂ ਹਨ ।


2015 ਵਿਚ ਅੰਤਰ ਰਾਸ਼ਟਰੀ ਕੈਂਸਰ ਖੋਜ ਏਜੇਂਸੀ, ਯੂਰਪੀ ਭੋਜਨ ਸੁਰੱਖਿਆ ਏਜੇਂਸੀ ਅਤੇ ਵਿਸ਼ਵ ਸਿਹਤ ਸੰਗਠਨ (WHO) ਨੇ ਵੀ ਕਿਹਾ ਸੀ ਕਿ ਗਲਾਈਫੋਸੇਟ ਅਧਾਰਿਤ ਨਦੀਨ ਨਾਸ਼ਕ ਰਾਊਂਡ ਅੱਪ ਮਨੁਖਾਂ ਵਿਚ ਕੈਂਸਰ ਪੈਦਾ ਕਰਨ ਦਾ ਕਾਰਨ ਹੈ। ਪਰ ਜਦੋ ਕਿ ਅਮਰੀਕੀ ਵਾਤਾਵਰਨ ਰੱਖਿਆ ਮਹਿਕਮੇ ਨੇ ਕਿਹਾ ਸੀ ਕਿ ਜੇਕਰ ਇਸ ਦੀ ਵਰਤੋਂ ਸਾਵਧਾਨੀ ਨਾਲ ਕੀਤੀ ਜਾਵੇ ਤਾਂ ਇਹ ਕੈਂਸਰ ਦਾ ਕਾਰਨ ਨਹੀਂ ਬਣ ਦਾ। ਇਸ ਕਰਕੇ ਹੁਣ ਤੱਕ ਇਸ ਉੱਪਰ ਅਮਰੀਕਾ ਵਿਚ ਪਾਬੰਦੀ ਨਹੀਂ ਸੀ ਲੱਗੀ। ਭਾਰਤ ਵਿਚ ਵੀ ਇਸ ਦੀ ਵਰਤੋਂ ਤੇ ਕੁਝ ਪਾਬੰਦੀਆਂ ਜਰੂਰ ਨੇ ਪਰ ਇਸ ਦੀ ਵਿਕਰੀ ਤੇ ਕੋਈ ਪਾਬੰਦੀ ਕੋਈ ਨਹੀਂ। ਬੇਸ਼ਕ ਇਸ ਦੀ ਵਰਤੋਂ ਸਿਰਫ ਖਾਲੀ ਜਮੀਨਾਂ ਜਾਂ ਚਾਹ ਦੇ ਬਾਗ਼ਾਂ ਤੱਕ ਸੀਮਤ ਕਰਨ ਵਰਗੇ ਹੁਕਮ ਸਮੇ ਸਮੇ ਤੇ ਨਿਕਲਦੇ ਰਹੇ ਨੇ , ਪਰ ਸਾਡੇ ਪੰਜਾਬ ਵਿਚ ਇਸ ਦੀ ਵਰਤੋਂ ਧੜੱਲੇ ਨਾਲ ਕਿਸਾਨਾਂ ਵੱਲੋਂ ਕੀਤੀ ਜਾਂਦੀ ਹੈ ਖਾਸ ਕਰਕੇ ਝੋਨੇ ਦੇ ਸੀਜਨ ਵਿਚ ਜਦੋ ਖਾਲਾਂ ਵੱਟਾਂ ਉੱਪਰ ਘਾਹ ਆਮ ਹੋ ਰਿਹਾ ਹੁੰਦਾ ਹੈ। ਇਸ ਦੇ ਸਭ ਤੋਂ ਪਹਿਲੇ ਸ਼ਿਕਾਰ ਕਿਸਾਨ ਅਤੇ ਖੇਤਾਂ ਵਿਚ ਕੰਮ ਕਰਨ ਵਾਲੇ ਮਜਦੂਰ ਹੁੰਦੇ ਨੇ। ਅਮਰੀਕਾ ਵਿਚ ਇਸ ਦੀ ਵਰਤੋਂ ਸਿਰਫ ਸਾਵਧਾਨੀਆਂ ਨਾਲ ਕਰਨ ਲਈ ਹੈ ਪਰ ਅਸੀਂ ਪੰਜਾਬੀ ਸਾਵਧਾਨੀਆਂ ਕਰਨ ਵਾਲੇ ਕਿਥੇ ਹਾਂ , ਸਾਡੇ ਤਾਂ ਸਪ੍ਰੇਹ ਖੇਤ ਵਿਚ ਬਾਅਦ , ਪਹਿਲਾਂ ਪੈਰਾਂ ਤੇ ਪੈਂਦੀ ਹੈ। ਅਤੇ ਅਸੀਂ ਡੋਜ ਵੀ ਦੁਗਣੀ ਕਰਕੇ , ਨਾਲ ਹੋਰ ਵੀ ਰਲਾ ਕੇ ਤੇ ਯੂਰੀਆ ਵੀ ਪਾ ਕੇ ਕਰਦੇ ਹਾਂ। ਫਿਰ ਅਸੀਂ ਆਪਣੀ ਮੌਤ ਆਪ ਹੀ ਸੱਦਣ ਲੱਗੇ ਹੋਏ ਹਾਂ। ਸਾਡੀਆਂ ਅਣਗਹਿਲੀਆਂ ਦਾ ਹੀ ਨਤੀਜਾ ਹੈ ਕਿ ਅਸੀਂ ਬਠਿੰਡੇ ਤੋਂ ਕੈਂਸਰ ਟਰੇਨ ਵੀ ਚਲਾ ਲਈ ਹੈ। ਇਹ ਲੇਖ ਪੜ੍ਹ ਕੇ ਬੇਸ਼ਕ ਬਹੁਤੇ ਗਲਾਈਫੋਸੇਟ ਵਰਤਣੋਂ ਹਟਣਗੇ ਤਾਂ ਨਹੀਂ ਪਰ ਇਸ ਦੇ ਖਤਰਨਾਕ ਨਤੀਜੇ ਪੜ੍ਹ ਕੇ ਕੁਝ ਵਰਤੋਂ ਸੰਜਮ ਅਤੇ ਸਾਵਧਾਨੀ ਨਾਲ ਕਰਨ ਲੱਗ ਜਾਣ ਤਾਂ ਹੋ ਸਕਦਾ ਕੈਂਸਰ ਵਰਗੀ ਭਿਆਨਕ ਬਿਮਾਰੀ ਦੇ ਚਪੇਟ ਵਿੱਚ ਆਉਣ ਤੋਂ ਬਚ ਜਾਣ।
ਕੇਸ ਲੜਨ ਵਾਲੇ 70 ਸਾਲਾਂ ਹਾਰਦੇਮੈਨ ਦਾ ਕਹਿਣਾ ਹੈ ਕਿ ਉਸਨੇ 1980 ਤੋਂ 2012 ਤੱਕ ਰਾਉਂਡ ਅੱਪ ਦੀ ਵਰਤੋਂ ਕੀਤੀ ਜਿਸ ਨਾਲ ਉਹ ਗੰਭੀਰ ਬਿਮਾਰੀ ਦੀ ਚਪੇਟ ਵਿਚ ਆ ਗਿਆ। ਹਾਰਦੇਮੈਨ ਦੇ ਵਕੀਲ ਐਮੀ ਵੈਗਸਟਾਫ ਅਤੇ ਜੈਨੀਫਰ ਮੋਰੇ ਦਾ ਕਹਿਣਾ ਹੈ ਕਿ ਉਹ ਅਗਲੀ ਤਾਰੀਕ ਤੇ ਅਦਾਲਤ ਸਾਹਮਣੇ ਉਹ ਸਾਰੇ ਸਬੂਤ ਪੇਸ਼ ਕਰਨਗੇ ਕਿ ਕਿਵੇਂ ਕੰਪਨੀ ਨੇ ਆਪਣਾ ਉਤਪਾਦ ਵੇਚਣ ਲਈ ਵੱਡੇ ਵੱਡੇ ਅਧਿਕਾਰੀਆਂ ਅਤੇ ਵਿਗਿਆਨੀਆਂ ਨੂੰ ਪ੍ਰਭਾਵਿਤ ਕੀਤਾ।
https://www.bbc.com/news/business-47633086
ਗੁਰਬੀਰ ਸਿੰਘ

Posted in: ਸਾਹਿਤ