ਅਕਾਲੀ ਆਗੂਆਂ ਦੀ ‘ਗ੍ਰਿਫ਼ਤਾਰੀ’ ਲਈ ਪੁਲੀਸ ਸਰਗਰਮ

By March 18, 2019


ਚੰਡੀਗੜ੍ਹ:ਪੰਜਾਬ ਪੁਲੀਸ ਸੂਬੇ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ, ਅਕਾਲੀ ਆਗੂਆਂ ਤੇ ਵਿਧਾਇਕਾਂ ਬਿਕਰਮ ਸਿੰਘ ਮਜੀਠੀਆ, ਲਖਬੀਰ ਸਿੰਘ ਲੋਧੀਨੰਗਲ ਤੇ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਗ੍ਰਿਫ਼ਤਾਰ ਕਰਨ ਲਈ ‘ਹਰ ਸੰਭਵ ਯਤਨ’ ਕਰ ਰਹੀ ਹੈ। ਆਰਟੀਆਈ ਰਾਹੀਂ ਹੋਏ ਖੁਲਾਸੇ ਵਿਚ ਸਾਹਮਣੇ ਆਇਆ ਹੈ ਕਿ ਪੁਲੀਸ ਲੰਘੇ ਇਕ ਸਾਲ ਤੋਂ ਇਨ੍ਹਾਂ ਆਗੂਆਂ ਖ਼ਿਲਾਫ਼ ‘ਜਾਂਚ ਪ੍ਰਕਿਰਿਆ’ ’ਚੋਂ ਲੰਘ ਰਹੀ ਹੈ, ਪਰ ਕੋਈ ਜ਼ਿਆਦਾ ਸਫ਼ਲਤਾ ਹੱਥ ਨਹੀਂ ਲੱਗੀ। ਦਸੰਬਰ 2017 ਵਿਚ ਕਾਂਗਰਸੀ ਆਗੂਆਂ ਖ਼ਿਲਾਫ਼ ਰੋਸ ਪ੍ਰਗਟਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਸਾਰੇ ਰਾਜ ਵਿਚ ਆਵਾਜਾਈ ਰੋਕ ਦਿੱਤੀ ਸੀ। ਹੋਰਾਂ ਕਈ ਆਗੂਆਂ ਸਣੇ ਸੁਖਬੀਰ ਬਾਦਲ ਤੇ ਮਜੀਠੀਆ ਖ਼ਿਲਾਫ਼ ਉਸ ਵੇਲੇ ਮੱਖੂ ਪੁਲੀਸ ਸਟੇਸ਼ਨ ਵਿਚ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ ਸੀ। ਜ਼ਿਲ੍ਹਿਆਂ ਵਿਚ ਵੀ ਵੱਡੇ ਆਗੂਆਂ ਖ਼ਿਲਾਫ਼ ਐਫਆਈਆਰ ਹੋਈ ਸੀ।

ਨਵਾਂ ਸ਼ਹਿਰ ਨਾਲ ਸਬੰਧਤ ਸਮਾਜਿਕ ਕਾਰਕੁਨ ਪਰਵਿੰਦਰ ਸਿੰਘ ਕਿੱਤਣਾ ਵੱਲੋਂ ਦਾਖ਼ਲ ਕੀਤੀ ਆਰਟੀਆਈ ਦੇ ਜਵਾਬ ਵਿਚ ਪੁਲੀਸ ਨੇ ਬਹੁਤੇ ਮਾਮਲਿਆਂ ਵਿਚ ਮੰਨਿਆ ਹੈ ਕਿ ਜਿਹੜੀਆਂ ਧਾਰਾਵਾਂ ਇਨ੍ਹਾਂ ਆਗੂਆਂ ਖ਼ਿਲਾਫ਼ ਹਨ, ਉਸ ਤਹਿਤ ਗ੍ਰਿਫ਼ਤਾਰੀਆਂ ਹੋਣੀਆਂ ਚਾਹੀਦੀਆਂ ਹਨ ਕਿਉਂਕਿ ਅਜਿਹੇ ਮਾਮਲਿਆਂ ਵਿਚ ਜ਼ਮਾਨਤ ਦੇਣਾ ਅਦਾਲਤਾਂ ਦੇ ਹੱਥ-ਵਸ ਹੈ। ਇਕ ਪੱਖ ਇਹ ਵੀ ਹੈ ਕਿ ਇਨ੍ਹਾਂ ਆਗੂਆਂ ਵਿਚੋਂ ਕਿਸੇ ਨੇ ਵੀ ਜ਼ਮਾਨਤ ਲਈ ਅਰਜ਼ੀ ਨਹੀਂ ਲਾਈ। ਇਸ ਲਈ ਬਹੁਤੇ ਕੇਸਾਂ ਵਿਚ ਜਾਂ ਤਾਂ ਪੁਲੀਸ ‘ਗ੍ਰਿਫ਼ਤਾਰੀ ਲਈ ਯਤਨ ਕਰ ਰਹੀ ਹੈ’ ਜਾਂ ‘ਹਾਲੇ ਜਾਂਚ ਜਾਰੀ ਹੈ’। ਤਰਨ ਤਾਰਨ ਦੇ ਐੱਸਐੱਸਪੀ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਇਸ ਇਲਾਕੇ ਵਿਚ ਦਰਜ ਐਫਆਈਆਰ ’ਚ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ, ਹਰਮੀਤ ਸਿੰਘ ਸੰਧੂ ਤੇ ਹੋਰ ਆਗੂਆਂ ਦਾ ਨਾਂ ਦਰਜ ਹੈ। ਵਿਧਾਇਕ ਦੇਸ ਰਾਜ ਧੁੱਗਾ, ਪਵਨ ਕੁਮਾਰ ਟੀਨੂੰ, ਆਗੂ ਬਲਦੇਵ ਸਿੰਘ ਖੈਰਾ, ਸਤਪਾਲ ਮੱਲ, ਗੁਰਪ੍ਰਤਾਪ ਵਡਾਲਾ ਨੂੰ ‘ਗ੍ਰਿਫ਼ਤਾਰ ਕਰਨ ਦੇ ਯਤਨ’ ਵੀ ਪੁਲੀਸ ਕਰ ਰਹੀ ਹੈ। ਹਾਸਲ ਜਾਣਕਾਰੀ ਮੁਤਾਬਕ ਪੁਲੀਸ ਨੇ ਹਾਲੇ ਤੱਕ ਚਾਰਜਸ਼ੀਟ ਤੱਕ ਦਾਖ਼ਲ ਨਹੀਂ ਕੀਤੀ।