ਪਾਕਿ ਜਾਸੂਸ ਰਾਮ ਕੁਮਾਰ ਜਲੰਧਰ ਤੋਂ ਕਾਬੂ

By March 15, 2019


ਪੰਜਾਬ ਪੁਲਿਸ ਦੇ ਖੂਫੀਆ ਵਿੰਗ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਵਾਸੀ ਰਾਮ ਕੁਮਾਰ ਨੂੰ ਜਲੰਧਰ ਤੋਂ ਗ੍ਰਿਫਤਾਰ ਕਰਕੇ ਸੂਬੇ ਵਿਚ ਸਰਗਰਮ ਜਾਸੂਸੀ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ। ਭਰੋਸੇਯੋਗ ਸੂਤਰਾਂ ਅਤੇ ਸਹਿਯੋਗੀ ਏਜੰਸੀਆਂ ਤੋਂ ਮਿਲੀ ਜਾਣਕਾਰੀ ‘ਤੇ ਕਾਰਵਾਈ ਕਰਦਿਆਂ ਸਟੇਟ ਸਪੈਸ਼ਲ ਉਪਰੇਸ਼ਨਜ਼ ਸੈੱਲ ਆਫ ਇੰਟੈਲੀਜੈਂਸ ਨੇ ਇਕ ਜਾਸੂਸੀ ਏਜੰਟ ਨੂੰ ਗ੍ਰਿਫਤਾਰ ਕੀਤਾ ਹੈ।ਪੁਲਿਸ ਵੱਲੋਂ ਮੁੱਢਲੀ ਪੁੱਛਗਿੱਛ ਦੌਰਾਨ ਰਾਮ ਕੁਮਾਰ ਨੇ ਦੱਸਿਆ ਕਿ ਉਹ 2013 ਤੋਂ ਜਲੰਧਰ ਕੈਂਟ ਵਿਖੇ ਐਮ.ਈ.ਐਸ ਵਿਚ ਇਲੈਕਟ੍ਰੀਸ਼ਨ ਵਜੋਂ ਕੰਮ ਕਰਦਾ ਰਿਹਾ ਹੈ। ਉਸ ਨੇ ਦੱਸਿਆ ਕਿ ਪਾਕਿਸਤਾਨ ਅਧਾਰਿਤ ਇੰਟੈਲੀਜੈਂਸ ਆਪਰੇਟਿਵ ਨਾਲ ਸ਼ੋਸ਼ਲ ਮੀਡੀਆ ‘ਤੇ ਉਸ ਦੀ ਦੋਸਤੀ ਹੋਈ। ਉਸਨੂੰ ਭਾਰਤ-ਪਾਕਿਸਤਾਨ ਸਰਹੱਦ ‘ਤੇ ਤੈਨਾਤ ਭਾਰਤੀ ਸੈਨਾ ਦੀਆਂ ਯੂਨਿਟਾਂ ਅਤੇ ਰੱਖਿਆ ਦਲਾਂ ਦੀ ਹਰਕਤ ਬਾਰੇ ਜਾਣਕਾਰੀ ਦੇਣ ਲਈ ਕਿਹਾ ਗਿਆ ਸੀ। ਉਸਨੂੰ ਵਿਸ਼ੇਸ਼ ਸੈਨਾ ਦਲਾਂ ਬਾਰੇ ਜਾਣਕਾਰੀ ਦੇਣ ਲਈ ਵੀ ਕਿਹਾ ਗਿਆ ਸੀ।

ਬੁਲਾਰੇ ਨੇ ਕਿਹਾ ਕਿ ਰਾਮ ਕੁਮਾਰ ਨੇ ਕਬੂਲ ਕੀਤਾ ਕਿ ਉਸ ਨੇ ਸੈਨਾ ਨਾਲ ਸਬੰਧਤ ਸੰਵੇਦਨਸ਼ੀਲ ਜਾਣਕਾਰੀ ਸੋਸ਼ਲ ਮੀਡੀਆ ਜ਼ਰੀਏ ਪਾਕਿਸਤਾਨੀ ਹੈਂਡਲਰ ਨੂੰ ਦਿੱਤੀ। ਇਸ ਤੋਂ ਇਲਾਵਾ ਉਸ ਨੇ ਮਿਲਟਰੀ ਅਫਸਰਾਂ ਦੇ ਮੋਬਾਇਲ ਨੰਬਰ ਵੀ ਪਾਕਿਸਤਾਨੀ ਇੰਟੈਲੀਜੈਂਸ ਆਪਰੇਟਿਵਜ਼ ਨੂੰ ਦਿੱਤੇ। ਜਾਣਕਾਰੀ ਦੇਣ ਬਦਲੇ ਉਸ ਨੂੰ ਵੱਖ-ਵੱਖ ਮੌਕਿਆਂ ਉਤੇ ਪੈਸਿਆਂ ਦਾ ਭੁਗਤਾਨ ਕੀਤਾ ਗਿਆ।ਬੁਲਾਰੇ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਪੁਲਵਾਮਾ ਘਟਨਾ ਤੋਂ ਬਾਅਦ ਉਸ ਦੇ ਹੈਂਡਲਰਸ ਸੈਨਾ ਦੀ ਹਰਕਤ ਜਾਨਣ ਲਈ ਹੋਰ ਉਤਸੁਕ ਹੋ ਗਏ। ਇਸ ਤੋਂ ਇਲਾਵਾ ਉਸ ਪਾਸੋਂ ਦੋ ਮੋਬਾਇਲ ਫੋਨ, ਚਾਰ ਸਿੰਮ ਕਾਰਡ ਬਰਾਮਦ ਕੀਤੇ ਗਏ। ਉਸ ਨੇ ਕਿਹਾ ਕਿ ਮੁਲਜ਼ਮ ਦਾ ਪੁਲਿਸ ਰਿਮਾਂਡ ਲੈਣ ਲਈ ਅੱਜ ਕੋਰਟ ਵਿਚ ਪੇਸ਼ ਕੀਤਾ ਗਿਆ ਤਾਂ ਜੋ ਸੂਬੇ ਵਿਚ ਸਰਗਰਮ ਸਮੁੱਚੇ ਜਾਸੂਸੀ ਨੈਟਵਰਕ ਦਾ ਪਰਦਾਫਾਸ਼ ਕੀਤਾ ਜਾ ਸਕੇ।





Posted in: ਰਾਸ਼ਟਰੀ