ਦਿੱਲੀ ਪੁਲੀਸ ਵੱਲੋਂ ਖਾਲਿਸਤਾਨ ਕਮਾਂਡੋ ਫੋਰਸ ਦਾ ਮੈਂਬਰ ਗ੍ਰਿਫਤਾਰ ਕਰਨ ਦਾ ਦਾਅਵਾ

By March 15, 2019


ਦਿੱਲੀ ਪੁਲਿਸ ਨੇ ਬੀਤੇ ਦਿਨ ਦਾਅਵਾ ਕੀਤਾ ਸੀ ਕਿ ਉਹਨਾਂ ਨੇ ਭਾਰਤ ਸਰਕਾਰ ਵੱਲੋਂ ਪਾਬੰਦੀਸ਼ੁਦਾ ਖਾੜਕੂ ਸੰਗਠਨ ਖਾਲਿਸਤਾਨ ਕਮਾਂਡੋ ਫੋਰਸ ਦੇ ਮੈਂਬਰ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਸਾਥੀ ਗੁਰਸੇਵਕ ਸਿੰਘ ਉਰਫ ਬਬਲਾ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ 53 ਸਾਲਾ ਗੁਰਸੇਵਕ ਸਿੰਘ ਪਾਕਿਸਤਾਨ ਵੱਸਦੇ ਕੇਸੀਐਫ ਮੁਖੀ ਪਰਮਜੀਤ ਸਿੰਘ ਪੰਜਵੜ ਦੇ ਇਸ਼ਾਰੇ ‘ਤੇ ਜਥੇਬੰਦੀ ਨੂੰ ਮੁੜ ਤੋਂ ਸੁਰਜੀਤ ਕਰਨ ਲਈ ਕੰਮ ਕਰ ਰਿਹਾ ਸੀ।
ਪੁਲਿਸ ਦੀ ਕਹਾਣੀ ਅਨੁਸਾਰ ਗੁਰਸੇਵਕ ਸਿੰਘ ਨੂੰ ਬੀਤੇ ਕੱਲ੍ਹ ਦਿੱਲੀ ਦੇ ਬੱਸ ਅੱਡੇ ਤੋਂ ਕਾਬੂ ਕੀਤਾ ਗਿਆ, ਜਿੱਥੇ ਉਹ ਆਪਣੇ ਜਾਣਕਾਰ ਨੂੰ ਮਿਲਣ ਆਇਆ ਸੀ। ਜ਼ਿਕਰਯੋਗ ਹੈ ਕਿ ਗੁਰਸੇਵਕ ਨੇ 26 ਸਾਲ ਤਕ ਦਾ ਲੰਮਾ ਸਮਾਂ ਜੇਲ੍ਹ ਵਿੱਚ ਗੁਜ਼ਾਰਿਆ ਹੈ, ਅਤੇ ਉਸ ਨੂੰ ਬਾਰ ਬਾਰ ਗ੍ਰਿਫਤਾਰ ਕੀਤਾ ਜਾਂਦਾ ਰਿਹਾ ਹੈ

ਪੁਲਿਸ ਦਾ ਦਾਅਵਾ ਹੈ ਕਿ ਖਾਲਿਸਤਾਨ ਲਹਿਰ ਦੇ ਦੌਰ ਸਮੇਂ ਪੰਜਾਬ, ਦਿੱਲੀ ਤੇ ਰਾਜਸਥਾਨ ਵਿੱਚ ਸੁਰੱਖਿਆ ਏਜੰਸੀਆਂ ਦੇ ਮੁਖਬਰਾਂ ਦੇ ਕਤਲ ਦੇ ਨਾਲ-ਨਾਲ ਗੁਰਸੇਵਕ ਸਿੰਘ ਤੇ ਉਸ ਦੇ ਸਾਥੀ ਹਿੰਦੀ ਸਮਾਚਾਰ ਦੇ ਸੰਪਾਦਕ ਰਮੇਸ਼ ਚੰਦਰ (1984), ਪੰਜਾਬ ਦੇ ਡੀਜੀਪੀ ਜੂਲੀਓ ਰਿਬੈਰੋ (1986) ਤੇ ਥਾਣੇ ‘ਤੇ ਹਮਲਾ ਕਰਕੇ ਕੇਸੀਐਫ ਮੁਖੀ ਜਨਰਲ ਲਾਭ ਸਿੰਘ, ਗੁਰਿੰਦਰ ਪਾਲ ਸਿੰਘ ਭੋਲਾ ਤੇ ਸਵਰਨਜੀਤ ਸਿੰਘ ਨੂੰ ਹਿਰਾਸਤ ਵਿੱਚੋਂ ਭਜਾਉਣ ਆਦਿ ਜੁਰਮਾਂ ਵਿੱਚ ਸ਼ਾਮਲ ਰਹੇ ਹਨ।

ਦਿੱਲੀ ਪੁਲਿਸ ਦੇ ਵਧੀਕ ਕਮਿਸ਼ਨਰ (ਅਪਰਾਧ) ਅਜੀਤ ਕੁਮਾਰ ਸਿੰਗਲਾ ਨੇ ਦੱਸਿਆ ਕਿ ਵੱਖ-ਵੱਖ ਜੁਰਮਾਂ ਦੀ ਸਜ਼ਾ ਭੁਗਤਦਿਆਂ ਗੁਰਸੇਵਕ ਸਿੰਘ ਸਾਲ 2004 ਦੌਰਾਨ 18 ਸਾਲ ਮਗਰੋਂ ਜੇਲ੍ਹ ਵਿੱਚੋਂ ਰਿਹਾਅ ਕੀਤਾ ਗਿਆ ਸੀ। ਇਸ ਤੋਂ ਮਗਰੋਂ ਉਹ ਸਾਲ 2010, 2014, 2015 ਤੇ 2016 ਦੌਰਾਨ ਵੀ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਸਾਲ 2017 ਵਿੱਚ ਦਿੱਲੀ ਪੁਲਿਸ ਨੇ ਗੁਰਸੇਵਕ ਸਿੰਘ ਨੂੰ ਅਸਲਾ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਸੀ। ਮਾਮਲੇ ਦੀ ਪੈਰਵੀ ਪਟਿਆਲਾ ਹਾਊਸ ਅਦਾਲਤ ਵਿੱਚ ਚੱਲ ਰਹੀ ਹੈ, ਪਰ ਗੁਰਸੇਵਕ ਸਿੰਘ ਲਗਾਤਾਰ ਅਦਾਲਤ ਤੋਂ ਗ਼ੈਰ-ਹਾਜ਼ਰ ਚੱਲ ਰਿਹਾ ਸੀ। ਇਸ ਲਈ ਅਦਾਲਤ ਨੇ ਉਸ ਲਈ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤਾ ਸੀ। ਤਾਂ ਉਸ ਨੂੰ ਮੁੜ ਗ੍ਰਿਫਤਾਰ ਕੀਤਾ ਗਿਆ ।
Tags: , , ,