ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਕੰਮ ‘ਚ ਨਹੀਂ ਆਵੇਗੀ ਕੋਈ ਰੁਕਾਵਟ : ਇਮਰਾਨ ਖ਼ਾਨ

By March 14, 2019


ਅੰਮ੍ਰਿਤਸਰ, 14 ਮਾਰਚ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਇਸਲਾਮਾਬਾਦ ਵਿਖੇ ਅਚਨਚੇਤ ਬੁਲਾਈ ਬੈਠਕ ‘ਚ ਘੱਟ ਭਾਈਚਾਰੇ ਬਾਰੇ ਕਈ ਮਹੱਤਵਪੂਰਨ ਐਲਾਨ ਕੀਤੇ ਗਏ ਹਨ। ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਜੰਗੀ ਪੱਧਰ ‘ਤੇ ਕਰਵਾਈ ਜਾ ਰਹੀ ਉਸਾਰੀ ਦੇ ਬਾਰੇ ‘ਚ ਉਨ੍ਹਾਂ ਸਪਸ਼ਟ ਤੌਰ ‘ਤੇ ਕਿਹਾ ਕਿ ਦੋਵਾਂ ਮੁਲਕਾਂ ਵਿਚਾਲੇ ਬਣੀਆਂ ਸਿਆਸੀ ਤੇ ਸਰਹੱਦੀ ਕੁੜਤਨਾਂ ਦੇ ਬਾਵਜੂਦ ਕੰਮ ਦੀ ਰਫ਼ਤਾਰ ‘ਚ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲਾਂਘੇ ਦੀ ਉਸਾਰੀ ਨਿਰਧਾਰਿਤ ਕੀਤੇ ਸਮੇਂ ਤੋਂ ਪਹਿਲਾਂ ਮੁਕੰਮਲ ਕਰਾਉਣ ਦੇ ਯਤਨ ਕੀਤੇ ਜਾਣਗੇ। ਉਨ੍ਹਾਂ ਘੱਟ-ਗਿਣਤੀ ਦੇ ਧਾਰਮਿਕ ਅਧਿਕਾਰਾਂ ਦੀ ਗੱਲ ਕਰਦਿਆਂ ਕਿਹਾ ਕਿ ਪਾਕਿਸਤਾਨ ਵਿਚਲੇ ਜਿਨ੍ਹਾਂ ਵੀ ਮੰਦਰਾਂ ਗੁਰਦੁਆਰਿਆਂ ‘ਤੇ ਕਬਜ਼ੇ ਕਾਇਮ ਹਨ, ਉਨ੍ਹਾਂ ਨੂੰ ਕਬਜ਼ਾ ਮੁਕਤ ਕਰਵਾ ਕੇ ਉਨ੍ਹਾਂ ਦਾ ਪ੍ਰਬੰਧ ਘੱਟ-ਗਿਣਤੀ ਭਾਈਚਾਰੇ ਨੂੰ ਸੌਂਪਿਆ ਜਾਵੇਗਾ।

ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਦੀਪਕ ਮਿੱਤਲ ਦਾ ਕਹਿਣਾ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ‘ਤੇ ਪਾਕਿਸਤਾਨ ਨਾਲ ਗੱਲਬਾਤ ਦਾ ਮਤਲਬ ਪਾਕਿਸਤਾਨ ਨਾਲ ਦੁਵੱਲੀ ਗੱਲਬਾਤ ਸ਼ੁਰੂ ਕਰਨਾ ਨਹੀਂ ਹੈ। ਭਾਰਤ ਦੀ ਸਥਿਤੀ ਸਪਸ਼ਟ ਹੈ, ਇਹ ਮੀਟਿੰਗ ਇਸ ਲਈ ਹੋਈ ਹੈ ਤਾਂ ਕਿ ਸ਼ਰਧਾਲੂਆਂ ਆਸਾਨੀ ਨਾਲ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣ।