ਜਦੋਂ ਭਗਵੰਤ ਮਾਨ ਨੂੰ ਪਿੰਡ ’ਚ ਪੈ ਗਿਆ ਘੇਰਾ

By March 12, 2019


ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੂੰ ਅੱਜ ਮਾਲੇਰਕੋਟਲਾ ਲਾਗਲੇ ਪਿੰਡ ਫਰਵਾਲੀ ਦੇ ਨਾਗਰਿਕਾਂ ਦੇ ਰੋਹ ਤੇ ਰੋਸ ਦਾ ਸਾਹਮਣਾ ਕਰਨਾ ਪਿਆ। ਸ੍ਰੀ ਮਾਨ ਆਪਣੀ ਪਾਰਟੀ ਦੇ ਇੱਕ ਉਮੀਦਵਾਰ ਵਜੋਂ ਚੋਣ–ਪ੍ਰਚਾਰ ਲਈ ਇਸ ਪਿੰਡ ਪੁੱਜੇ ਸਨ। ਪਿੰਡ ਦੇ ਮੌਜੂਦਾ ਸਰਪੰਚ ਗੁਰਮੁਖ ਸਿੰਘ ਤੇ ਸਾਬਕਾ ਸਰਪੰਚ ਧਰਮ ਸਿੰਘ ਸਮੇਤ ਸਮੂਹ ਪਿੰਡ ਵਾਸੀਆਂ ਨੇ ਸ੍ਰੀ ਮਾਨ ਦਾ ਰਾਹ ਰੋਕ ਕੇ ਆਖਿਆ ਕਿ ਉਨ੍ਹਾਂ ਨੇ ਪੰਚਾਇਤ ਨੂੰ 5 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸੀ ਪਰ ਉਹ ਹਾਲੇ ਤੱਕ ਨਹੀਂ ਦਿੱਤਾ।ਪਿੰਡ ਵਾਸੀਆਂ ਨੇ ਸ੍ਰੀ ਮਾਨ ਵਿਰੁੱਧ ਨਾਅਰੇਬਾਜ਼ੀ ਕੀਤੀ ਤੇ ਵਾਰ–ਵਾਰ ਉਹੀ ਸੁਆਲ ਕੀਤੇ। ਪੰਚਾਇਤ ਮੈਂਬਰਾਂ ਨੇ ਦੋਸ਼ ਲਾਇਆ ਕਿ ਸ੍ਰੀ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਜਿਹੜੀ ਪੰਚਾਇਤ ਬਿਨਾ ਮੁਕਾਬਲਾ ਆਪਣਾ ਸਰਪੰਚ ਚੁਣੇਗੀ, ਉਸ ਨੂੰ 5 ਲੱਖ ਰੁਪਏ ਦਿੱਤੇ ਜਾਣਗੇ ਪਰ ਪਿੰਡ ਫਰਵਾਲੀ ਦੀ ਪੰਚਾਇਤ ਹਾਲੇ ਤੱਕ ਉਸ ਰਕਮ ਨੂੰ ਉਡੀਕ ਰਹੀ ਹੈ।

ਸਰਪੰਚ ਸ੍ਰੀ ਗੁਰਮੁਖ ਸਿੰਘ ਨੇ ਦੱਸਿਆ ਕਿ ਸਥਾਨਕ ਨਿਵਾਸੀ ਵਿਕਾਸ ਪ੍ਰੋਜੈਕਟਾਂ ਲਈ ਪੰਜ ਲੱਖ ਰੁਪਏ ਦੀ ਗ੍ਰਾਂਟ ਚਾਹੁੰਦੇ ਸਨ ਪਰ ਸ੍ਰੀ ਮਾਨ ਨੇ ਹਾਲੇ ਤੱਕ ਇਸ ਪਾਸੇ ਕੋਈ ਧਿਆਨ ਹੀ ਨਹੀਂ ਦਿੱਤਾ। ‘ਅਸੀਂ ਆਉਂਦੀਆਂ ਚੋਣਾਂ ਦੌਰਾਨ ਸ੍ਰੀ ਮਾਨ ਨੂੰ ਪੋਲਿੰਗ ਬੂਥ ਵੀ ਸਥਾਪਤ ਨਹੀਂ ਕਰਨ ਦੇਵਾਂਗੇ ਕਿਉਂਕਿ ਉਸ ਨੇ ਵਿਸਾਹਘਾਤ ਕੀਤਾ ਹੈ।’ਸੰਗਰੂਰ ਦੇ ਐੱਮਪੀ ਸ੍ਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਇਸ ਪਿੰਡ ਨੂੰ ਪਹਿਲਾਂ 2.4 ਲੱਖ ਰੁਪਏ ਦੇ ਚੁੱਕੇ ਹਨ ਪਰ ਹੁਣ ਕਿਉਂਕਿ ਚੋਣ ਜ਼ਾਬਤ ਲਾਗੂ ਹੋ ਚੁੱਕਾ ਹੈ, ਇਸ ਲਈ ਉਹ ਹੁਣ ਹੋਰ ਫ਼ੰਡ ਜਾਰੀ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਚੋਣਾਂ ਦੇਰੀ ਨਾਲ ਹੋਈਆਂ ਤੇ ਹੁਣ ਉਹ ਕੋਈ ਫ਼ੰਡ ਦੇਣ ਤੋਂ ਅਸਮਰੱਥ ਹਨ ਤੇ ਉਹ ਚੋਣਾਂ ਤੋਂ ਬਾਅਦ ਹੀ ਬਾਕੀ ਦੇ ਫ਼ੰਡ ਦੇ ਸਕਣਗੇ।

Posted in: ਪੰਜਾਬ