ਪੀਟੀਸੀ ਫਿਲਮੀ ਇਨਾਮ : ਬਾਦਲਮਈ ਲਿਫਾਫਾ ਸਭਿਆਚਾਰ ਦਾ ਨਮੂਨਾ

By March 12, 2019


ਕਿਸੇ ਨੂੰ ਇਨਾਮ ਨਾਲ ਨਿਵਾਜਣਾ ਉਹਦੀ ਸਿਰਜਣਸ਼ੀਲਤਾ ਨੂੰ ਥਾਪੀ ਦੇਣ ਹੁੰਦਾ ਹੈ। ਅੱਜ ਸਿਨਮਾ ਕੀ ਵਿਖਾ ਰਿਹਾ ਇਹ ਅੱਡ ਗੱਲ ਹੈ ਪਰ ਸਿਨੇਮਾ ਨੂੰ ਵੇਖਣ ਵਾਲੇ ਰੋਜ਼ਾਨਾ 25000000 ਦਰਸ਼ਕ ਹਨ।1250 ਸਿੰਗਲ ਸਕ੍ਰੀਨ ਸਿਨੇਮਾ ਹਨ। 450 ਤੋਂ ਵੱਧ ਮਲਟੀਪਲੇਕਸ ਹਨ। ਇਹ ਕਾਰੋਬਾਰ ਇੱਥੇ ਹੀ ਨਹੀਂ ਨੈਟਫਲੱਕਿਸ ਤੋਂ ਲੈ ਕੇ ਹਾਟਸਟਾਰ,ਪ੍ਰਾਈਮ ਵੀਡੀਓ ਤੱਕ ਫੈਲਿਆ ਹੈ।1954 ‘ਚ ਕੌਮਾਂਤਰੀ ਫ਼ਿਲਮ ਇਨਾਮ ਅਤੇ ਟਾਈਮਸ ਗਰੁੱਪ ਦਾ ਫਿਲਮਫੇਅਰ ਇਨਾਮ ਵੀ ਆ ਜੁੜੇ। ਭਾਵਾਂਕਿ ਇਹ ਇਨਾਮ ਸਮਾਗਮ ਵੀ ਪੱਖਪਾਤ ਤੋਂ ਵਾਂਝੇ ਨਹੀਂ ਪਰ ਫਿਰ ਵੀ ਇਨਾਮਾਂ ਦੇ ਨਾਮ ‘ਤੇ ਰਿਊੜੀਆਂ ਵੰਡਣ ਵਾਲਾ ਕੰਮ ਘੱਟ ਹੈ।

ਹੁਣ ਆਈਏ ਪੰਜਾਬੀ ਸਿਨੇਮੇ ਵੱਲ : ਪੰਜਾਬੀ ਸਿਨੇਮਾ ਨੂੰ ਸਮੇਂ ਸਮੇਂ ‘ਤੇ ਚੰਗੀਆਂ ਫਿਲਮਾਂ ਮਿਲੀਆਂ ਜਿਹਦੇ ਕਰਕੇ ਸਿਨੇਮਾ ਮੁੜ ਮੁੜ ਮਰਨ ਕੰਢਿਓਂ ਫਿਰ ਵਾਪਸ ਆ ਬਹੁੜਦਾ ਹੈ।ਪਰ ਸਿਨੇਮਾ ਸਿਰਫ ਚੰਗੀਆਂ ਫਿਲਮਾਂ ਨਾਲ ਤਰੱਕੀ ‘ਚ ਨਹੀਂ ਸੀ ਆਉਣਾ।ਇਸ ਲੜੀ ‘ਚ ਜ਼ਰੂਰੀ ਹੈ ਕਿ ਆਪਣੀ ਜ਼ੁਬਾਨ ਨਾਲ ਸਬੰਧਤ ਸਰਕਾਰਾਂ ਦਾ ਵਿਹਾਰ ਕਿਹੋ ਜਿਹਾ ਹੈ ?ਪੰਜਾਬੀ ਸਿਨੇਮਾ ਦੇ ਪ੍ਰੋਡਕਸ਼ਨ ਹਾਊਸ ਕਿਹੋ ਜਹੇ ਹਨ ਅਤੇ ਇਸ ਸਿਨੇਮਾ ‘ਚ ਇਨਾਮ ਵੰਡਦੇ ਸਮਾਗਮ ਕਿਹੋ ਜਹੇ ਹਨ। ਹੁਣ ਚੰਗੀ ਗੱਲ ਇਹ ਹੈ ਕਿ ਕਈ ਪ੍ਰੋਡਕਸ਼ਨ ਹਾਊਸ ਬਕਾਇਦਾ ਮਿੱਥ ਕੇ ਫਿਲਮਾਂ ਬਣਾਉਂਦੇ ਹਨ।ਉਹ ਸਿਨੇਮਾ ਦੇ ਵਿਸ਼ੇ ਵੀ ਨਵੇਂ ਨਵੇਂ ਚੁਣ ਰਹੇ ਹਨ।ਪਰ ਵੱਡਾ ਸਵਾਲ ਇਨਾਮ ਵੰਡਦੇ ਸਮਾਗਮ ਹਨ ।ਪਿਛਲੇ ਦਿਨਾਂ ‘ਚ ਪੀ.ਟੀ.ਸੀ ਫਿਲਮ ਇਨਾਮਾਂ ਦੀ ਸੂਚੀ ਵੇਖੀ ਤਾਂ ਸਮਝ ਆਇਆ ਕਿ ਸੂਚੀ ਤਾਂ ਨਿਰੀ ਅਕਬਰ ਦੀ ਬੀਰਬਲ ਹੋਈ ਪਈ ਹੈ।ਕੋਰੀ ਖੁਸ਼ਾਮਦੀਦ ਅਤੇ ਆਪਣੇ ਨਿੱਜੀ ਕਲਾਕਾਰਾਂ ਨੂੰ ਖੁਸ਼ ਕਰਨ ਦਾ ਜ਼ਰੀਆ।

ਇਸੇ ਦੀ ਪੜਚੋਲ ਸਮਝੀਏ-ਕਿਸੇ ਵੀ ਸੂਚੀ ‘ਚ ਬੈਸਟ ਆਫ 5 ‘ਚੋਂ ਚੁਣਨ ‘ਚ ਕੀ ਪਰੇਸ਼ਾਨੀ ਹੈ।8-8 ਸੂਚੀਆਂ ਸਿਵਾਏ ਇਨਾਮਾਂ ਦੇ ਨਾਮ ‘ਤੇ ਮੁਲਾਹਜੇਦਾਰੀਆਂ ਪਗਾਉਣ ਤੋਂ ਇਲਾਵਾ ਕੁਝ ਨਹੀਂ ਹੈ।ਬੈਸਟ ਬੈਕਗ੍ਰਾਉਂਡ ਸਕੋਰ ਵਿੱਚ ਫਿਲਮ ਲਾਟੂ,ਕੈਰੀ ਆਨ ਜੱਟਾ 2 ਦਾ ਕੀ ਕੰਮ ਹੈ? ਫਿਲਮ ਦੇ ਪਿਠਵਰਤੀ ਸੰਗੀਤ ਦੀ ਨਬਜ਼ ‘ਚ ਇਹ ਸਮਝ ਤੋਂ ਬਾਹਰ ਦੀ ਗੱਲ ਹੈ।ਬੈਸਟ ਸਟੋਰੀ ‘ਚ ਸੁਪਰ ਸਿੰਘ ਅਤੇ ਲਾਟੂ ਕਿਵੇਂ ਆ ਗਈ ? ਅਸ਼ਕੇ,ਸੂਬੇਦਾਰ ਜੋਗਿੰਦਰ ਸਿੰਘ,ਭੱਜੋ ਵੀਰੋ ਵੇ,ਹਰਜੀਤਾ,ਮਿਸਟਰ ਐਂਡ ਮਿਸਜ਼ 420 ਰਿਟਰਨ ਕੀ ਸੁਪਰ ਸਿੰਘ ਜਾਂ ਲਾਟੂ ਨਾਲੋਂ ਮਾੜੀਆਂ ਹੋ ਗਈਆਂ ? ਸਿਨਮੈਟੋਗ੍ਰਾਫੀ ‘ਚ ਮਰ ਗਏ ਓ ਲੋਕੋ ਸਮਝ ਤੋਂ ਬਾਹਰ ਦੀ ਗੱਲ ਹੈ। ਇੱਕ ਵਾਰ ਫਿਰ ਸਕ੍ਰੀਨਪਲੇ ‘ਚ ਕੈਰੀ ਆਨ ਜੱਟਾ 2 ਸ਼ਾਮਲ ਕੀਤੀ ਹੋਈ ਹੈ।ਇਸ ਸੂਚੀ ‘ਚ ਫਿਰ ਤੋਂ ਭੱਜੋ ਵੀਰੋ ਵੇ,ਅਸ਼ਕੇ,ਸੂਬੇਦਾਰ ਜੋਗਿੰਦਰ ਸਿੰਘ ਸ਼ਾਮਲ ਨਹੀਂ ਕੀਤੀਆਂ ਗਈਆਂ।ਬੈਸਟ ਪਰਫੋਰਮੈਂਸ ਨੈਗਟਿਵ ਰੋਲ ‘ਚ ਸਰਦਾਰ ਸੋਹੀ ਕਿਹੜੇ ਹਿਸਾਬ ਨਾਲ ਸ਼ਾਮਲ ਕੀਤਾ ਗਿਆ ਸਮਝੋ ਬਾਹਰ ਹੈ।ਬੈਸਟ ਡੈਬਿਊ ਡਾਇਰੈਕਟਰ ‘ਚ ਨਵ ਬਾਜਵਾ,ਤਾਜ,ਨੀਰੂ ਬਾਜਵਾ,ਮਾਨਵ ਸ਼ਾਹ ਬਿਨਾ ਮਤਲਬ ਤੋਂ ਵਧਾਈ ਗਈ ਸੂਚੀ ਹੈ।ਬੈਸਟ ਐਕਟਰ ‘ਚ ਅਫਸਰ ਲਈ ਤਰਸੇਮ ਜੱਸੜ ਅਤੇ ਕੈਰੀ ਆਨ ਜੱਟਾ ਲਈ ਗਿੱਪੀ ਗਰੇਵਾਲ ਵੀ ਪਾਪੂਲਰ ਮੁਲਾਹਜੇਦਾਰੀ ਦਾ ਕਲਚਰ ਈ ਹੈ।ਇਸ ਇਨਾਮ ਸੂਚੀ ਨੇ ਸਭ ਤੋਂ ਵੱਡਾ ਮਜ਼ਾਕ ਕੀਤਾ ਹੈ ਗੀਤਕਾਰਾਂ ਨਾਲ ।ਗੀਤਕਾਰਾਂ ਦੀ ਸੂਚੀ ਹਰ ਫਿਲਮ ਇਨਾਮਾਂ ਦਾ ਹਿੱਸਾ ਹੁੰਦੀ ਹੈ।ਇਹਨਾਂ ਸੂਚੀਆਂ ‘ਚ ਲੌਂਗ ਲਾਚੀ ਲਈ ਹਰਮਨ ਅਤੇ ਅਜਿਹੇ ਹੋਰ ਗੀਤਕਾਰਾਂ ਨੂੰ ਕਿਵੇਂ ਅਣਗੋਲਿਆ ਕੀਤਾ ਜਾ ਸਕਦਾ ਸੀ।ਪਰ ਪੀਟੀਸੀ ਸਮਝਦੀ ਹੈ ਕਿ ਗੀਤਕਾਰ ਉਹਨਾਂ ਦੇ ਵਪਾਰ ਦਾ ਗਲੈਮਰ ਨਹੀਂ ਹਨ।ਪੀਟੀਸੀ ਦੀ ਇਹਨਾਂ ਸੂਚੀਆਂ ‘ਚ ਲਾਟੂ ਅਤੇ ਕੈਰੀ ਆਨ ਜੱਟਾਂ 2 ਨੂੰ ਹੱਦ ਤੋਂ ਵੱਧ ਥਾਂ ਦੇਣ ਅਜੀਬ ਅਤੇ ਅਜਬ ਲੱਗਦੀ ਹੈ। ਪੀਟੀਸੀ ਇਨਾਮ ਵੇਖ ਕੇ ਲਗਦਾ ਕਿ ਜਥੇਦਾਰਾਂ ਦੀ ਚੋਣ ਵਾਂਗ ਇਹ ਇਨਾਮ ਵੀ ਸੁਖਬੀਰ ਬਾਦਲ ਨੇ ਤਹਿ ਕੀਤੇ ਹੋਣ ।
#ਮਹਿਕਮਾ_ਪੰਜਾਬੀ