ਆਸਟ੍ਰੇਲੀਆ – ਭਾਰਤੀ ਦੂਤਘਰ ਵਲੋਂ ਡਰੈਵਰ ਨਾਲ ਠੱਗੀ

By March 11, 2019


ਸਿਡਨੀ ਸ਼ਹਿਰ ਦੀ ਕਚਿਹਰੀ ਨੇ ਭਾਰਤੀ ਦੂਤਘਰ ਵੱਲੋਂ ਆਪਣੇ ਪੁਰਾਣੇ ਕਾਮੇ ਨੂੰ ਬਣਦੀ ਨਾਲ਼ੋਂ ਘੱਟ ਤਨਖ਼ਾਹ ਦੇਣ ਦੇ ਮਾਮਲੇ ਵਿੱਚ 12000 ਡਾਲਰ ਅਤੇ ਦਾਅਵੇ ਦੀ ਰਕਮ ਜੋ ਕਿ ਤਕਰੀਬਨ 18000 ਡਾਲਰ ਬਣਦੀ ਹੈ ਦੀ ਅਦਾਇਗੀ ਕਰਨ ਦਾ ਹੁਕਮ ਦਿੱਤਾ ਹੈ।ਡਰੈਵਰ ਹਿਤੇਂਦਰ ਕੁਮਾਰ 2010 ਤੋਂ 2015 ਤੱਕ ਭਾਰਤੀ ਦੂਤਘਰ ਦੀ ਗੱਡੀ ਚਲਾਉਂਦਾ ਰਿਹਾ ਸੀ । ਉਹਨੇ ਸਿਡਨੀ ‘ਚ ਬਣੇ ਭਾਰਤੀ ਦੂਤਘਰ ਤੇ ਇਲਜ਼ਾਮ ਲਾਏ ਕਿ ਉਸ ਦੀ ਮੁਲਜਮਤ ਦੇ ਸਮੇਂ ਦੌਰਾਨ ਉਹ ਹਰ ਰੋਜ ਸਵੇਰੇ 9 ਵਜੇ ਕੰਮ ਸ਼ੁਰੂ ਕਰਦਾ ਸੀ ਅਤੇ ਸ਼ਾਮ 6:30 ਵਜੇ ਉਸਦੀ ਦਿਹਾੜੀ ਖਤਮ ਹੁੰਦੀ ਸੀ । ਇਹਦੇ ਬਦਲੇ ਉਸਨੂੰ ਉੱਕੇ ਪੁੱਕੇ 3150 ਡਾਲਰ ਮਿਹਨਤਾਨਾ ਦਿੰਦੇ ਸੀ ਜੋ ਕਿ ਆਸਟ੍ਰੇਲੀਆ ਦੇ ਮਿਹਨਤਾਨੇ ਕਾਨੂੰਨਾਂ ਮੂਜਬ ਬਹੁਤ ਘੱਟ ਸੀ। ਪੂਰਾ ਮਿਹਨਤਾਨਾ ਨਾ ਮਿਲਣ ਦੇ ਕਰਕੇ ਹਤੇੰਦਰ ਕੁਮਾਰ ਨੇ “ਫੇਅਰ ਵਰਕ ਆਸਟ੍ਰੇਲੀਆ” ਦਾ ਬੂਹਾ ਖੜਕਾਇਆ। ਹਿਤੇਂਦਰ ਦਾ ਦਾਅਵਾ ਸੀ ਕਿ ਦੂਤਘਰ ਨੇ ਉਸਨੂੰ ਪੰਜ ਸਾਲ ਦੇ ਸਮੇਂ ਦੌਰਾਨ ਲੱਗਪੱਗ ਇੱਕ ਲੱਖ ਡਾਲਰ ਘੱਟ ਦਿੱਤੇ ਹਨ ।

ਮਸਲੇ ਦਾ ਨਿਆਂ ਕਰਦਿਆਂ ਫੇਅਰ ਵਰਕ ਆਸਟ੍ਰੇਲੀਆ ਨੇ 2016 ਵਿੱਚ ਭਾਰਤੀ ਦੂਤਘਰ ਨੂੰ ਦਸ ਹਜ਼ਾਰ ਡਾਲਰ ਹਿਤੇਂਦਰ ਕੁਮਾਰ ਨੂੰ ਅਦਾ ਕਰਨ ਦੇ ਹੁਕਮ ਸੁਣਾਏ। ਪਰ ਭਾਰਤੀ ਦੂਤਘਰ ਦੇ ਕੰਨਾਂ ਤੇ ਜੂੰਅ ਤੱਕ ਨਾ ਸਰਕੀ, ਕਿਸੇ ਹੋਰ ਪਾਸੇ ਪੇਸ ਨਾ ਚੱਲਦੀ ਵੇਖ ਹਿਤੇਂਦਰ ਨੇ 2016 ਵਿੱਚ ਦੂਤਘਰ ਖ਼ਿਲਾਫ਼ ਕਚਿਹਰੀ ਵਿੱਚ ਦਾਅਵਾ ਠੋਕ ਦਿੱਤਾ।ਫੈਸਲਾ ਸੁਣਾਉਂਦਿਆਂ ਅਪ੍ਰੈਲ 2018 ਵਿੱਚ ਅਦਾਲਤ ਨੇ ਦੂਤਘਰ ਨੂੰ 12177 ਡਾਲਰ 4% ਵਿਆਜ ਨਾਲ ਛੇਤੀ ਤੋਂ ਛੇਤੀ ਦੇਣ ਦੇ ਹੁਕਮ ਦਿੱਤੇ ਪਰ ਭਾਰਤੀ ਦੂਤਘਰ ਨੇ ਕੋਈ ਜਵਾਬ ਨਾਂ ਦਿੱਤਾ ਅਤੇ ਕਚਿਹਰੀ ਦੀਆਂ ਤਰੀਕਾਂ ਤੇ ਪੇਸ਼ ਹੋਣ ਬਾਬਤ ਆਇਆਂ ਚਿੱਠੀਆਂ ਨੂੰ ਵੀ ਕੂੜੇਦਾਨ ਵਿੱਚ ਸੁੱਟਦੇ ਰਹੇ।

ਇਸ ਦੌਰਾਨ ਹਿਤੇਂਦਰ ਦੇ ਵਕੀਲ ਵੱਲੋਂ ਵੀ ਕਈ ਵਾਰ ਦੂਤਘਰ ਨਾਲ ਸੰਪਰਕ ਸਾਧਣ ਦੀ ਕੋਸ਼ਿਸ਼ ਕੀਤੀ ਗਈ ਪਰ ਦੂਤਘਰ ਨੇ ਕਿਸੇ ਕਿਸਮ ਦਾ ਵੀ ਜਵਾਬ ਦੇਣਾ ਜ਼ਰੂਰੀ ਨਾ ਸਮਝਿਆ ।ਹੁਣ ਫਿਰ ਸਖ਼ਤ ਕਾਰਵਾਈ ਕਰਦਿਆਂ ਅਦਾਲਤ ਨੇ ਦੂਤਘਰ ਨੂੰ ਵਿਆਜ ਸਮੇਤ ਬਣਦਾ ਮਿਹਨਤਾਨਾ ਅਤੇ ਸ਼੍ਰੀ ਹਿਤੇਂਦਰ ਦਾ ਦਾਅਵਾ ਕਰਨ ਤੇ ਹੋਏ ਖ਼ਰਚੇ ਸਮੇਤ ਤਕਰੀਬਨ 30 ਹਜ਼ਾਰ ਡਾਲਰ ਦੇਣ ਦੇ ਹੁਕਮ ਸੁਣਾਏ ਨੇ ।ਜਿਕਰਯੋਗ ਹੈ ਆਸਟ੍ਰੇਲੀਆ ਵਿੱਚਲੇ ਕਿਸੇ ਵੀ ਦੂਤਘਰ ਵਿੱਚ ਕੰਮ ਕਰਦੇ ਕਾਮੇ ਆਸਟ੍ਰੇਲੀਅਨ ਕਾਮਿਆਂ ਦੇ ਹੱਕਾਂ ਲਈ ਬਣੇ ਕਾਨੂੰਨਾ ਦੇ ਦਾਈਰੇ ਵਿੱਚ ਨਹੀਂ ਆਉਂਦੇ ਜਿਸਦਾ ਸਹਾਰਾ ਲੈਕੇ ਹੀ ਭਾਰਤੀ ਦੂਤਘਰ ਵੱਲੋਂ ਸ਼੍ਰੀ ਹਿਤੇਂਦਰ ਦਾ ਆਰਥਿਕ ਸ਼ੋਸ਼ਣ ਕੀਤਾ ਗਿਆ ਅਤੇ ਉਸਨੂੰ 12 ਡਾਲਰ ਫੀ ਘੰਟੇ ਦੇ ਹਿਸਾਬ ਨਾਲ ਬਹੁਤ ਥੋੜਾ ਮਿਹਨਤਾਨਾ ਦਿੱਤਾ ਜਾਂਦਾ ਰਿਹਾ। (ਤਸਵੀਰ ਹਤੇਂਦਰ ਕੁਮਾਰ ਦੀ ਏ)