ਯੂਪੀ ਦੇ ਡਾਕਟਰਾਂ ਨੇ ਆਪਰੇਸ਼ਨ ਕਰ ਕੇ ਮਰਦ ਦੇ ਢਿੱਡ ਵਿੱਚੋਂ ਕੱਢੀ ਬੱਚੇਦਾਨੀ

By March 10, 2019


ਇੱਥੇ ਮੈਡੀਕਲ ਖੇਤਰ ਵਿੱਚ ਹੈਰਾਨ ਕਰ ਦੇਣ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਸੇਠ ਨਵਲ ਕਿਸ਼ੋਰ ਉਰਮਿਲਾ ਦੇਵੀ ਹਸਪਤਾਲ ਵਿੱਚ ਭਰਤੀ ਇੱਕ ਮਰਦ ਮਰੀਜ਼ ਦੇ ਢਿੱਡ ਵਿੱਚੋਂ ਬੱਚੇਦਾਨੀ ਮਿਲੀ ਹੈ। ਆਪਰੇਸ਼ਨ ਰਾਹੀਂ ਬੱਚੇਦਾਨੀ ਨੂੰ ਬਾਹਰ ਕੱਢ ਕੇ ਉਸ ਦੀ ਜਾਨ ਬਚਾਈ ਗਈ।
ਡਾਕਟਰਾਂ ਨੇ ਦਾਅਵਾ ਕੀਤਾ ਕਿ ਦੁਨੀਆ ਵਿੱਚ ਹੁਣ ਤੱਕ ਅਜਿਹੇ 150 ਮਾਮਲੇ ਸਾਹਮਦੇ ਆਏ ਹਨ। ਆਪਰੇਸ਼ਨ ਕਰਨ ਵਾਲੇ ਡਾ. ਵਿਨੀਤ ਕੁਮਾਰ ਵਰਮਾ ਨੇ ਦੱਸਿਆ ਕਿ ਮਝਿਲਾ ਥਾਣਾ ਇਲਾਕੇ ਦੇ ਪਿੰਡ ਧਨਵਾਰ ਚਠੀਆ ਦੇ 50 ਸਾਲਾ ਨਿਵਾਸੀ ਸ਼ਰੀਫ਼ ਉਨ੍ਹਾਂ ਕੋਲ ਬੀਤੇ ਐਤਵਾਰ ਨੂੰ ਆਏ ਤੇ ਢਿੱਡ ਵਿੱਚ ਦਰਦ ਦੱਸਿਆ।ਹਰਨੀਆ ਰੋਗ ਦਾ ਖ਼ਦਸ਼ਾ ਹੋਣ ਕਾਰਨ ਮਰੀਜ਼ ਨੂੰ ਅਲਟ੍ਰਾਸਾਊਂਡ ਕਰਵਾਉਣ ਦੀ ਸਲਾਹ ਦਿੱਤੀ ਗਈ। ਹਸਪਤਾਲ ਕੰਪਲੈਕਸ ਵਿੱਚ ਹੀ ਹੋਏ ਅਲਟ੍ਰਾਸਾਊਂਡ ਦੀ ਰਿਪੋਰਟ ਸੋਮਵਾਰ ਨੂੰ ਆਈ, ਜਿਸ ਵਿੱਚ ਹਰਨੀਆ ਲਾਗਲੇ ਖੇਤਰ ਵਿੱਚ ਪੂਰੀ ਤਰ੍ਹਾਂ ਵਿਕਸਤ ਬੱਚੇਦਾਨੀ ਮਿਲੀ। ਡਾਕਟਰਾਂ ਨੂੰ ਤੁਰੰਤ ਇਸ ਉੱਤੇ ਯਕੀਨ ਨਹੀਂ ਹੋਇਆ। ਡਾ. ਵਿਨੀਤ ਨੇ ਦੱਸਿਆ ਕਿ ਪੂਰੀ ਜਾਂਚ ਤੋਂ ਬਾਅਦ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੂੰ ਬੱਚੇਦਾਨੀ ਬਾਰੇ ਜਾਣਕਾਰੀ ਦਿੱਤੀ ਗਈ।

ਇਸ ਤੋਂ ਬਾਅਦ ਡਾਕਟਰਾਂ ਨੇ ਦੂਜੇ ਚੈੱਕਅਪ ਕਰਵਾ ਕੇ ਆਪਰੇਸ਼ਨ ਰਾਹੀਂ ਬੱਚੇਦਾਨੀ ਨੂੰ ਬਾਹਰ ਕੱਢਿਆ। ਉਨ੍ਹਾਂ ਦੱਸਿਆ ਕਿ ਆਪਰੇਸ਼ਨ ਤੋਂ ਬਾਅਦ ਮਰੀਜ਼ ਦੀ ਹਾਲਤ ਸਹੀ–ਸਲਾਮਤ ਹੈ। ਇੱਕ–ਦੋ ਦਿਨਾਂ ਵਿੱਚ ਉਸ ਦੀ ਛੁੱਟੀ ਕਰ ਦਿੱਤੀ ਜਾਵੇਗੀ। ਹਰਦੋਈ ਜ਼ਿਲ੍ਹੇ ਅੰਦਰ ਕਿਸੇ ਮਰਦ ਦੇ ਢਿੱਡ ਵਿੱਚ ਬੱਚੇਦਾਨੀ ਹੋਣ ਦਾ ਇਹ ਪਹਿਲਾ ਮਾਮਲਾ ਹੈ। ਆਪਰੇਸ਼ਨ ਕਰਨ ਵਾਲੀ ਟੀਮ ਵਿੱਚ ਡਾ. ਵਿਨੀਤ ਤੋਂ ਇਲਾਵਾ ਡਾ. ਕਾਰਤਿਕੇਯ ਵਾਜਪੇਈ, ਧੀਰਜ ਸਿੰਘ ਤੇ ਹੋਰ ਸਹਿਯੋਗੀ ਮੌਜੂਦ ਸਨ।ਮਰੀਜ਼ ਨੇ ਦੱਸਿਆ ਕਿ ਹੁਣ ਉਸ ਦੇ ਢਿੱਡ ਵਿੱਚ ਦਰਦ ਨਹੀਂ ਹੋ ਰਿਹਾ। ਹਾਲੇ ਉਸ ਨੂੰ ਬਿਸਤਰੇ ਤੋਂ ਉੱਠ ਕੇ ਚੱਲਣ ਉੱਤੇ ਚੱਕਰ ਆ ਰਹੇ ਹਨ। ਇਸ ਤੋਂ ਪਹਿਲਾਂ ਉਸ ਨੇ ਕਦੇ ਵੀ ਅਲਟ੍ਰਾਸਾਊਂਡ ਨਹੀਂ ਕਰਵਾਇਆ ਸੀ। ਖ਼ਬਰ ਫੈਲਦਿਆਂ ਹੀ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਆਲੇ–ਦੁਆਲੇ ਦੇ ਕਈ ਪਿੰਡਾਂ ਦੇ ਨਿਵਾਸੀਆਂ ਵਿੱਚ ਵੀ ਉਸ ਮਰੀਜ਼ ਨੂੰ ਵੇਖਣ ਦੀ ਦੌੜ ਜਿਹੀ ਲੱਗੀ ਹੋਈ ਹੈ।
ਡਾਕਟਰਾਂ ਮੁਤਾਬਕ ਅਜਿਹਾ ਉਨ੍ਹਾਂ ਪਹਿਲੀ ਵਾਰ ਵੇਖਿਆ ਹੈ। ਇਸ ਤੋਂ ਪਹਿਲਾਂ 1939 ਵਿੱਚ ਕਿਸੇ ਦੇਸ਼ ਵਿੱਚ ਇਸ ਤਰ੍ਹਾਂ ਦਾ ਦੁਰਲੱਭ ਮਾਮਲਾ ਰਿਪੋਰਟ ਕੀਤਾ ਗਿਆ ਸੀ। ਡਾਕਟਰਾਂ ਮੁਤਾਬਕ ਇਸ ਨੂੰ ਪਰਸਿਸਟੇਟ ਮਿਊਲਰਿਨ ਡਕਟ ਸਿੰਡ੍ਰੋਮ ਬੀਮਾਰੀ ਕਹਿੰਦੇ ਹਨ। ਡਾ. ਵਿਨੀਤ ਦਾ ਕਹਿਣਾ ਹੈ ਕਿ ਬੱਚੇਦਾਨੀ ਪੂਰੀ ਤਰ੍ਹਾਂ ਵਿਕਸਤ ਸੀ। ਇਹ ਸਰੀਰ ਦੇ ਇੱਕੋ ਪਾਸੇ ਸੀ। ਬੀਤੇ 80 ਸਾਲਾਂ ਦੌਰਾਨ ਸਮੁੱਚੇ ਵਿਸ਼ਵ ਵਿੱਚ ਅਜਿਹੇ ਸਿਰਫ਼ 150 ਮਰੀਜ਼ ਸਾਹਮਦੇ ਆਏ ਹਨ।ਸੀਐੱਮਐੱਸ, ਡਫ਼ਰਿਨ, ਕਾਨਪੁਰ ਡਾ. ਨੀਤਾ ਰਾਣੀ ਮੁਤਾਬਕ ਕਿਸੇ ਮਰਦ ਵਿੱਚ ਇਹ ਜਮਾਂਦਰੂ ਖ਼ਰਾਬੀ ਹੋ ਸਕਦੀ ਹੈ। ਕਦੇ–ਕਦੇ ਕਿਸੇ ਵਿਅਕਤੀ ਵਿੱਚ ਕੁਝ ਮਰਦਾਨਾ ਤੇ ਕੁਝ ਔਰਤਾਂ ਦੇ ਲੱਛਣ ਨਾਲੋ–ਨਾਲ ਮਿਲਦੇ ਹਨ। ਬੱਚੇਦਾਨੀ ਵੀ ਉਸੇ ਦਾ ਹਿੱਸਾ ਹੋ ਸਕਦਾ ਹੈ ਪਰ ਇਹ ਗ਼ੈਰ–ਮਾਮੂਲੀ ਸਰੀਰਕ ਵਿਕਾਸ ਹੈ।

Posted in: ਰਾਸ਼ਟਰੀ