ਇੰਡੀਆ ਕੈਨੇਡਾ ਐਸੋਸੀਏਸ਼ਨ ਦੀਪਕ ਸ਼ਰਮਾ ਛੇੜਛਾੜ ਦੇ ਗੰਭੀਰ ਦੋਸ਼ਾਂ ਅਧੀਨ ਗ੍ਰਿਫਤਾਰ

By March 9, 2019


ਐਬਟਸਫੋਰਡ( ਗੁਰਵਿੰਦਰ ਸਿੰਘ ਧਾਲੀਵਾਲ,ਬੀ. ਸੀ. ਕੈਨੇਡਾ) ਇੱਥੋਂ ਦੀ ਇੱਕ ਸੰਸਥਾ ਇੰਡੀਆ -ਕੈਨੇਡਾ ਐਸੋਸੀਏਸ਼ਨ ਬੀਸੀ ਦਾ ਪ੍ਰਧਾਨ ਅਤੇ ਫਰੇਜ਼ਰ ਵੈਲੀ ਹਿੰਦੂ ਮੰਦਰ ਦਾ ਮੁੱਖ ਪ੍ਰਬੰਧਕ 60 ਸਾਲਾ ਦੀਪਕ ਸ਼ਰਮਾ, ਇੱਕ ਔਰਤ ਨਾਲ ਛੇੜ-ਛਾੜ ਦੇ ਦੋਸ਼ਾਂ ਅਧੀਨ ਗ੍ਰਿਫਤਾਰ ਕੀਤਾ ਗਿਆ ਹੈ।


ਵੈਸਟ ਵੈਨਕੂਵਰ ਪੁਲਿਸ ਵਿਭਾਗ ਦੇ ਬੁਲਾਰੇ ਕਾਂਸਟੇਬਲ ਜੈਫ ਪਾਲਮਰ ਅਨੁਸਾਰ ਦੀਪਕ ਸ਼ਰਮਾ ਨੂੰ ਆਪਣੀ ਟੈਕਸੀ ਵਿੱਚ ਸਵਾਰ ਇੱਕ ਔਰਤ ਨਾਲ ਜ਼ਬਰਦਸਤੀ ਅਤੇ ਜਿਸਮਾਨੀ ਛੇੜ-ਛਾੜ ਕਰਨ ਦੇ ਦੋਸ਼ਾਂ ਅਧੀਨ ਗ੍ਰਿਫਤਾਰ ਕੀਤਾ ਗਿਆ। ਪੁਲਿਸ ਬੁਲਾਰੇ ਅਨੁਸਾਰ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਡਰਾਈਵਰ ਨੇ ਉਸ ਨਾਲ ਜਦੋਂ ਛੇੜਖਾਨੀ ਦੀਆਂ ਹਰਕਤਾਂ ਕੀਤੀਆਂ, ਉਸ ਵੇਲੇ ਟੈਕਸੀ ‘ਚ ਉਹ ਇੱਕ ਮਿੱਤਰ ਸਮੇਤ ਮੌਜੂਦ ਸੀ।

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ‘ਚ ਪੈਂਦੇ ਦੋਰਾਹਾ ਸ਼ਹਿਰ ਨਾਲ ਸਬੰਧਤ ਦੀਪਕ ਸ਼ਰਮਾ ਉੱਪਰ ਛੇੜ-ਛਾੜ ਦੇ ਦੋਸ਼ ਲੱਗਣ ਮਗਰੋਂ ਫਰੇਜ਼ਰ ਵੈਲੀ ਹਿੰਦੂ ਕਲਚਰਲ ਸੁਸਾਇਟੀ ਵੱਲੋਂ ਕੀਤੀ ਗਈ ਹੰਗਾਮੀ ਮੀਟਿੰਗ ਵਿੱਚ, ਸੁਸਾਇਟੀ ਦੇ ਉਪ ਪ੍ਰਧਾਨ ਸ੍ਰੀ ਅਸ਼ੋਕ ਸ਼ਰਮਾ ਨੇ ਦੱਸਿਆ ਕਿ ਸ਼ਰਮਾ ਨੇ ਮੰਨਿਆ ਹੈ ਕਿ ਉਸ ‘ਤੇ ਛੇੜਛਾੜ ਦੇ ਚਾਰਜ ਲੱਗੇ ਹਨ, ਪਰ ਉਸ ਨੇ ਅਜਿਹੀ ਕਿਸੇ ਘਟਨਾ ਤੋਂ ਇਨਕਾਰ ਕੀਤਾ ਹੈ। ਇਸ ਦੌਰਾਨ ਸ਼ਰਮਾ ਦਾ ਵੈਸਟ ਵੈਨਕੂਵਰ ‘ਚ ਟੈਕਸੀ ਪਰਮਿਟ ਵੀ ਵਾਪਸ ਲੈ ਲਿਆ ਗਿਆ ਹੈ।

ਛੇੜ-ਛਾੜ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਦੀਪਕ ਸ਼ਰਮਾ ਵੈਨਕੂਵਰ ਦੇ ਭਾਰਤੀ ਕੌਂਸਲਖਾਨੇ ਚ ਕਾਫੀ ਅਸਰ- ਰਸੁੂਖ ਰੱਖਦਾ ਹੈ ਅਤੇ ਉਸ ‘ਤੇ ਬਹੁਤ ਸਾਰੇ ਲੋਕਾਂ ਵੱਲੋਂ ਭਾਰਤੀ ਵੀਜ਼ੇ ਰੋਕਣ ਅਤੇ ਉਨ੍ਹਾਂ ਦੇ ਨਾਂ ਕਾਲੀਆਂ ਸੂਚੀਆਂ ‘ਚ ਪਾਉਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆਉਂਦੀਆਂ ਰਹੀਆਂ ਹਨ। ਹੈਰਾਨੀਜਨਕ ਗੱਲ ਇਹ ਹੈ ਕਿ ਦੀਪਕ ਸ਼ਰਮਾ ਖਿਲਾਫ ਛੇੜ-ਛਾੜ ਦੀ ਹਰਕਤ ਦੀ ਸ਼ਿਕਾਇਤ 2 ਜਨਵਰੀ ਨੂੰ ਦਰਜ ਕਰਵਾਈ ਗਈ ਅਤੇ ਉਸ ਨੂੰ 17 ਜਨਵਰੀ ਨੂੰ ਗ੍ਰਿਫਤਾਰ ਕਰਕੇ ਪੁਲਿਸ ਵੱਲੋਂ ਚਾਰਜ ਕੀਤਾ ਗਿਆ, ਪ੍ਰੰਤੂ ਉਸ ਨੇ 17 ਫਰਵਰੀ ਨੂੰ ਆਪਣੀ ਸੰਸਥਾ ਇੰਡੀਆ- ਕੈਨੇਡਾ ਐਸੋਸੀਏਸ਼ਨ ਵੱਲੋਂ ਲੈਂਗਲੀ ਬੈਂਕੁਟ ਹਾਲ ‘ਚ ਭਾਰਤ ਦਾ ਗਣਤੰਤਰਤਾ ਦਿਵਸ ਪ੍ਰੋਗਰਾਮ ਕੀਤਾ, ਜਿਸ ਵਿੱਚ ਵੈਨਕੂਵਰ ਸਥਿਤ ਭਾਰਤੀ ਸਫਾਰਤਖਾਨੇ ਤੋਂ ਕੌਂਸਲ ਜਨਰਲ ਅਭਿਲਾਸ਼ਾ ਜੋਸ਼ੀ ਮੁੱਖ ਮਹਿਮਾਨ ਸੀ, ਜਦਕਿ ਐਬਸਫੋਰਡ ਦੇ ਵਿਧਾਇਕ ਮਾਈਕਲ ਡੀ ਜੌਂਗ, ਮੇਅਰ, ਪੁਲਿਸ ਮੁਖੀ ਅਤੇ ਹੋਰ ਅਹਿਮ ਵਿਅਕਤੀ ਉਸ ਦੇ ਸੱਦੇ ‘ਤੇ ਜਸ਼ਨਾਂ ਵਿੱਚ ਸ਼ਾਮਲ ਹੋਏ ਸਨ ।

ਇੱਕ ਔਰਤ ਨਾਲ ਜਿਸਮਾਨੀ ਛੇੜ-ਛਾੜ ਦੇ ਦੋਸ਼ਾਂ ਅਧੀਨ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਨਾਲ, ਚਾਰਜ ਲੱਗਣ ਤੋਂ ਮਗਰੋਂ ਵੀ ਇਨ੍ਹਾਂ ਨੇਤਾਵਾਂ ਦੀਆਂ ਤਸਵੀਰਾਂ ਸਾਹਮਣੇ ਆਉਣੀਆਂ, ਤਿੱਖੇ ਵਿਵਾਦਾਂ ਦੇ ਘੇਰੇ ਵਿੱਚ ਹੈ, ਪਰ ਅਜੇ ਤੱਕ ਉਕਤ ਕਿਸੇ ਵੀ ਨੇਤਾ ਵੱਲੋਂ ਸਬੰਧੀ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ। ਭਰੋਸੇਯੋਗ ਸੂਤਰਾਂ ਅਨੁਸਾਰ ਦੀਪਕ ਸ਼ਰਮਾ ਦੇ ਕਈ ਭਾਰਤੀ ਮੰਤਰੀਆਂ ਅਤੇ ਦਿੱਲੀ ਸਥਿਤ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨਾਲ ਨੇੜਲੇ ਸਬੰਧ ਦੱਸੇ ਜਾਂਦੇ ਹਨ, ਜਿਨ੍ਹਾਂ ਦੇ ਆਧਾਰ ‘ਤੇ ਉਹ ਭਾਜਪਾ ਅਤੇ ਆਰ. ਐੱਸ. ਐੱਸ. ਖਿਲਾਫ ਬੋਲਣ ਵਾਲੇ ਵਿਅਕਤੀਆਂ ਦੇ ਵੀਜ਼ੇ ਰੁਕਵਾਉਣ ਦੀਆਂ ਸਾਜ਼ਿਸ਼ਾਂ ਨੂੰ ਅੰਜਾਮ ਦਿੰਦਾ ਹੈ।

ਆਖ਼ਰੀ ਖ਼ਬਰਾਂ ਮਿਲਣ ਤੱਕ ਦੀਪਕ ਸ਼ਰਮਾ ਨੂੰ ਜ਼ਮਾਨਤ ਤੇ ਰਿਹਾ ਕੀਤਾ ਗਿਆ ਹੈ, ਪਰ ਉਸਦੀ ਇੰਡੀਆ- ਕੈਨੇਡਾ ਐਸੋਸੀਏਸ਼ਨ ਸੰਸਥਾ, ਜਿਸ ਦੇ ਚੇਅਰਮੈਨ ਸਤੀਸ਼ ਕੁਮਾਰ ਅਤੇ ਸਕੱਤਰ ਵਿਨੇ ਸ਼ਰਮਾ ਹਨ, ਵੱਲੋਂ ਸ਼ਰਮਾ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਲਾਹੁਣ ਦੀ ਕੋਈ ਕਾਰਵਾਈ ਸਾਹਮਣੇ ਨਹੀਂ ਆਈ । ਉਧਰ ਭਾਰਤੀ ਕੌਂਸਲਖਾਨੇ ਦੇ ਅਧਿਕਾਰੀਆਂ ਨਾਲ ਦੀਪਕ ਸ਼ਰਮਾ ਦੀਆਂ ਨਜ਼ਦੀਕੀਆਂ ਅਤੇ ਤਸਵੀਰਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ, ਪਰ ਕੌਂਸਲਖਾਨੇ ਵੱਲੋਂ ਇਸ ਸਬੰਧੀ ਅਜੇ ਤੱਕ ਇਨਕਾਰ ਨਹੀਂ ਕੀਤਾ ਗਿਆ ।

ਐਬਟਸਫੋਰਡ ਅਤੇ ਵੈਨਕੂਵਰ ਦੀਆਂ ਅਹਿਮ ਸ਼ਖ਼ਸੀਅਤਾਂ ਵੱਲੋਂ ਛੇੜਖਾਨੀ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਦੀਪਕ ਸ਼ਰਮਾ ਨੂੰ ਭਾਰਤ ਸਰਕਾਰ ਅਤੇ ਵੈਨਕੂਵਰ ਕੌਂਸਲਖ਼ਾਨੇ ਰਾਹੀਂ ਮਿਲ ਰਹੀ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਹੈ।ਤਸਵੀਰਾਂ: ਕਥਿਤ ਦੋਸ਼ੀ ਦੀਪਕ ਸ਼ਰਮਾ ਪ੍ਰਧਾਨ ਇੰਡੀਆ ਕੈਨੇਡਾ ਐਸੋਸੀਏਸ਼ਨ ਭਾਰਤੀ ਰਿਪਬਲਿਕ ਦਿਨ ਮੌਕੇ ਐਸੋਸੀਏਸ਼ਨ ਦੇ ਚੇਅਰਮੈਨ ਸਤੀਸ਼ ਕੁਮਾਰ, ਸਕੱਤਰ ਵਿਨੇ ਸ਼ਰਮਾ, ਪੁਲਿਸ ਮੁਖੀ ਮਾਈਕ ਸੀਅਰ, ਵਿਧਾਇਕ ਮਾਈਕ ਡੀ ਜੌਂਗ,ਮੇਅਰ ਹੈਨਰੀ ਬਰਾਊਨ ਤੇ ਕੌਂਸਲ ਜਨਰਲ ਅਭਿਲਾਸ਼ਾ ਜੋਸ਼ੀ ਨਾਲ ਤਸਵੀਰਾਂ ਖਿਚਵਾਉਂਦਾ ਹੋਇਆ।