ਅਮ੍ਰਿਤਾ ਪ੍ਰੀਤਮ ਕਿ ਰੂਪਨ ਬਜਾਜ: ਮਰਦਸ਼ਾਹੀ ਖਿਲਾਫ ਕੌਣ ਲੜੀ ?

By March 8, 2019


ਪੱਛਮੀ ਸੱਭਿਅਤਾ ਵਿੱਚ ਦਿਹਾੜੇ ਮਨਾਉਣ ਦਾ ਰਿਵਾਜ ਹੈ। ਅੱਜ ਉਹ ਜ਼ਨਾਨੀ ਦਿਹਾੜਾ ਮਨਾ ਰਹੇ ਨੇ।

ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਪੱਛਮੀ ਸੱਭਿਅਤਾ ਕੋਈ ਦਿਹਾੜਾ ਮਨਾਉਂਦੀ ਹੈ, ਤਾਂ ਉਹ ਮਹਾਨ ਲੋਕਾਂ ਨੂੰ ਯਾਦ ਕਰਨ ਵਾਸਤੇ ਨਹੀਂ ਮਨਾਉਂਦੀ । ਦਿਹਾੜੇ ਦਾ ਮਤਲਬ ਹੁੰਦਾ ਹੈ ਹਰੇਕ ਆਮ ਇਨਸਾਨ, ਜੋ ਵੀ ਉਸ ਦਿਹਾੜੇ ਨਾਲ ਸਬੰਧਤ ਹੈ, ਨੂੰ ਉਸ ਦਿਨ ਇੱਜ਼ਤ ਦਿੱਤੀ ਜਾਵੇ ਅਤੇ ਉਸ ਦੇ ਸਮਾਜ ‘ਚ ਉਸ ਯੋਗਦਾਨ ਨੂੰ ਸਲਾਹਿਆ ਜਾਵੇ ਜੋ ਅਸੀਂ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਅਣਗੌਲਿਆਂ ਕਰ ਦਿੰਦੇ ਹਾਂ।

ਜਨਾਨੀ ਦਿਹਾੜ ਦਾ ਮਤਲਬ ਹੈ ਕਿ ਹਰੇਕ ਜ਼ਨਾਨੀ ਦੇ ਕੰਮ ਦੀ ਅੱਜ ਦੇ ਦਿਨ ਸਲਾਹੁਤਾ ਕੀਤੀ ਜਾਵੇ, ਚਾਹੇ ਉਹ ਘਰ ਸੰਭਾਲਦੀ ਹੋਵੇ ਜਾਂ ਦਫਤਰ ਜਾਂ ਦੋਵੇਂ।

ਹਾਸੇ ਵਾਲੀ ਗੱਲ ਹੈ ਕਿ ਆਪਣੀ ਬਣਾਈ ਹੋਈ ਜਨਾਨੀ ਦਿਹਾੜੇ ਦੀ ਧਾਰਨਾ ਅਨੁਸਾਰ ਕਈ ਨਾਮੀ ਖ਼ਬਰਾਂ ਦੇ ਸੋਮੇ ਅੱਜ #ਅੰਮ੍ਰਿਤਾ_ਪ੍ਰੀਤਮ ਨੂੰ ਯਾਦ ਕਰ ਰਹੇ ਨੇ।

ਪਰ ਕਿਉਂ ?

ਇੱਕ ਧਾਰਨਾ ਇਹ ਹੈ ਕਿ ਅੰਮ੍ਰਿਤਾ ਪ੍ਰੀਤਮ ਨੇ ਸਮਾਜ ਦੀਆਂ ਧਾਰਨਾਵਾਂ ਨੂੰ ਚੁਣੌਤੀ ਦਿੱਤੀ, ਬੰਦਿਸ਼ਾਂ ਨੂੰ ਤੋੜਿਆ ਅਤੇ ਇਸੇ ਕਰਕੇ ਉਹ ਮਹਾਨ ਹੈ।

ਅੰਮ੍ਰਿਤਾ ਪ੍ਰੀਤਮ ਦੀਆਂ ਕਵਿਤਾਵਾਂ ਨਾਲੋਂ ਉਸ ਦੀ ਨਿੱਜੀ ਜ਼ਿੰਦਗੀ ਦੇ ਵਾਕੇ ਲੋਕਾਂ ਦੀ ਜ਼ੁਬਾਨ ਤੇ ਜ਼ਿਆਦਾ ਹਨ।

ਉਸ ਦਾ ਪਹਿਲੇ ਵਿਆਹ ਤੋਂ ਬਾਗ਼ੀ ਹੋਣਾ, ਸਾਹਿਰ ਲੁਧਿਆਣਵੀ ਨੂੰ ਇਸ਼ਕ ਕਰਨਾ, ਲੁਧਿਆਣਵੀ ਦੇ ਛੱਡੇ ਹੋਏ ਸਿਗਰਟਾਂ ਦੇ ਟੋਟੇ ਪੀਣੇ, ਸ਼ਰਾਬ ਪੀਣੀ ਅਤੇ ਫੇਰ ਕਿਸੇ ਹੋਰ ਬੰਦੇ ਨਾਲ ਰਹਿੰਦੀ ਜ਼ਿੰਦਗੀ ਬਿਤਾ ਦੇਣੀ। ਅਕਸਰ ਅਮ੍ਰਿਤਾ ਦੀ ਨਿੱਜੀ ਜਿੰਦਗੀ ਯੂਨੀਵਰਸਿਟੀਆਂ ਦੇ ਘੜੇ ਵਿਦਵਾਨਾਂ ਵੱਲੋਂ ਉਸ ਦੀ ਮਹਾਨਤਾ ਸਾਬਤ ਕਰਨ ਲਈ ਵਰਤਿਆ ਜਾਂਦਾ ਹੈ।

ਕੀ ਵਾਕਿਆ ਹੀ ਅੰਮ੍ਰਿਤਾ ਪ੍ਰੀਤਮ ਨੇ ਸਮਾਜ ਦੇ ਰੀਤੀ ਰਿਵਾਜਾਂ ਅਤੇ ਕਾਨੂੰਨਾਂ, ਜਿੰਨ੍ਹਾਂ ‘ਤੇ ਉੱਤੇ ਬੰਦਿਆਂ ਦਾ ਦਾਬਾ ਰਿਹਾ ਹੈ, ਉਸ ਨੂੰ ਤੋੜਿਆ ਹੈ ?

ਸਾਡੇ ਕੋਲ ਇੱਕ ਪੈਮਾਨਾ ਹੈ ਜਿਸ ਤੋਂ ਲੱਗਦਾ ਹੈ ਕਿ ਅੰਮ੍ਰਿਤਾ ਪ੍ਰੀਤਮ ਬੰਦਿਆਂ ਦੇ ਦਾਬੇ ਹੇਠ ਚੱਲਦੇ ਸਮਾਜ ਵਾਸਤੇ ਕੋਈ ਖਤਰਾ ਨਹੀਂ ਹੈ।

ਕਿਉਂਕਿ ਜੇ ਅਜਿਹਾ ਹੁੰਦਾ ਤਾਂ ਇਸ ਸਮਾਜ ਦੇ ਬੰਦੇ ਖ਼ੁਦ ਹੀ ਅੰਮ੍ਰਿਤਾ ਪ੍ਰੀਤਮ ਨੂੰ ਐਡੀ ਵੱਡੀ ਨਾ ਹੋਣ ਦਿੰਦੇ ਜਿੰਨਾ ਵੱਡਾ ਕਰਕੇ ਉਹਨੂੰ ਪੇਸ਼ ਕੀਤਾ ਜਾਂਦਾ ਹੈ। ਕਿਉਂ ਕਿ ਦਾਬਾ ਰੱਖਣ ਵਾਲਾ ਸਮਾਜ ਬਾਗੀਆਂ ਨੂੰ ਖਲਨਾਇਕ ਮੰਨਦਾ ਅਤੇ ਅਮ੍ਰਿਤਾ ਪ੍ਰੀਤਮ ਇਸ ਸਮਾਜ ਦੀ ਖਲਨਾਇਕਾ ਹੋਣੀ ਚਾਹੀਦੀ ਸੀ। ਇਕ ਖਲਨਾਇਕਾ ਦੀਆਂ ਗੱਲਾਂ ਦਾਬਾ ਰੱਖਣ ਵਾਲੇ ਸਮਾਜ ਦੇ ਕਵੀਆਂ ਦੀਆਂ ਮਹਿਫਲਾਂ ‘ਚ ਨਾ ਚੱਲਦੀਆਂ।

ਜਾਂ ਤੇ ਫਿਰ ਤੁਸੀਂ ਇਹ ਕਹਿ ਦਿਉ ਕਿ ਸਮਾਜ ਵਿੱਚੋਂ ਬੰਦਿਆਂ ਦਾ ਦਾਬਾ ਖਤਮ ਹੋ ਗਿਆ ਏ ਅਤੇ ਇਸ ਕਰਕੇ ਸਮਾਜ ਦੀ ਅਮ੍ਰਿਤਾ ਪ੍ਰੀਤਮ ਨਾਇਕ ਏ।

ਹੋਰ ਸਾਫ ਕਰਨ ਵਾਸਤੇ ਅਸੀਂ ਤਹਾਨੂੰ ਦੱਸਦੇ ਆਂ ਕਿ ਸਮਾਜ ਦਾ ਖਲਨਾਇਕਾਂ ਨਾਲ ਕਿਹੋ ਜਿਹਾ ਵਰਤਾਉ ਹੁੰਦਾ।

ਰੂਪਨ ਦਿਉਲ ਬਜਾਜ ਦਾ ਨਾਮ ਸੁਣਿਆ ? ਥੋੜਾ ਥੋੜਾ ਚੇਤਾ ਆ ਰਿਹਾ ? ਉਸ ਨੇ ਕੁੱਝ ਅਜਿਹਾ ਕੀਤਾ ਕਿ ਸਮਾਜ ਅਤੇ ਖਬਰਾਂ ਦੇ ਸੋਮੇ ਅੱਜ ਵੀ ਉਹਦੇ ਬਾਰੇ ਗੱਲ ਕਰਨ ਦੀ ਹਿੰਮਤ ਨਹੀਂ ਕਰਦੇ ।

ਬਜਾਜ ਆਈਏਐਸ ਆਫਸਰ ਸੀ। ਭਾਤਰ ਵਿੱਚ ਆਈਏਐਸ ਤੋਂ ਵੱਡਾ ਕੋਈ ਅਫਸਰ ਨਹੀਂ ਹੁੰਦਾ। 1988 ਵਿੱਚ ਉਸ ਸਮੇਂ ਪੰਜਾਬ ਦੇ ਪੁਲੀਸ ਮੁਖੀ ਕੇਪੀਐਸ ਗਿੱਲ ਨੇ ਉਸ ਨਾਲ ਭੱਦੀ ਛੇੜਖਾਨੀ ਕੀਤੀ। ਬੰਦਿਆਂ ਦੇ ਦਾਬੇ ਹੇਠ ਚੱਲਦੇ ਸਮਾਜ ਵਿੱਚ ਇਹ ਕੋਈ ਗੁਣਾਹ ਨਹੀਂ ਸੀ। ਬੱਸ ਹੱਥ ਈ ਲਾਇਆ ਸੀ । ਇਸ ਦੀ ਕਾਹਦੀ ਸਜਾ ?

ਇੱਕ ਪਾਸੇ ਪੂਰੀ ਸਰਕਾਰ, ਕੇਪੀਐੱਸ ਗਿੱਲ ਅਤੇ ਸਮਾਜ ਦੀ ਮਾਨਸਿਕਤਾ ਅਤੇ ਦੂਜੇ ਪਾਸੇ ਰੂਪਨ ਬਜਾਜ। ਉਹ ਅੜ੍ਹ ਗਈ ।

ਪਤਾ ਨਹੀਂ ਰੂਪਨ ਬਜਾਜ ਨੂੰ ਇਸ ਲੜਾਈ ਪਿੱਛੇ ਕਿੰਨਾ ਨਿੱਜੀ ਨੁਕਸਾਨ ਝੱਲਣਾ ਪਿਆ ਹੋਵੇਗਾ। ਪਤਾ ਨਹੀਂ ਉਸ ਤੇ ਕੀ ਕੀ ਬੀਤੀ ਹੋਵੇਗੀ। ਪਰ ਉਹ ਅੜੀ ਰਹੀ। ਪਰ ਸਮਾਜ ਸਾਹਮਣੇ ਇਕ ਜਨਾਨੀ ਕੀ ਸੀ ? ਸਮਾਜ ਨੇ ਉਸ ਨਾਲ ਭੱਦਾ ਮਜਾਕ ਕੀਤਾ। ਇਸ ਸਮਾਜ ਦੀ ਅਦਾਲਤ ਨੇ ਕੇ ਪੀ ਐਸ ਗਿੱਲ ਨੂੰ ਦੋਸ਼ੀ ਤਾਂ ਪਾਇਆ ਪਰ ਇਕ ਦਿਨ ਵਾਸਤੇ ਵੀ ਜੇਲ ਨਾ ਭੇਜਿਆ। ਉਹ ਹਾਈ ਕੋਰਟ ਗਈ, ਸੁਪਰੀਮ ਕੋਰਟ ਗਈ, ਪਰ ਉਹਦੀ ਇਕ ਨਾ ਚੱਲੀ। ਉਸ ਦੀ ਹਿੱਕ ‘ਤੇ ਮੂੰਗ ਦਲਣ ਵਾਸਤੇ ਇਕ ਜਨਾਨੀ ਨਾਲ ਛੇੜਖਾਨੀ ਕਰਨ ਦੇ ਦੋਸ਼ੀ ਨੂੰ ਸਾਰੇ ਕਾਨੂੰਨ ਤੋੜ ਕੇ ਪਦਮ ਸ਼੍ਰੀ ਦਿੱਤਾ। ਉਹ ਇਸ ਦੇ ਖਿਲਾਫ ਵੀ ਲੜੀ। ਪਰ ਉਸ ਦੀ ਫੇਰ ਨਾ ਚੱਲੀ।

ਚੱਲਣੀ ਵੀ ਨਹੀਂ ਸੀ। ਉਹ ਬੰਦਿਆਂ ਦੇ ਦਾਬੇ ਨੂੰ ਖਤਮ ਕਰਨਾ ਚਾਹੁੰਦੀ ਸੀ। ਉਸ ਦਾਬੇ ਨੂੰ ਜਿਸ ਅਨੁਸਾਰ ਸੱਤਾ ਦਾ ਲਿੰਗ ਵੀ ਮਰਦਾਨਾ ਹੈ ਅਤੇ ਜਨਾਨਾ ਇਸ ਸੱਤਾ ਵਿੱਚ ਬਰਾਬਰ ਦੀ ਅਫਸਰ ਬਣਕੇ ਵੀ ਬੰਦੇ ਨੂੰ ਚਨੌਤੀ ਨਹੀਂ ਦੇ ਸਕਦੀ। ਉਹ ਸੱਚਮੁੱਚ ਸਮਾਜ ਦੀ ਖਲਨਾਇਕਾ ਹੈ। ਉਸ ਬਾਰੇ ਸਮਾਜ ਗੱਲ ਨਹੀਂ ਕਰਦਾ ਕਿਉਂ ਕਿ ਉਹ ਕੁੜੀਆਂ ਨੂੰ ਵਿਗਾੜ ਦੇਵੇਗੀ।

ਸਾਨੂੰ ਨਹੀਂ ਪਤਾ ਕਿ ਕਿਸੇ ਅੰਮ੍ਰਿਤਾ ਪ੍ਰੀਤਮ ਦੇ ਕਿਸੇ ਚੇਲੇ ਜਾਂ ਚੇਲੀ ਨੇ ਰੂਪਨ ਬਜਾਜ ‘ਤੇ ਕਦੇ ਕੋਈ ਕਵਿਤਾ ਲਿਖੀ ਹੋਵੇ।

ਜਨਾਨੀ ਦਿਹਾੜੇ ਵਾਲੇ ਦਿਨ ਰੂਪਨ ਬਜਾਜ ਦੀ ਚਰਚਾ ਉਨ੍ਹਾਂ ਚਿਰ ਨਹੀਂ ਹੋਵੇਗੀ ਜਿੰਨਾ ਚਿਰ ਬੰਦਿਆਂ ਦਾ ਦਾਬਾ ਖ਼ਤਮ ਨਹੀਂ ਹੁੰਦਾ ਅਤੇ ਜਦੋਂ ਇਸ ਦਿਨ ਰੂਪਨ ਬਜਾਜ ਦੀ ਚਰਚਾ ਹੋਣ ਲੱਗ ਪਵੇਗੀ, ਉਦੋਂ ਅੰਮ੍ਰਿਤਾ ਪ੍ਰੀਤਮ ਦੀ ਚਰਚਾ ਖਤਮ ਹੋ ਜਾਵੇਗੀ।

ਉਦੋਂ ਪਤਾ ਲੱਗੇਗਾ ਕਿ ਅਮ੍ਰਿਤਾ ਪ੍ਰੀਤਮ ਤਾਂ ਬੰਦਿਆਂ ਦੇ ਦਾਬੇ ਦੇ ਹੱਕ ਚ ਖੜ੍ਹੀ ਸੀ, ਬੰਦਿਆਂ ਦੇ ਸਮਾਜ ਦੀ ਨਾਇਕਾ ਸੀ।

#ਮਹਿਕਮਾ_ਪੰਜਾਬੀ





Posted in: ਸਾਹਿਤ