ਪੰਜਾਬ ਦੀ ਮਿੱਟੀ ‘ਚ ਸ਼ਰਮ ਬਾਕੀ ਏ

By March 5, 2019


ਖ਼ਬਰ ਲਹਿੰਦੇ ਪੰਜਾਬ ਤੋਂ ਆਈ ਏ। ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਉਸਮਨ ਬੁਜ਼ਦਾਰ ਨੇ ਆਪਣੀ ਸਰਕਾਰ ਵਿੱਚ ਮੰਤਰੀ ਫਾਇਜੁਲ ਹਸਨ ਚੌਹਾਨ ਤੋਂ ਇਸ ਕਰਕੇ ਅਸਤੀਫਾ ਮੰਗ ਲਿਆ ਏ, ਕਿਉਂ ਕਿ ਚੌਹਾਨ ਨੇ ਹਿੰਦੂ ਭਾਈਚਾਰੇ ਪ੍ਰਤੀ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ। ਜਦੋਂ ਰੌਲਾ ਪਿਆ ਤਾਂ ਚੌਹਾਨ ਸਫਾਈਆਂ ਦਿੰਦਾ ਫਿਰੇ ਕਿ ਉਸ ਦਾ ਨਿਸ਼ਾਨਾ ਸਿਰਫ ਮੋਦੀ ਸਰਕਾਰ ਸੀ ਅਤੇ ਪਾਕਿ ਵਿੱਚ ਵੱਸਦਾ ਹਿੰਦੂ ਭਾਈਚਾਰਾ ਉਸ ਦਾ ਨਿਸ਼ਾਨਾ ਨਹੀੰ ਸੀ। ਉਸ ਨੇ ਪਾਕਿ ‘ਚ ਵੱਸਦੇ ਹਿੰਦੂਆਂ ਤੋਂ ਮਾਫੀ ਵੀ ਮੰਗੀ। ਪਰ ਉਸ ਦੀ ਇਸ ਦਲੀਲ ਨੂੰ ਰੱਦੀ ਦੀ ਟੋਕਰੀ ‘ਚ ਸੁੱਟ ਦਿੱਤਾ ਗਿਆ ਅਤੇ ਉਸ ਨੂੰ ਅਸਤੀਫਾ ਦੇਣ ਲਈ ਕਿਹਾ ਗਿਆ।

ਇਹ ਗੱਲ ਇਸ ਲਈ ਖਾਸ ਹੈ ਕਿਉਂ ਕਿ ਭਾਰਤ ਵਿੱਚ ਕਈ ਨੇਤਾ ਵਾਰ ਵਾਰ ਮੁਸਲਮਾਨਾਂ ਦੇ ਖਿਲਾਫ ਸਿੱਧੇ ਤੌਰ ‘ਤੇ ਨਫਰਤੀ ਟਿਪਣੀਆਂ ਕਰਦੇ ਨੇ। ਅਜਿਹੀਆਂ ਟਿੱਪਣੀਆਂ ਵੋਟਾਂ ‘ਚ ਉਨ੍ਹਾਂ ਦੀਆਂ ਪ੍ਰਾਪਤੀਆਂ ਬਣ ਜਾਂਦੀਆਂ। ਯੋਗੀ ਅੱਦਿਤਿਆਨਾਥ ਦੀ ਤਾਂ ਪ੍ਰਾਪਤੀ ਹੀ ਇਹ ਹੈ ਕਿ ਉਹ ਮੁਸਲਮਾਨਾਂ ਖਿਲਾਫ ਨਫਰਤੀ ਤਕਰੀਰਾਂ ਕਰਦਾ ਸੀ ਅਤੇ ਉਸ ਨੂੰ ਇਸ ਬਦਲੇ ਯੂਪੀ ‘ਚ ਵੋਟਾਂ ਵੀ ਮਿਲੀਆਂ ਅਤੇ ਮੁੱਖ ਮੰਤਰੀ ਦੀ ਕੁਰਸੀ ਵੀ।

ਮੋਦੀ ਅਤੇ ਯੋਗੀ ਤੋਂ ਬਿਨਾਂ ਹੋਰ ਵੀ ਕਈ ਉਦਾਹਰਣਾ ਨੇ। ਕਾਂਗਰਸ ਪਾਰਟੀ ਨੇ ਤਾਂ ਸਿੱਖਾਂ ਖਿਲਾਫ ਮਾਹੌਲ ਬਣਾ ਕੇ 1984 ‘ਚ ਲੋਕ ਸਭਾ ਹੀ ਲੁੱਟ ਲਈ ਸੀ।

ਸਾਨੂੰ ਪੰਜਾਬੀਆਂ ਨੂੰ ਇਸ ਗੱਲ ਦੀ ਖੁਸ਼ੀ ਹੋਣੀ ਚਾਹੀਦੀ ਏ ਕਿ ਉਸਮਨ ਬੁਜ਼ਦਾਰ ਨੇ ਚੌਹਾਨ ਨੂੰ ਵੋਟਾਂ ਲੈਣ ਦਾ ਜਰੀਆ ਨਹੀਂ ਸਮਝਿਆ। ਇਹ ਤਾਂ ਹੀ ਸੰਭਵ ਹੋ ਸਕਿਆ ਕਿਉਂ ਕਿ ਉਸਮਨ ਬੁਜ਼ਦਾਰ ਨੂੰ ਪਤਾ ਹੋਊ ਕਿ ਪੰਜਾਬੀ ਮੁਸਲਮਾਨਾਂ ਨੇ ਇਸ ਗੱਲ ‘ਚ ਕੋਈ ਵਡਿਆਈ ਨਹੀੰ ਸਮਝਣੀ ਕਿ ਚੌਹਾਨ ਹਿੰਦੂਆਂ ਖਿਲਾਫ ਨਫਰਤੀ ਟਿੱਪਣੀ ਕਰ ਰਿਹਾ।

ਹਾਂ, ਅਸੀਂ ਸਾਰੇ 1947 ਵਾਸਤੇ ਦੋਸ਼ੀ ਹਾਂ ਪਰ ਸਾਡੇ ‘ਚ ਸ਼ਰਮ ਹਾਲੇ ਬਾਕੀ ਆ।

ਸ਼ੁਕਰ ਏ ਖੁਦਾ ਦਾ…..

#ਮਹਿਕਮਾ_ਪੰਜਾਬੀ