ਸਾਊਦੀ ਅਰਬ ਦੀ ਜੇਲ੍ਹ ‘ਚ ਪੰਜਾਬੀ ਨੌਜਵਾਨਾਂ ਦਾ ਸਿਰ ਕਲਮ

By March 5, 2019


ਜਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਦਸੂਹਾ ਦੇ ਪਿੰਡ ਸਫਰਪੁਰ ਕੁੱਲੀਆਂ ਦਾ ਨੌਜਵਾਨ ਸਤਵਿੰਦਰ ਕੁਮਾਰ ਜੋ ਪਿਛਲੇ ਚਾਰ ਸਾਲਾਂ ਤੋਂ ਸਾਊਦੀ ਅਰਬ ਵਿਚ ਕਿਸੇ ਵਿਅਕਤੀ ਨਾਲ ਝਗੜਾ ਹੋਣ ਕਾਰਨ ਜੇਲ੍ਹ ਵਿਚ ਬੰਦ ਸੀ, ਦਾ ਸਿਰ ਕਲਮ ਕਰਨ ਦੀ ਖ਼ਬਰ ਆਈ ਹੈ। ਇਸ ਖ਼ਬਰ ਨੇ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪਰਿਵਾਰ ਨੂੰ ਇਹ ਖ਼ਬਰ ਕਿਸੇ ਨੇ ਫੋਨ ਉਤੇ ਦਿੱਤੀ ਹੈ। ਫੋਨ ਕਰਨ ਵਾਲੇ ਨੇ ਦੱਸਿਆ ਹੈ ਕਿ ਲੁਧਿਆਣਾ ਦੇ ਇਕ ਨੌਜਵਾਨ ਤੇ ਸਤਵਿੰਦਰ ਕੁਮਾਰ ਦਾ ਜੇਲ੍ਹ ਵਿਚ ਸਿਰ ਕਲਮ ਕਰ ਦਿੱਤਾ ਗਿਆ। ਪਰਿਵਾਰ ਨੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਤੋਂ ਮੰਗ ਕੀਤੀ ਹੈ ਕਿ ਭਾਰਤ ਸਰਕਾਰ ਤੱਕ ਉਨ੍ਹਾਂ ਦੀ ਫ਼ਰਿਆਦ ਪਹੁੰਚਾਈ ਜਾਵੇ।

ਸਤਵਿੰਦਰ ਕੁਮਾਰ 2013 ਵਿੱਚ ਕਮਾਈ ਕਰਨ ਲਈ ਸਾਊਦੀ ਗਿਆ ਸੀ ਪਰ ਉੱਥੇ ਮਾਮੂਲੀ ਝਗੜੇ ਕਰ ਕੇ ਸਾਊਦੀ ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਤੇ 4 ਸਾਲਾਂ ਤੋਂ ਉਹ ਜੇਲ੍ਹ ’ਚ ਬੰਦ ਹੈ। ਉਹ ਸਾਊਦੀ ਦੀ ਇੱਕ ਕੰਪਨੀ ਅਲ ਮਜ਼ੀਦ ਵਿੱਚ ਕੰਮ ਕਰਦਾ ਸੀ। ਸਤਵਿੰਦਰ ਨਾਲ ਇੱਕ ਹੋਰ ਲੁਧਿਆਣਾ ਦਾ ਨੌਜਵਾਨ ਵੀ ਜੇਲ੍ਹ ਅੰਦਰ ਕੈਦ ਸੀ। ਪਰਿਵਾਰ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇ।

ਸਤਵਿੰਦਰ ਕੁਮਾਰ ਦੀ ਪਤਨੀ ਸੀਮਾ ਰਾਣੀ ਦਾ ਕਹਿਣਾ ਹੈ ਕਿ ਇਹ ਖ਼ਬਰ ਸੁਣ ਕੇ ਉਹ ਸਦਮੇ ਵਿਚ ਹਨ। ਫੋਨ ਕਰਨ ਵਾਲੇ ਨੇ ਦੱਸਿਆ ਹੈ ਕਿ ਸਤਵਿੰਦਰ ਸਮੇਤ ਦੋ ਪੰਜਾਬ ਨੌਜਵਾਨਾਂ ਦਾ ਜੇਲ੍ਹ ਵਿਚ ਸਿਰ ਕਲਮ ਕਰ ਦਿੱਤਾ ਗਿਆ ਹੈ। ਉਹ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਨ ਕਿ ਉਨ੍ਹਾਂ ਨੂੰ ਸਤਵਿੰਦਰ ਦੀ ਪੂਰਾ ਜਾਣਕਾਰੀ ਦਿੱਤੀ ਜਾਵੇ। ਦੂਜੇ ਪਾਸੇ ਵਿਜੈ ਸਾਂਪਲਾ ਨੇ ਪਰਿਵਾਰ ਨਾਲ ਮੁਲਾਕਾਤ ਤੋਂ ਬਾਅਦ ਦੱਸਿਆ ਕਿ ਇਕ ਫੋਨ ਰਾਹੀਂ ਨੌਜਵਾਨਾਂ ਦੀ ਮੌਤ ਬਾਰੇ ਖ਼ਬਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੌਜਵਾਨਾਂ ਬਾਰੇ ਭਾਰਤ ਸਰਕਾਰ ਵੱਲੋਂ ਚਲਾਏ ਗਏ ਪੋਰਟਲ ਵਿਚ ਜਾਣਕਾਰੀ ਪਾ ਦਿੱਤੀ ਗਈ ਹੈ। ਉਹ ਨਿੱਜੀ ਤੌਰ ਉਤੇ ਵੀ ਸਤਵਿੰਦਰ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।