ਕਸ਼ਮੀਰ ਵਿੱਚ “ਓਪਰੇਸ਼ਨ ਆਲ ਆਊਟ”

By February 17, 2019


ਭਾਰਤ ਸਰਕਾਰ ਨੇ ਸਾਲ 2017 ਦੇ ਅੱਧ’ਚ ਕਸ਼ਮੀਰ ਵਿੱਚ “ਓਪਰੇਸ਼ਨ ਆਲ ਆਊਟ” ਸ਼ੁਰੂ ਕੀਤਾ। ਜਿਸ ਦੌਰਾਨ ਫੌਜ ਨੇ “ਕਸ਼ਮੀਰੀ ਮਿਲੀਟੈਂਟ” , ਆਨ ਗਰਾਊਂਡ ਵਰਕਰ (ਓ.ਜੀ.ਡਬਲਯੂ) ਅਤੇ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ। ਇਸ ਓਪਰੇਸ਼ਨ ਤਹਿਤ ਫੌਜ ਵੱਲੋਂ 2017’ਚ 384 ਕਸ਼ਮੀਰੀ ਮਾਰ ਦਿੱਤੇ ਗਏ।

ਪਰ ਇਸ ਤੋਂ ਪਹਿਲੇ ਵਰ੍ੇ 2016 ‘ਚ ਬਹਿਰਾਨ ਵਾਨੀ ਦੀ ਮੌਤ ਤੋਂ ਬਾਅਦ ਕਸ਼ਮੀਰੀ’ਚ ਕਾਫ਼ੀ ਹਿੰਸਾ ਭੜਕੀ। ਜਿਸ ਦੇ ਚਲਦਿਆਂ ਸੁਰੱਖਿਆ ਬਲਾਂ ਵੱਲੋੰ 2016’ਚ 247 ਕਸ਼ਮੀਰੀ ਲੋਕਾਂ ਨੂੰ ਮਾਰ ਦਿੱਤਾ ਗਿਆ ਅਤੇ 15000 ਦੇ ਕਰੀਬ ਕਸ਼ਮੀਰੀ ਫੱਟੜ ਹੋਏ। ਇਸ ਹਿੰਸਾ’ਚ 4000 ਦੇ ਕਰੀਬ ਸੁਰੱਖਿਆ ਦਸਤੇ ਵੀ ਫੱਟੜ ਹੋਏ। ਫੌਜ ਵੱਲੋੰ ਕੀਤੀ ਪਾਈਲਟ ਗੱਨ ਦੀ ਵਰਤੋਂ ਕਾਰਨ ਸੈਕੜੇ ਕਸ਼ਮੀਰੀ, ਬੱਚਿਆਂ ਅਤੇ ਔਰਤਾਂ ਸਮੇਤ ਅੱਖਾਂ ਤੋਂ ਸਦਾ ਲਈ ਅੰਨ੍ਹੇ ਹੋ ਗਏ ਸਨ।

ਪਰ ਬੀਤੇ ਵਰ੍ੇ 2018’ਚ ਕਸ਼ਮੀਰ ਵਿੱਚ ਕਤਲੋਗਾਰਤ ਦਾ ਪਿਛਲੇ ਦਸ ਸਾਲਾਂ ਦਾ ਰਿਕਾਰਡ ਟੱੁਟ ਗਿਆ। 2008’ਚ ਵੱਡੇ ਪੱਧਰ ਤੇ ਹੋਈ ਹਿੰਸਾ’ਚ 550 ਕਸ਼ਮੀਰੀ ਮਾਰੇ ਗਏ ਸਨ। ਪਰ 2018’ਚ ਹੋਏ ਜ਼ੁਲਮਾਂ ਦੌਰਾਨ ਇਹ ਅੰਕੜਾ ਵੀ ਪਾਰ ਹੋ ਗਿਆ, ਜੰਮੂ-ਕਸ਼ਮੀਰ ਕੋਲੇਸ਼ਨ ਆਫ਼ ਸਿਵਲ ਸੁਸਾਇਟੀ ਨੇ ਇਸ ਵਰ੍ੇ 586 ਮੌਤਾਂ ਹੋਣ ਦੀ ਪੁਸ਼ਟੀ ਕੀਤੀ ਹੈ। ਜਿਨ੍ਹਾਂ’ਚ 31 ਬੱਚਿਆਂ ਦੇ ਸਮੇਤ 160 ਦੇ ਕਰੀਬ ਆਮ ਕਸ਼ਮੀਰੀ ਨਾਗਰਿਕ ਸਨ; ਜਿਨ੍ਹਾਂ ਦਾ ਇਸ ਜੰਗ ਨਾਲ ਕੋਈ ਵਾਸਤਾ ਨਹੀਂ ਸੀ।

ਸਾਲ 2017’ਚ ਸਰਕਾਰ ਵੱਲੋੰ ਜਾਰੀ ਕੀਤੇ ਅੰਕੜਿਆਂ ਅਨੁਸਾਰ 1990 ਤੋੰ 2017 ਤੱਕ 27 ਸਾਲਾਂ’ਚ ਕਸ਼ਮੀਰ’ਚ 41,000 ਲੋਕ ਮਾਰੇ ਜਾ ਚੁੱਕੇ ਹਨ। ਜਿਨ੍ਹਾਂ’ਚ 14,000 ਆਮ ਕਸ਼ਮੀਰੀ ਲੋਕ, 5,000 ਪੁਲਿਸੀਏ ਅਤੇ ਫੌਜੀ ਅਤੇ 22,000 ਕਸ਼ਮੀਰੀ ਖਾੜਕੂ ਸ਼ਾਮਲ ਹਨ। ਇਹ ਸਰਕਾਰੀ ਅੰਕੜੇ ਹਨ ਪਰ ਮਨੁੱਖੀ ਅਧਿਕਾਰ ਸੰਸਥਾਵਾਂ ਮੁਤਾਬਕ ਕਸ਼ਮੀਰ’ਚ ਇਹਨਾਂ 30 ਸਾਲਾਂ’ਚ 70,000 ਤੋਂ ਵੱਧ ਜਾਨਾਂ ਜਾ ਚੁੱਕੀਆਂ ਹਨ। ਇਸ ਤੋਂ ਇਲਾਵਾ ਵਾਦੀ’ਚ ਮਨੁੱਖੀ ਹੱਕਾਂ ਦੇ ਘਾਣ ਅਤੇ ਔਰਤਾਂ ਦੇ ਸਰੀਰਕ ਸ਼ੋਸ਼ਣ ਦਾ ਵੀ ਸੰਯੁਕਤ ਰਾਸ਼ਟਰ ਤੱਕ ਚਰਚਾ ਹੈ।

ਹਲੇ ਵੀ ਕਸ਼ਮੀਰ 5 ਲੱਖ ਤੋਂ ਵੱਧ ਫੌਜ ਤਾਿੲਨਾਤ ਹੈ ਅਤੇ ਕਸ਼ਮੀਰ’ਚ ਫੌਜੀ ਤਾਕਤ ਦੇ ਜ਼ੌਰ ਨਾਲ ਬਗਾਵਤ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਕਸ਼ਮੀਰੀ ਮਿਲੀਟੈਂਟ ਆਮ ਨਾਗਰਿਕਾਂ ਦੀ ਸਹਾਇਤਾ ਨਾਲ ਇਸ ਵੱਡੀ ਫੌਜ ਨੂੰ ਟੱਕਰ ਦਿੰਦੇ ਰਹਿੰਦੇ ਹਨ। ਇਸ ਜੰਗ’ਚ ਚਾਹੇ ਕਸ਼ਮੀਰੀ ਮਰਨ ਚਾਹੇ ਫੌਜੀ ; ਮਰਦੇ ਦੋਵੇਂ ਪਾਸੇ ਗਰੀਬ ਹੀ ਹਨ। ਦਿੱਲੀ’ਚ ਨਿਊਜ਼ ਚੈਨਲਾਂ’ਤੇ ਬੈਠੇ ਅਲਟਰਾ ਰਾਸ਼ਟਰਵਾਦੀ ਹੋਸਟ ਅਤੇ ਰਾਜਨੀਤਿਕ ਆਗੂ ਕਸ਼ਮੀਰ ਦੇ ਮਸਲੇ ਨੂੰ ਮੁੱਢੋ ਹੀ ਰੱਦ ਕਰਕੇ ਸਾਰਾ ਦੋਸ਼ ਪਾਕਿਸਤਾਨ ਸਿਰ ਮੜ ਕੇ ਵੋਟਾਂ ਦੀ ਰਾਜਨੀਤੀ ਕਰਦੇ ਹਨ।

ਅੱਜ ਭਾਰਤ ਦਾ ਬਹੁਗਿਣਤੀ ਹਿੰਦੂ ਭਾਈਚਾਰਾ ਕਸ਼ਮੀਰੀ ਮੁਸਲਮਾਨਾਂ ਨੂੰ ਦੇਸ ਦਾ ਕੱਟੜ ਦੁਸ਼ਮਣ ਐਲਾਨ ਕੇ ਉਹਨਾਂ ਖਿਲਾਫ਼ ਫਿਰਕੂ ਮਾਹੌਲ ਸਿਰਜ ਰਿਹਾ ਹੈ। ਜਿਸ ਦੀ ਭੇਟ ਰਾਸ਼ਟਰਵਾਦੀ ਅਤੇ ਕੁਝ ਬੇਸਮਝ ਸਿੱਖ ਵੀ ਚੜ ਰਹੇ ਹਨ। ਧਮਾਕੇ’ਚ ਮਰੇ ਫੌਜੀਆਂ ਦਾ ਸਭ ਨੂੰ ਦੁੱਖ ਹੈ ਅਤੇ ਉਹਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਵੀ ਹੈ।

ਪਰ ਸਵਾਲ ਹੈ ਕਿ ਜਦੋਂ ਕਸ਼ਮੀਰੀਆਂ ਦੀ ਐਨੇ ਵੱਡੇ ਪੱਧਰ’ਤੇ ਕਤਲੋਗਾਰਤ ਹੋ ਰਹੀ ਸੀ ਤਾਂ ਜੇਕਰ ਅਸੀਂ ਉਦੋਂ ਇਹ ਹਮਦਰਦੀ ਕਸ਼ਮੀਰੀਆਂ ਪ੍ਰਤੀ ਵੀ ਦਿਖਾਉਂਦੇ ਤਾਂ ਸ਼ਾਇਦ ਅੱਜ ਆਹ ਫੌਜੀਆਂ ਦਾ ਵੀ ਨੁਕਸਾਨ ਨਾ ਹੁੰਦਾ। ਜਿਹੜੇ ਬਹੁਤੇ ਤੱਤੇ ਬਦਲੇ ਦੀਆਂ ਗੱਲਾਂ ਕਰਦੇ ਹਨ ਉਹਨਾਂ ਨੂੰ ਸਮਝਣਾ ਚਾਹੀਦਾ ਹੈ ਬਦਲਾ ਕਦੇ ਨਹੀੰ ਮੁੱਕਣਾ; ਕਦੇ ਉਹ ਲੈਣਗੇ ਅਤੇ ਕਦੇ ਇਹ ਲੈਣਗੇ।

ਜੇਕਰ ਸਭ ਨੂੰ ਸੱਚੀਓ ਇਸ ਹਿੰਸਾ ਦਾ ਦੁੱਖ ਹੈ ਤਾਂ ਬਦਲੇ ਦੀ ਗੱਲ ਛੱਡ ਕੇ ਇਸ ਮਸਲੇ ਦਾ ਹੱਲ ਲੱਭਣ ਦੀ ਗੱਲ ਕਰਨੀ ਚਾਹੀਦੀ ਹੈ ਤਾਂ ਕਿ ਭਵਿੱਖ’ਚ ਇਹ ਹਿੰਸਾ ਨਾ ਹੋਵੇ।

– ਸਤਵੰਤ ਸਿੰਘ