ਕਸ਼ਮੀਰ ਦੀਆਂ 2 ਦਿਲ ਦਹਿਲਾ ਦੇਣ ਵਾਲੀਆਂ ਵੀਡੀਉ- ਕਮਜ਼ੋਰ ਦਿਲ ਵਾਲੇ ਨਾ ਦੇਖਣ

By February 16, 2019


ਪੁਲਵਾਮਾ ਵਿਚ ਵੀਰਵਾਰ ਨੂੰ ਹੋਏ ਹਮਲੇ ਵਿਚ ਭਾਰਤ ਸਰਕਾਰ ਦੇ ਨੀਮ ਫੌਜੀ ਦਸਤੇ ਸੀ.ਆਰ.ਪੀ.ਐਫ. ਦੇ 42 ਨੀਮ-ਫੌਜੀ ਮਾਰੇ ਗਏ। ਭਾਰਤ ਸਰਕਾਰ ਨੇ ਇਸ ਹਮਲੇ ਦਾ ਦੋਸ਼ ਪਾਕਿਸਤਾਨ ਸਿਰ ਮੜ੍ਹਦਿਆਂ ਫੌਜ ਨੂੰ ਆਪਣੇ ਤਰੀਕੇ ਨਾਲ ਇਸ ਹਮਲੇ ਦਾ ‘ਮੂੰਹ-ਤੋੜਵਾਂ ਜਵਾਬ’ ਦੇਣ ਦੀ ਖੁੱਲ੍ਹ ਦੇਣ ਦਾ ਐਲਾਨ ਕੀਤਾ ਹੈ। ਭਾਰਤੀ ਖਬਰਖਾਨਾ ਭਾਰਤ ਸਰਕਾਰ ਦੇ ਪੱਖ ਤੋਂ ਹਮਲੇ ਵਿਚ ਮਾਰੇ ਗਏ ਫੌਜੀਆਂ ਦੇ ਪਰਵਾਰਾਂ ਦੇ ਦੁੱਖ ਨੂੰ ਬਿਆਨ ਕਰ ਰਿਹਾ ਹੈ, ਪਾਕਿਸਤਾਨ ਦੀ ਸਰਕਾਰ ਆਪਣੇ ਉੱਤੇ ਲੱਗ ਰਹੇ ਦੋਸ਼ਾਂ ਨੂੰ ਝੂਠ ਕਰਾਰ ਦੇ ਰਹੀ ਹੈ । ਇਸ ਸਾਰੇ ਦੇ ਦਰਮਿਆਨ ਇਸ ਹਮਲੇ ਨੂੰ ਅੰਜਾਮ ਦੇਣ ਵਾਲੇ ਅਦਿਲ ਦਰ ਤੇ ਉਸਦੇ ਪਰਵਾਰ ਬਾਰੇ ਸਕਰੌਲ ਡਾਟ ਇਨ (Scroll.in) ਵਿਚ ਸਫਾਵਤ ਜ਼ਰਗਰ ਦੀ ਇਕ ਲਿਖਤ ਛਪੀ ਹੈ ਜੋ ਕਿ ਇਸ ਮਸਲੇ ਬਾਰੇ ਇਕ ਵੱਖਰਾ ਪੱਖ ਬਿਆਨ ਕਰਦੀ ਹੈ। ਇਸ ਲਿਖਤ ਦਾ ਖੁੱਲ੍ਹਾ ਪੰਜਾਬੀ ਉਲੱਥਾ ਸਿੱਖ ਸਿਆਸਤ ਦੇ ਪਾਠਕਾਂ ਲਈ ਹੇਠਾਂ ਸਾਂਝਾ ਕਰ ਰਹੇ ਹਾਂ*।

ਖਬਰਾਂ ਹਨ ਕਿ 14 ਫਰਵਰੀ ਦੀ ਸ਼ਾਮ ਨੂੰ ਜੈਸ਼-ਏ-ਮੁਹੰਮਦ ਵਲੋਂ ਇਕ 10 ਮਿੰਟ ਦਾ ਪਹਿਲਾਂ ਤੋਂ ਭਰਿਆ ਬੋਲਦਾ ਸੁਨੇਹਾ (ਵੀਡੀਓ) ਜਾਰੀ ਕੀਤਾ। ਇਹ ਸੁਨੇਹਾ 19 ਸਾਲਾਂ ਦੇ ਆਦਿਲ ਦਰ ਵਲੋਂ ਸੀ ਜਿਸ ਨੇ ਬਾਰੂਦ ਦੀ ਭਰੀ ਹੋਈ ਗੱਡੀ ਸੀ.ਆਰ.ਪੀ.ਐਫ. ਦੇ ਜਵਾਨਾਂ ਨੂੰ ਲਿਜਾ ਰਹੀ ਬੱਸ ਵਿਚ ਟੱਕਰ ਮਾਰ ਕੇ ਪੁਲਵਾਮਾਂ ਹਮਲੇ ਨੂੰ ਅੰਜਾਮ ਦਿੱਤਾ ਸੀ। ਅਹਿਮਦ ਦਰ ਉਰਫ ਵਾਕਾਸ ਕਮਾਂਡੋ ਪੁਲਵਾਮਾ ਦੇ ਗੁੰਦੀਬਾਗ ਇਲਾਕੇ ਦਾ ਰਹਿਣ ਵਾਲਾ ਸੀ ਤੇ ਮੰਨਿਆ ਜਾਂਦਾ ਹੈ ਕਿ ਉਸ ਨੂੰ ਸਿੱਧਾ ਜੈਸ਼-ਏ-ਮੁਹੰਮਦ ਦੇ “ਫਿਦਾਈਨ” ਦਸਤੇ ਵਿਚ ਭਰਤੀ ਕੀਤਾ ਗਿਆ ਸੀ।

ਅਰਬੀ ਵਿਚ ਫਿਦਾਈਨ ਦਾ ਮਤਲਬ ‘ਜਾਨ ਕੁਰਬਾਨ ਕਰਨ ਵਾਲਾ’ ਹੁੰਦਾ ਹੈ। ਖਬਰਖਾਨੇ ਰਾਹੀਂ ਜੋ ਜਾਣਕਾਰੀ ਮਿਲੀ ਹੈ ਉਸ ਮੁਤਾਬਕ ਇਸ ਵੀਡੀਓ ਸੁਨੇਹੇ ਵਿਚ ਅਹਿਮਦ ਦਰ ਨੇ ਭਾਰਤੀ ਤੇ ਕਸ਼ਮੀਰੀ ਮੁਸਲਮਾਨਾਂ ਦੀ ‘ਵਿਿਥਆ’ ਬਾਰੇ ਗੱਲ ਕੀਤੀ ਤੇ ਕਿਹਾ ਕਿ ‘ਤੁਹਾਡਾ ਜੁਲਮ ਸਾਡੇ ਜਿਹਾਦ ਨੂੰ ਭੜਕਾਉਂਦਾ ਹੈ’। ਉਸਨੇ ਦੱਖਣੀ ਕਸ਼ਮੀਰ ਵਲੋਂ ਲਹਿਰ ਵਿਚ ਪਾਏ ਜਾ ਰਹੇ ਹਿੱਸੇ ਦੀਆਂ ਸਿਫਤਾਂ ਕਰਦਿਆਂ ਉੱਤਰੀ ਤੇ ਕੇਂਦਰੀ ਕਸ਼ਮੀਰ ਦੇ ਲੋਕਾਂ ਨੂੰ ਵੀ ਇਸ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਸੁਨੇਹੇ ਚ ਆਦਿਲ ਦਰ ਨੇ ਇਹ ਵੀ ਕਿਹਾ ਕਿ ‘ਜਦੋਂ ਤੱਕ ਇਹ ਸੁਨੇਹਾ ਤੁਹਾਡੇ ਤੱਕ ਪਹੁੰਚੇਗਾ ਮੈਂ ਜੰਨਤ ਵਿਚ ਹੋਵਾਂਗਾ’।

ਇਸ ਸੁਨੇਹੇ ਦੇ ਮੱਕੜਜਾਲ ਤੇ ਬਿਜਲ-ਸੱਥ ਉੱਤੇ ਫੈਲਣ ਤੋਂ ਕੁਝ ਘੰਟੇ ਪਹਿਲਾਂ ਆਦਿਲ ਦਰ ਨੇ ਇਕ ਬਾਰੂਦ ਨਾਲ ਭਰੀ ਹੋਈ ਸਕਾਰਪੀਓ ਗੱਡੀ ਨਾਲ ਜੰਮੂ-ਸ਼੍ਰੀਨਗਰ ਜਰਨੈਲੀ ਸੜਕ ਉੱਤੇ ਸੀ.ਆਰ.ਪੀ.ਐਫ. ਦੀਆਂ 70 ਗੱਡੀਆਂ ਦੇ ਕਾਫਲੇ ਵਿਚੋਂ ਇਕ ਬੱਸ ਵਿਚ ਟੱਕਰ ਮਾਰੀ।ਇਹ ਹਮਲਾ ਪੁਲਵਾਮਾ ਜਿਲ੍ਹੇ ਦੇ ਅਵੰਤੀਪੋਰਾ ਇਲਾਕੇ ਵਿਚ ਲੇਥਪੋਰਾ ਨੇੜੇ ਕੀਤਾ ਗਿਆ ਸੀ।

ਸੀ.ਆਰ.ਪੀ.ਐਫ. ਵਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ ਵੀਰਵਾਰ ਨੂੰ ਹੋਏ ਇਸ ਹਮਲੇ ਵਿਚ 37 ਜਣੇ ਮਾਰੇ ਗਏ ਜਦੋਂਕਿ ਗੈਰ-ਅਧਿਕਾਰਤ ਅੰਕੜਿਆਂ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ 42 ਦੱਸੀ ਜਾ ਰਹੀ ਹੈ। ਪਰਤੱਖ ਦਰਸ਼ੀਆਂ ਦਾ ਕਹਿਣਾ ਹੈ ਕਿ ਹਮਲਾ ਏਨਾ ਜ਼ਿਆਦਾ ਤਕੜਾ ਸੀ ਕਿ ਇਸ ਨਾਲ ਨੇੜਲੇ ਇਲਾਕੇ ਵਿਚ ‘ਭੁਚਾਲ-ਵਰਗੀ’ ਲਹਿਰ ਫੈਲ ਗਈ ਸੀ। ਕੁਝ ਹੀ ਪਲਾਂ ਵਿਚ ਇਹ ਹਮਲਾ ਆਪਣੇ ਪਿੱਛੇ ਤਬਾਹੀ ਦੇ ਨਿਸ਼ਾਨ ਛੱਡ ਗਿਆ।

ਪੁਲਿਸ ਦੇ ਕਹਿਣ ਮੁਤਾਬਕ ਦਸਤਿਆਂ ਨੇ ਇਸ ਹਮਲੇ ਤੋਂ ਬਾਅਦ ਨੇੜਲੇ ਤਕਰੀਬਨ 15 ਪਿੰਡਾਂ ਨੂੰ ਘੇਰਾ ਪਾ ਲਿਆ। 8 ਫਰਵਰੀ ਨੂੰ ਸੂਬੇ ਦੀ ਪੁਲਿਸ ਵਲੋਂ ਸੀ.ਆਰ.ਪੀ.ਐਫ. ਨੂੰ ਭੇਜੀ ਗਈ ਜਾਣਕਾਰੀ ਵਿਚ ਕਿਹਾ ਗਿਆ ਸੀ ਕਿ ਉਹਨਾਂ ਕੋਲ ਸੰਭਾਵੀ ਆਈ.ਈ.ਡੀ. ਦੀ ਜਾਣਕਾਰੀ ਮਿਲੀ ਹੈ।ਪੁਲਿਸ ਨੇ ਸੀ.ਆਰ.ਪੀ.ਐਫ ਨੂੰ ਕਿਹਾ ਸੀ ਕਿ ਆਪਣਾ ਥਾਂ ਮੱਲਣ ਤੋਂ ਪਹਿਲਾਂ ਇਲਾਕਾ ਚੰਗੀ ਤਰ੍ਹਾਂ ਛਾਣ ਲਿਓ।

‘ਜ਼ਿੰਮੇਵਾਰ ਔਲਾਦ’

ਧਮਾਕੇ ਤੋਂ ਕੁਝ ਕੁ ਘੰਟਿਆਂ ਬਾਅਦ ਹੀ ਬੀਬੀਆਂ ਤੇ ਬੱਚਿਆ ਸਮੇਤ ਇਲਾਕਾ ਵਾਸੀ ਮੀਂਹ ਤੇ ਠੰਡ ਦੇ ਬਾਵਜੂਦ ਆਦਿਲ ਦਰ ਦੇ ਘਰ ਆਉਣੇ ਸ਼ੁਰੂ ਹੋ ਗਏ। ਦੋ ਮੰਜਿਲਾ ਮਕਾਨ ਉੱਤੇ ਜੈਸ਼-ਏ-ਮੁਹੰਮਦ ਦਾ ਝੰਡਾ ਟੰਗਿਆ ਹੋਇਆ ਸੀ।

ਆਦਿਲ ਦਰ ਦਾ ਪਿਤਾ, ਗ਼ੁਲਾਮ ਹੁਸੈਨ ਦਰ, ਆਪਣੇ ਗਵਾਂਡ ਵਿਚ ਆਪਣੇ ਭਰਾ ਦੇ ਘਰ ਵਿਚ ਅਫਸੋਸ ਕਰਨ ਆਏ ਲੋਕਾਂ ਨਾਲ ਘਿਿਰਆ ਬੈਠਾ ਸੀ। “ਉਹ ਬਹੁਤ ਜ਼ਿੰਮੇਵਾਰ ਬੱਚਾ ਸੀ” ਗ਼ੁਲਾਮ ਹੁਸੈਨ ਦਰ ਨੇ ਕਿਹਾ। ਉਹ ਆਪ ਘਰ-ਘਰ ਜਾ ਕੇ ਕੱਪੜੇ ਵੇਚਣ ਦਾ ਕੰਮ ਕਰਦਾ ਹੈ। ਉਹਨੇ ਕਿਹਾ ਕਿ “ਜੇਕਰ ਉਹਦੀ (ਆਦਿਲ ਦਰ ਦੀ) ਜੇਬ ਵਿਚ ਦਸ ਰੁਪਏ ਹੁੰਦੇ ਸਨ ਤੇ ਉਹ ਵਿਚੋਂ ਪੰਜ ਘਰ ਲਈ ਦਿੰਦਾ ਸੀ ਤੇ ਉਹ ਘਰ ਦੇ ਕੰਮਾਂ ਵਿਚ ਆਪਣੀ ਮਾਂ ਦਾ ਹੱਥ ਵਟਾਂਉਂਦਾ ਹੁੰਦਾ ਸੀ”।

ਤਿੰਨ ਭਰਾਵਾਂ ਵਿਚੋਂ ਵਿਚਕਾਰਲਾ ਆਦਿਲ ਦਰ 12 ਜਮਾਤਾਂ ਪੜ੍ਹਿਆ ਸੀ ਤੇ ਫਿਰ ਉਸ ਨੇ ਧਰਮ ਦੀ ਸਿੱਖਿਆ ਲਈ ਸੀ। “ਉਹ ਮੌਲਵੀ ਬਣਨਾ ਚਾਹੁੰਦਾ ਸੀ ਤੇ ਉਸ ਨੇ ਕੁਰਾਨ ਦੇ 12 ਹਿੱਸੇ ਕੰਠ ਕਰ ਲਏ ਸਨ”, ਆਦਿਲ ਦਰ ਦੇ ਪਿਤਾ ਨੇ ਕਿਹਾ।“ਜਦੋਂ ਵੀ ਉਹਦੇ ਕੋਲ ਸਮਾਂ ਹੁੰਦਾ ਸੀ ਉਹ ਕੋਈ ਨਾ ਕੋਈ ਕੰਮ ਲੱਭ ਕੇ ਆਪਣੇ ਲਈ ਪੈਸੇ ਜੋੜ ਲੈਂਦਾ ਸੀ। 2017 ਵਿਚ ਉਹਨੇ ਨੇੜੇ ਦੇ ਹੀ ਇਕ ਆਰੇ ਤੇ ਲੱਕੜੀ ਦੇ ਡੱਬੇ ਬਣਾ ਕੇ 50-60 ਹਜ਼ਾਰ ਰੁਪਏ ਕਮਾਏ ਸਨ।

“ਅਸੀਂ ਉਸ ਨੂੰ ਮਾਰਚ 19, 2018 ਨੂੰ ਆਖਰੀ ਵਾਰ ਵੇਖਿਆ ਸੀ”,ਉਹਦੇ ਪਿਤਾ ਨੇ ਕਿਹਾ। ਉਹ ਇਕ ਰਾਜ ਮਿਸਤਰੀ ਦੇ ਨਾਲ ਦਿਹਾੜੀਆਂ ਲਾਉਂਦਾ ਸੀ। ਉਸ ਦਿਨ ਉਹ ਦੁਪਹਿਰ ਦੀ ਰੋਟੀ ਖਾਣ ਘਰ ਆਇਆ ਤੇ ਫਿਰ ਸੈਕਲ ਲੈ ਕੇ ਘਰੋਂ ਚਲਾ ਗਿਆ। “ਕੁਝ ਦਿਨਾਂ ਬਾਅਦ, ਆਦਿਲ ਦਰ ਦੀ ਬੰਦੂਕ ਨਾਲ ਇਕ ਤਸਵੀਰ ਬਿਜਲ-ਸੱਥ ਉੱਤੇ ਫੈਲ ਗਈ” ਆਦਿਲ ਦਰ ਦੇ ਪਿਤਾ ਨੇ ਦੱਸਿਆ। “ਸਾਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਉਹ ਇਹ ਰਾਹ ਚੁਣੇਗਾ” ਉਹਨੇ ਕਿਹਾ।

ਪੁਲਿਸ ਮੁਤਾਬਕ ਆਦਿਲ ਦਰ ਨੂੰ ਜੈਸ਼-ਏ-ਮੁਹੰਮਦ ਦੀ ਫਿਦਾਈਨ ਟੁੱਕੜੀ ‘ਚ ਪਹਿਲੇ ਫਿਦਾਈਨ ਫਰਦੀਨ ਅਹਿਮਦ ਖਾਂਦੇ ਦੇ 2018 ਵਿਚ ਮਾਰੇ ਜਾਣ ਤੋਂ ਬਾਅਦ ਸ਼ਾਮਲ ਹੋਇਆ ਸੀ। ਖਾਂਦੇ ਉਸ ਟੁਕੜੀ ਚ ਸ਼ਾਮਲ ਸੀ ਜਿਸ ਨੇ ਸੀ.ਆਰ.ਪੀ.ਐਫ. ਦੇ ਲੈਥਪੋਰਾ ਕੈਂਪ ਉੱਤੇ ਜਨਵਰੀ 2018 ਵਿਚ ਹਮਲਾ ਕਰਕੇ ਤਿੰਨ ਨੀਮ ਫੌਜੀਆਂ ਨੂੰ ਮਾਰ ਦਿੱਤਾ ਸੀ।
ਜਦੋਂ ਆਦਿਲ ਦਰ ਦਾ ਪਰਵਾਰ ਇਹ ਸਵਾਲ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰਦਾ ਹੈ ਕਿ ਉਹਨਾਂ ਦਾ ਮੁੰਡਾ ਕਸ਼ਮੀਰ ਵਿਚਲੇ ਇਸ ਵੱਡੇ ਹਮਲੇ ਦਾ ਚਿਹਰਾ-ਮੁਹਰਾ ਕਿਵੇਂ ਬਣ ਗਿਆ ਤਾਂ ਉਹਨਾਂ ਨੂੰ 2016 ਦੀ ਇਕ ਘਟਨਾ ਚੇਤੇ ਆਉਂਦੀ ਹੈ। “ਇਕ ਇਨ ਉਸ ਸਕੂਲ ਤੋਂ ਵਾਪਸ ਆ ਰਿਹਾ ਸੀ ਤਾਂ ਐਸ.ਟੀ.ਐਫ. ਦੇ ਬੰਦਿਆਂ ਨੇ ਉਹਨੂੰ ਰੋਕ ਲਿਆ ਤੇ ਉਹਦੇ ਕੋਲੋਂ ਨੱਕ ਨਾਲ ਲਕੀਰਾਂ ਕਢਵਾਈਆਂ”, ਆਦਿਲ ਦਰ ਦੇ ਪਿਤਾ ਨੇ ਦੱਸਿਆ।

ਦੱਸ ਦੇਈਏ ਕਿ ਜੰਮੂ ਅਤੇ ਕਸ਼ਮੀਰ ਪੁਲਿਸ ਨੁ ਲਹਿਰ ਵਿਰੋਧੀ ਦਸਤੇ ਨੂੰ ਪਹਿਲਾਂ ‘ਸਪੈਸ਼ਲ ਟਾਸਕ ਫੋਰਸ’ (ਐਸ. ਟੀ. ਐਫ.) ਦਾ ਨਾਂ ਦਿੱਤਾ ਗਿਆ ਸੀ। ਭਾਵੇਂ ਕਿ ਹੁਣ ਇਸ ਦਾ ਨਾਂ ਬਦਲ ਕੇ ‘ਸਪੈਸ਼ਲ ਅਪਰੇਸ਼ਨਜ਼ ਗਰੁੱਪ’ (ਐਸ.ਓ.ਜੀ.) ਕਰ ਦਿੱਤਾ ਗਿਆ ਹੈ ਪਰ ਹਾਲੀ ਵੀ ਮੁਕਾਮੀ ਬੋਲੀ ਚ ਇਹਦਾ ਨਾਂ ਐਸ.ਟੀ.ਐਫ. ਹੀ ਚੱਲਦਾ ਹੈ। ਆਦਿਲ ਦਰ ਦੇ ਪਿਤਾ ਨੇ ਅੱਗੇ ਦੱਸਿਆ ਕਿ ਐਸ.ਟੀ.ਐਫ. ਵਾਲਿਆਂ ਨੇ ਉਹਦੇ ਪੁੱਤਰ ਕੋਲੋਂ ਆਪਣੀ ਗੱਡੀ (ਜੀਪ) ਦੇ ਦੁਆਲੇ ਨੱਕ ਨਾਲ ਲਕੀਰ ਵਾਰ ਕੇ ਪੂਰਾ ਚੱਕਰ ਬਣਵਾਇਆ ਸੀ। “ਉਹ ਇਸ ਘਟਨਾ ਦਾ ਵਾਰ-ਵਾਰ ਜ਼ਿਕਰ ਕਰਦਾ ਰਹਿੰਦਾ ਸੀ”, ਉਹਨੇ ਅੱਗੇ ਦੱਸਿਆ”।

ਆਦਿਲ ਦਰ ਦੇ ਪਿਤਾ ਦੇ ਭਰਾ ਅਬਦੁਲ ਰਾਸ਼ਿਦ ਦਰ ਨੇ ਦੱਸਿਆ ਕਿ ਉਹਦੇ ਭਤੀਜੇ ਨੂੰ ਕਸ਼ਮੀਰ ਦੀ ਅਜ਼ਾਦੀ-ਪੱਖੀ ਸਿਆਸਤ ਜਨੂਨ ਸੀ ਤੇ ਉਸ ਮੁਜਾਹਰਿਆਂ ਵਿਚ ਸਰਗਰਮੀ ਨਾਲ ਹਿੱਸਾ ਲੈਂਦਾ ਸੀ। 2016 ਵਿਚ ਬੁਰਹਾਨ ਵਾਲੀ ਵਾਲੇ ਉਭਾਰ ਵਿਚ ਉਹਦੀ ਲੱਤ ਵਿਚ ਗੋਲੀ ਵੀ ਵੱਜੀ ਸੀ ਤੇ ਤਿੰਨ ਮਹੀਨੇ ਲੱਤ ਨੂੰ ਪਲਸਤਰ ਲੱਗਾ ਰਿਹਾ ਸੀ। ਜ਼ਿਕਰਯੋਗ ਹੈ ਕਿ 8 ਜੁਲਾਈ 2016 ਨੂੰ ਹਿਜ਼ਬੁਲ ਮੁਜ਼ਾਹਿਦੀਨ ਦੇ ਕਮਾਂਡਰ ਬੁਰਹਾਨ ਵਾਨੀ ਦੇ ਮਾਰੇ ਜਾਣ ਤੋਂ ਬਾਅਦ ਵਾਦੀ ਵਿਚ ਭਾਰੀ ਮੁਜਾਹਰੇ ਹੋਏ ਸਨ ਜੋ ਕਿ ਕਈ ਮਹੀਨੇ ਜਾਰੀ ਰਹੇ ਸਨ।

ਆਦਿਲ ਦਰ ਪਰਵਾਰ ਦਾ ਖਾੜਕੂਆਂ ਵਿਚ ਜਾਣ ਵਾਲਾ ਪਹਿਲਾ ਜੀਅ ਨਹੀਂ ਸੀ। ਪਹਿਲਾਂ ਅਬਦੁਲ ਰਸ਼ੀਦ ਦਰ ਦਾ ਮੁੰਡਾ ਮਨਜ਼ੂਰ ਰਸ਼ੀਦ ਦਰ 2016 ਵਿਚ ਲਸ਼ਕਰ-ਏ-ਤਾਇਬਾ ਵਿਚ ਸ਼ਾਮਲ ਹੋਇਆ ਸੀ। ਖਾੜਕੂ ਬਣਨ ਤੋਂ 11 ਦਿਨਾਂ ਬਾਅਦ ਹੀ ਉਹ 30 ਜੂਨ 2016 ਨੂੰ ਇਕ ਮੁਕਾਬਲੇ ਵਿਚ ਮਾਰਿਆ ਗਿਆ ਸੀ।“ਮੇਰਾ ਮੁੰਡਾ ਤੌਸੀਫ ਅਹਿਮਦ ਵੀ ਖਾੜਕੂਆਂ ਵਿਚ ਸ਼ਾਮਲ ਹੋਣ ਲਈ ਪਿਛਲੇ ਸਾਲ ਮਾਰਚ ਵਿਚ ਘਰੋਂ ਚਲਾ ਗਿਆ ਸੀ” ਅਬਦੁਲ ਰਸ਼ੀਦ ਦਰ ਨੇ ਦੱਸਿਆ। “ਉਹਦੇ ਜਾਣ ਤੋਂ ਚਾਰ ਦਿਨ ਬਾਅਦ ਆਦਿਲ ਨੇ ਵੀ ਘਰ ਛੱਡ ਦਿੱਤਾ। ਜਦਕਿ ਸਾਡਾ ਮੁੰਡਾ ਤਾਂ 14 ਦਿਨਾਂ ਬਾਅਦ ਮੁੜ ਆਇਆ ਸੀ ਪਰ ਆਦਿਲ ਨਹੀਂ ਆਇਆ” ਉਹਨੇ ਕਿਹਾ।

ਦਰ ਪਰਵਾਰ ਦੇ ਘਰ ਵਿਚ ਸੋਗ ਦੇ ਨਾਲ-ਨਾਲ ਜੰਮੂ ਕਸ਼ਮੀਰ ਦੇ ਭਾਰਤ-ਪੱਖੀ ਸਿਆਸਤਦਾਨਾਂ ਬਾਰੇ ਗੁੱਸਾ ਵੀ ਸੀ। “ਖੂਨ ਖਰਾਬਾ ਕੌਣ ਵੇਖਣਾ ਚਾਹੁੰਦਾ ਹੈ” ਗ਼ੁਲਾਮ ਹੁਸੈਨ ਦਰ ਨੇ ਕਿਹਾ। “ਜੇਕਰ ਪਰਵਾਰ ਵਿਚ ਕੁਝ ਠੀਕ ਨਾ ਹੋਵੇ ਤਾਂ ਪਰਵਾਰ ਦੇ ਮੁਖੀ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਉਹ ਹਾਲਾਤ ਨੂੰ ਠੀਕ ਰਹੇ। ਤੇ ਇਹੀ ਕੰਮ ਸਾਡੇ ਸਿਆਸਤਦਾਨਾਂ ਦਾ ਹੋਣਾ ਚਾਹੀਦਾ ਹੈ”।

ਉਹਨੇ ਅੱਗੇ ਕਿਹਾ ਕਿ “ਪਰ ਅਸਲੀਅਤ ਇਹ ਹੈ ਕਿ ਉਹ ਸਿਰਫ ਸੱਤਾ ਬਾਰੇ ਹੀ ਸੋਚਦੇ ਨੇ। ਕੋਈ ਵੀ ਰੋਜ ਅੰਨ੍ਹੇ ਹੋ ਰਹੇ ਲੋਕਾਂ, ਮੌਤਾਂ ਤੇ ਮੁਕਾਬਲਿਆਂ ਬਾਰੇ ਗੱਲ ਨਹੀਂ ਕਰਦਾ। ਇਹ ਸਿਆਸਤਦਾਨ ਕਿਉਂ ਸਾਰੀਆਂ ਧਿਰਾਂ ਨੂੰ ਬੁਲਾ ਕੇ ਕਸ਼ਮੀਰ ਮਸਲੇ ਦਾ ਹੱਲ ਕਿਉਂ ਨਹੀਂ ਕੱਢ ਲੈਂਦੇ ?”

ਪਰਵਾਰ ਵਾਲਿਆ ਨੇ ਕਿਹਾ ਉਹਨਾਂ ਦਾ ਮੁੰਡਾ ਤੌਸੀਫ ਅਹਿਮਦ ਦਰ ਹਥਿਆਰ ਛੱਡ ਦੇਣ ਦੇ ਬਾਵਜੂਦ ਵੀ ਜੇਲ੍ਹ ਵਿਚ ਕੈਦ ਹੈ। “ਜਦੋਂ ਮੇਰਾ ਮੁੰਡਾ ਖਾੜਕੂਆਂ ਵਿਚੋਂ ਵਾਪਸ ਆ ਗਿਆ ਸੀ ਤਾਂ ਅਸੀਂ ਪੁਲਿਸ ਨੂੰ ਕਿਹਾ ਸੀ ਕਿ ਅਸੀਂ ਉਸ ਨੂੰ ਨੌਕਰੀ ਕਰਨ ਲਈ ਦੁਬਈ ਭੇਜ ਦਿਆਂਗੇ” ਅਬਦੁਲ ਰਸ਼ੀਦ ਦਰ ਨੇ ਕਿਹਾ। “ਪਰ ਹਾਲੀ ਜਦੋਂ ਅਸੀਂ ਉਹਦਾ ਪਾਸਪੋਰਟ ਹੀ ਬਣਵਾ ਰਹੇ ਸੀ ਤਾਂ ਪੁਲਿਸ ਨੇ ਉਸ ਨੂੰ ਫੜ ਕੇ ਉਸ ਉੱਤੇ ਪੀ.ਐਸ.ਏ. (ਪਬਲਿਕ ਸੇਫਟੀ ਐਕਟ) ਲਾ ਦਿੱਤਾ”। ਜ਼ਿਕਰਯੋਗ ਹੈ ਕਿ ‘ਪਬਲਿਕ ਸੇਫਟੀ ਐਕਟ’ ਇਕ ਅਜਿਹਾ ਕਾਨੂੰਨ ਹੈ ਜਿਸ ਤਹਿਤ ਪੁਲਿਸ ਲੋਕਾਂ ਨੂੰ ‘ਜਨਤਕ ਮਹੌਲ’ (ਪਬਲਿਕ ਆਡਰ) ਅਤੇ ‘ਰਾਜ ਦੀ ਰੱਖਿਆ’ (Security of State) ਲਈ ਨਜ਼ਰਬੰਦ ਕਰ ਸਕਦੀ ਹੈ।

ਗ਼ੁਲਾਮ ਹੁਸੈਨ ਨੇ ਗੱਲਬਾਤ ਵਿਚ ਦਖਲ ਦੇਂਦਿਆਂ ਕਿਹਾ ਕਿ “ਜੇਕਰ ਮੈਂ ਆਪਣੇ ਮੁੰਡੇ ਨੂੰ ਵਾਪਸ ਆਉਣ ਲਈ ਕਹਿੰਦਾ ਤਾਂ ਖਾੜਕੂਆਂ ਨੇ ਉਹਨੂੰ ਨਹੀਂ ਸੀ ਕਹਿਣਾ ਕਿ ਆਤਮ-ਸਮਰਪਣ ਕਰਕੇ ਵਾਪਸ ਜਾਣ ਦਾ ਕੀ ਫਾਇਦਾ ਹੈ ਜਦੋਂ ਕਿ ਤੇਰਾ ਭਰਾ ਵੀ ਤਾਂ ਪੀ.ਐਸ.ਏ. ਤਹਿਤ ਜੇਲ੍ਹ ਵਿਚ ਸੜ ਰਿਹਾ ਹੈ?”

ਭਾਵੇਂ ਕਿ ਪਰਵਾਰ ਨੂੰ ਇਸ ਗੱਲ ਦਾ ਤਾਂ ਕੁਝ ਨਹੀਂ ਸੀ ਪਤਾ ਕਿ ਉਹਨਾਂ ਦਾ ਮੁੰਡਾ ਇੰਨਾ ਵੱਡੀ ਵਾਰਦਾਤ ਕਰ ਦੇਵੇਗਾ ਪਰ ਉਹਦੀ ਮੌਤ ਨਾਲ ਉਹਨਾਂ ਨੂੰ ਹੈਰਾਨੀ ਨਹੀਂ ਹੋਈ। ਪਿਤਾ ਗ਼ੁਲਾਮ ਹੈਦਰ ਦਰ ਨੇ ਕਿਹਾ ਕਿ “ਸਾਡੇ ਲਈ ਉਹ ਉਸੇ ਦਿਨ ਹੀ ਸ਼ਹੀਦ ਹੋ ਗਿਆ ਸੀ ਜਦੋਂ ਉਹ ਖਾੜਕੂਆਂ ਵਿਚ ਸ਼ਾਮਲ ਹੋਇਆ ਸੀ”। “ਪਰ ਇਸ ਗੱਲ ਦਾ ਝੋਰਾ ਜਰੂਰ ਰਹੇਗਾ ਕਿ ਅਸੀਂ ਇਕ ਆਖਰੀ ਵਾਰ ਉਸਨੂੰ ਮਿਲ ਨਹੀਂ ਸਕੇ।

ਕੁਝ ਇਸ ਖਾੜਕੂ ਦੀ ਲਾਸ਼ ਲੈਣ ਲਈ ਵੀ ਗਏ ਸਨ। ਇਕ ਰਿਸ਼ਤੇਦਾਰ ਨੇ ਨਾਂ ਨਸ਼ਰ ਨਾ ਕਰਨ ਦੀ ਸ਼ਰਤ ਤੇ ਦੱਸਿਆ ਕਿ ਪਰਵਾਰ ਨੂੰ ਪੁਲਿਸ ਵਲੋਂ ਇਕ ਸੁਨੇਹਾਂ (ਕਾਲ) ਆਈ ਸੀ ਤੇ ਪੁਲਿਸ ਨੇ ਦੱਸਿਆ ਕਿ “ਹਮਲੇ ਵਾਲੀ ਥਾਂ ਤੇ ਆਦਿਲ ਦਾ ਕੁਝ ਵੀ ਨਾਂ ਨਿਸ਼ਾਂਨ ਨਹੀਂ ਸੀ ਬਚਿਆ। ਮਨੁੱਖੀ ਮਾਸ ਦੇ ਚੀਥੜੇ ਰੁੱਖਾਂ ਤੇ ਛੱਤਾਂ ਤੱਕ ਖਿੱਲਰੇ ਹੋਏ ਸਨ”।

ਨੈਸ਼ਨਲ ਕਾਨਫਰੰਸ ਅਤੇ ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀ.ਡੀ.ਪੀ.) ਸਮੇਤ ਸੂਬੇ ਦੇ ਸਾਰੇ ਸਿਆਸੀ ਦਲਾਂ ਨੇ ਹਮਲੇ ਦੀ ਨਿਖੇਧੀ ਕੀਤੀ ਹੈ।

ਜਿਵੇਂ-ਜਿਵੇਂ ਹਮਲੇ ਵਿਰੁਧ ਗੁੱਸਾ ਭੜਕ ਰਿਹਾ ਹੈ, ਵਾਦੀ ਵਿਚ ਕਈਆਂ ਨੂੰ ਇਸ ਗੱਲ ਦਾ ਡਰ ਹੈ ਕਿ ਦੇਸ਼ ਦੇ ਦੂਜੇ ਹਿੱਸਿਆਂ ਵਿਚ ਰਹਿਣ ਵਾਲੇ ਕਸ਼ਮੀਰੀਆਂ ਉੱਤੇ ਹਮਲੇ ਹੋ ਸਕਦੇ ਹਨ।

*ਮੂਲ ਲਿਖਤ ਅੰਗਰੇਜ਼ੀ ਵਿਚ ਸੀ ਜਿਸ ਦਾ ਉਲੱਥਾ ਕਰਨ ਵੇਲੇ ਪੰਜਾਬੀ ਬੋਲੀ ਦੇ ਲਹਿਜ਼ੇ ਉੱਤੇ ਧਿਆਨ ਦੇਣ ਦੇ ਨਾਲ-ਨਾਲ ਗੱਲ ਦੇ ਭਾਵ ਨੂੰ ਮੂਲ ਲਿਖਤ ਮੁਤਾਬਕ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ। ਸਹੂਲਤ ਮੁਤਾਬਕ ਕੁਝ ਸਤਰਾਂ ਅਗਲੀਆਂ-ਪਿਛਲੀਆਂ ਸਤਰਾਂ ਨਾਲ ਮਿਲਾ ਲੱਈਆਂ ਗਈਆਂ ਹਨ ਤੇ ਮੂਲ ਲਿਖਤ ਦਾ ਕੁਝ ਹਿੱਸਾ ਉਲੱਥੇ ਵਿਚ ਸ਼ਾਮਲ ਨਹੀਂ ਕੀਤਾ ਗਿਆ।

Posted in: ਰਾਸ਼ਟਰੀ