ਅਮਰੀਕਾ ਦੀ ਨੀਤੀ ਬਦਲਵਾਉਣ ਵਾਲੇ ਸਿੱਖ ’ਤੇ ਬਣੀ ਫਿਲਮ ‘ਸਿੰਘ’

By February 14, 2019


ਅਮਰੀਕਾ ’ਚ 18 ਸਾਲਾ ਮੁਟਿਆਰ ਨੇ ‘ਸਿੰਘ’ ਨਾਂ ਦੇ ਸਿਰਲੇਖ ਹੇਠ ਇੱਕ ਲਘੂ ਫਿਲਮ ਬਣਾਈ ਹੈ। ਇਹ ਫਿਲਮ ਭਾਰਤੀ ਮੂਲ ਦੇ ਉਸ ਸਿੱਖ ’ਤੇ ਆਧਾਰਤ ਹੈ ਜਿਸ ਦੀ ਮੁਹਿੰਮ ਦੀ ਬਦੌਲਤ ਅਮਰੀਕਾ ਨੂੰ ਸਿੱਖ ਭਾਈਚਾਰੇ ਲਈ ਆਪਣੀ ਪਗੜੀ ਨੀਤੀ ’ਚ ਤਬਦੀਲੀ ਕਰਨੀ ਪਈ।
ਇੰਡੀਆਨਾ ਦੀ ਵਿਦਿਆਰਥਣ ਤੇ ਅਦਾਕਾਰਾ ਜੇਨਾ ਰੁਇਜ਼ ਵੱਲੋਂ ਨਿਰਦੇਸ਼ਤ ਇਹ ਫਿਲਮ 2007 ਦੀ ਸੱਚੀ ਘਟਨਾ ’ਤੇ ਆਧਾਰਤ ਹੈ ਜਦੋਂ ਸਿੱਖ ਕਾਰੋਬਾਰੀ ਗੁਰਿੰਦਰ ਸਿੰਘ ਖਾਲਸਾ ਨੂੰ ਨਿਊਯਾਰਕ ਦੇ ਬੁਫੈਲੋ ’ਚ ਜਹਾਜ਼ ’ਚ ਸਵਾਰ ਹੋਣ ਤੋਂ ਰੋਕ ਦਿੱਤਾ ਗਿਆ ਸੀ।

ਹਵਾਈ ਅੱਡੇ ’ਤੇ ਸਾਰੇ ਸੁਰੱਖਿਆ ਪ੍ਰਬੰਧ ’ਚੋਂ ਲੰਘਣ ਤੋਂ ਬਾਅਦ ਉਨ੍ਹਾਂ ਪਗੜੀ ਉਤਾਰਨ ਤੋਂ ਮਨ੍ਹਾਂ ਕਰ ਦਿੱਤਾ ਸੀ। ਇਸ ਲਈ ਉਨ੍ਹਾਂ ਨੂੰ ਜਹਾਜ਼ ਚੜ੍ਹਨ ਤੋਂ ਰੋਕ ਦਿੱਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਇੰਡੀਆਨਾ ਪੋਲਿਸ ’ਚ ਰਹਿਣ ਵਾਲੇ ਗੁਰਿੰਦਰ ਸਿੰਘ ਖਾਲਸਾ ਨੇ ਅਮਰੀਕੀ ਕਾਂਗਰਸ ਦਾ ਧਿਆਨ ਇਸ ਮੁੱਦੇ ਵੱਲ ਦਿਵਾਇਆ।
ਇਸ ਤੋਂ ਬਾਅਦ ਦੇਸ਼ ਭਰ ’ਚ ਹਵਾਈ ਅੱਡਿਆਂ ’ਤੇ ਪਗੜੀ ਨੀਤੀ ’ਚ ਤਬਦੀਲੀ ਹੋਈ। ਸ੍ਰੀ ਖਾਲਸਾ ਨੂੰ ਉਨ੍ਹਾਂ ਦੀ ਇਸ ਮੁਹਿੰਮ ਬਦਲੇ ਹਾਲ ਹੀ ’ਚ ਵਿਸ਼ੇਸ਼ ਰੋਜ਼ਾ ਪਾਰਕਸ ਟਰੈਬਲੇਜ਼ਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਰੁਇਜ਼ ਇੰਡੀਆਨਾ ਯੂਨੀਵਰਸਿਟੀ ’ਚ ਨਿਊਕਲੀਅਰ ਮੈਡੀਸਨ ਟੈਕਨਾਲੌਜੀ ਦੀ ਪੜ੍ਹਾਈ ਕਰ ਰਹੀ ਹੈ।